Monday, June 11, 2018

                          ਬਰਗਾੜੀ ਕਾਂਡ
    ਪੁਲੀਸ ਨੇ ਡੇਰਾ ਪ੍ਰੇਮੀਆਂ ’ਤੇ ਉਂਗਲ ਧਰੀ
                           ਚਰਨਜੀਤ ਭੁੱਲਰ
ਬਠਿੰਡਾ : ‘ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੇ ਬਰਗਾੜੀ ਕਾਂਡ ਨੂੰ ਅੰਜਾਮ ਦਿੱਤਾ ਜਿਸ ਦੇ ਮਾਸਟਰਮਾਈਂਡ ਹਰਮਿੰਦਰ ਬਿੱਟੂ ਨੇ ਯੋਜਨਾਬੱਧ ਤਰੀਕੇ ਨਾਲ ਕਾਰੇ ਕਰਾਏ।’ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ਵਿਚ ਇਹ ਗੱਲ ਅੱਜ ਸਪਸ਼ਟ ਹੋ ਗਈ ਹੈ। ਅਹਿਮ ਸੂਤਰਾਂ ਅਨੁਸਾਰ ਇਸ ਗਿਆਰਾਂ ਮੈਂਬਰ ਟੀਮ ਦੇ ਦੋ ਮੈਂਬਰਾਂ ਨੇ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸਰੂਪ ਚੋਰੀ ਕੀਤੇ ਅਤੇ ਇਹ ਸਰੂਪ ਕੋਟਕਪੂਰਾ ਦੇ ਇੱਕ ਡੇਰਾ ਪ੍ਰੇਮੀ ਦੇ ਘਰ ਪਹੁੰਚਾ ਦਿੱਤੇ। ਪੁਲੀਸ ਨੇ ਅੱਜ ਕੋਟਕਪੂਰਾ ਦੇ ਇਸ ਡੇਰਾ ਪ੍ਰੇਮੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਪ੍ਰੰਤੂ ਹਾਲੇ ਤੱਕ ਸਰੂਪ ਬਰਾਮਦ ਨਹੀਂ ਹੋ ਸਕੇ ਹਨ। ਅੱਜ ਜਾਂਚ ਟੀਮ ਨੇ ਹੋਰ ਚਾਰ ਡੇਰਾ ਪ੍ਰੇਮੀ ਹਿਰਾਸਤ ਵਿਚ ਲਏ ਹਨ। ਵਿਸ਼ੇਸ਼ ਜਾਂਚ ਟੀਮ ਦਾ ਹੁਣ ਇੱਕੋ ਨਿਸ਼ਾਨਾ ਸਰੂਪ ਬਰਾਮਦ ਕਰਨੇ ਹਨ। ਅੱਜ ਚਾਰ ਡੇਰਾ ਪ੍ਰੇਮੀਆਂ ਤੋਂ ਪੁਲੀਸ ਟੀਮਾਂ ਨੇ ਪੁੱਛਗਿੱਛ ਕੀਤੀ ਹੈ। ਸਰੂਪ ਬਰਾਮਦ ਹੋਣ ਮਗਰੋਂ ਹੀ ਪੁਲੀਸ ਵੱਲੋਂ ਜਨਤਿਕ ਖ਼ੁਲਾਸਾ ਕੀਤਾ ਜਾਣਾ ਹੈ।
                     ਕਰੀਬ ਢਾਈ ਵਰੇ੍ਹ ਪਹਿਲਾਂ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਚੋਰੀ ਹੋਏ ਸਨ ਜਿਨ੍ਹਾਂ ਨੂੰ ਬਰਾਮਦ ਕਰਨਾ ਜਾਂਚ ਟੀਮ ਲਈ ਵੱਡੀ ਪ੍ਰੀਖਿਆ ਹੈ। ਅਹਿਮ ਸੂਤਰਾਂ ਅਨੁਸਾਰ ਤਫ਼ਤੀਸ਼ ਵਿਚ ਸਪਸ਼ਟ ਹੋ ਗਿਆ ਹੈ ਕਿ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੇ  ਬਰਗਾੜੀ ਕਾਂਡ ਦਾ ਮੁੱਢ ਬੰਨ੍ਹਿਆ। ਪਹਿਲਾਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਤੇ ਉਸ ਮਗਰੋਂ ਪੱਤਰੇ ਪਾੜੇ ਗਏ। ਪੁਲੀਸ ਨੇ ਬਰਗਾੜੀ ਕਾਂਡ ਤੇ ਸਰੂਪ ਚੋਰੀ ਕਰਨ ਦੇ ਮਾਮਲੇ ਵਿਚ ਕਰੀਬ 11 ਡੇਰਾ ਪ੍ਰੇਮੀ ਸ਼ਨਾਖ਼ਤ ਕਰ ਦਿੱਤੇ ਹਨ। ਪੁਲੀਸ ਜਾਂਚ ਵਿਚ ਹੁਣ ਸੂਈ ਪੂਰੀ ਤਰ੍ਹਾਂ ਡੇਰਾ ਸਿਰਸਾ ਤੇ ਟਿੱਕ ਗਈ ਹੈ। ਦੱਸਣਯੋਗ ਹੈ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸਰੂਪ ਚੋਰੀ ਹੋਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ’ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੱਤਰੇ ਪਾੜੇ ਹੋਏ ਮਿਲੇ ਸਨ। ਉਸ ਮਗਰੋਂ ਬਰਗਾੜੀ ਵਿਚ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਵੀ ਲੱਗੇ ਸਨ।
