ਪੁਲੀਸ ਦਾ ਤੀਰ ਨਿਸ਼ਾਨੇ ਤੇ ਲੱਗਾ
ਚਰਨਜੀਤ ਭੁੱਲਰ
ਬਠਿੰਡਾ : ਪੁਲੀਸ ਪੁਲੀਸ ਦਾ ਤੀਰ ਬਰਗਾੜੀ ਕਾਂਡ ’ਚ ਨਿਸ਼ਾਨੇ ਤੇ ਜਾ ਲੱਗਾ ਹੈ ਜਿਸ ਮਗਰੋਂ ਪੁਲੀਸ ਅਫਸਰਾਂ ਨੇ ਸੁੱਖ ਦਾ ਸਾਹ ਲਿਆ ਹੈ। ਪੁਲੀਸ ਜਾਂਚ ਨੂੰ ਅਸਲ ਵਿਚ ਪਾਲਮਪੁਰ ਤੋਂ ਚੁੱਕੇ ਡੇਰਾ ਆਗੂ ਨੇ ਹੀ ਖੰਭ ਲਾਏ ਹਨ ਜਿਸ ਮਗਰੋਂ ਪੁਲੀਸ ਅਫਸਰ ਪੱਬਾਂ ਭਾਰ ਹੋ ਗਏ ਹਨ। ਅਹਿਮ ਸੂਤਰਾਂ ਅਨੁਸਾਰ ਬਰਗਾੜੀ ਕਾਂਡ ਦੀ ਜਾਂਚ ’ਚ ਪੁਲੀਸ ਨੇ ਅਹਿਮ ਰਾਜ ਖੋਲ ਲਏ ਹਨ ਅਤੇ ਹੁਣ ਪੁਲੀਸ ਟੀਮਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਬਰਾਮਦ ਕਰਨ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ਬਰਾਮਦਗੀ ਹੋਣ ਮਗਰੋਂ ਹੀ ਪੁਲੀਸ ਜਨਤਿਕ ਖੁਲਾਸਾ ਕਰੇਗੀ। ਪੁਲੀਸ ਅਫਸਰਾਂ ਨੂੰ ਅਸਲ ਪ੍ਰਾਪਤੀ ਉਦੋਂ ਹੀ ਮਿਲਣੀ ਹੈ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਬਰਾਮਦ ਹੋਣਗੇ। ਹੁਣ ਪੁਲੀਸ ਲਈ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਚੋਰੀ ਹੋਇਆ ਸਰੂਪ ਬਰਾਮਦ ਕਰਨਾ ਵੀ ਅਹਿਮ ਹੈ। ਪੁਲੀਸ ਦੀ ਹੁਣ ਤੱਕ ਦੀ ਜਾਂਚ ’ਚ ਸ਼ੱਕ ਦੀ ਸੂਈ ਡੇਰਾ ਸਿਰਸਾ ਦੁਆਲੇ ਘੁੰਮਣ ਲੱਗੀ ਹੈ। ਪਾਲਮਪੁਰ ਤੋਂ ਚੁੱਕੇ ਡੇਰਾ ਆਗੂ ਤੋਂ ਬਰਗਾੜੀ ਕਾਂਡ ਦੀ ਚਾਬੀ ਹੱਥ ਲੱਗਣ ਦੇ ਚਰਚੇ ਹਨ ਜਿਸ ਮਗਰੋਂ ਪੁਲੀਸ ਟੀਮਾਂ ਨੇ ਫ਼ਰੀਦਕੋਟ ਤੇ ਕੋਟਕਪੂਰਾ ਖ਼ਿੱਤਾ ਛਾਣ ਦਿੱਤਾ ਹੈ।
ਜ਼ਿਲ੍ਹਾ ਫ਼ਰੀਦਕੋਟ ਚੋਂ ਪੰਜ ਡੇਰਾ ਪ੍ਰੇਮੀ ਅੱਜ ਪੁਲੀਸ ਨੇ ਸ਼ਾਮ ਵਕਤ ਚੁੱਕੇ ਹਨ ਜੋ ਪਾਲਮਪੁਰ ਤੋਂ ਫੜੇ ਕੋਟਕਪੂਰਾ ਦੇ ਡੇਰਾ ਆਗੂ ਦੇ ਨੇੜਲੇ ਹਨ। ਦੇਰ ਸ਼ਾਮ ਪੰਜ ਹੋਰ ਡੇਰਾ ਪ੍ਰੇਮੀ ਕੋਟਕਪੂਰਾ ਇਲਾਕੇ ਚੋਂ ਪੁਲੀਸ ਨੇ ਚੁੱਕੇ ਹਨ। ਪੁਲੀਸ ਟੀਮ ਨੇ ਕੋਟਕਪੂਰਾ ਤੋਂ ਤਿੰਨ ਅਤੇ ਫ਼ਰੀਦਕੋਟ ਤੋਂ ਦੋ ਡੇਰਾ ਪ੍ਰੇਮੀ ਦਿਨ ਤੇ ਸ਼ਾਮ ਵਕਤ ਹਿਰਾਸਤ ਵਿਚ ਲਏ ਹਨ। ਬਰਗਾੜੀ ਕਾਂਡ ਦੇ ਸਬੰਧ ਵਿਚ ਫੜੇ ਸਭ ਡੇਰਾ ਪ੍ਰੇਮੀਆਂ ਨੂੰ ਪੁਲੀਸ ਅਣਦੱਸੀ ਥਾਂ ਲੈ ਗਈ ਹੈ। ਪਾਲਮਪੁਰ ਤੋਂ ਫੜੇ ਡੇਰਾ ਆਗੂ ਨੂੰ ਵੀ ਅਹਿਮ ਗੁਪਤ ਸੈਂਟਰ ਵਿਚ ਰੱਖਿਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲੀਸ ਮੁਖੀ ਇਸ ਮਾਮਲੇ ਤੇ ਪਲ ਪਲ ਦੀ ਸੂਚਨਾ ਲੈ ਰਹੇ ਹਨ। ਅਹਿਮ ਸੂਤਰਾਂ ਅਨੁਸਾਰ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਪਾਲਮਪੁਰ ਤੋਂ ਚੁੱਕਿਆ ਮੈਂਬਰ ਪੁਲੀਸ ਦੀ ਤਫ਼ਤੀਸ਼ ਵਿਚ ਬਰਗਾੜੀ ਕਾਂਡ ਦਾ ਮੁੱਖ ਸੂਤਰਧਾਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਇਸ ਕਮੇਟੀ ਮੈਂਬਰ ਤਰਫ਼ੋਂ ਪ੍ਰੇਮੀਆਂ ਨੂੰ ਨਿਰਦੇਸ਼ ਜਾਰੀ ਕਰਕੇ ਬਰਗਾੜੀ ਕਾਂਡ ਕਰਾਇਆ ਗਿਆ ਅਤੇ ਉਸ ਮਗਰੋਂ ਬਰਗਾੜੀ ਵਿਚ ਪੋਸਟਰ ਵੀ ਲਗਵਾਏ ਗਏ।
ਪੁਲੀਸ ਇਸ ਗੱਲੋਂ ਵੀ ਬੋਚ ਬੋਚ ਕੇ ਚੱਲ ਰਹੀ ਹੈ ਕਿ ਨਵਾਂ ਖ਼ੁਲਾਸਾ ਕਿਤੇ ਹੋਰ ਮੋੜਾ ਨਾ ਕੱਟ ਜਾਵੇ। ਸੂਤਰ ਦੱਸਦੇ ਹਨ ਕਿ ਪੁਲੀਸ ਨੇ 45 ਮੈਂਬਰੀ ਕਮੇਟੀ ਦੇ ਫੜੇ ਕਮੇਟੀ ਮੈਂਬਰ ਦੇ ਮੋਬਾਇਲ ਤੋਂ ਹੋਈ ਹਰ ਕਾਲ ਨੂੰ ਵਾਚਿਆ ਜਾ ਰਿਹਾ ਹੈ ਅਤੇ ਸ਼ੱਕੀ ਲੋਕਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸਰੂਪ ਚੋਰੀ ਹੋਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ’ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੱਤਰੇ ਪਾੜੇ ਹੋਏ ਮਿਲੇ ਸਨ। ਕੋਈ ਪੁਲੀਸ ਅਧਿਕਾਰੀ ਇਸ ਮਾਮਲੇ ਤੇ ਅਧਿਕਾਰਤ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ।
No comments:
Post a Comment