Sunday, October 26, 2014

                                ਸਹੁੰ ਚੁੱਕ ਸਮਾਗਮ
                            ਖਰਚੇ ਦਾ ਘਰ ਬਣੇ
                            ਚਰਨਜੀਤ ਭੁੱਲਰ
ਬਠਿੰਡਾ  : ਹਰਿਆਣਾ ਸਰਕਾਰ ਵੀ ਹਲਫ਼ਦਾਰੀ ਸਮਾਗਮਾਂ ਦੇ ਮਾਮਲੇ ਵਿੱਚ ਹੁਣ ਪੰਜਾਬ ਦੇ ਰਾਹ ਤੇ ਚੱਲ ਪਈ ਹੈ। ਅਕਾਲੀ-ਭਾਜਪਾ ਸਰਕਾਰ ਵਲੋਂ ਸਾਲ 1997 ਵਿਚ ਜਨਤਕ ਸਮਾਗਮ ਕਰਕੇ ਸਹੁੰ ਚੁੱਕੀ ਗਈ ਸੀ। ਉਸ ਤੋ ਪਹਿਲਾਂ ਹਲਫ਼ਦਾਰੀ ਸਮਾਗਮ ਰਾਜ ਭਵਨ ਵਿੱਚ ਹੁੰਦੇ ਸਨ। ਹਰਿਆਣਾ ਦੇ ਪਿਛਲੇ ਮੁੱਖ ਮੰਤਰੀਆਂ ਤੇ ਵਜ਼ਾਰਤਾਂ ਦੇ ਸਮਾਗਮ ਰਾਜ ਭਵਨ ਵਿੱਚ ਹੁੰਦੇ ਰਹੇ ਹਨ, ਪਰ ਹੁਣ ਹਲਫ਼ਦਾਰੀ ਸਮਾਗਮ ਪੰਚਕੂਲਾ ਦੇ ਮੇਲਾ ਗਰਾਊਂਡ ਵਿੱਚ ਹੋ ਰਿਹਾ ਹੈ। ਮੋਦੀ ਸਰਕਾਰ ਖੁਦ ਖਰਚੇ ਘਟਾਉਣ ਦਾ ਨਾਅਰਾ ਲਗਾ ਰਹੀ ਹੈ, ਪ੍ਰੰਤੂ ਹਰਿਆਣਾ ਦਾ ਹਲਫ਼ਦਾਰੀ ਸਮਾਗਮ ਸਰਕਾਰ ਨੂੰ ਲੱਖਾਂ ਵਿੱਚ ਪਵੇਗਾ। ਜਦੋਂ ਰਾਜ ਸਰਕਾਰਾਂ ਵੱਲੋਂ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਕੀਤੇ ਜਾਂਦੇ ਸਨ ਤਾਂ ਖ਼ਜ਼ਾਨੇ 'ਤੇ ਸਮਾਗਮਾਂ ਦਾ ਬਹੁਤਾ ਭਾਰ ਨਹੀਂ ਪੈਂਦਾ ਸੀ। ਜਦੋਂ ਤੋਂ ਅਜਿਹੇ ਸਮਾਗਮਾਂ ਨੂੰ ਸਿਆਸੀ ਰੰਗਤ ਦਿੱਤੀ ਗਈ ਹੈ, ਉਦੋਂ ਤੋਂ ਸਰਕਾਰੀ ਖ਼ਜ਼ਾਨੇ 'ਤੇ ਸਮਾਗਮਾਂ ਦਾ ਭਾਰ ਵਧ ਰਿਹਾ ਹੈ। ਆਰ.ਟੀ.ਆਈ ਤਹਿਤ  ਪੰਜਾਬ, ਗੁਜਰਾਤ ਅਤੇ ਦਿੱਲੀ ਸਰਕਾਰਾਂ ਤੋਂ ਜੋ ਸੂਚਨਾ ਪ੍ਰਾਪਤ ਕੀਤੀ ਗਈ ਹੈ, ਉਸ ਅਨੁਸਾਰ ਪੰਜਾਬ ਵਿੱਚ ਹਲਫ਼ਦਾਰੀ ਸਮਾਗਮ ਰਾਜ ਭਵਨ ਵਿੱਚ ਹੁੰਦੇ ਰਹੇ ਹਨ। ਪਹਿਲੀ ਦਫ਼ਾ ਅਕਾਲੀ ਸਰਕਾਰ ਦਾ ਸਮਾਗਮ 12 ਫਰਵਰੀ 1997 ਨੂੰ ਕ੍ਰਿਕਟ ਸਟੇਡੀਅਮ, ਮੁਹਾਲੀ ਵਿੱਚ ਹੋਇਆ ਸੀ। ਇਸ ਵਿੱਚ 1.05 ਲੱਖ ਰੁਪਏ ਦਾ ਖਰਚ ਇਕੱਲਾ ਚਾਹ ਪਾਣੀ ਤੇ ਸਨੈਕਸ ਦਾ ਆਇਆ ਸੀ।
