Saturday, June 30, 2018

                         ‘ਉੱਡਤਾ ਪੰਜਾਬ’ 
        ਪੰਜਾਬਣਾਂ ਵੀ ‘ਚਿੱਟੇ’ ’ਤੇ ਲੱਗੀਆਂ ?
                          ਚਰਨਜੀਤ ਭੁੱਲਰ
ਬਠਿੰਡਾ : ‘ਤੰਦਰੁਸਤ ਪੰਜਾਬ’ ਦੀ ਧਰਤੀ ’ਤੇ ਹੁਣ ਪੰਜਾਬਣਾਂ ਵੀ ‘ਚਿੱਟੇ’ ਦਾ ਧੂੰਆਂ ਉਡਾਉਣ ਲੱਗੀਆਂ ਹਨ। ਨਸ਼ਾ ਛੁਡਾਊ ਕੇਂਦਰਾਂ ’ਚ ਹੁਣ ਅੌਰਤਾਂ ਦਾ ਅੰਕੜਾ ਛਾਲਾਂ ਮਾਰਨ ਲੱਗਾ ਹੈ। ‘ਨਸ਼ਾ ਮੁਕਤ ਪੰਜਾਬ’ ’ਚ ਤਾਂ ‘ਚਿੱਟਾ’ ਘਰਾਂ ਦੇ ਚੁੱਲ੍ਹੇ ਚੌਂਕੇ ਤੱਕ ਪੁੱਜ ਗਿਆ ਹੈ। ਸ਼ਰਮ ਵਾਲੇ ਤੱਥ ਹਨ ਕਿ ਤਖ਼ਤ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਚੱਲਦੇ ਨਸ਼ਾ ਛੁਡਾਊ ਕੇਂਦਰ ’ਚ ਸਭ ਤੋਂ ਵੱਧ ਪੰਜਾਬਣਾਂ ਨਸ਼ਾ ਛੱਡਣ ਲਈ ਪੁੱਜੀਆਂ ਹਨ। ਆਰ.ਟੀ.ਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਵਰ੍ਹਾ 2012-13 ਤੋਂ 2017-18 ਤੱਕ ਨਸ਼ਾ ਛੁਡਾਊ ਕੇਂਦਰ ਦੀ ਓ.ਪੀ.ਡੀ ’ਚ 6674 ਅੌਰਤਾਂ ਪੱੁਜੀਆਂ। ਇਨ੍ਹਾਂ ਛੇ ਵਰ੍ਹਿਆਂ ’ਚ ਨਸ਼ਾ ਛੱਡਣ ਲਈ 198 ਅੌਰਤਾਂ ਭਰਤੀ ਹੋਈਆਂ। ਤਲਵੰਡੀ ਸਾਬੋ ਦੇ ਇਸ ਕੇਂਦਰ ’ਚ ਵਰ੍ਹਾ 2012-13 ਵਿਚ 2761 ਅਤੇ 2014-15 ਵਿਚ 2274 ਅੌਰਤਾਂ ਓ.ਪੀ.ਡੀ ’ਚ ਆਈਆਂ ਜਦੋਂ ਕਿ ਇਨ੍ਹਾਂ ਦੋਵਾਂ ਵਰ੍ਹਿਆਂ ਵਿਚ 67 ਅੌਰਤਾਂ ਨਸ਼ਾ ਛੱਡਣ ਲਈ ਦਾਖਲ ਹੋਈਆਂ। ਸਰਕਾਰੀ ਤੱਥ ਹਨ ਕਿ ਬਠਿੰਡਾ ਦੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਲੰਘੇ ਢਾਈ ਵਰ੍ਹਿਆਂ ਵਿਚ 190 ਅੌਰਤਾਂ ਨਸ਼ਾ ਛੱਡਣ ਵਾਸਤੇ ਓ.ਪੀ.ਡੀ ਵਿਚ ਪੁੱਜੀਆਂ ਜਦੋਂ ਕਿ 37 ਅੌਰਤਾਂ ਨਸ਼ਾ ਛੱਡਣ ਲਈ ਕੇਂਦਰ ਵਿਚ ਦਾਖਲ ਹੋਈਆਂ।
