Wednesday, March 2, 2016

                                   ਖੁਦਕੁਸ਼ੀ ਦੀ ਖੇਤੀ
                 ਹੁਣ ਪੰਜਾਬ ਦੇਸ਼ ਚੋਂ ਦੂਜੇ ਨੰਬਰ ਤੇ
                                     ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿਚ ਚਿੱਟੇ ਮੱਛਰ ਨੇ ਕਰੀਬ 450 ਕਿਸਾਨਾਂ ਤੇ ਮਜ਼ਦੂਰਾਂ ਦੀ ਜਾਨ ਲੈ ਲਈ ਹੈ ਜਿਨ•ਾਂ ਦੇ ਪਰਿਵਾਰਾਂ ਦੀ ਕੇਂਦਰ ਸਰਕਾਰ ਨੇ ਬਾਂਹ ਫੜਨ ਤੋਂ ਨਾਂਹ ਕਰ ਦਿੱਤੀ ਹੈ। ਵਰ•ਾ 2015 ਦੌਰਾਨ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਮਾਮਲੇ ਵਿਚ ਦੇਸ਼ ਚੋਂ ਦੂਸਰੇ ਨੰਬਰ ਤੇ ਆ ਗਿਆ ਹੈ। ਮੁਲਕ ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਹੈ ਜਿਥੇ ਸਾਲ 2015 ਵਿਚ 725 ਕਿਸਾਨਾਂ ਨੇ ਖੇਤੀ ਸੰਕਟ ਕਾਰਨ ਖੁਦਕੁਸ਼ੀ ਕੀਤੀ ਹੈ। ਇਸ ਵਰੇ• ਦੌਰਾਨ ਪੰਜਾਬ ਦੇ 449 ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਜਦੋਂ ਤੀਸਰੇ ਨੰਬਰ ਤੇ ਕਰਨਾਟਕ ਹੈ ਜਿਥੇ 107 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਔਸਤਨ ਦੇਖੀਏ ਤਾਂ ਪੰਜਾਬ ਵਿਚ ਸਾਲ 2015 ਦੇ ਵਰੇ• ਦੌਰਾਨ ਹਰ ਦੋ ਦਿਨਾਂ ਵਿਚ ਪੰਜ ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ।  ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਜੋ ਖੇਤੀ ਮੰਤਰਾਲੇ ਨੂੰ ਹਾਲ ਹੀ ਵਿਚ ਰਿਪੋਰਟ ਭੇਜੀ ਹੈ, ਉਸ ਅਨੁਸਾਰ ਸਾਲ 2015 ਵਿਚ ਕੁੱਲ 449 ਕਿਸਾਨਾਂ ਮਜ਼ਦੂਰਾਂ ਨੇ ਖੇਤੀ ਸੰਕਟ ਕਾਰਨ ਖੁਦਕੁਸ਼ੀ ਕੀਤੀ ਹੈ। ਪੰਜਾਬ ਸਰਕਾਰ ਨੇ ਜੋ ਪਹਿਲਾਂ 1 ਜਨਵਰੀ 2015 ਤੋਂ 30 ਜੂਨ 2015 ਤੱਕ ਦੀ ਰਿਪੋਰਟ ਕੇਂਦਰ ਨੂੰ ਭੇਜੀ ਸੀ ਉਸ ਵਿਚ ਪੰਜ ਕਿਸਾਨਾਂ ਵਲੋਂ ਖੁਦਕੁਸ਼ੀ ਕੀਤੇ ਦਾ ਖੁਲਾਸਾ ਕੀਤਾ ਗਿਆ ਸੀ ਜਿਸ ਦਾ ਮਤਲਬ ਹੈ ਕਿ 1 ਜੁਲਾਈ 2015 ਤੋਂ 31 ਦਸੰਬਰ 2015 (ਛੇ ਮਹੀਨੇ) ਵਿਚ 444 ਕਿਸਾਨਾਂ ਮਜ਼ਦੂਰਾਂ ਨੇ ਖੇਤੀ ਸੰਕਟ ਕਾਰਨ ਖੁਦਕੁਸ਼ੀ ਕੀਤੀ ਹੈ।
