Sunday, May 3, 2015

                                     ਔਰਬਿਟ ਕਾਂਡ
                   ਕਾਹਤੋਂ ਨਹੀਂ ਟਲਦਾ ਰਣਜੀਤ
                                     ਚਰਨਜੀਤ ਭੁੱਲਰ
ਬਠਿੰਡਾ : ਕੌਣ ਨਹੀਂ ਜਾਣਦਾ ਔਰਬਿਟ ਵਾਲੇ ਰਣਜੀਤ ਨੂੰ। ਸ਼ਾਇਦ ਬਜ਼ੁਰਗ ਦਾਦੀ ਸੁਰਜੀਤ ਕੌਰ ਨੂੰ ਇਹ ਭੁੱਲੇਗਾ ਵੀ ਨਹੀਂ ਜਿਸ ਦੀ ਪੋਤੀ ਅਰਸ਼ਦੀਪ ਨੂੰ ਉਸ ਤੋਂ ਸਦਾ ਲਈ ਜੁਦਾ ਕਰ ਦਿੱਤਾ। ਔਰਬਿਟ ਦੇ ਡਰਾਈਵਰ ਰਣਜੀਤ ਸਿੰਘ ਦਾ ਮੋਗਾ ਕਾਂਡ ਪਹਿਲਾ ਕੇਸ ਨਹੀਂ ਹੈ। ਉਸ ਤੋਂ ਪਹਿਲਾਂ ਸੜਕਾਂ ਤੇ ਰਣਜੀਤ ਨੇ ਕਈ ਦਰੜੇ ਨੇ। ਰਣਜੀਤ ਦੇ ਮਾਲਕਾਂ ਦੀ ਤਾਕਤ ਅੱਗੇ ਹਰ ਕਿਸੇ ਨੇ ਮੂੰਹ ਬੰਦ ਕਰਨ ਵਿਚ ਭਲਾਈ ਸਮਝੀ। ਰਣਜੀਤ ਤੇ ਦੋ ਪੁਲੀਸ ਕੇਸ ਪਹਿਲਾਂ ਵੀ ਦਰਜ ਹੋ ਚੁੱਕੇ ਹਨ। ਟਰਾਂਸਪੋਰਟ ਸੈਕਟਰ ਵਿਚ ਅੜਬ ਸੁਭਾਅ ਤੇ ਕੱਬੀ ਬੋਲਬਾਣੀ ਰਣਜੀਤ ਦੀ ਪਹਿਚਾਣ ਰਹੀ ਹੈ। ਬਠਿੰਡਾ ਜਿਲ•ੇ ਦੇ ਪਿੰਡ ਚੱਕ ਰਾਮ ਸਿੰਘ ਵਾਲਾ ਦਾ ਸਿਰ ਔਰਬਿਟ ਕਾਂਡ ਨੇ ਸ਼ਰਮ ਨਾਲ ਝੁਕਾ ਦਿੱਤਾ ਹੈ। ਪਿੰਡ ਦੀ ਹਰ ਦੇਹਲੀ ਨੂੰ ਇਸ ਘਟਨਾ ਨੇ ਹਲੂਣ ਦਿੱਤਾ ਹੈ। ਮੋਗਾ ਕਾਂਡ ਵਿਚ ਸ਼ਾਮਲ ਔਰਬਿਟ ਬੱਸ ਦਾ ਡਰਾਈਵਰ ਰਣਜੀਤ ਸਿੰਘ ਇਸ ਪਿੰਡ ਦਾ ਹੀ ਰਹਿਣ ਵਾਲਾ ਹੈ ਜਿਸ ਨੇ ਹੁਣ ਇਸ ਪਿੰਡ ਦੀ ਇੱਜਤ ਨੂੰ ਵੀ ਲੀਹ ਤੋਂ ਲਾਹ ਦਿੱਤਾ ਹੈ। ਮੋਗਾ ਕਾਂਡ ਵਿਚ ਸ਼ਾਮਲ ਕੰਡਕਟਰ ਅਮਰਜੀਤ ਸਿੰਘ ਵੀ ਬਠਿੰਡਾ ਜਿਲ•ੇ ਦੇ ਪਿੰਡ ਚੱਕ ਬਖਤੂ ਦਾ ਵਸਨੀਕ ਹੈ। ਜਦੋਂ ਚੱਕ ਰਾਮ ਸਿੰਘ ਵਾਲਾ ਤੱਕ ਡਰਾਈਵਰ ਰਣਜੀਤ ਸਿੰਘ ਦੀ ਖਬਰ ਪੁੱਜੀ ਤਾਂ ਪਿੰਡ ਸ਼ਰਮਸਾਰ ਹੋ ਗਿਆ।
