Sunday, July 1, 2018

                            ਹਕੂਮਤੀ ਚਾਲ
   ਬੱਸ ਮੁਸਾਫ਼ਰ ਹੀ ਚੁੱਕਣਗੇ ਟੌਲ ਦਾ ਭਾਰ
                            ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਨੇ ‘ਟੌਲ’ ਦਾ ਭਾਰ ਵੀ ਬੱਸ ਮੁਸਾਫ਼ਰਾਂ ’ਤੇ ਪਾ ਦਿੱਤਾ ਹੈ। ਇਸ ਦਾ ਸਿੱਧਾ ਫ਼ਾਇਦਾ ਸਰਕਾਰੀ ਅਤੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਮਿਲਿਆ ਹੈ। ਕੌਮੀ ਸ਼ਾਹਰਾਹਾਂ ਦੇ ਟੌਲ ਪਲਾਜ਼ਾ ਹੁਣ ਬੱਸ ਮੁਸਾਫ਼ਰਾਂ ਦੀ ਜੇਬ ਹਲਕੀ ਕਰ ਰਹੇ ਹਨ। ਬਠਿੰਡਾ-ਚੰਡੀਗੜ੍ਹ ਸ਼ਾਹਰਾਹ ’ਤੇ ਪੰਜ ਟੌਲ ਪਲਾਜ਼ਾ ਪੈਂਦੇ ਹਨ ਜਿਨ੍ਹਾਂ ਦਾ 25 ਰੁਪਏ ਰੁਪਏ ਦਾ ਟੌਲ ਮੁਸਾਫ਼ਰਾਂ ਨੂੰ ਚੁੱਕਣਾ ਪੈਂਦਾ ਹੈ। ਬਠਿੰਡਾ ਤੋਂ ਚੰਡੀਗੜ੍ਹ ਤੱਕ ਦਾ ਬੱਸ ਕਿਰਾਇਆ ਹੁਣ 280 ਰੁਪਏ ਤਾਰਨਾ ਪੈਂਦਾ ਹੈ ਜਿਸ ਵਿਚ 25 ਰੁਪਏ ਦਾ ਟੌਲ ਵੀ ਸ਼ਾਮਿਲ ਹੈ। ਪਹਿਲੇ ਪੜਾਅ ’ਤੇ ਇਸ ਮਾਰਗ ’ਤੇ ਦੋ ਟੌਲ ਪਲਾਜ਼ਾ ਚਾਲੂ ਹੋਏ ਸਨ ਤੇ ਉਦੋਂ ਹੀ ਕਿਰਾਏ ਵਿਚ 10 ਰੁਪਏ ਦਾ ਵਾਧਾ ਹੋ ਗਿਆ ਸੀ। ਪੀ.ਆਰ.ਟੀ.ਸੀ ਦੇ ਨੌ ਡਿਪੂ ਹਨ ਜਦੋਂ ਕਿ ਪੰਜਾਬ ਰੋਡਵੇਜ਼ ਦੇ 18 ਡਿਪੂ ਹਨ ਜਿਨ੍ਹਾਂ ਦੇ ਬੱਸ ਅਪਰੇਸ਼ਨ ਦੌਰਾਨ ਟੌਲ ਦਾ ਸਾਰਾ ਭਾਰ ਮੁਸਾਫ਼ਰ ਚੁੱਕਦੇ ਹਨ। ਪੰਜਾਬ ਭਰ ਵਿਚ ਸਭ ਤੋਂ ਵੱਧ ਟੌਲ ਪੀ.ਆਰ.ਟੀ.ਸੀ ਦਾ ਲੁਧਿਆਣਾ ਡਿਪੂ ਤਾਰਦਾ ਹੈ। ਸੂਤਰਾਂ ਅਨੁਸਾਰ ਇਸ ਡਿਪੂ ਨੂੰ ਚਾਰ ਚੁਫੇਰੇ ਟੌਲ ਪੈਂਦਾ ਹੈ। ਅੰਦਾਜ਼ਨ ਹਰ ਮਹੀਨੇ ਇਕੱਲੇ ਲੁਧਿਆਣਾ ਡਿਪੂ ਦਾ ਟੌਲ 32 ਲੱਖ ਰੁਪਏ ਬਣ ਜਾਂਦਾ ਹੈ। ਲੁਧਿਆਣਾ ਡਿਪੂ ਸਾਰਾ ਟੌਲ ਹਰ ਮਹੀਨੇ ਬੱਸ ਕਿਰਾਏ ਵਿਚ ਹੀ ਸਵਾਰੀਆਂ ਤੋਂ ਵਸੂਲਦਾ ਹੈ।