                    ਭਾਵੇਂ ਰਾਜ ਸਰਕਾਰ ਨੇ ਚਿੱਟੇ ਮੱਛਰ ਦਾ ਹਵਾਲਾ ਨਹੀਂ ਦਿੱਤਾ ਹੈ ਪ੍ਰੰਤੂ ਜਿਆਦਾ ਖੁਦਕੁਸ਼ੀਆਂ ਕਪਾਹ ਪੱਟੀ ਵਿਚ ਹੋਈਆਂ ਹਨ ਅਤੇ ਅਗਸਤ 2015 ਮਗਰੋਂ ਖੁਦਕੁਸ਼ੀਆਂ ਦਾ ਵਰਤਾਰਾ ਇਕਦਮ ਤੇਜ ਹੋਇਆ। ਖੇਤੀ ਮੰਤਰਾਲੇ ਨੇ ਦੱਸਿਆ ਹੈ ਕਿ ਸਾਲ 2016 ਤੱਕ ਹੋਈਆਂ ਖੁਦਕੁਸ਼ੀਆਂ ਦੀ ਪੰਜਾਬ ਸਰਕਾਰ ਨੇ ਪੰਜ ਫਰਵਰੀ ਤੱਕ ਕੋਈ ਸੂਚਨਾ ਨਹੀਂ ਦਿੱਤੀ ਹੈ। ਦੱਸਣਯੋਗ ਹੈ ਕਿ ਮਾਲਵਾ ਖ਼ਿੱਤੇ ਵਿਚ ਤਾਂ ਜਨਵਰੀ ਫਰਵਰੀ ਦੌਰਾਨ ਔਸਤਨ ਪ੍ਰਤੀ ਦਿਨ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ। ਮਹਾਰਾਸ਼ਟਰ ਵਿਚ ਇਕੱਲੇ ਜਨਵਰੀ ਮਹੀਨੇ ਵਿਚ 57 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਦੇਸ਼ ਦੇ ਚਾਰ ਸੂਬੇ ਹੀ ਹਨ ਜਿਨ•ਾਂ ਵਿਚ ਸਾਲ 2015 ਦੌਰਾਨ ਕਿਸਾਨਾਂ ਨੇ ਜਿਆਦਾ ਖੁਦਕੁਸ਼ੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਇਹ ਵੀ ਆਖਿਆ ਹੈ ਕਿ ਪੰਜਾਬ ਵਿਚ ਕਿਸਾਨਾਂ ਮਜ਼ਦੂਰਾਂ ਨੇ ਕਈ ਕਾਰਨਾਂ ਕਰਕੇ ਖੁਦਕੁਸ਼ੀਆਂ ਕੀਤੀਆਂ ਹਨ। ਕੇਂਦਰ ਸਰਕਾਰ ਨੇ ਹੁਣ ਇਨ•ਾਂ ਪੀੜਤਾਂ ਪਰਿਵਾਰਾਂ ਦੀ ਬਾਂਹ ਫੜਨ ਤੋਂ ਇਹ ਆਖ ਕੇ ਪੱਲਾ ਝਾੜ ਲਿਆ ਹੈ ਕਿ ਖੇਤੀ ਰਾਜ ਸਰਕਾਰਾਂ ਦਾ ਵਿਸ਼ਾ ਹੈ ਅਤੇ ਸੂਬਾ ਸਰਕਾਰਾਂ ਹੀ ਇਸ ਸਬੰਧੀ ਢੁਕਵੇਂ ਕਦਮ ਉਠਾ ਰਹੀਆਂ ਹਨ। ਦੂਸਰੀ ਤਰਫ਼ ਪੰਜਾਬ ਸਰਕਾਰ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਵਾਸਤੇ 66 ਕਰੋੜ ਰੁਪਏ ਦੇ ਫੰਡ ਰੱਖੇ ਸਨ ਜੋ ਹਾਲੇ ਤੱਕ ਸਾਰੇ ਪੀੜਤ ਪਰਿਵਾਰਾਂ ਨੂੰ ਮਿਲੇ ਨਹੀਂ ਹਨ।
