Friday, October 31, 2014

                              ਪਹਿਲਾਂ ਚੌਲਾਂ ਦਾ 
                 ਹੁਣ ਬਾਰਦਾਨੇ ਦਾ ਸਕੈਂਡਲ
                           ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਬਠਿੰਡਾ ਵਿੱਚ ਬਾਰਦਾਨਾ ਘਪਲਾ ਹੋ ਗਿਆ ਹੈ। ਇਸ ਲੱਖਾਂ ਰੁਪਏ ਦੇ ਘਪਲੇ ਵਿੱਚ ਨਗਰ ਕੌਂਸਲ, ਰਾਮਪੁਰਾ ਦਾ ਸਾਬਕਾ ਪ੍ਰਧਾਨ ਹੈਪੀ ਬਾਂਸਲ ਅਤੇ ਪੰਜਾਬ ਐਗਰੋ ਦਾ ਇੰਸਪੈਕਟਰ ਐਚ.ਐਸ. ਚਾਹਲ ਘਿਰ ਗਿਆ ਹੈ। ਰਾਮਪੁਰਾ ਇਲਾਕੇ ਵਿੱਚ ਸਾਲ 2012-13 ਵਿੱਚ ਚੌਲ ਸਕੈਂਡਲ ਹੋਇਆ ਸੀ, ਉਸ ਦੀ ਤਫ਼ਤੀਸ਼ 'ਚੋਂ ਹੀ ਇਹ ਨਵੀਂ ਪਰਤ ਉੱਧੜੀ ਹੈ। ਵਿਜੀਲੈਂਸ ਰੇਂਜ ਬਠਿੰਡਾ ਵੱਲੋਂ ਇਸ ਮਾਮਲੇ ਦੀ ਵੱਖਰੇ ਤੌਰ 'ਤੇ ਪੜਤਾਲ ਕੀਤੀ ਗਈ ਹੈ, ਜੋ ਹੁਣ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਵਿਚਾਰ ਅਧੀਨ ਹੈ। ਜਾਣਕਾਰੀ ਅਨੁਸਾਰ ਹੈਪੀ ਬਾਂਸਲ ਨੇ ਸਾਲ 2012-13 ਵਿੱਚ ਝੋਨੇ ਦੀ ਖਰੀਦ ਦੌਰਾਨ ਪਿੰਡ ਭਾਈਰੂਪਾ ਵਿੱਚ ਲੇਬਰ ਅਤੇ ਕਾਰਟੇਜ ਦਾ ਠੇਕਾ ਲਿਆ ਸੀ। ਠੇਕੇਦਾਰ ਨੇ ਦਸੰਬਰ, 2012 ਨੂੰ ਪੰਜਾਬ ਐਗਰੋ ਦੇ ਜ਼ਿਲ੍ਹਾ ਮੈਨੇਜਰ ਨੂੰ 16.06 ਲੱਖ ਰੁਪਏ ਦੇ ਕੰਮ ਬਾਰੇ ਪੱਤਰ ਦਿੱਤਾ ਸੀ, ਜਿਸ ਦੇ ਬਦਲੇ ਵਿੱਚ ਪੰਜਾਬ ਐਗਰੋ ਨੇ ਉਸ ਨੂੰ ਦੋ ਕਿਸ਼ਤਾਂ ਵਿੱਚ ਐਡਵਾਂਸ 13 ਲੱਖ ਰੁਪਏ ਦੇ ਦਿੱਤੇ ਸਨ। ਠੇਕੇਦਾਰ ਨੇ ਝੋਨੇ ਦੀਆਂ 1.22 ਲੱਖ ਬੋਰੀਆਂ ਪਿੰਡ ਭਾਈਰੂਪਾ ਦੀ ਮੈਸਰਜ਼ ਜੈ ਮਾਂ ਕਾਲੀ ਰਾਈਸ ਮਿੱਲ ਵਿੱਚ ਲਗਾਉਣ ਦੀ ਗੱਲ ਆਖੀ ਸੀ। ਠੇਕੇਦਾਰ ਨੇ ਪੰਜਾਬ ਐਗਰੋ ਨੂੰ 1.22 ਲੱਖ ਬੋਰੀਆਂ ਵਿੱਚੋਂ 58,117 ਬੋਰੀਆਂ ਦਾ ਹਿਸਾਬ ਕਿਤਾਬ ਤਾਂ ਦੇ ਦਿੱਤਾ ਹੈ ਜਦੋਂ ਕਿ 64,019 ਬੋਰੀਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਹੈ। ਠੇਕੇਦਾਰ ਨੇ ਮਹਿਕਮੇ ਨੂੰ ਗੇਟ ਪਾਸ, ਬਿਲਟੀਆਂ ਅਤੇ ਪਹੁੰਚ ਰਸੀਦਾਂ ਸਮੇਤ ਕੋਈ ਵੀ ਬਿੱਲ ਨਹੀਂ ਦਿੱਤਾ ਹੈ ਜਦੋਂ ਕਿ ਅਦਾਇਗੀ ਐਡਵਾਂਸ ਲੈ ਲਈ ਹੈ। ਪੰਜਾਬ ਐਗਰੋ ਨੇ 11 ਮਾਰਚ, 2013 ਨੂੰ ਆਖਰੀ ਪੱਤਰ ਲਿਖ ਕੇ ਠੇਕੇਦਾਰ ਨੂੰ ਲਿਖਿਆ ਕਿ ਢੋਆ ਢੋਆਈ ਨਾਲ ਸਬੰਧਿਤ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਬਿੱਲ ਵੀ ਕਲੇਮ ਨਹੀਂ ਕੀਤੇ ਜਾ ਰਹੇ ਹਨ। ਇਸ ਕਾਰਨ ਲੱਗਦਾ ਹੈ ਕਿ ਤੁਹਾਡੀ ਵੀ ਚੌਲ ਸਕੈਂਡਲ ਕਿਤੇ ਨਾ ਕਿਤੇ ਮਿਲੀਭੁਗਤ ਹੈ।
                     ਦੱਸਣਯੋਗ ਹੈ ਕਿ ਜੈ ਮਾਂ ਕਾਲੀ ਰਾਈਸ ਸ਼ੈੱਲਰ ਨੇ ਕਰੋੜਾਂ ਰੁਪਏ ਦੀਆਂ ਝੋਨੇ ਦੀਆਂ 81806 ਬੋਰੀਆਂ ਗਾਇਬ ਕਰ ਦਿੱਤੀਆਂ ਸਨ, ਜਿਸ ਬਾਰੇ ਵਿਜੀਲੈਂਸ ਨੇ ਪਹਿਲਾਂ ਹੀ ਕੇਸ ਦਰਜ ਕੀਤੇ ਹੋਏ ਹਨ। ਹੁਣ ਵਿਜੀਲੈਂਸ ਨੇ ਬਾਰਦਾਨੇ ਦੇ ਸਕੈਂਡਲ ਦੇ ਨਾਂ ਹੇਠ ਪੜਤਾਲ ਮੁਕੰਮਲ ਕਰਕੇ ਭੇਜੀ ਹੈ, ਜਿਸ ਵਿੱਚ ਲੇਬਰ ਠੇਕੇਦਾਰ 'ਤੇ ਉਂਗਲ ਉਠਾਈ ਗਈ ਹੈ। ਹੈਪੀ ਬਾਂਸਲ ਨੇ ਵਿਜੀਲੈਂਸ ਕੋਲ ਬਿਆਨ ਦਰਜ ਕਰਾਏ ਹਨ ਕਿ ਸ਼ੈੱਲਰ ਮਾਲਕ ਨੇ ਖਰੀਦ ਕੇਂਦਰ ਵਿੱਚੋਂ ਖ਼ੁਦ ਹੀ ਝੋਨਾ ਚੁੱਕਿਆ ਸੀ, ਜਿਸ ਕਰਕੇ ਉਸ ਨੇ ਬਿੱਲ ਕਲੇਮ ਨਹੀਂ ਕੀਤੇ ਹਨ। ਸ਼ੈੱਲਰ ਹਿੱਸੇਦਾਰ ਦੇਵ ਰਾਜ ਨੇ ਆਪਣੇ ਬਿਆਨਾਂ ਵਿੱਚ ਆਖਿਆ ਹੈ ਕਿ ਉਸ ਕੋਲ ਤਾਂ ਮੰਡੀ 'ਚੋਂ ਝੋਨਾ ਚੁੱਕਣ ਲਈ ਕੋਈ ਟਰਾਲੀ ਆਦਿ ਦਾ ਵੀ ਸਾਧਨ ਨਹੀਂ ਸੀ। ਦੂਜੇ ਪਾਸੇ ਸ਼ੈੱਲਰ ਮਾਲਕ ਨੇ ਪੰਜਾਬ ਐਗਰੋ ਨੂੰ ਝੋਨਾ ਸ਼ੈੱਲਰ ਵਿੱਚ ਪੁੱਜਣ ਦੀ ਰਸੀਦ ਦਿੱਤੀ ਹੋਈ ਹੈ। ਇਵੇਂ ਹੀ ਠੇਕੇਦਾਰ ਨੇ ਵੀ ਪੰਜਾਬ ਐਗਰੋ ਕੋਲ ਲਿਖਤੀ ਰੂਪ ਵਿੱਚ ਆਖਿਆ ਹੈ ਕਿ ਉਸ ਨੇ 1.22 ਲੱਖ ਬੋਰੀ ਝੋਨਾ ਪੁੱਜਦਾ ਕਰ ਦਿੱਤਾ ਹੈ।