                 ਲੁਧਿਆਣਾ ਅੰਮ੍ਰਿਤਸਰ ਰੂਟ ਤੇ ਤਿੰਨ ਟੌਲ ਪਲਾਜ਼ਾ,ਲੁਧਿਆਣਾ ਬਠਿੰਡਾ ਰੂਟ ਤੇ ਤਿੰਨ, ਲੁਧਿਆਣਾ ਪਟਿਆਲਾ ਰੂਟ ਤੇ ਤਿੰਨ ਅਤੇ ਲੁਧਿਆਣਾ ਦਿੱਲੀ ਰੂਟ ਤੇ ਚਾਰ ਟੌਲ ਪਲਾਜ਼ਾ ਪੈਂਦੇ ਹਨ।  ਬਠਿੰਡਾ ਡਿਪੂ ਦੇ ਚੰਡੀਗੜ੍ਹ ਲਈ ਕਰੀਬ 22 ਟਾਈਮ ਚੱਲਦੇ ਹਨ ਜਦੋਂ ਕਿ ਸਰਕਾਰੀ ਪ੍ਰਾਈਵੇਟ ਬੱਸਾਂ ਦੇ ਟਾਈਮਾਂ ਦੀ ਗਿਣਤੀ ਸੈਂਕੜੇ ਬਣਦੀ ਹੈ। ਸਰਕਾਰੀ ਸੂਤਰ ਦੱਸਦੇ ਹਨ ਕਿ ਪ੍ਰਤੀ ਟੌਲ ਦਾ ਪ੍ਰਤੀ ਮੁਸਾਫ਼ਰ ’ਤੇ ਪੰਜ ਰੁਪਏ ਭਾਰ ਪਿਆ ਹੈ। ਹਾਲੇ ਥੋੜੇ੍ਹ ਦਿਨ ਪਹਿਲਾਂ ਹੀ ਸਰਕਾਰ ਨੇ ਬੱਸ ਕਿਰਾਏ ਵਿਚ ਵਾਧਾ ਕੀਤਾ ਸੀ। ਪੀ.ਆਰ.ਟੀ.ਸੀ ਤਰਫ਼ੋਂ ਹਰ ਟੌਲ ਪਲਾਜ਼ਾ ’ਤੇ ਟੌਲ ਤਾਰਿਆ ਜਾਂਦਾ ਹੈ ਅਤੇ ਕਿਰਾਏ ਦੇ ਰੂਪ ਵਿਚ ਸਵਾਰੀਆਂ ਤੋਂ ਵਸੂਲ ਕਰ ਲਿਆ ਜਾਂਦਾ ਹੈ। ਬਠਿੰਡਾ ਚੰਡੀਗੜ੍ਹ ਮਾਰਗ ’ਤੇ ਪਹਿਲੀ ਜੂਨ ਤੋਂ ਸਾਰੇ ਟੌਲ ਪਲਾਜ਼ਾ ਚਾਲੂ ਹੋ ਗਏ ਸਨ। ਵੱਡੇ ਘਰਾਂ ਦੀਆਂ ਮਰਸਡੀਜ਼ ਬੱਸਾਂ ਵੀ ਇਨ੍ਹਾਂ ਪਲਾਜ਼ਿਆਂ ਤੋਂ ਲੰਘਦੀਆਂ ਹਨ। ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ਤੇ ਤਿੰਨ ਟੌਲ ਪਲਾਜ਼ਾ ਪੈਂਦੇ ਹਨ ਜਿਨ੍ਹਾਂ ਦਾ ਪ੍ਰਤੀ ਮੁਸਾਫ਼ਰ ਭਾਰ 15 ਰੁਪਏ ਪਿਆ ਹੈ।
                 ਵੇਰਵਿਆਂ ਅਨੁਸਾਰ ਪ੍ਰਾਈਵੇਟ ਬੱਸਾਂ ਮਾਲਕਾਂ ਨੇ ਵੀ ਕਿਰਾਏ ਵਿਚ ਵਾਧਾ ਕੀਤਾ ਹੈ। ਜੋ ਬੱਸਾਂ ਠੇਕੇ ਤੇ ਚੱਲਦੀਆਂ ਹਨ, ਉਨ੍ਹਾਂ ਵੱਲੋਂ ਕਿਰਾਏ ਵਿਚ ਵਾਧਾ ਘਾਟਾ ਕਰ ਲਿਆ ਜਾਂਦਾ ਹੈ। ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸ਼ਲਾ ਦਾ ਕਹਿਣਾ ਸੀ ਕਿ ਸਰਕਾਰ ਨੇ ਪਹਿਲਾਂ ਕਿਰਾਏ ਵਧਾਏ ਅਤੇ ਹੁਣ ਟੌਲ ਦਾ ਭਾਰ ਵੀ ਲੋਕਾਂ ਤੇ ਹੀ ਪਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਘੱਟੋ ਘੱਟ ਟੌਲ ਦਾ ਖਰਚਾ ਤਾਂ ਖ਼ੁਦ ਪੀ. ਆਰ.