                    2002 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਲਫ਼ਦਾਰੀ ਸਮਾਗਮ ਰਾਜ ਭਵਨ ਵਿੱਚ ਹੋਇਆ ਜਿਸ 'ਤੇ 50 ਹਜ਼ਾਰ ਰੁਪਏ ਦਾ ਖਰਚ ਆਇਆ ਸੀ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅਗਲਾ ਹਲਫ਼ਦਾਰੀ ਸਮਾਗਮ ਮੁੜ ਕ੍ਰਿਕਟ ਸਟੇਡੀਅਮ ਮੁਹਾਲੀ ਵਿੱਚ 2 ਮਾਰਚ 2007 ਨੂੰ ਹੋਇਆ ਜਿਸ 'ਤੇ 26.06 ਲੱਖ ਰੁਪਏ ਖਰਚ ਆਏ। 2012 ਵਿੱਚ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਚੱਪੜਚਿੜੀ ਮੁਹਾਲੀ ਵਿਖੇ ਹੋਇਆ ਜਿਸ 'ਤੇ 91.68 ਲੱਖ ਰੁਪਏ ਦਾ ਖਰਚਾ ਹੋਇਆ ਹੈ। ਇਸ ਵਿੱਚ 14.97 ਲੱਖ ਦਾ ਖਰਚਾ ਤਾਂ ਇਕੱਲਾ ਪ੍ਰਾਹੁਣਚਾਰੀ ਦਾ ਹੀ ਸੀ। ਪੰਜਾਬ ਵਿੱਚ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 21 ਜਨਵਰੀ 2009 ਨੂੰ ਅੰਮ੍ਰਿਤਸਰ ਵਿਖੇ ਸਹੁੰ ਚੁੱਕੀ ਸੀ ਤਾਂ ਉਦੋਂ 70.63 ਲੱਖ ਰੁਪਏ ਦਾ ਖਰਚਾ ਆਇਆ ਸੀ। ਇਸ ਤੋਂ ਉਲਟ ਬੇਅੰਤ ਸਿੰਘ ਸਰਕਾਰ ਵੱਲੋਂ ਸਾਲ 1992 ਵਿੱਚ ਰਾਜ ਭਵਨ ਵਿਚ ਹੀ ਸਹੁੰ ਚੁੱਕੀ ਗਈ ਸੀ ਜਿਸ ਦਾ ਖਰਚਾ ਇੱਕ ਲੱਖ ਰੁਪਏ ਤੋਂ ਘੱਟ ਦਾ ਰਿਹਾ ਸੀ। ਦਿੱਲੀ ਸਰਕਾਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਜਦੋਂ ਸਾਲ 1998 ਵਿੱਚ ਰਾਜ ਭਵਨ ਤੋਂ ਬਾਹਰ ਹਲਫ਼ਦਾਰੀ ਸਮਾਗਮ ਕੀਤੇ ਗਏ ਤਾਂ ਸਮਾਗਮਾਂ ਦਾ 7.55 ਲੱਖ ਰੁਪਏ ਖਰਚ ਆਇਆ। ਸਾਲ 2003 ਵਿੱਚ ਜਦੋਂ ਮੁੱਖ ਮੰਤਰੀ ਨੇ ਸਹੁੰ ਰਾਜ ਭਵਨ ਵਿੱਚ ਚੁੱਕੀ ਤਾਂ ਇਹੋ ਖਰਚਾ ਸਿਰਫ਼ 6037 ਰੁਪਏ ਰਹਿ ਗਿਆ। ਇਵੇਂ ਸਾਲ 2008 ਵਿੱਚ ਜਦੋਂ ਮੁੜ ਸਹੁੰ ਚੁੱਕ ਸਮਾਗਮ ਰਾਜ ਭਵਨ ਤੋਂ ਬਾਹਰ ਜਨਤਕ ਸਥਾਨ 'ਤੇ ਕੀਤਾ ਗਿਆ ਤਾਂ ਖਰਚਾ ਵੱਧ ਕੇ 13.04 ਲੱਖ ਰੁਪਏ ਆਇਆ।
                 ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਸਾਲ 2013 ਵਿੱਚ ਰਾਮ ਲੀਲ੍ਹਾ ਮੈਦਾਨ ਵਿੱਚ ਕੀਤੇ ਗਏ ਜਿਨ੍ਹਾਂ 'ਤੇ 6.33 ਲੱਖ ਰੁਪਏ ਦਾ ਖਰਚਾ ਆਇਆ। ਗੁਜਰਾਤ ਸਰਕਾਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਜਦੋਂ 4 ਮਾਰਚ 1998 ਨੂੰ ਹਲਫ਼ਦਾਰੀ ਸਮਾਗਮ ਰਾਜ ਭਵਨ ਵਿਚ ਹੋਇਆ ਤਾਂ ਖਰਚਾ ਰਾਸ਼ੀ ਨਾਂ-ਮਾਤਰ ਹੀ ਰਹੀ। 