                  ਡਾ.ਅਰੁਣ ਬਾਂਸਲ ਨੇ ਦੱਸਿਆ ਕਿ ਪ੍ਰਤੀ ਮਹੀਨਾ ਅੱਠ ਕੁ ਅੌਰਤਾਂ ਨਸ਼ਾ ਛੱਡਣ ਵਾਸਤੇ ਪੁੱਜ ਰਹੀਆਂ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਇੱਕ ਪਿੰਡ ਦੀ 20 ਵਰ੍ਹਿਆਂ ਦੀ ਲੜਕੀ ਆਪਣੇ ਦੋਸਤ ਲੜਕੇ ਦੀ ਸੰਗਤ ਵਿਚ ਚਿੱਟਾ ਲੈਣ ਲੱਗ ਪਈ ਸੀ। ਮਾਪਿਆਂ ਨੇ ਇਸ ਲੜਕੀ ਨੂੰ ਬੇਦਖ਼ਲ ਕਰ ਦਿੱਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਲੜਕਾ ਫ਼ਰਾਰ ਹੋ ਗਿਆ ਅਤੇ ਪੁਲੀਸ ਨੇ ਲੜਕੀ ਨੂੰ ਹਸਪਤਾਲ ਵਿਚ ਇਲਾਜ ਵਾਸਤੇ ਲੈ ਕੇ ਆਈ। ਇੱਕ ਪਤੀ ਪਤਨੀ ਵੀ ‘ਚਿੱਟਾ’ ਛੱਡਣ ਲਈ ਹਸਪਤਾਲ ਆ ਰਹੇ ਹਨ। ਦੋ ਦਿਨ ਪਹਿਲਾਂ ਬਠਿੰਡਾ ਸ਼ਹਿਰ ਦੀਆਂ ਤਿੰਨ ਕੁੜੀਆਂ ਨੇ ‘ਚਿੱਟਾ’ ਛੱਡਣ ਲਈ ਹਸਪਤਾਲ ਤੱਕ ਪਹੁੰਚ ਕੀਤੀ ਹੈ। ਬਠਿੰਡਾ ਦੇ ਮੁਲਤਾਨੀਆ ਰੋਡ ਦੀ ਇੱਕ ਚੰਗੇ ਘਰ ਦੀ ਲੜਕੀ ਨੂੰ ਉਸ ਦੇ ਦੋਸਤ ਨੇ ‘ਚਿੱਟੇ’ ਦੀ ਲਤ ਲਾ ਦਿੱਤੀ। ਜਲੰਧਰ ਪੜ੍ਹ ਕੇ ਆਈ ਬਠਿੰਡਾ ਦੀ ਇੱਕ ਲੜਕੀ ਵੀ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਾ ਰਹੀ ਹੈ। ਫ਼ਾਜ਼ਿਲਕਾ ਦੇ ਨਸ਼ਾ ਛੁਡਾਊ ਕੇਂਦਰ ’ਚ ਸਾਲ 2017 ਵਿਚ ਤਿੰਨ ਅੌਰਤਾਂ ਨੇ ਭਰਤੀ ਹੋ ਕੇ ਅਤੇ ਤਿੰਨ ਅੌਰਤਾਂ ਨੇ ਰੈਗੂਲਰ ਦਵਾਈ ਲੈ ਕੇ ਨਸ਼ਾ ਛੱਡਿਆ।
                ਫ਼ਾਜ਼ਿਲਕਾ ਦੇ ਨਵੇਂ ਸਰਕਾਰੀ ਕਲੀਨਿਕ ’ਤੇ ਦੋ ਅੌਰਤਾਂ ਨਸ਼ਾ ਛੱਡਣ ਦੀ ਦਵਾਈ ਲੈ ਰਹੀਆਂ ਹਨ। ਬਰਨਾਲਾ ਦੇ ਨਸ਼ਾ ਛੁਡਾਊ ਕੇਂਦਰ ’ਚ ਲੰਘੇ ਚਾਰ ਵਰ੍ਹਿਆਂ ’ਚ 61246 ਮਰੀਜ਼ ਨਸ਼ਾ ਛੱਡਣ ਲਈ ਪੁੱਜੇ ਹਨ। ਲੰਘੇ ਇੱਕ ਵਰੇ੍ਹ ਦੌਰਾਨ ਦੋ ਅੌਰਤਾਂ ਵੀ ਪੁੱਜੀਆਂ ਹਨ। ਡਾ.ਪ੍ਰਵੇਸ਼ ਨੇ ਦੱਸਿਆ ਕਿ ਸੌ ਮਰੀਜ਼ਾਂ ਪਿੱਛੇ ਇੱਕ ਅੌਰਤ ਨਸ਼ਾ ਛੱਡਣ ਵਾਸਤੇ ਆ ਰਹੀ ਹੈ। ਫ਼ਤਿਹਗੜ੍ਹ ਸਾਹਿਬ ਦੇ ਨਸ਼ਾ ਛੁਡਾਊ ਕੇਂਦਰ ’ਚ ਚਾਰ ਵਰ੍ਹਿਆਂ ’ਚ ਇਲਾਜ ਲਈ ਚਾਰ ਅੌਰਤਾਂ ਭਰਤੀ ਹੋਈਆਂ ਜਦੋਂ ਕਿ ਚਾਰ ਨੇ ਓ.ਪੀ.ਡੀ ’ਚ ਦਵਾਈ ਲਈ। ਡਾਕਟਰ ਦੱਸਦੇ ਹਨ ਕਿ ਆਰਕੈਸਟਰਾ ’ਚ ਕੰਮ ਕਰਦੀਆਂ ਲੜਕੀਆਂ ਸਭ ਤੋਂ ਵੱਧ ਸ਼ਿਕਾਰ ਹੋ ਰਹੀਆਂ ਹਨ।