ਟੀ.ਸੀ ਨੂੰ ਚੁੱਕਣਾ ਬਣਦਾ ਹੈ। ਸੂਤਰ ਦੱਸਦੇ ਹਨ ਕਿ ਮਿੰਨੀ ਬੱਸਾਂ ਦੇ ਕਿਰਾਏ ਵਿਚ ਵੀ ਵਾਧਾ ਹੋ ਗਿਆ ਹੈ।  ਪੀ.ਆਰ.ਟੀ.ਸੀ ਦੇ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਚੰਡੀਗੜ੍ਹ ਡਿਪੂ ਦੀਆਂ ਬੱਸਾਂ ਇਨ੍ਹਾਂ ਟੌਲ ਪਲਾਜ਼ਿਆਂ ਤੋਂ ਲੰਘਦੀਆਂ ਹਨ। ਪਟਿਆਲਾ ਤੋਂ ਚੰਡੀਗੜ੍ਹ ਦੇ ਬੱਸ ਕਿਰਾਏ ਵਿਚ ਵੀ 10 ਰੁਪਏ ਦਾ ਵਾਧਾ ਹੋ ਗਿਆ ਹੈ ਕਿਉਂਕਿ ਇਸ ਮਾਰਗ ’ਤੇ ਦੋ ਟੌਲ ਪਲਾਜ਼ਾ ਪੈਂਦੇ ਹਨ। ਬਰਨਾਲਾ ਚੰਡੀਗੜ੍ਹ ਦੇ ਮੁਸਾਫ਼ਰਾਂ ਨੂੰ 20 ਰੁਪਏ ਟੌਲ ਵਜੋਂ ਕਿਰਾਏ ਵਿਚ ਤਾਰਨੇ ਪੈਂਦੇ ਹਨ। ਵੇਰਵਿਆਂ ਅਨੁਸਾਰ ਅੰਬਾਲਾ ਤੋਂ ਅੰਮ੍ਰਿਤਸਰ ਤੱਕ ਕਰੀਬ ਚਾਰ ਪੰਜ ਟੌਲ ਪਲਾਜ਼ਾ ਚੱਲ ਰਹੇ ਹਨ। ਕੌਮੀ ਮਾਰਗਾਂ ’ਚ ਅੰਮ੍ਰਿਤਸਰ ਪਠਾਨਕੋਟ, ਜਲੰਧਰ ਪਠਾਨਕੋਟ ਤੇ ਵੀ ਟੌਲ ਪੈਂਦੇ ਹਨ। ਸਟੇਟ ਹਾਈਵੇਅ ਤੇ ਕਰੀਬ 20 ਟੌਲ ਪਲਾਜ਼ਾ ਚੱਲ ਰਹੇ ਹਨ।
                    ਸਰਕਾਰ ਦਾ ਫ਼ੈਸਲਾ ਹੈ : ਜਨਰਲ ਮੈਨੇਜਰ 
ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ (ਅਪਰੇਸ਼ਨ) ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਹੀ ਟੌਲ ਦੀ ਰਾਸ਼ੀ ਬੱਸ ਕਿਰਾਏ ਵਿਚ ਸ਼ਾਮਿਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟੌਲ ਚਾਲੂ ਹੋਣ ਮਗਰੋਂ ਹਰ ਡਿਪੂ ’ਤੇ ਭਾਰ ਵਧਿਆ ਹੈ ਅਤੇ ਸਭ ਤੋਂ ਵੱਡਾ ਅਸਰ ਲੁਧਿਆਣਾ ਡਿਪੂ ਤੇ ਪਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਕਿਰਾਏ ਵਿਚ ਟੌਲ ਸ਼ਾਮਿਲ ਕੀਤਾ ਗਿਆ ਹੈ।

 


No comments:

Post a Comment