Monday, April 8, 2013


                                 ਹੁਣ ਕੀ ਕਰੀਏ
              ਗੋਆ ਜਾਣੋ ਰਹਿ ਗਏ ਵਿਚਾਰੇ
                                ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਪੱਟੀ ਦੇ ਵਿਧਾਨ ਸਭਾ ਚੋਣਾਂ ਵਿੱਚ ਹਾਰੇ ਕਈ ਅਕਾਲੀ ਨੇਤਾ ਹੁਣ ਗੋਆ ਟੂਰ ਤੋਂ ਵੀ ਖੁੰਝ ਗਏ ਹਨ। ਇਨ੍ਹਾਂ ਆਗੂਆਂ ਨੂੰ ਅੰਦਰੋਂ ਅੰਦਰੀਂ ਸ਼ਿਕਵਾ ਹੈ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਗੋਆ ਜੋਗੇ ਵੀ ਨਹੀਂ ਸਮਝਿਆ। ਇੱਕ ਦੋ ਨੇਤਾਵਾਂ ਦਾ ਕਹਿਣਾ ਸੀ ਕਿ ਦਿਲ ਤਾਂ ਉਨ•ਾਂ ਦਾ ਵੀ ਗੋਆ ਜਾਣ ਨੂੰ ਕਰਦਾ ਸੀ ਪ੍ਰੰਤੂ ਕਿਸੇ ਨੇ ਸੱਦਿਆ ਹੀ ਨਹੀਂ ਹੈ। ਕਈ ਸ਼ਰਮੋਂ ਸਰਮੀ ਅੰਦਰੋਂ ਅੰਦਰੀਂ ਮੂੰਹ ਛੁਪਾ ਕੇ ਬੈਠੇ ਹਨ। ਜੋ ਕਾਂਗਰਸ ਚੋ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ,ਉਨ•ਾਂ ਦਾ ਦਿਲ ਵੀ ਗੋਆ ਦੇ ਨਜ਼ਾਰੇ ਵੇਖਣ ਕਰਦਾ ਸੀ ਲੇਕਿਨ ਕਿਸੇ ਨੇ ਕੋਈ ਸੁਨੇਹਾ ਹੀ ਨਹੀਂ ਲਾਇਆ ਸੀ। ਕਈ ਨਰਾਜ਼ਗੀ ਵਿੱਚ ਨਹੀਂ ਗਏ ਅਤੇ ਕਈ ਸੁਨੇਹਾ ਹੀ ਉਡੀਕਦੇ ਰਹਿ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਗੋਆ ਚਿੰਤਨ ਕੈਂਪ ਵਿੱਚ ਮਾਲਵਾ ਪੱਟੀ ਦੇ ਦਰਜਨਾਂ ਆਗੂ ਅੱਜ ਦੁਪਹਿਰ ਮਗਰੋਂ ਗੋਆ ਪੁੱਜ ਗਏ ਹਨ। ਬਠਿੰਡਾ ਜ਼ਿਲ•ੇ ਦੇ ਕੈਬਨਿਟ ਵਜ਼ੀਰ ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਗੋਆ ਪੁੱਜ ਗਏ ਹਨ ਜਦੋਂ ਕਿ ਮਾਨਸਾ ਜ਼ਿਲ•ੇ ਚੋ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਆਪਣੇ ਲੜਕੇ ਦਿਲਰਾਜ ਸਿੰਘ ਭੂੰਦੜ ਸਮੇਤ ਪੁੱਜੇ ਹਨ।   
               ਹਲਕਾ ਨਥਾਣਾ ਤੋਂ ਅਕਾਲੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਚੋਣ ਹਾਰ ਗਏ ਸਨ। ਸੂਤਰਾਂ ਅਨੁਸਾਰ ਅਕਾਲੀ ਦਲ ਨੇ ਉਨ੍ਹਾਂ ਨੂੰ ਗੋਆ ਵਾਸਤੇ ਸੱਦਾ ਹੀ ਨਹੀਂ ਦਿੱਤਾ। ਅਕਾਲੀ ਦਲ ਵੱਲੋਂ ਨਥਾਣਾ ਹਲਕੇ ਵਿੱਚ ਹਾਲੇ ਕੋਈ ਹਲਕਾ ਇੰਚਾਰਜ ਵੀ ਨਹੀਂ ਲਾਇਆ ਗਿਆ। ਪ੍ਰੀਤਮ ਸਿੰਘ ਕੋਟਭਾਈ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਗੋਆ ਜਾਣ ਲਈ ਕੋਈ ਸੁਨੇਹਾ ਨਹੀਂ ਲਾਇਆ ਗਿਆ ਪਰ ਉਹ ਇਨ੍ਹਾਂ ਦਿਨਾਂ ਵਿੱਚ ਪਿੰਡਾਂ ਦੇ ਟੂਰਨਾਮੈਂਟਾਂ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਦੀ ਤਰਜੀਹ ਵੀ ਖੇਡਾਂ ਹਨ। ਉਨ੍ਹਾਂ ਆਖਿਆ ਕਿ ਜੇ ਸੁਨੇਹਾ ਮਿਲ ਵੀ ਜਾਂਦਾ ਤਾਂ ਵੀ ਉਨ੍ਹਾਂ ਜਾਣਾ ਨਹੀਂ ਸੀ। ਹਲਕਾ ਜੈਤੋ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਦੇਵ ਸਿੰਘ ਬਾਦਲ ਹਾਰ ਗਏ ਸਨ, ਉਹ ਕਾਫੀ ਦੇਰ ਤੋਂ ਬਿਮਾਰ ਪਏ ਹਨ। ਉਨ੍ਹਾਂ ਦਾ ਲੜਕਾ ਸੁਬਾ ਸਿੰਘ ਸਿਆਸਤ ਵਿੱਚ ਕਾਫੀ ਸਰਗਰਮ ਹੈ। ਕੁਝ ਦਿਨ ਪਹਿਲਾਂ ਹਲਕਾ ਜੈਤੋ ਤੋਂ ਪਾਰਟੀ ਨੇ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਨੂੰ ਲਾ ਦਿੱਤਾ ਹੈ। ਸੂਬਾ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਂ ਪਾਰਟੀ ਨੇ ਗੋਆ ਪ੍ਰੋਗਰਾਮ ਦਾ ਕੋਈ ਸੱਦਾ ਹੀ ਨਹੀਂ ਦਿੱਤਾ, ਜਿਸ ਕਰਕੇ ਉਹ ਗੋਆ ਨਹੀਂ ਗਏ। ਉਨ੍ਹਾਂ ਆਖਿਆ ਕਿ ਜੇ ਪਾਰਟੀ ਦਾ ਸੁਨੇਹਾ ਮਿਲਦਾ ਤਾਂ ਉਹ ਜ਼ਰੂਰ ਜਾਂਦੇ। ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਅਸਫ਼ਲ ਰਹੇ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਵੀ ਗੋਆ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ। ਜਦੋਂ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਵੀ ਨਹੀਂ ਚੁੱਕਿਆ। 
               ਸੂਤਰ ਆਖਦੇ ਹਨ ਕਿ ਦੋ-ਤਿੰਨ ਦਿਨ ਪਹਿਲਾਂ ਹੀ ਅਕਾਲੀ ਦਲ ਨੇ ਹਲਕਾ ਤਲਵੰਡੀ ਸਾਬੋ ਤੋਂ ਬਲਵੀਰ ਸਿੰਘ ਸਿੱਧੂ  ਨੂੰ ਹਲਕਾ ਇੰਚਾਰਜ ਲਾ ਦਿੱਤਾ ਹੈ, ਜਿਸ ਕਰਕੇ ਅਮਰਜੀਤ ਸਿੰਘ ਸਿੱਧੂ ਅੰਦਰੋਂ ਅੰਦਰੀਂ ਨਾਰਾਜ਼ ਵੀ ਹਨ। ਸੂਤਰ ਆਖਦੇ ਹਨ ਕਿ ਇਸ ਕਰਕੇ ਉਹ ਗੋਆ ਪ੍ਰੋਗਰਾਮ ਵਿੱਚ ਨਹੀਂ ਗਏ। ਨਵੇਂ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਵੀ ਗੋਆ ਪ੍ਰੋਗਰਾਮ ਵਿੱਚ ਨਹੀਂ ਗਏ। ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਅਸਫ਼ਲ ਰਹੇ ਉਮੀਦਵਾਰ ਸੰਤ ਸਿੰਘ ਬਰਾੜ ਵੀ ਗੋਆ ਚਿੰਤਨ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਵੀ ਫੋਨ ਨਹੀਂ ਚੁੱਕਿਆ। ਸੂਤਰ ਦੱਸਦੇ ਹਨ ਕਿ ਗਿੱਦੜਬਾਹਾ ਹਲਕੇ ਤੋਂ ਅਕਾਲੀ ਦਲ ਨੇ ਹਰਦੀਪ ਸਿੰਘ ਡਿੰਪੀ ਨੂੰ ਹਲਕਾ ਇੰਚਾਰਜ ਲਾ ਦਿੱਤਾ ਹੈ, ਜਿਸ ਕਰਕੇ ਹਲਕਾ ਗਿੱਦੜਬਾਹਾ ਵੀ ਗੋਆ ਪ੍ਰੋਗਰਾਮ ਤੋਂ ਖੁੰਝ ਗਿਆ ਹੈ।