                          ਵੇਰਵਿਆਂ ਅਨੁਸਾਰ ਡਰਾਈਵਰ ਰਣਜੀਤ ਸਿੰਘ ਛੋਟੀ ਕਿਸਾਨੀ ਨਾਲ ਸਬੰਧਿਤ ਹੈ ਅਤੇ ਉਹ ਕਈ ਵਰਿ•ਆਂ ਤੋਂ ਔਰਬਿਟ ਬੱਸ ਕੰਪਨੀ ਵਿਚ ਕੰਮ ਕਰ ਰਿਹਾ ਸੀ। ਉਸ ਦੇ ਦੋ ਲੜਕੇ ਹਨ ਜਿਨ•ਾਂ ਚੋਂ ਇੱਕ ਖੇਤੀ ਕਰ ਰਿਹਾ ਹੈ ਅਤੇ ਦੂਸਰਾ ਲੜਕਾ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ। ਪਹਿਲਾਂ ਉਹ ਮਿੰਨੀ ਬੱਸ ਤੇ ਵੀ ਡਰਾਈਵਰ ਰਿਹਾ ਹੈ। ਸੁਭਾਅ ਪੱਖੋ ਰਣਜੀਤ ਸਿੰਘ ਕਾਫੀ ਅੜਬ ਮੰਨਿਆ ਜਾਂਦਾ ਹੈ ਅਤੇ ਉਸ ਦੇ ਗੁੱਸੇ ਤੋਂ ਸਭ ਡਰਦੇ ਹਨ। ਉਹ ਨਸ਼ੇ ਵੀ ਕਰਦਾ ਹੈ। ਡਰਾਈਵਰ ਰਣਜੀਤ ਸਿੰਘ ਦੀ ਡਰਾਈਵਿੰਗ ਦਾ ਸ਼ਿਕਾਰ ਪਹਿਲਾਂ ਵੀ ਕਈ ਵਿਅਕਤੀ ਹੋ ਚੁੱਕੇ ਹਨ। ਡਰਾਈਵਰ ਰਣਜੀਤ ਸਿੰਘ ਨੇ 22 ਸਤੰਬਰ 2013 ਨੂੰ ਤਪਾ ਮੰਡੀ ਲਾਗੇ ਦੋ ਮੋਟਰ ਸਾਇਕਲ ਸਵਾਰਾਂ ਨੂੰ ਦਰੜ ਦਿੱਤਾ ਸੀ। ਉਦੋਂ ਰਣਜੀਤ ਸਿੰਘ ਔਰਬਿਟ ਕੰਪਨੀ ਦੀ ਬੱਸ ਨੰਬਰ ਪੀ.ਬੀ 03 ਯੂ 3935 ਚਲਾ ਰਿਹਾ ਸੀ। ਇਸ ਸੜਕ ਹਾਦਸੇ ਵਿਚ ਬਲਤੇਜ ਸਿੰਘ ਅਤੇ ਬਲਕਾਰ ਕੌਰ ਜ਼ਖਮੀ ਹੋ ਗਏ ਸਨ। ਤਪਾ ਮੰਡੀ ਦੇ ਵਸਨੀਕ ਰਾਜਵਿੰਦਰ ਸਿੰਘ ਨੇ ਉਦੋਂ ਥਾਣਾ ਤਪਾ ਵਿਚ ਧਾਰਾ 279,337,338,427 (ਐਫ. ਆਈ.ਆਰ ਨੰਬਰ 90) ਤਹਿਤ ਡਰਾਈਵਰ ਰਣਜੀਤ ਸਿੰਘ ਖਿਲਾਫ ਪੁਲੀਸ ਕੇਸ ਦਰਜ ਕਰਾਇਆ ਸੀ।
                         ਪੁਲੀਸ ਅਨੁਸਾਰ ਇਸ ਮਾਮਲੇ ਵਿਚ ਚਲਾਨ ਪੇਸ਼ ਹੋ ਚੁੱਕਾ ਹੈ। ਇਵੇਂ ਇਸ ਡਰਾਈਵਰ ਨੇ ਸਾਲ 2002 ਵਿਚ ਬਠਿੰਡਾ ਕੈਂਟ ਲਾਗੇ ਇੱਕ ਫੌਜੀ ਪ੍ਰਵਾਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਬਣਾ ਦਿੱਤਾ ਸੀ ਜਿਸ ਵਿਚ ਇੱਕ ਜੀਅ ਦੀ ਮੌਤ ਹੋਣ ਦਾ ਵੀ ਸਮਾਚਾਰ ਹੈ। ਉਦੋਂ ਇਹ ਡਰਾਈਵਰ ਕਿਸੇ ਹੋਰ ਬੱਸ ਕੰਪਨੀ ਵਿਚ ਡਰਾਈਵਰ ਸੀ। ਥਾਣਾ ਕੈਂਟ ਵਿਚ ਉਦੋਂ ਐਫ.