Friday, June 29, 2018

                     ਬਠਿੰਡਾ ਰਿਫ਼ਾਈਨਰੀ 
  ਹੁਣ ਕੰਕਰੀਟ ਪਲਾਂਟਾਂ ਨੇ ਪੁੱਟੀਆਂ ਧੂੜਾਂ
                        ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਰਿਫ਼ਾਈਨਰੀ ਦੀ ਜੂਹ ’ਚ ਪੈਂਦੇ ਕਰੀਬ ਡੇਢ ਦਰਜਨ ਕੰਕਰੀਟ ਪਲਾਂਟ ਬਿਨਾਂ ਕਿਸੇ ਪ੍ਰਵਾਨਗੀ ਤੋਂ ਧੂੜਾਂ ਪੁੱਟਣ ਲੱਗੇ ਹਨ। ਜਦੋਂ ਰਿਫ਼ਾਈਨਰੀ ’ਚ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਦਾ ਕੰਮ ਚੱਲਿਆ ਤਾਂ ਰਾਤੋਂ ਰਾਤ ‘ਰੈਡੀ ਮਿਕਸ ਕੰਕਰੀਟ ਪਲਾਂਟ’ ਉੱਗ ਆਏ। ਨਾ ਕਿਸੇ ਫ਼ਰਮ ਮਾਲਕ ਨੇ ਜ਼ਮੀਨ ਦੀ ਵਰਤੋਂ ’ਚ ਤਬਦੀਲੀ (ਸੀ.ਐਲ.ਯੂ) ਕਰਾਈ ਅਤੇ ਨਾ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਹਰੀ ਝੰਡੀ ਲਈ। ਰਿਫ਼ਾਈਨਰੀ ਟਾਊਨਸ਼ਿਪ ਤੋਂ ਰਿਫ਼ਾਈਨਰੀ ਤੱਕ ਸੜਕ ਦੇ ਦੋਵੇਂ ਪਾਸੇ ਕੰਕਰੀਟ ਪਲਾਂਟ ਲੱਗੇ ਹਨ ਜਿਨ੍ਹਾਂ ਦਾ ਮਿੱਟੀ ਘੱਟਾ ਅਸਮਾਨੀ ਚੜ੍ਹ ਜਾਂਦਾ ਹੈ। ਕਈ ਕੰਕਰੀਟ ਪਲਾਂਟ ਸਿਆਸੀ ਪਹੁੰਚ ਰੱਖਣ ਵਾਲੇ ਲੋਕਾਂ ਦੇ ਹਨ। ਕੰਕਰੀਟ ਪਲਾਂਟ ਕਰੀਬ ਛੇ ਮਹੀਨੇ ਤੋਂ ਚੱਲ ਰਹੇ ਹਨ ਜਿਨ੍ਹਾਂ ਨੇ ਖ਼ਜ਼ਾਨੇ ਨੂੰ ਮਾਲੀ ਸੱਟ ਵੀ ਮਾਰੀ ਹੈ। ਬਠਿੰਡਾ ਰਿਫ਼ਾਈਨਰੀ ਦੇ ਗੁੰਡਾ ਟੈਕਸ ਮਗਰੋਂ ਹੁਣ ਰਿਫ਼ਾਈਨਰੀ ਰੋਡ ’ਤੇ ਚੱਲਦੇ ਕੰਕਰੀਟ ਪਲਾਂਟ ਰੰਗ ਦਿਖਾਉਣ ਲੱਗੇ ਹਨ। ਵੇਰਵਿਆਂ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰ ਬਠਿੰਡਾ ਨੇ ਹੁਣ 10 ਫ਼ਰਮਾਂ ਨੂੰ ‘ਕਾਰਨ ਦੱਸੋ ਨੋਟਿਸ’ ਵੀ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਵੱਲੋਂ ਕਰੀਬ ਡੇਢ ਦਰਜਨ ਕੰਕਰੀਟ ਪਲਾਂਟ ਚਲਾਏ ਜਾ ਰਹੇ ਹਨ।