ਹੈਪੀ ਬਾਂਸਲ ਨੇ ਆਖਿਆ ਕਿ ਸਾਰੀ ਜ਼ਿੰਮੇਵਾਰੀ ਇੰਸਪੈਕਟਰ ਦੀ ਹੁੰਦੀ ਹੈ। ਉਨ੍ਹਾਂ ਆਖਿਆ ਕਿ ਉਸ ਦਾ ਇਸ ਮਾਮਲੇ ਵਿੱਚ ਕੋਈ ਸਬੰਧ ਨਹੀਂ ਹੈ। ਉਸ ਨੇ ਵਿਜੀਲੈਂਸ ਪੜਤਾਲ ਨੂੰ ਇੱਕ ਪਾਸੜ ਦੱਸਿਆ ਅਤੇ ਇਸ ਮਾਮਲੇ ਦੀ ਮੁੜ ਪੜਤਾਲ ਦੀ ਮੰਗ ਕੀਤੀ ਹੈ। ਉਸ ਨੇ ਦੋਸ਼ ਲਾਇਆ ਕਿ ਪੰਜਾਬ ਐਗਰੋ ਨੇ ਉਸ ਤੋਂ ਕੋਰੇ ਕਾਗ਼ਜ਼ 'ਤੇ ਦਸਤਖ਼ਤ ਕਰਾਏ ਸਨ।
                     ਪੰਜਾਬ ਐਗਰੋ ਵੱਲੋਂ ਸਾਲ 2012-13 ਵਿੱਚ ਝੋਨੇ ਦੀ ਖਰੀਦ ਦੌਰਾਨ ਇੰਸਪੈਕਟਰ ਐਚ.ਐਸ. ਚਾਹਲ ਨੂੰ ਰਾਮਪੁਰਾ, ਭਾਈਰੂਪਾ ਅਤੇ ਸੰਧੂ ਖੁਰਦ 'ਚੋਂ ਝੋਨਾ ਖਰੀਦਣ ਲਈ ਨਵੇਂ ਏ ਕੈਟਾਗਿਰੀ ਦੇ ਬਾਰਦਾਨੇ ਦੇ 5,41,001 ਬੈਗ ਜਾਰੀ ਕੀਤੇ ਗਏ ਸਨ ਪਰ ਸ਼ੈੱਲਰ ਮਾਲਕਾਂ ਨੇ ਪੰਜਾਬ ਐਗਰੋ ਨੂੰ 5,83,315 ਬੈਗ (ਏ ਕੈਟਾਗਿਰੀ) ਵਿੱਚ ਝੋਨੇ ਦੀ ਭਰਾਈ ਹੋਣ ਦੀ ਰਸੀਦ ਦੇ ਦਿੱਤੀ ਹੈ। ਇੰਸਪੈਕਟਰ ਨੇ 42,315 ਬੈਗਾਂ ਦਾ ਕਿਥੋਂ ਪ੍ਰਬੰਧ ਕੀਤਾ,ਵਿਜੀਲੈਂਸ ਲਈ ਇਹ ਭੇਤ ਬਣ ਗਿਆ ਹੈ। ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਅਸਲ ਵਿੱਚ ਝੋਨੇ ਦੀ ਖਰੀਦ ਹੀ ਫਰਜ਼ੀ ਦਿਖਾਈ ਗਈ ਹੈ। ਇਸ ਇੰਸਪੈਕਟਰ ਨੇ ਪ੍ਰਾਪਤ ਕੀਤੇ ਬਾਰਦਾਨੇ ਅਤੇ ਸ਼ੈੱਲਰ ਮਾਲਕਾਂ ਨੂੰ ਦਿੱਤੇ ਬਾਰਦਾਨੇ ਦਾ ਕੋਈ ਹਿਸਾਬ ਕਿਤਾਬ ਹਾਲੇ ਤੱਕ ਨਹੀਂ ਦਿੱਤਾ ਹੈ। ਪੱਖ ਜਾਣਨ ਲਈ ਇਸ ਇੰਸਪੈਕਟਰ ਨਾਲ ਸੰਪਰਕ ਨਹੀਂ ਹੋ ਸਕਿਆ। ਐਸ.ਐਸ.ਪੀ. ਸੁਖਦੇਵ ਸਿੰਘ ਚਾਹਲ ਨੇ ਕਿਹਾ ਕਿ ਚੌਲ ਘਪਲੇ ਦੀ ਤਫ਼ਤੀਸ਼ ਦੌਰਾਨ ਹੀ ਬਾਰਦਾਨੇ ਵਾਲਾ ਮਾਮਲਾ ਉਠਿਆ ਸੀ, ਜਿਸ ਦੀ ਪੜਤਾਲ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਅਗਲਾ ਫ਼ੈਸਲਾ ਮੁੱਖ ਦਫ਼ਤਰ ਨੇ ਲੈਣਾ ਹੈ।

1 comment: