Wednesday, May 3, 2017

                                 'ਆਪ' ਵਿਧਾਇਕ
           ਗੁਰਪ੍ਰੀਤ ਘੁੱਗੀ ਦੇ ਖੰਭ ਕੁਤਰਨ ਲੱਗੇ
                                  ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹੁਣ 'ਆਪ' ਦੇ ਕਨਵੀਨਰ ਗੁਰਪ੍ਰੀਤ ਵੜੈਚ ਖ਼ਿਲਾਫ਼ ਅੰਦਰਖਾਤੇ ਝੰਡਾ ਚੁੱਕ ਲਿਆ ਹੈ ਜਿਸ ਮਗਰੋਂ ਪੰਜਾਬ 'ਚ 'ਆਪ' ਲੀਡਰਸ਼ਿਪ ਵਿਚ ਵੱਡੇ ਬਦਲਾਓ ਦੀ ਸੰਭਾਵਨਾ ਬਣ ਗਈ ਹੈ। ਅਹਿਮ ਸੂਤਰਾਂ ਅਨੁਸਾਰ 'ਆਪ' ਦੇ ਡੇਢ ਦਰਜਨ ਵਿਧਾਇਕਾਂ ਨੇ 29 ਅਪਰੈਲ ਨੂੰ ਇੱਕ ਗੁਪਤ ਮੀਟਿੰਗ ਕੀਤੀ ਹੈ ਜਿਸ ਵਿਚ ਵਿਧਾਇਕਾਂ ਨੇ ਪੰਜਾਬ 'ਚ ਆਪ ਦਾ ਨਵਾਂ ਕਨਵੀਨਰ ਬਣਾਏ ਜਾਣ ਦੀ ਸਹਿਮਤੀ ਜ਼ਾਹਰ ਕਰ ਦਿੱਤੀ ਹੈ। ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਐਚ.ਐਸ.ਫੂਲਕਾ ਨੂੰ ਆਪਣੀ ਰਾਇ ਦੇ ਦਿੱਤੀ ਹੈ ਅਤੇ ਫੂਲਕਾ ਨੂੰ ਇਹ ਰਾਇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਤੱਕ ਪੁੱਜਦੀ ਕਰਨ ਵਾਸਤੇ ਆਖਿਆ ਗਿਆ ਹੈ। 'ਆਪ' ਵਿਧਾਇਕਾਂ ਦੀ ਮੀਟਿੰਗ ਚੋਂ ਦੋ ਵਿਧਾਇਕ ਗੈਰਹਾਜ਼ਰ ਸਨ। ਸੂਤਰਾਂ ਅਨੁਸਾਰ ਇਸੇ ਦੌਰਾਨ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਵਿਦੇਸ਼ ਦੌਰਾ ਮੁਲਤਵੀ ਕਰਾ ਦਿੱਤਾ ਹੈ। ਭਗਵੰਤ ਮਾਨ ਨੇ ਜਦੋਂ ਪੰਜਾਬ ਚੋਣਾਂ ਨੂੰ ਲੈ ਕੇ 'ਪੰਜਾਬੀ ਟ੍ਰਿਬਿਊਨ' ਨਾਲ ਗੱਲਬਾਤ ਦੌਰਾਨ ਕੁਝ ਸੁਆਲ ਉਠਾਏ ਸਨ ਤਾਂ ਉਸ ਮਗਰੋਂ ਕੇਜਰੀਵਾਲ ਨੇ ਉਨ•ਾਂ ਨੂੰ ਵਿਦੇਸ਼ ਦੌਰਾ ਮੁਲਤਵੀ ਕਰਨ ਵਾਸਤੇ ਆਖਿਆ।
                        ਭਗਵੰਤ ਮਾਨ ਨੂੰ ਕੇਜਰੀਵਾਲ ਨੇ ਗੱਲਬਾਤ ਵਾਸਤੇ ਦਿੱਲੀ ਸੱਦ ਲਿਆ ਹੈ। ਉਂਜ ,ਅੱਜ 'ਆਪ' ਦੀ ਪੀਏਸੀ ਦੀ ਮੀਟਿੰਗ ਵੀ ਦਿੱਲੀ ਵਿਚ ਸੀ। ਭਗਵੰਤ ਮਾਨ ਨੇ ਪਹਿਲੀ ਮਈ ਨੂੰ ਅਮਰੀਕਾ ਰਵਾਨਾ ਹੋਣਾ ਸੀ ਅਤੇ ਹੁਣ ਉਹ 8 ਮਈ ਨੂੰ ਅਮਰੀਕਾ ਜਾਣਗੇ।