                 ਸੂਤਰ ਦੱਸਦੇ ਹਨ ਕਿ ਕੰਕਰੀਟ ਪਲਾਂਟਾਂ ਦੇ ਮਾਲਕਾਂ ਨੂੰ ਇਨ੍ਹਾਂ ਨੋਟਿਸਾਂ ਮਗਰੋਂ ਘਬਰਾਹਟ ਪੈਦਾ ਹੋ ਗਈ ਹੈ। ਕਮਾਈ ਦੇ ਚੱਕਰ ’ਚ ਇਨ੍ਹਾਂ ਮਾਲਕਾਂ ਨੇ ਬਿਨਾਂ ਕੋਈ ਫ਼ੀਸ ਭਰੇ ਅਤੇ ਬਿਨਾਂ ਕਿਸੇ ਮਨਜ਼ੂਰੀ ਦੇ ਆਪਣੇ ਕਾਰੋਬਾਰ ਸ਼ੁਰੂ ਕਰ ਦਿੱਤੇ। ਸੱਤ ਅੱਠ ਕੰਕਰੀਟ ਪਲਾਂਟ ਤਾਂ ਰਿਹਾਇਸ਼ੀ ਖੇਤਰ ਵਿਚ ਪੈਂਦੇ ਹਨ ਜਿਨ੍ਹਾਂ ਲਈ ਨਵਾਂ ਸੰਕਟ ਖੜ੍ਹਾ ਹੋ ਸਕਦਾ ਹੈ। ਸੂਤਰਾਂ ਅਨੁਸਾਰ ਰਿਫ਼ਾਈਨਰੀ ਰੋਡ ’ਤੇ ਚੱਲਦੇ ਕਿਸੇ ਕੰਕਰੀਟ ਪਲਾਂਟ ਮਾਲਕ ਨੇ ਸੀ.ਐਲ.ਯੂ ਨਹੀਂ ਲਿਆ ਹੈ ਜੋ ਜ਼ਿਲ੍ਹਾ ਟਾਊਨ ਪਲੈਨਿੰਗ ਅਫ਼ਸਰ ਤੋਂ ਲੈਣਾ ਹੁੰਦਾ ਹੈ। ਭਾਵੇਂ ਇਹ ਕੰਕਰੀਟ ਪਲਾਂਟ ‘ਗਰੀਨ ਕੈਟਾਗਰੀ’ ’ਚ ਪੈਂਦੇ ਹਨ ਪ੍ਰੰਤੂ ਇਨ੍ਹਾਂ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਾਰਮਜ਼ ਨੂੰ ਮੰਨਣਾ ਲਾਜ਼ਮੀ ਹੈ। ਕੰਕਰੀਟ ਪਲਾਂਟਾਂ ਨੂੰ ਲਗਾਉਣ ਅਤੇ ਚਲਾਉਣ ਦੀ ਮਨਜ਼ੂਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇਣੀ ਹੁੰਦੀ ਹੈ ਪ੍ਰੰਤੂ ਕਿਸੇ ਵੀ ਪਲਾਂਟ ਮਾਲਕ ਨੇ ਪ੍ਰਵਾਨਗੀ ਲੈਣ ਲਈ ਬੋਰਡ ਤੱਕ ਪਹੁੰਚ ਹੀ ਨਹੀਂ ਕੀਤੀ। ਸੂਤਰ ਦੱਸਦੇ ਹਨ ਕਿ ਅਗਰ ਇਨ੍ਹਾਂ ਪਲਾਂਟ ਮਾਲਕਾਂ ਨੇ ਘੇਸਲ ਵੱਟੀਂ ਰੱਖੀ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਨ੍ਹਾਂ ਨੂੰ ਬੰਦ ਵੀ ਕਰ ਸਕਦਾ ਹੈ।
      ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ’ਚ ਜੱੁਟੀਆਂ ਕਈ ਕੰਪਨੀਆਂ ਤਰਫ਼ੋਂ ਰਿਫ਼ਾਈਨਰੀ ਦੇ ਬਾਹਰ ਆਪਣੇ ਕੰਕਰੀਟ ਪਲਾਂਟ ਸਥਾਪਿਤ ਕੀਤੇ ਗਏ ਹਨ। ਰਿਫ਼ਾਈਨਰੀ ਪ੍ਰਬੰਧਕਾਂ ਨੇ ਵੀ ਇਸ ਮਾਮਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਦੋਂ ਕਿ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਲਈ ਇਨ੍ਹਾਂ ਕੰਕਰੀਟ ਪਲਾਂਟਾਂ ਤੋਂ ਕੱਚਾ ਮਾਲ ਜਾ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਹਰ ਕੰਕਰੀਟ ਪਲਾਂਟ ਨੂੰ ਨਿਯਮਾਂ ਅਨੁਸਾਰ ਗਰੀਨ ਬੈਲਟ ਸਥਾਪਿਤ ਕੀਤੀ ਜਾਣੀ ਬਣਦੀ ਸੀ ਅਤੇ ਪਲਾਂਟ ਦੀ ਬਕਾਇਦਾ ਹੱਦਬੰਦੀ ਕੀਤੀ ਜਾਣੀ ਬਣਦੀ ਸੀ। ਕੰਕਰੀਟ ਪਲਾਂਟ ਦੇ ਚੱਲਣ ਨਾਲ ਉੱਡਦੇ ਮਿੱਟੀ ਘੱਟੇ ਕਾਰਨ ਪ੍ਰਦੂਸ਼ਣ ਪੈਦਾ ਹੁੰਦਾ ਹੈ।  