Tuesday, February 19, 2013

                                        ਸਰਕਾਰੀ ਕ੍ਰਿਸ਼ਮਾ
                   ਮੰਡੀ ਬੋਰਡ ਦੇ 75 ਹਜ਼ਾਰੀ ਨਲਕੇ
                                        ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਮੰਡੀ ਬੋਰਡ ਵਿੱਚ ਨਲਕਾ ਸਕੈਂਡਲ ਹੋਣ ਦਾ ਧੂੰਆਂ ਉੱਠਣ ਲੱਗਾ ਹੈ ਜਿਸ ਕਰਕੇ ਖਰੀਦ ਕੇਂਦਰਾਂ ਵਿੱਚ ਲਾਏ ਨਲਕੇ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਖਰੀਦ ਕੇਂਦਰਾਂ ਵਿੱਚ ਲੱਗੇ ਇਨ੍ਹਾਂ ਨਲਕਿਆਂ ਦੀ ਕੀਮਤ ਏਨੀ ਹੈ ਕਿ ਉਸ ਨਾਲੋਂ ਪਾਣੀ ਵਾਲੀ ਮੋਟਰ ਵੀ ਸਸਤੀ ਪੈਂਦੀ ਸੀ। ਪੰਜਾਬ ਮੰਡੀ ਬੋਰਡ ਵੱਲੋਂ ਪ੍ਰਤੀ ਨਲਕਾ 75 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ। ਮੰਡੀ ਬੋਰਡ ਦੇ ਜਨ ਸਿਹਤ ਵਿੰਗ ਵੱਲੋਂ ਪੰਜਾਬ ਭਰ ਵਿੱਚ ਕਰੀਬ 500 ਨਲਕੇ ਲਾਏ ਗਏ ਹਨ ਜਿਨ੍ਹਾਂ ਦੀ ਕੀਮਤ ਮਾਰਕੀਟ ਕਮੇਟੀਆਂ ਵੱਲੋਂ ਤਾਰੀ ਗਈ ਹੈ। ਮਾਰਕੀਟ ਕਮੇਟੀਆਂ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਵਿੱਚ ਇਹ ਤੱਥ ਉਜਾਗਰ ਹੋਏ ਹਨ।
              ਸੂਚਨਾ ਅਨੁਸਾਰ ਪੰਜਾਬ ਮੰਡੀ ਬੋਰਡ ਵੱਲੋਂ ਸਾਲ 2008 09 ਵਿੱਚ ਖਰੀਦ ਕੇਂਦਰਾਂ ਵਿੱਚ ਇੰਡੀਆ ਮਾਰਕ 2 ਨਲਕਾ ਲਾਉਣ ਵਾਸਤੇ ਟੈਂਡਰ ਕੀਤੇ ਸਨ। ਸੂਤਰਾਂ ਅਨੁਸਾਰ ਬਹੁਤੇ ਜ਼ਿਲ੍ਹਿਆਂ ਨੂੰ ਜਦੋਂ ਇਸ ਨਲਕੇ ਦੀ ਕੀਮਤ ਦੱਸੀ ਗਈ ਤਾਂ ਮਾਰਕੀਟ ਕਮੇਟੀਆਂ ਨੇ ਇਹ ਨਲਕੇ ਲਾਉਣ ਤੋਂ ਇਨਕਾਰ ਕਰ ਦਿੱਤਾ। ਬਠਿੰਡਾ ਤੇ ਮੁਕਤਸਰ ਜ਼ਿਲ੍ਹੇ ਵਿੱਚ ਇਹ ਨਲਕੇ ਲਾਏ ਜਾਣ ਤੋਂ ਨਾਂਹ ਕਰ ਦਿੱਤੀ ਗਈ ਸੀ। ਇਵੇਂ ਹੋਰਾਂ ਮਾਰਕੀਟ ਕਮੇਟੀਆਂ ਨੇ ਏਨੀ ਵੱਡੀ ਕੀਮਤ ਵਿੱਚ ਨਲਕਾ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਨਲਕੇ ਚੌੜੇ ਮੂੰਹ ਵਾਲੇ ਹਨ ਜੋ ਪਹਾੜੀ ਖੇਤਰ ਜਾਂ ਰੇਲਵੇ ਸਟੇਸ਼ਨਾਂ 'ਤੇ ਵੀ ਲੱਗੇ ਹੁੰਦੇ ਹਨ। ਇਹ ਨਲਕੇ 250 ਫੁੱਟ ਡੂੰਘੇ ਲਾਏ ਗਏ ਹਨ ਤੇ ਪਾਣੀ ਦੇ ਨਮੂਨੇ ਵੀ ਪਹਿਲਾਂ ਟੈਸਟ ਕਰਾਏ ਗਏ ਸਨ। ਇਨ੍ਹਾਂ ਨਲਕਿਆਂ 'ਤੇ ਕਰੀਬ ਚਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਨਲਕੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ ਦੀ ਸੁਵਿਧਾ ਲਈ ਲਾਏ ਗਏ ਹਨ। ਪਤਾ ਲੱਗਾ ਹੈ ਕਿ ਬਹੁਤੇ ਨਲਕੇ ਖਰਾਬ ਵੀ ਹੋ ਗਏ ਹਨ।
            ਜ਼ਿਲ੍ਹਾ ਮਾਨਸਾ ਦੇ ਕਈ ਪਿੰਡਾਂ ਦੇ ਖਰੀਦ ਕੇਂਦਰਾਂ ਵਿੱਚ ਇਹ ਨਲਕੇ ਲੱਗੇ ਹਨ। ਸਰਕਾਰੀ ਸੂਚਨਾ ਅਨੁਸਾਰ ਜ਼ਿਲ੍ਹਾ ਫਰੀਦਕੋਟ ਵਿੱਚ ਪੰਜ ਨਲਕੇ ਲਾਏ ਹਨ ਜਦੋਂਕਿ ਫਿਰੋਜ਼ਪੁਰ ਜ਼ਿਲ੍ਹੇ ਦੇ 71 ਪਿੰਡਾਂ ਵਿੱਚ ਇਹ ਨਲਕੇ ਲਾਏ ਗਏ ਹਨ। ਜ਼ਿਲ੍ਹਾ ਪਟਿਆਲਾ ਦੇ 52 ਪਿੰਡਾਂ ਵਿੱਚ ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ 19 ਪਿੰਡਾਂ ਵਿੱਚ ਇਹ ਨਲਕੇ ਲਾਏ ਗਏ ਹਨ। ਲੁਧਿਆਣਾ ਜ਼ਿਲ੍ਹੇ ਵਿੱਚ ਇਨ੍ਹਾਂ ਨਲਕਿਆਂ ਦੀ ਗਿਣਤੀ 48 ਹੈ। ਇਵੇਂ ਹੀ ਤਰਨਤਾਰਨ ਵਿੱਚ 27,ਅੰਮ੍ਰਿਤਸਰ ਵਿੱਚ 21,ਅਬੋਹਰ ਵਿੱਚ 36 ਤੇ ਜਲੰਧਰ ਜ਼ਿਲ੍ਹੇ ਵਿੱਚ 23 ਨਲਕੇ ਲਾਏ ਗਏ ਹਨ। ਬਾਕੀ ਜ਼ਿਲ੍ਹਿਆਂ ਵਿੱਚ ਵੀ ਨਲਕੇ ਲੱਗੇ ਹਨ। ਮੁਹਾਲੀ ਜ਼ਿਲ੍ਹੇ ਨੇ ਵੀ ਇਹ ਨਲਕੇ ਨਹੀਂ ਲਗਵਾਏ। ਬਹੁਤੇ ਜ਼ਿਲ੍ਹਿਆਂ ਵਿੱਚ ਪ੍ਰਤੀ ਨਲਕਾ ਖਰਚਾ ਔਸਤਨ 75 ਹਜ਼ਾਰ ਰੁਪਏ ਪਾਇਆ ਗਿਆ ਹੈ ਜਦੋਂਕਿ ਪਟਿਆਲਾ,ਫਤਿਹਗੜ੍ਹ ਸਾਹਿਬ ਤੇ ਜਲੰਧਰ ਵਿੱਚ ਇਹ ਖਰਚਾ ਸਮੇਤ ਲੇਬਰ ਔਸਤਨ 78 ਹਜ਼ਾਰ ਦੇ ਕਰੀਬ ਪਾਇਆ ਗਿਆ ਹੈ। ਸਰਕਾਰੀ ਸੂਚਨਾ ਅਨੁਸਾਰ ਮਾਰਕੀਟ ਕਮੇਟੀ ਜਲੰਧਰ ਕੈਂਟ ਵੱਲੋਂ ਸਾਲ 2008 09 ਵਿਚ ਆਪਣੇ ਪੱਧਰ ਤੇ 200 ਫੁੱਟ ਡੂੰਘਾ ਨਵਾਂ ਸਬਮਰਸੀਅਲ ਨਲਕਾ ਲਗਵਾਇਆ ਸੀ ਜਿਸ 'ਤੇ 25 ਹਜ਼ਾਰ ਰੁਪਏ ਸਮੇਤ ਲੇਬਰ ਖਰਚ ਆਇਆ ਸੀ ਜੋ ਹੁਣ ਮੰਡੀ ਬੋਰਡ ਵੱਲੋਂ 250 ਫੁੱਟ ਡੂੰਘਾ ਨਲਕਾ ਲਗਵਾਇਆ ਗਿਆ ਹੈ,ਉਸ 'ਤੇ ਖਰਚ 78 ਹਜ਼ਾਰ ਰੁਪਏ ਆਇਆ ਹੈ। ਮਾਰਕੀਟ ਕਮੇਟੀ ਨਕਦੋਰ ਵਲੋਂ ਜੋ ਆਪਣੇ ਪੱਧਰ 'ਤੇ ਸਾਲ 2008 09 ਵਿੱਚ ਨਲਕਾ ਲਗਵਾਇਆ ਗਿਆ,ਉਸ 'ਤੇ ਸਮੇਤ ਲੇਬਰ ਖ਼ਰਚਾ 46765 ਰੁਪਏ ਆਇਆ ਸੀ ਤੇ ਇਸੇ ਤਰ੍ਹਾਂ ਮਾਰਕੀਟ ਕਮੇਟੀ ਲੋਹੀਆ ਖਾਸ ਵੱਲੋਂ ਆਪਣੇ ਪੱਧਰ ਤੇ ਲਗਾਏ ਨਲਕੇ 'ਤੇ ਖਰਚ 18887 ਰੁਪਏ ਆਇਆ ਸੀ। ਮੰਡੀ ਬੋਰਡ ਦੇ ਨਲਕੇ ਇਨ੍ਹਾਂ ਨਾਲੋਂ ਕਿਤੇ  ਮਹਿੰਗੇ ਹਨ।
              ਜਾਣਕਾਰੀ ਅਨੁਸਾਰ ਜ਼ਿਲ੍ਹਾ ਬਠਿੰਡਾ ਦੀਆਂ ਕਈ ਮਾਰਕੀਟ ਕਮੇਟੀਆਂ ਨੇ ਆਪਣੇ ਪੱਧਰ 'ਤੇ ਨਵੀਆਂ ਸਬਮਰਸੀਅਲ ਮੋਟਰਾਂ ਖਰੀਦ ਕੇਂਦਰਾਂ ਵਿੱਚ ਲਾਈਆਂ ਸਨ ਜੋ 150 ਤੋਂ 200 ਫੁੱਟ ਡੂੰਘੀਆਂ ਸਨ। ਇਨ੍ਹਾਂ ਮੋਟਰਾਂ 'ਤੇ ਪ੍ਰਤੀ ਮੋਟਰ 25 ਤੋਂ 30 ਹਜ਼ਾਰ ਰੁਪਏ ਖਰਚ ਆਏ ਸਨ। ਸੂਤਰ ਦੱਸਦੇ ਹਨ ਕਿ ਪੰਜਾਬ ਮੰਡੀ ਬੋਰਡ ਦੇ ਅਫਸਰਾਂ ਵੱਲੋਂ ਉਸ ਸਮੇਂ ਇਹ ਨਲਕੇ ਲਾਉਣ ਲਈ ਕਾਫ਼ੀ ਜ਼ੋਰ ਪਾਇਆ ਗਿਆ ਸੀ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਮੰਡੀ ਬੋਰਡ ਕੋਲ ਕੱਚੇ ਖਰੀਦ ਕੇਂਦਰਾਂ ਨੂੰ ਪੱਕੇ ਕਰਨ ਵਾਸਤੇ ਤਾਂ ਪੈਸੇ ਨਹੀਂ ਹਨ ਪਰ ਇਸ ਤਰ੍ਹਾਂ ਦੇ ਮਹਿੰਗੇ ਸੌਦੇ ਕਰਨ ਵਿੱਚ ਬੋਰਡ ਕਾਫ਼ੀ ਮੁਸਤੈਦੀ ਦਿਖਾ ਰਿਹਾ ਹੈ। ਲੋਕ ਮੋਰਚਾ ਪੰਜਾਬ ਦੇ ਸਰਪ੍ਰਸਤ ਐਡਵੋਕੇਟ ਐਨ.ਕੇ.ਜੀਤ ਨੇ ਇਸ ਮਾਮਲੇ ਦੀ ਜਾਂਚ ਮੰਗੀ ਹੈ।
                                              ਕਿਤੇ ਕੋਈ ਗੜਬੜ ਨਹੀਂ ਹੋਈ :ਮੁੱਖ ਇੰਜਨੀਅਰ
ਪੰਜਾਬ ਮੰਡੀ ਬੋਰਡ ਦੇ ਜਨ ਸਿਹਤ ਵਿੰਗ ਦੇ ਮੁੱਖ ਇੰਜਨੀਅਰ ਆਰ.ਪੀ.ਭੱਟੀ ਦਾ ਕਹਿਣਾ ਸੀ ਕਿ ਇਹ ਨਲਕੇ ਸਪੈਸੀਫਿਕੇਸ਼ਨਾਂ ਮੁਤਾਬਕ ਹਨ ਤੇ ਇਨ੍ਹਾਂ ਦੀ ਕੁਆਲਟੀ ਉਚ ਪਾਏਦਾਰ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਦੀ ਖਰੀਦ ਤੇ ਲਗਾਉਣ ਦਾ ਕੰਮ ਬਕਾਇਦਾ ਨਿਯਮਾਂ ਅਨੁਸਾਰ ਕੀਤਾ ਗਿਆ ਹੈ ਅਤੇ ਕਿਤੋਂ ਵੀ ਇਨ੍ਹਾਂ ਨਲਕਿਆਂ ਦੇ ਖਰਾਬ ਹੋਣ ਦੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਆਖਿਆ ਕਿ ਜੋ ਮਾਰਕੀਟ ਕਮੇਟੀਆਂ ਆਪਣੇ ਪੱਧਰ 'ਤੇ ਨਲਕੇ ਲਗਵਾ ਲੈਂਦੀਆਂ ਹਨ,ਉਨ੍ਹਾਂ ਦਾ ਕੰਮ ਮਿਆਰੀ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਇਨ੍ਹਾਂ ਨਲਕਿਆਂ ਦੀ ਮਿਆਦ ਲੰਮੀ ਹੈ ਤੇ ਇਹ ਨਲਕੇ ਪਾਣੀ ਟੈਸਟ ਕਰਾਕੇ ਡੂੰਘੇ ਲਾਏ ਗਏ ਹਨ। ਉਨ੍ਹਾਂ ਆਖਿਆ ਕਿ ਮਾਰਕੀਟ ਕਮੇਟੀਆਂ ਵਲੋਂ ਕੀਤੀ ਮੰਗ ਅਨੁਸਾਰ ਹੀ ਨਲਕੇ ਲਾਏ ਗਏ ਹਨ।

No comments:

Post a Comment