                 ਪੰਜਾਬ ਸਰਕਾਰ ਤਰਫ਼ੋਂ ਸਾਲ 2000 ਤੋਂ ਸਾਲ 2010 ਤੱਕ ਦੇ ਵਰਿ•ਆਂ ਦੌਰਾਨ ਹੋਈਆਂ ਖੁਦਕੁਸ਼ੀਆਂ ਦਾ ਸਰਵੇ ਕਰਾਇਆ ਸੀ। ਇਸ ਸਰਵੇ ਅਨੁਸਾਰ ਪੰਜਾਬ ਵਿਚ ਦਹਾਕੇ ਦੌਰਾਨ 6926 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਜਿਨ•ਾਂ ਵਾਸਤੇ 66 ਕਰੋੜ ਦੇ ਫੰਡ ਰੱਖੇ ਗਏ ਸਨ। ਪੰਜਾਬ ਸਰਕਾਰ ਨੇ ਚਿੱਟੇ ਮੱਛਰ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਕਰੀਬ 643 ਕਰੋੜ ਦਾ ਮੁਆਵਜ਼ਾ ਜਾਰੀ ਕੀਤਾ ਸੀ ਜਿਸ ਚੋਂ ਕੁਝ ਮੁਆਵਜ਼ਾ ਹਾਲੇ ਵੰਡਣਾ ਬਾਕੀ ਹੈ। ਜਿਨ•ਾਂ ਕਿਸਾਨਾਂ ਤੇ ਮਜ਼ਦੂਰਾਂ ਨੇ ਚਿੱਟੇ ਮੱਛਰ ਦੀ ਮਾਰ ਪੈਣ ਮਗਰੋਂ ਖੁਦਕੁਸ਼ੀ ਕੀਤੀ ਹੈ, ਉਨ•ਾਂ ਦੇ ਪੀੜਤ ਪਰਿਵਾਰਾਂ ਦੀ ਮਾਲੀ ਮਦਦ ਲਈ ਰਾਜ ਸਰਕਾਰ ਨੇ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਮਹਾਰਾਸ਼ਟਰ, ਕਰਨਾਟਕ,ਮੱਧ ਪ੍ਰਦੇਸ਼,ਕੇਰਲਾ ਅਤੇ ਆਂਧਰਾ ਪ੍ਰਦੇਸ਼ ਲਈ ਕਰੀਬ 19998 ਕਰੋੜ ਦਾ ਵਿੱਤੀ ਪੈਕੇਜ ਦਿੱਤਾ ਸੀ। ਪੰਜਾਬ ਦੇ ਪੀੜਤ ਪਰਿਵਾਰਾਂ ਨੂੰ ਕੋਈ ਕੇਂਦਰੀ ਪੈਕੇਜ ਨਹੀਂ ਮਿਲਿਆ ਹੈ।  ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਖੇਤੀ ਵਿਭਾਗ ਦੇ ਡਾਇਰੈਕਟਰ ਗੁਰਦਿਆਲ ਸਿੰਘ ਦੇ ਮੀਟਿੰਗ ਦੇ ਰੁਝੇਵੇਂ ਕਾਰਨ ਪੱਖੀ ਨਹੀਂ ਲਿਆ ਜਾ ਸਕਿਆ ਜਦੋਂ ਕਿ ਵਧੀਕ ਮੁੱਖ ਸਕੱਤਰ (ਖੇਤੀਬਾੜੀ) ਸੁਰੇਸ਼ ਕੁਮਾਰ ਨਾਲ ਫੋਨ ਤੇ ਸੰਪਰਕ ਨਹੀਂ ਹੋ ਸਕਿਆ।

1 comment:

  1. Nicely portrayed the real picture of farmer's suicides in the state. The image is more befitting.
    Harish Monga Dido-9815087107

    ReplyDelete