             ਹਲਕਾ ਬਰਨਾਲਾ ਤੋਂ ਅਕਾਲੀ ਦਲ ਦੇ ਅਸਫ਼ਲ ਰਹੇ ਉਮੀਦਵਾਰ ਮਲਕੀਤ ਸਿੰਘ ਕੀਤੂ ਤਾਂ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਹੁਣ ਹਲਕਾ ਬਰਨਾਲਾ ਵਿੱਚ ਉਨ੍ਹਾਂ ਦਾ ਲੜਕਾ ਕੁਲਵੰਤ ਸਿੰਘ ਸਿਆਸੀ ਗਤੀਵਿਧੀ ਚਲਾ ਰਿਹਾ ਹੈ। ਅਕਾਲੀ ਦਲ ਨੇ ਬਰਨਾਲਾ ਵਿੱਚ ਕੋਈ ਹਲਕਾ ਇੰਚਾਰਜ ਨਹੀਂ ਲਾਇਆ। ਸੂਤਰ ਦੱਸਦੇ ਹਨ ਕਿ ਕੁਲਵੰਤ ਸਿੰਘ ਨੂੰ ਵੀ ਗੋਆ ਸਮਾਗਮ ਲਈ ਨਹੀਂ ਸੱਦਿਆ ਗਿਆ। ਕਾਂਗਰਸ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਅਤੇ ਮੰਗਤ ਰਾਏ ਬਾਂਸਲ ਵੀ ਉਨ੍ਹਾਂ ਨੇਤਾਵਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਗੋਆ ਦਾ ਮੌਕਾ ਨਹੀਂ ਮਿਲ ਸਕਿਆ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਾਜਵਿੰਦਰ ਕੌਰ ਵੀ ਗੋਆ ਪੁੱਜ ਗਏ ਹਨ। ਬੀਬੀ ਗੁਲਸ਼ਨ ਦਾ ਕਹਿਣਾ ਸੀ ਕਿ ਮਾਲਵਾ ਖਿੱਤੇ ਤੋਂ ਪਾਰਟੀ ਦੇ ਸਾਰੇ ਵਿਧਾਇਕ, ਸੰਸਦ ਮੈਂਬਰ ਅਤੇ ਅਸਫ਼ਲ ਰਹੇ ਉਮੀਦਵਾਰ ਪੁੱਜ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਵਕਤ ਪਾਰਟੀ ਵੱਲੋਂ ਮੀਟਿੰਗ ਰੱਖੀ ਗਈ ਹੈ। ਸੂਤਰ ਆਖਦੇ ਹਨ ਕਿ ਬਹੁਤੇ ਨੇਤਾਵਾਂ ਨੂੰ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਝੱਲਣੀ ਪਈ ਅਤੇ ਹੁਣ ਗੋਆ ਦਾ ਮੌਕਾ ਵੀ ਨਹੀਂ ਮਿਲ ਸਕਿਆ।
                                                                ਗੰਨਮੈਨ ਵੀ ਫ਼ਰਲੋ ਉਤੇ
ਅਕਾਲੀ ਨੇਤਾਵਾਂ ਦੇ ਸੁਰੱਖਿਆ ਗਾਰਦ ਅਤੇ ਨਿੱਜੀ ਸਟਾਫ਼ ਵੀ ਹੁਣ ਵਿਹਲਾ ਹੋ ਗਿਆ ਹੈ। ਪਤਾ ਲੱਗਿਆ ਹੈ ਕਿ ਸੁਰੱਖਿਆ ਗਾਰਦ ਤਾਂ ਜ਼ਿਲ੍ਹਾ ਪੁਲੀਸ ਕੋਲ ਵਾਪਸ ਚਲੇ ਗਏ ਹਨ, ਜਦੋਂ ਕਿ ਇਨ੍ਹਾਂ ਨੇਤਾਵਾਂ ਦੇ ਨਿੱਜੀ ਸਟਾਫ ਪੀ.ਏ. ਵਗੈਰਾ ਵੀ ਇਨ੍ਹਾਂ ਦਿਨਾਂ ਵਿੱਚ ਛੁੱਟੀ ਮਨਾ ਰਹੇ ਹਨ। ਅਕਾਲੀ ਆਗੂਆਂ ਦੀ ਗ਼ੈਰਹਾਜ਼ਰੀ ਕਰਕੇ ਪੁਲੀਸ ਅਤੇ ਪ੍ਰਸ਼ਾਸਨ ਨੂੰ ਵੀ ਹੁਣ ਸੁੱਖ ਦਾ ਸਾਹ ਆ ਗਿਆ ਹੈ ਅਤੇ ਅਫਸਰ ਵੀ ਇਹ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾ ਰਹੇ ਹਨ।


No comments:

Post a Comment