ਆਈ. ਆਰ ਨੰਬਰ 29 ਦਰਜ ਹੋਈ ਸੀ ਅਤੇ ਫੌਜ ਦੇ ਹਵਾਲਦਾਰ ਖੈਰ ਨਾਥ ਦੀ ਪਤਨੀ ਸ਼ੋਭਾ ਨੇ ਇਹ ਪਰਚਾ ਦਰਜ ਕਰਾਇਆ ਸੀ। ਪੁਲੀਸ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਡਰਾਈਵਰ ਰਣਜੀਤ ਸਿੰਘ 18 ਸਤੰਬਰ 2006 ਨੂੰ ਬਰੀ ਹੋ ਗਿਆ ਸੀ। ਪਿੰਡ ਚੱਕ ਰਾਮ ਸਿੰਘ ਵਾਲਾ ਦੀ ਮਹਿਲਾ ਸਰਪੰਚ ਪਰਮਜੀਤ ਕੌਰ ਦਾ ਪ੍ਰਤੀਕਰਮ ਸੀ ਕਿ ਇਸ ਕਾਰੇ ਨੇ ਪਿੰਡ ਦੇ ਪੱਲੇ ਬਦਨਾਮੀ ਪਾ ਦਿੱਤੀ ਹੈ। ਉਨ•ਾਂ ਆਖਿਆ ਕਿ ਘਟਨਾ ਕਾਫੀ ਮਾੜੀ ਹੋਈ ਹੈ ਅਤੇ ਪਿੰਡ ਦੇ ਬਹੁਤੇ ਲੋਕ ਇਹ ਸੁਣ ਕੇ ਹੈਰਾਨ ਪ੍ਰੇਸ਼ਾਨ ਵੀ ਹਨ। ਪੰਚਾਇਤ ਮੈਂਬਰ ਰਾਜਵਿੰਦਰ ਸਿੰਘ ਦਾ ਕਹਿਣਾ ਸੀ ਕਿ ਜੋ ਹੋਇਆ,ਉਹ ਮਾੜਾ ਹੋਇਆ ਹੈ। ਉਨ•ਾਂ ਆਖਿਆ ਕਿ ਪਿੰਡ ਦੇ ਮੱਥੇ ਤੇ ਵੀ ਬਦਨਾਮੀ ਦਾ ਦਾਗ ਲੱਗ ਗਿਆ ਹੈ।
                         ਔਰਬਿਟ ਕਾਂਡ ਵਿਚ ਸ਼ਾਮਲ ਕੰਡਕਟਰ ਅਮਰਜੀਤ ਸਿੰਘ ਦਾ ਪਿੰਡ ਚੱਕ ਬਖਤੂ ਹੈ। ਅਮਰਜੀਤ ਸਿੰਘ ਚਾਰ ਲੜਕੀਆਂ ਦਾ ਬਾਪ ਹੈ ਅਤੇ ਇੱਕ ਲੜਕੀ ਵਿਆਹੀ ਹੋਈ ਹੈ। ਉਸ ਦੇ ਇੱਕ ਲੜਕਾ ਵੀ ਹੈ। ਅਮਰਜੀਤ ਸਿੰਘ ਦਾ ਵੱਡਾ ਭਰਾ ਅਰਜਨ ਰਾਮ ਹੈ ਜਿਸ ਦੇ ਛੇ ਲੜਕੀਆਂ ਹੀ ਹਨ। ਕੰਡਕਟਰ ਅਮਰਜੀਤ ਸਿੰਘ ਲੰਮੇ ਅਰਸੇ ਤੋਂ ਕਿਸੇ ਹੋਰ ਟਰਾਂਸਪੋਰਟ ਵਿਚ ਕੰਮ ਕਰਦਾ ਰਿਹਾ ਹੈ। ਪਤਾ ਲੱਗਾ ਹੈ ਕਿ ਅਮਰਜੀਤ ਸਿੰਘ ਨੇ ਤਿੰਨ ਦਿਨ ਪਹਿਲਾਂ ਹੀ ਔਰਬਿਟ ਕੰਪਨੀ ਵਿਚ ਨੌਕਰੀ ਜੁਆਇੰਨ ਕੀਤੀ ਸੀ। ਔਰਬਿਟ ਕਾਂਡ ਨੇ ਇਸ ਪਿੰਡ ਵਿਚ ਵੀ ਚਰਚਾ ਛੇੜੀ ਹੋਈ ਹੈ। ਇਸ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਮੋਗਾ ਦੀ ਘਟਨਾ ਬਹੁਤ ਮਾੜੀ ਹੋਈ ਹੈ ਪ੍ਰੰਤੂ ਇਸ ਵਿਅਕਤੀ ਦਾ ਪਿਛੋਕੜ ਬਿਲਕੁੱਲ ਠੀਕ ਹੈ। ਉਨ•ਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਮੋਗਾ ਕਾਂਡ ਵਿਚ ਅਮਰਜੀਤ ਸਿੰਘ ਦੇ ਸ਼ਾਮਲ ਹੋਣ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ ਹੈ। ਉਨ•ਾਂ ਆਖਿਆ ਕਿ ਘਟਨਾ ਕਾਰਨ ਪਿੰਡ ਸ਼ਰਮਸਾਰ ਹੈ। 

No comments:

Post a Comment