               ਡਾ. ਨਿਧੀ ਗੁਪਤਾ ਬਠਿੰਡਾ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਵਿਚ ਅੌਰਤਾਂ ਪਹਿਚਾਣ ਜਨਤਿਕ ਹੋਣ ਡਰੋਂ ਹਸਪਤਾਲਾਂ ’ਚ ਪੁੱਜਦੀਆਂ ਹੀ ਨਹੀਂ ਹਨ। ਹੁਸ਼ਿਆਰਪੁਰ ਦੇ ਕੇਂਦਰ ਵਿਚ ਇਸ ਵੇਲੇ ਪੰਜ ਨੌਜਵਾਨ ਲੜਕੀਆਂ ਨਸ਼ਾ ਛੱਡਣ ਲਈ ਜੂਝ ਰਹੀਆਂ ਹਨ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਇੱਕ ਗਰਭਵਤੀ ਮਹਿਲਾ ਦਾ ਵੀ ਇਲਾਜ ਚੱਲ ਰਿਹਾ ਸੀ ਤੇ ਬਾਕੀ ਲੜਕੀਆਂ ਦੀ ਉਮਰ 25 ਸਾਲ ਦੇ ਆਸ ਪਾਸ ਹੈ। ਇੱਥੋਂ ਦੇ ਮੁੜ ਵਸੇਬਾ ਕੇਂਦਰ ਵਿਚ ਸਲਾਨਾ ਅੌਸਤਨ 150 ਮਰੀਜ਼ ਆ ਰਹੇ ਹਨ। ਗੁਰਦਾਸਪੁਰ ਦੇ ਕੇਂਦਰ ਵਿਚ ਚਾਰ ਅੌਰਤਾਂ ਨਸ਼ਾ ਛੱਡਣ ਵਾਸਤੇ ਆਈਆਂ ਸਨ।  ਡਾ.ਵਰਿੰਦਰ ਮੋਹਨ ਨੇ ਦੱਸਿਆ ਕਿ ਨਵੇਂ ਓ.ਓ.ਏ.ਟੀ ਸੈਂਟਰ ਵਿਚ ਰੋਜ਼ਾਨਾ 200 ਮਰੀਜ਼ ਆ ਰਹੇ ਹਨ। ਇੱਥੇ ਦੋ ਅੌਰਤਾਂ ਸ਼ਰਾਬ ਛੱਡਣ ਵਾਸਤੇ ਪੁੱਜੀਆਂ ਸਨ। ਸੂਤਰ ਦੱਸਦੇ ਹਨ ਕਿ ਬਹੁਤੀਆਂ ਲੜਕੀਆਂ ਨੂੰ ਉਨ੍ਹਾਂ ਦੇ ਦੋਸਤਾਂ ਨੇ ਇਸ ਰਾਹ ਤੇ ਪਾਇਆ। ਏਦਾ ਦੇ ਕੇਸ ਵੀ ਹਨ ਕਿ ਪਹਿਲਾਂ ਅੌਰਤਾਂ ਤਸਕਰੀ ਵੀ ਕਰਦੀਆਂ ਹਨ ਅਤੇ ਨਾਲ ਹੀ ਨਸ਼ਾ ਕਰਨ ਲੱਗੀਆਂ ਹਨ। ਕੱੁਝ ਵੀ ਹੋਵੇ, ਪੰਜਾਬ ਦੇ ਸ਼ਰਮ ਵਿਚ ਡੁੱਬਣ ਵਾਲੀ ਗੱਲ ਹੈ।
                                  ਅੌਰਤਾਂ ਨੂੰ ਬਰਾਬਰ ਸੱਟ ਵੱਜੀ : ਡਾ.ਨੀਤੂ ਅਰੋੜਾ
ਸਿਟੀਜ਼ਨ ਫ਼ਾਰ ਪੀਸ ਐਂਡ ਜਸਟਿਸ ਦੀ ਆਗੂ ਡਾ.ਨੀਤੂ ਅਰੋੜਾ ਦਾ ਪ੍ਰਤੀਕਰਮ ਸੀ ਕਿ ਪੰੂਜੀਵਾਦ ਹੀ ਇਹ ਰੰਗ ਦਿਖਾ ਰਿਹਾ ਹੈ ਜੋ ਮਹਿਲਾ ਨੂੰ ਆਜ਼ਾਦੀ ਤਾਂ ਦਿੰਦਾ ਹੈ ਪ੍ਰੰਤੂ ਚੇਤੰਨ ਪੱਧਰ ਤੇ ਵਿਕਾਸ ਤੋਂ ਊਣਾ ਰੱਖਦਾ ਹੈ। ਸਮਾਜ ’ਚ ਵਧ ਰਿਹਾ ਤਣਾਓ ਅਤੇ ਨਸ਼ਿਆਂ ਦਾ ਪਸਾਰਾ ਵੀ ਅੌਰਤਾਂ ਨੂੰ ਬਰਾਬਰ ਸੱਟ ਮਾਰ ਰਿਹਾ ਹੈ। ‘ਚਿੱਟੇ’ ਤੱਕ ਅੌਰਤ ਦਾ ਪੁੱਜਣਾ ਸਹਿਜ ਨਹੀਂ ਹੈ।


No comments:

Post a Comment