7 ਅਕਤੂਬਰ 2001 ਨੂੰ ਜਦੋਂ ਹੈਲੀਪੈਡ ਗਾਂਧੀਨਗਰ ਵਿੱਚ ਸਮਾਗਮ ਹੋਏ ਤਾਂ ਖਰਚਾ 69043 ਰੁਪਏ ਆਇਆ। 22 ਦਸੰਬਰ 2002 ਜਦੋਂ ਸਹੁੰ ਚੁੱਕ ਸਮਾਗਮਾਂ ਵਿੱਚ ਪ੍ਰਧਾਨ ਮੰਤਰੀ ਅਤੇ ਹੋਰ 21 ਸਰਕਾਰੀ ਮਹਿਮਾਨ  ਆਏ ਸਨ ਤਾਂ ਇਹੋ ਖਰਚਾ ਵੱਧ ਕੇ 3.13 ਲੱਖ ਰੁਪਏ ਹੋ ਗਿਆ। ਫਿਰ 25 ਦਸੰਬਰ 2007 ਦੇ ਸਹੁੰ ਚੁੱਕ ਸਮਾਗਮ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਵਿੱਚ ਹੋਇਆ ਤਾਂ ਖਰਚਾ 3.08 ਲੱਖ ਰੁਪਏ ਆਇਆ। ਜਦੋਂ ਨਰਿੰਦਰ ਮੋਦੀ ਨੇ 26 ਦਸੰਬਰ 2012 ਨੂੰ ਮੁੜ ਮੁੱਖ ਮੰਤਰੀ ਵਜੋਂ ਕ੍ਰਿਕਟ ਸਟੇਡੀਅਮ ਵਿੱਚ ਸਹੁੰ ਚੁੱਕੀ ਤਾਂ ਖਰਚਾ ਵੱਧ ਕੇ 6.01 ਲੱਖ ਰੁਪਏ ਹੋ ਗਿਆ। ਜਾਣਕਾਰੀ ਅਨੁਸਾਰ ਰਾਜਸਥਾਨ ਦੀ ਮੌਜੂਦਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਰਾਜ ਭਵਨ ਵਿਚ ਸਹੁੰ ਚੁੱਕੀ ਹੈ ਜਦੋਂ ਕਿ ਆਂਧਰਾ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੇ ਸਹੁੰ ਚੁੱਕ ਸਮਾਗਮਾਂ ਤੇ ਡੇਢ ਕਰੋੜ ਰੁਪਏ ਖਰਚ ਆਏ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਲੋਂ ਰਿਜ ਗਰਾਊਂਡ ਵਿਚ ਸਹੁੰ ਚੁੱਕੀ ਜਾਂਦੀ ਹੈ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮਾਂ ਤੇ 17.60 ਲੱਖ ਰੁਪਏ ਖਰਚ ਆਏ ਹਨ।
               ਹਰਿਆਣਾ ਦੇ ਮੁੱਖ ਮੰਤਰੀ ਵਲੋਂ 13 ਏਕੜ ਦੇ ਪੰਡਾਲ ਵਿਚ ਬਣੀ ਸਟੇਜ ਤੋਂ ਸਹੁੰ ਚੁੱਕੀ ਜਾਵੇਗੀ। ਸਾਬਕਾ ਵਿਧਾਇਕ ਤੇ ਕਮਿਊਨਿਸਟ ਆਗੂ ਹਰਦੇਵ ਅਰਸ਼ੀ ਦਾ ਕਹਿਣਾ ਹੈ ਕਿ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਬਾਦਲ ਸਰਕਾਰ ਨੇ ਰਾਜ ਭਵਨ ਤੋਂ ਬਾਹਰ ਹਲਫ਼ਦਾਰੀ ਸਮਾਗਮ ਕਰਨ ਦੀ ਰਵਾਇਤ ਪਾਈ ਸੀ ਜਿਸ ਨੂੰ ਹੁਣ ਹਰਿਆਣਾ ਵੀ ਅਪਣਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹਲਫ਼ਦਾਰੀ ਸਮਾਗਮ ਇਕ ਸੰਵਿਧਾਨਕ ਕਾਰਜ ਹੈ। ਇਹ ਜਨਤਕ ਸਮਾਗਮ ਨਹੀਂ। ਇਸ ਨੂੰ ਰਾਜ ਭਵਨਾਂ ਤੱਕ ਹੀ ਮਹਿਦੂਦ ਰੱਖਣਾ ਚਾਹੀਦਾ ਹੈ।

No comments:

Post a Comment