ਸੰਸਦ ਮੈਂਬਰ ਭਗਵੰਤ ਮਾਨ ਨੇ ਸਿਰਫ਼ ਏਨਾ ਹੀ ਆਖਿਆ ਕਿ ਪਾਰਟੀ ਲੀਡਰਸ਼ਿਪ ਨੇ ਉਨ•ਾਂ ਨੂੰ ਵਿਦੇਸ਼ ਦੌਰਾ ਹਫਤਾ ਲੇਟ ਕਰਨ ਵਾਸਤੇ ਆਖਿਆ ਹੈ ਅਤੇ ਲੀਡਰਸ਼ਿਪ ਨੇ ਕੁਝ ਜਰੂਰੀ ਵਿਚਾਰਾਂ ਲਈ ਉਸ ਨੂੰ ਦਿੱਲੀ ਬੁਲਾਇਆ ਹੈ। ਸੂਤਰ ਆਖਦੇ ਹਨ ਕਿ 'ਆਪ' ਦੀ ਕੇਂਦਰੀ ਲੀਡਰਸ਼ਿਪ ਕਿਸੇ ਸੂਰਤ ਵਿਚ ਭਗਵੰਤ ਮਾਨ ਨੂੰ ਗੁਆਉਣਾ ਨਹੀਂ ਚਾਹੁੰਦੀ ਅਤੇ ਮਾਨ ਨੂੰ ਠੰਡਾ ਕਰਨ ਵਾਸਤੇ ਨਵੀਂ ਮੀਟਿੰਗ ਰੱਖੀ ਗਈ ਹੈ। ਭਗਵੰਤ ਮਾਨ ਚਰਚਿਤ ਆਗੂ ਹਨ ਅਤੇ ਸੰਸਦ ਵਿਚ ਪਾਰਟੀ ਦੇ ਦਲ ਦੇ ਲੀਡਰ ਹਨ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੀ ਹਨ। ਸੂਤਰ ਦੱਸਦੇ ਹਨ ਕਿ 'ਆਪ' ਹੁਣ ਪੰਜਾਬ ਵਿਚ ਕਾਫ਼ੀ ਬਦਲਾਓ ਕਰਨ ਦੇ ਮੂਡ ਵਿਚ ਹੈ। 'ਆਪ' ਵਿਚ ਅੰਦਰਖਾਤੇ ਸਭ ਅੱਛਾ ਨਹੀਂ ਹੈ ਕਿਉਂਕਿ ਕਈ ਨੇਤਾ 'ਆਪ' ਦਾ ਪੰਜਾਬ ਕਨਵੀਨਰ ਬਣਨ ਵਾਸਤੇ ਦੌੜ ਵਿਚ ਹਨ। ਪਤਾ ਲੱਗਾ ਹੈ ਕਿ ਵਿਧਾਇਕਾਂ ਨੇ ਗੁਪਤ ਮੀਟਿੰਗ ਵਿਚ ਇਹੋ ਗੱਲ ਉਠਾਈ ਹੈ ਕਿ ਮੌਜੂਦਾ ਕਨਵੀਨਰ ਦੀ ਥਾਂ ਪਾਰਟੀ ਨਵਾਂ ਢਾਂਚਾ ਖੜ•ਾ ਕਰੇ।
                     'ਆਪ' ਦੇ ਬੁਲਾਰੇ ਕਲੁਤਾਰ ਸੰਧਵਾਂ ਦਾ ਕਹਿਣਾ ਸੀ ਕਿ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਹੋਈ ਸੀ ਜਿਸ ਵਿਚ ਹਰ ਕਿਸੇ ਦੀ ਭੂਮਿਕਾ ਤੇ ਚਰਚਾ ਹੋਈ ਹੈ। ਮੀਟਿੰਗ ਵਿਚ ਵਿਧਾਇਕਾਂ ਨੇ ਜਲਦੀ ਦਿੱਲੀ ਵਿਚ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕਰਨ ਦੀ ਗੱਲ ਰੱਖੀ ਹੈ। ਉਨ•ਾਂ ਦੱਸਿਆ ਕਿ ਜਲਦੀ ਕੇਜਰੀਵਾਲ ਪੰਜਾਬ ਆ ਰਹੇ ਹ  'ਆਪ' ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਅਟੈਂਡ ਨਹੀਂ ਕੀਤਾ। ਫੂਲਕਾ ਦੀ ਅਗਵਾਈ ਵਿਚ ਚੱਲ ਰਹੀ 'ਪੰਜਾਬ ਯਾਤਰਾ' ਚੋਂ ਵੀ ਗੁਰਪ੍ਰੀਤ ਵੜੈਚ ਗਾਇਬ ਹਨ। ਵਿਰੋਧੀ ਧਿਰ ਦੇ ਨੇਤਾ ਸ੍ਰੀ ਐਚ.ਐਚ.ਫੂਲਕਾ ਦਾ ਕਹਿਣਾ ਸੀ ਕਿ ਪਾਰਟੀ ਵਿਧਾਇਕਾਂ ਦੀ ਅੰਦਰੂਨੀ ਮੀਟਿੰਗ ਹੋਈ  ਹੈ ਜਿਸ ਵਿਚ ਹੋਈ ਚਰਚਾ ਵਾਰੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਦੂਸਰੀ ਤਰਫ਼ ਪਤਾ ਲੱਗਾ ਹੈ ਕਿ ਭਗਵੰਤ ਮਾਨ ਅੱਜ ਦਿੱਲੀ ਪੁੱਜ ਗਏ ਹਨ।

1 comment:

  1. ਆਪ(ਸ) ਵਿਚ ਫੁਟ...ਲਾਭ ਕਿਸ ਨੂ..

    ਘੁਗੀ ਦੀ ਮੇਹਨਤ ਦਾ ਮੁਲ ਕੀ?

    ReplyDelete