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਬੰਧਿਤ ਐਸ.ਡੀ.ਓ ਰੂਬੀ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬਿਨਾਂ ਪ੍ਰਵਾਨਗੀ ਤੋਂ ਚੱਲ ਰਹੇ ਕੰਕਰੀਟ ਪਲਾਂਟਾਂ ਦਾ ਮਾਮਲਾ ਕੱੁਝ ਦਿਨ ਪਹਿਲਾਂ ਹੀ ਧਿਆਨ ਵਿਚ ਆਇਆ ਹੈ। ਰਿਫ਼ਾਈਨਰੀ ਰੋਡ ਦੇ ਦੋਵੇਂ ਪਾਸੇ ਲੱਗੇ ਇਨ੍ਹਾਂ ਪਲਾਂਟਾਂ ਦਾ ਮਿੱਟੀ ਘੱਟਾ ਕਾਫ਼ੀ ਫੈਲਿਆ ਹੋਇਆ ਸੀ ਤੇ ਕਿਸੇ ਵੱਲੋਂ ਵੀ ਨਿਯਮਾਂ ਦੀ ਪਾਲਨਾ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਟਰ ਐਕਟ 1974 ਅਤੇ ਏਅਰ ਐਕਟ 1981 ਤਹਿਤ ਕਰੀਬ 10 ਫ਼ਰਮਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਹਨ। ਬੋਰਡ ਦੇ ਐਕਸੀਅਨ ਪਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਫ਼ਰਮਾਂ ਨੂੰ 15 ਦਿਨਾਂ ਵਿਚ ਜੁਆਬ ਦੇਣਾ ਪਵੇਗਾ।
                    ਪ੍ਰਦੂਸ਼ਣ ਬਰਦਾਸ਼ਤ ਨਹੀਂ ਕਰਾਂਗੇ : ਪੰਨੂ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਬਿਨਾਂ ਪ੍ਰਵਾਨਗੀ ਤੇ ਨਾਰਮਜ਼ ਤੋਂ ਚੱਲਦੇ ਕੰਕਰੀਟ ਪਲਾਂਟਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਫ਼ਾਈਨਰੀ ਲਾਗਲੇ ਕੰਕਰੀਟ ਪਲਾਂਟਾਂ ਨੂੰ ਖੇਤਰੀ ਦਫ਼ਤਰ ਤਰਫ਼ੋਂ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਅਗਰ ਇਨ੍ਹਾਂ ਪਲਾਂਟਾਂ ਨੇ ਬੋਰਡ ਤੋਂ ਨਿਸ਼ਚਿਤ ਸਮੇਂ ਅੰਦਰ ‘ ਚਲਾਉਣ ਦੀ ਪ੍ਰਵਾਨਗੀ’ ਨਹੀਂ ਲਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
a

No comments:

Post a Comment