Sunday, October 8, 2017

                     ਹਰਸਿਮਰਤ ਨੂੰ ਤੋਹਫਾ 
  ਹਰਿਆਣਾ 'ਚ ਕਰੋੜਾਂ ਦੀ ਜ਼ਮੀਨ ਮਿਲੀ !
                        ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਰਿਆਣਾ 'ਚ ਕਰੀਬ 5.59 ਕਰੋੜ ਰੁਪਏ ਦੀ ਜ਼ਮੀਨ ਤੋਹਫ਼ੇ ਵਿਚ ਮਿਲ ਗਈ ਹੈ ਜਿਸ ਮਗਰੋਂ ਹੁਣ ਖੁਦ ਬੀਬਾ ਬਾਦਲ ਵੀ ਖੇਤੀ ਵਾਲੀ ਜ਼ਮੀਨ ਦੀ ਮਾਲਕਣ ਬਣ ਗਈ ਹੈ। ਕੇਂਦਰੀ ਮੰਤਰੀ ਬੀਬਾ ਬਾਦਲ ਨੂੰ ਹਰਿਆਣਾ ਦੇ ਪਿੰਡ ਰਣੀਆ ਜ਼ਿਲ•ਾ ਸਿਰਸਾ 'ਚ 255 ਕਨਾਲ਼ਾਂ 12 ਮਰਲੇ (ਕਰੀਬ 31 ਏਕੜ) ਜ਼ਮੀਨ ਤੋਹਫ਼ੇ 'ਚ ਪ੍ਰਾਪਤ ਹੋਈ ਹੈ ਜਿਸ ਦੀ 'ਗਿਫਟ ਡੀਡ' 20 ਅਕਤੂਬਰ 2016 ਨੂੰ ਹੋਈ ਹੈ। ਪ੍ਰਧਾਨ ਮੰਤਰੀ ਦਫ਼ਤਰ ਨੂੰ ਕੇਂਦਰੀ ਮੰਤਰੀ ਬਾਦਲ ਤਰਫ਼ੋਂ ਜੋ ਹਾਲ ਹੀ ਸਾਲ 2016-17 ਦੇ  ਪ੍ਰਾਪਰਟੀ ਦੇ ਵੇਰਵੇ ਦਿੱਤੇ ਗਏ ਹਨ, ਉਨ•ਾਂ ਅਨੁਸਾਰ ਬੀਬਾ ਬਾਦਲ ਨੂੰ ਮਿਲੇ ਜ਼ਮੀਨ ਦਾ ਤੋਹਫ਼ੇ ਦਾ ਵੇਰਵਾ ਦਰਜ ਹੈ। ਭਾਵੇਂ ਰਿਟਰਨ ਵਿਚ ਤੋਹਫ਼ਾ ਦੇਣ ਵਾਲੇ ਦੇ ਵੇਰਵੇ ਦਰਜ ਨਹੀਂ ਹਨ ਪ੍ਰੰਤੂ ਇਹੋ ਸੰਭਾਵਨਾ ਹੈ ਕਿ ਬਾਦਲ ਪਰਿਵਾਰ ਵਲੋਂ ਹੀ ਇਹ ਜ਼ਮੀਨੀ ਤੋਹਫ਼ਾ ਦਿੱਤਾ ਹੋਵੇਗਾ। ਇਸ ਤੋਂ ਪਹਿਲਾਂ ਜ਼ਮੀਨਾਂ ਦੀ ਮਾਲਕੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਮ ਹੀ ਰਹੀ ਹੈ। ਵੇਰਵਿਆਂ ਅਨੁਸਾਰ ਕੇਂਦਰੀ ਮੰਤਰੀ ਬੀਬਾ ਬਾਦਲ ਦਾ ਇਸ ਤੋਂ ਪਹਿਲਾਂ ਖੇਤੀ ਵਾਲੀ ਜ਼ਮੀਨ ਵਿਚ ਕਿਧਰੇ ਵੀ ਨਾਮ ਨਹੀਂ ਬੋਲਦਾ ਸੀ ਪ੍ਰੰਤੂ ਹੁਣ ਉਹ ਅਚੱਲ ਸੰਪਤੀ ਦੀ ਮਾਲਕਣ ਵੀ ਬਣ ਗਈ ਹੈ।
                      ਮੋਟੇ ਅੰਦਾਜ਼ੇ ਅਨੁਸਾਰ ਬੀਬਾ ਬਾਦਲ ਨੂੰ ਮਿਲਣ ਵਾਲਾ ਇਹ ਕਰੀਬ ਤੀਸਰਾ ਤੋਹਫ਼ਾ ਹੈ। ਇਸ ਤੋਂ ਪਹਿਲਾਂ ਬੀਬੀ ਸੁਰਿੰਦਰ ਕੌਰ ਬਾਦਲ ਤੋਂ ਵਸੀਅਤ ਰਾਹੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਗਹਿਣੇ ਵੀ ਮਿਲੇ ਸਨ।  ਬੀਬਾ ਬਾਦਲ ਕੋਲ ਇਸ ਵੇਲੇ ਕਰੀਬ ਛੇ ਕਰੋੜ ਦੇ ਗਹਿਣੇ ਹਨ ਅਤੇ ਸਾਲ 2015-16 ਦੌਰਾਨ ਇੱਕ ਵਰੇ• 'ਚ ਖਰੀਦੇ  ਕਰੀਬ 62 ਲੱਖ ਦੇ ਗਹਿਣੇ ਵੀ ਇਸ ਵਿਚ ਸ਼ਾਮਲ ਹਨ। ਜਦੋਂ ਬੀਬਾ ਬਾਦਲ ਨੇ ਸਾਲ 2009 ਵਿਚ ਲੋਕ ਸਭਾ ਚੋਣ ਲੜੀ ਸੀ ਤਾਂ ਉਦੋਂ ਉਨ•ਾਂ ਕੋਲ 1.94 ਕਰੋੜ ਦੇ ਗਹਿਣੇ ਸਨ ਜਿਨ•ਾਂ ਦਾ ਵਜ਼ਨ ਉਦੋਂ ਕਰੀਬ 14 ਕਿਲੋ ਤੋਂ ਉਪਰ ਬਣਦਾ ਸੀ। ਰਿਟਰਨ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਨੂੰ ਔਰਬਿਟ ਰਿਜਾਰਟ ਲਿਮਟਿਡ ਦੇ ਕਰੀਬ 11.92 ਕਰੋੜ ਦੇ ਸ਼ੇਅਰ ਆਦਿ ਤੋਹਫ਼ੇ ਵਿਚ ਦਿੱਤੇ ਗਏ ਸਨ। ਸੂਤਰ ਆਖਦੇ ਹਨ ਕਿ ਕੇਂਦਰੀ ਮੰਤਰੀ ਹੁਣ ਜਦੋਂ ਖੁਦ ਜ਼ਮੀਨਾਂ ਦੀ ਮਾਲਕਣ ਬਣ ਗਈ ਹੈ ਤਾਂ ਉਸ ਨੂੰ ਕੇਂਦਰ ਤੇ ਕਿਸਾਨੀ ਮਸਲਿਆਂ ਤੇ ਦਬਾਓ ਪਾਉਣਾ ਚਾਹੀਦਾ ਹੈ। ਹਰਿਆਣਾ ਦੇ ਪਿੰਡ ਰਣੀਆ ਵਿਚ ਸੁਖਬੀਰ ਸਿੰਘ ਬਾਦਲ ਕੋਲ ਵੀ 64.62 ਲੱਖ ਰੁਪਏ ਦੀ ਜ਼ਮੀਨ ਹੈ।
                     ਬਾਦਲ ਪਰਿਵਾਰ ਦਾ ਹਰਿਆਣਾ ਵਿਚ ਬਾਲਾਸਰ ਫਾਰਮ ਹਾਊਸ ਵੀ ਹੈ ਜਿਥੇ ਸ਼ਾਨਦਾਰ ਇਮਾਰਤ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ ਬਾਲਾਸਰ ਫਾਰਮ ਹਾਊਸ ਜਾਂਦੇ ਰਹਿੰਦੇ ਹਨ। ਮੋਟੀ ਨਜ਼ਰੇ ਵੇਖੀਏ ਤਾਂ ਕੇਂਦਰੀ ਮਹਿਲਾ ਮੰਤਰੀਆਂ ਚੋਂ ਸਭ ਤੋਂ ਜਿਆਦਾ ਗਹਿਣੇ ਬੀਬਾ ਬਾਦਲ ਕੋਲ ਹੀ ਹਨ। ਕੇਂਦਰੀ ਮੰਤਰੀ ਮੇਨਕਾ ਗਾਂਧੀ ਕੋਲ ਵੀ ਸਿਰਫ਼ ਸਵਾ ਕਰੋੜ ਦੇ ਹੀ ਗਹਿਣੇ ਹਨ। ਬਾਕੀ ਮਹਿਲਾ ਮੰਤਰੀ ਇਸ ਦੇ ਨੇੜੇ ਤੇੜੇ ਵੀ ਨਹੀਂ ਹਨ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਵੀ 9 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਹਰਸਿਮਰਤ ਕੌਰ ਕੋਲ 3.40 ਲੱਖ ਰੁਪਏ ਦੀ ਪੇਂਟਿੰਗ ਵੀ ਹੈ। ਬਾਦਲ ਪਰਿਵਾਰ ਦਾ 11.06 ਕਰੋੜ ਦਾ ਪਿੰਡ ਬਾਦਲ ਵਿਚ ਰਿਹਾਇਸ਼ੀ ਮਕਾਨ ਵੀ ਹੈ ਜਿਸ ਵਿਚ 1.66 ਕਰੋੜ ਦਾ ਇਕੱਲਾ ਫਰਨੀਚਰ ਹੈ ਜਦੋਂ ਕਿ ਬਾਲਾਸਰ ਫਾਰਮ ਹਾਊਸ ਤੇ 10.31 ਲੱਖ ਦਾ ਫਰਨੀਚਰ ਹੈ। 

No comments:

Post a Comment