                    ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਘਟਨਾਵਾਂ ਦਾ ਖ਼ਮਿਆਜ਼ਾ ਅਸੈਂਬਲੀ ਚੋਣਾਂ ਵਿਚ ਭੁਗਤਣਾ ਪਿਆ। ਹੁਣ ਜਦੋਂ ਪਹਿਲੀ ਜੂਨ ਤੋਂ ਬਰਗਾੜੀ ਵਿਖੇ ਪੰਥਕ ਧਿਰਾਂ ਨੇ ਧਰਨਾ ਲਾ ਦਿੱਤਾ ਤਾਂ ਕੈਪਟਨ ਸਰਕਾਰ ਤੇ ਦਬਾਓ ਬਣਨ ਲੱਗਾ। ਬਦਨਾਮੀ ਦੇ ਡਰੋਂ ਕੈਪਟਨ ਸਰਕਾਰ ਨੇ ਫੌਰੀ ਪੁਲੀਸ ਨੂੰ ਹਰਕਤ ਵਿਚ ਲਿਆਂਦਾ। ਪੁਲੀਸ ਨੇ 7 ਜੂਨ ਨੂੰ ਡੇਰਾ ਸਿਰਸਾ ਦੇ ਕਮੇਟੀ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਪਾਲਮਪੁਰ ਤੋਂ ਚੱੁਕ ਲਿਆ ਸੀ। ਸੂਤਰਾਂ ਨੇ ਦੱਸਿਆ ਕਿ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੀ ਕਮੇਟੀ ਮੈਂਬਰ ਮਹਿੰਦਰਪਾਲ ਬਿੱਟੂ ਬਰਗਾੜੀ ਕਾਂਡ ਦਾ ਮਾਸਟਰਮਾਈਂਡ ਨਿਕਲਿਆ ਹੈ ਜਿਸ ਨੇ ਆਪਣੇ ਨੇੜਲੇ 10 ਡੇਰਾ ਪ੍ਰੇਮੀਆਂ ਨੂੰ ਬੇਅਦਬੀ ਘਟਨਾਵਾਂ ਲਈ ਦਿਸ਼ਾ ਨਿਰਦੇਸ਼ ਦਿੱਤੇ। ਪੁਲੀਸ ਤਫ਼ਤੀਸ਼ ਅਨੁਸਾਰ ਡੇਰਾ ਆਗੂ ਬਿੱਟੂ ਡੇਰਾ ਪ੍ਰੇਮੀਆਂ ਨੂੰ ਇਕੱਠੇ ਰੱਖਣ ਅਤੇ ਸਮਾਜ ਵਿਚ ਤਣਾਓ ਪੈਦਾ ਕਰਨ ਲਈ ਬੇਅਦਬੀ ਕਰਾ ਰਿਹਾ ਸੀ।
                    ਸੂਤਰ ਦੱਸਦੇ ਹਨ ਕਿ ਮਹਿੰਦਰਪਾਲ ਬਿੱਟੂ ਨੇ ਦੋ ਨੌਜਵਾਨ ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦਾ ਟਾਸਕ ਦਿੱਤਾ ਸੀ। ਇਨ੍ਹਾਂ ਦੋਵੇਂ ਨੌਜਵਾਨਾਂ ਨੇ ਸਰੂਪ ਚੋਰੀ ਕਰਨ ਮਗਰੋਂ ਉਸ ਨੂੰ ਕੋਟਕਪੂਰਾ ਦੇ ਡੇਰਾ ਪ੍ਰੇਮੀ ਦੇ ਘਰ ਰੱਖ ਦਿੱਤਾ।  ਥਾਣਾ ਬਾਜਾਖਾਨਾ ਵਿਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਦੇ ਗਰੰਥੀ ਗੋਰਾ ਸਿੰਘ ਦੇ ਬਿਆਨਾਂ ’ਤੇ ਸਰੂਪ ਚੋਰੀ ਹੋਣ ਦੇ ਮਾਮਲੇ ’ਚ 2 ਜੂਨ 2015 ਨੂੰ ਐਫ.ਆਈ.ਆਰ ਨੰਬਰ 62 ਦਰਜ ਹੋਈ ਸੀ। ਉਸ ਮਗਰੋਂ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਲਾਏ ਜਾਣ ਦੀ ਥਾਣਾ ਬਾਜਾਖਾਨਾ ਵਿਚ 25 ਸਤੰਬਰ 2015 ਨੂੰ ਐਫ.ਆਈ .ਆਰ ਨੰਬਰ 117 ਦਰਜ ਹੋਈ ਸੀ। ਬਰਗਾੜੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੱਤਰੇ ਖਿਲਾਰੇ ਜਾਣ ਦੀ 12 ਅਕਤੂਬਰ 2015 ਨੂੰ ਐਫ.ਆਈ.ਆਰ ਨੰਬਰ 128 ਦਰਜ ਹੋਈ ਸੀ। ਇਨ੍ਹਾਂ ਤਿੰਨੋਂ ਕੇਸਾਂ ਦੀ ਸੀਬੀਆਈ ਜਾਂਚ ਵੀ ਚੱਲ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਦੇ ਉਚ ਅਫ਼ਸਰ ਅੱਜ ਪੂਰਾ ਦਿਨ ਜ਼ਿਲ੍ਹਾ ਫ਼ਰੀਦਕੋਟ ਵਿਚ ਰਹੇ। ਕਿਸੇ ਪੁਲੀਸ ਅਧਿਕਾਰੀ ਨੇ ਇਸ ਮਾਮਲੇ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।




No comments:

Post a Comment