Tuesday, June 12, 2018

                          ਬਰਗਾੜੀ ਕਾਂਡ  
            ਅੜ ਭੰਨਣ ਲਈ ਕੀਤਾ ਕਾਰਾ
                           ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਨੇ ਅੱਜ ਬਰਗਾੜੀ ਕਾਂਡ ਦੀ ਜਾਂਚ ਨੂੰ ਅੰਤਿਮ ਛੋਹ ਦੇ ਦਿੱਤੀ ਹੈ। ਵਿਸ਼ੇਸ਼ ਜਾਂਚ ਤਰਫ਼ੋਂ ਭਲਕੇ ਕਰੀਬ ਇੱਕ ਦਰਜਨ ਡੇਰਾ ਪੈਰੋਕਾਰਾਂ ਨੂੰ ਅਦਾਲਤ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਾਂਚ ਟੀਮ ਨੇ ਕਾਂਡ ਦੇ ਮਾਸਟਰਮਾਈਂਡ ਮਹਿੰਦਰਪਾਲ ਬਿੱਟੂ ਨੂੰ ਅੱਜ ਮੋਗਾ ਅਦਾਲਤ ਵਿਚ ਪੇਸ਼ ਕਰਕੇ ਰਾਹ ਖ਼ੋਲ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਅੱਜ ਪੂਰੀ ਜਾਂਚ ਨੂੰ ਸਮੇਟਿਆ ਅਤੇ ਬੇਕਸੂਰ ਪਾਏ ਗਏ ਅੱਧੀ ਦਰਜਨ ਡੇਰਾ ਪ੍ਰੇਮੀਆਂ ਨੂੰ ਰਿਹਾਅ ਵੀ ਕਰ ਦਿੱਤਾ ਹੈ। ਅਹਿਮ ਸੂਤਰਾਂ ਅਨੁਸਾਰ ਦੋ ਦਿਨਾਂ ਦੀ ਤਲਾਸ਼ ਮਗਰੋਂ ਪੁਲੀਸ ਦੀ ਤਫ਼ਤੀਸ਼ ’ਚ ਇਹ ਸਾਹਮਣੇ ਆਇਆ ਹੈ ਕਿ ਗੁਰੂ ਘਰ ਚੋਂ ਚੋਰੀ ਕੀਤੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਵੱਲੋਂ ਨਸ਼ਟ ਕਰ ਦਿੱਤੇ ਗਏ ਜਾਪਦੇ ਹਨ।  ਪੁਲੀਸ ਟੀਮ ਨੇ ਆਖ਼ਰੀ ਸਮੇਂ ਤੱਕ ਸਰੂਪ ਬਰਾਮਦ ਕਰਨ ਦੀ ਵਾਹ ਲਾਈ। ਪੰਜਾਬ ਪੁਲੀਸ ਵੱਲੋਂ ਇਸ ਮਾਮਲੇ ਨੂੰ ਭਲਕੇ ਜਨਤਿਕ ਕੀਤੇ ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਅਹਿਮ ਸੂਤਰਾਂ ਅਨੁਸਾਰ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੂੰ ਮੋਗਾ ਜ਼ਿਲ੍ਹੇ ਦੀ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਮੋਗਾ ਜ਼ਿਲ੍ਹੇ ਵਿਚ ਹੀ ਇੱਕ ਪੁਰਾਣੇ ਦਰਜ ਕੇਸ ਵਿਚ ਇਨ੍ਹਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾਣਾ ਹੈ।
                    ਪੁਲੀਸ ਨੇ ਅੱਜ ਦੁਪਹਿਰ ਮਗਰੋਂ ਪੂਰੀ ਕਾਰਵਾਈ ‘ਆਨ ਰਿਕਾਰਡ’ ਕਰਨ ਲਈ ਰਿਕਾਰਡ ਵਿਚ ਦਰਜ ਕੀਤੀ ਹੈ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਵਿਚ ਕਰੀਬ 12 ਡੇਰਾ ਪੈਰੋਕਾਰਾਂ ਦੀ ਸ਼ਨਾਖ਼ਤ ਕਰ ਲਈ ਹੈ ਜੋ ਬਲਾਕ ਕੋਟਕਪੂਰਾ ਨਾਲ ਸਬੰਧਿਤ ਹਨ। ਪੁਲੀਸ ਹੁਣ ਬਿਨਾਂ ਗ੍ਰਿਫ਼ਤਾਰੀ ਪਾਏ ਇਨ੍ਹਾਂ ਪੈਰੋਕਾਰਾਂ ਨੂੰ ਜ਼ਿਆਦਾ ਸਮਾਂ ਹਿਰਾਸਤ ਵਿਚ ਰੱਖ ਕੇ ਖ਼ਤਰਾ ਮੁੱਲ ਲੈਣ ਤੋਂ ਡਰ ਰਹੀ ਹੈ।  ਪੁਲੀਸ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਉਰਫ਼ ਬਿੱਟੂ ਬਾਈ ਨੇ ਇੱਕ ਮੁਤਵਾਜ਼ੀ ਜਥੇਦਾਰ ਦੀ ਅੜ ਭੰਨਣ ਲਈ ਯੋਜਨਾ ਉਲੀਕੀ ਸੀ। ਪੁਲੀਸ ਪੁੱਛਗਿੱਛ ਅਨੁਸਾਰ ‘ਬਿੱਟੂ ਬਾਈ’ ਨੇ ਆਪਣੇ ਨੇੜਲਿਆਂ ਦੀ ਟੀਮ ਤਿਆਰ ਕੀਤੀ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸਰੂਪ ਚੋਰੀ ਕਰਨ ਤੋਂ ਪਹਿਲਾਂ ਤਿੰਨ ਚਾਰ ਪਿੰਡਾਂ ਦੇ ਗੁਰੂ ਘਰਾਂ ਵਿਚ ਰੈਕੀ ਕੀਤੀ। ਅਖੀਰ ਦੋ ਮੋਟਰ ਸਾਈਕਲ ਸਵਾਰਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸਰੂਪ ਚੋਰੀ ਕੀਤੇ। ਸੂਤਰਾਂ ਅਨੁਸਾਰ ਚੋਰੀ ਕੀਤੇ ਸਰੂਪ ਦੇ ਅੱਧੀ ਪੱਤਰੇ ਖਿਲਾਰਨ ਲਈ ਸ਼ਨੀ ਅਤੇ ਸ਼ਕਤੀ ਦੀ ਡਿਊਟੀ ਲਗਾਈ ਗਈ। ਇੱਕ ਮਹਿਲਾ ਪੁਲੀਸ ਮੁਲਾਜ਼ਮ ਦੇ ਪਤੀ ਨੇ ਪੋਸਟਰ ਲਿਖੇ ਅਤੇ ਬਰਗਾੜੀ ਵਿਚ ਰਾਤੋਂ ਰਾਤ ਲਗਾ ਦਿੱਤੇ।
                    ਸੂਤਰਾਂ ਅਨੁਸਾਰ ਉਸ ਮਗਰੋਂ ਬਾਕੀ ਪ੍ਰੇਮੀਆਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੱਤਰੇ ਵੰਡ ਦਿੱਤੇ। ਪੁਲੀਸ ਦੀ ਥਿਊਰੀ ਹੈ ਕਿ ਇਹ ਪੱਤਰੇ ਨਸ਼ਟ ਕਰ ਦਿੱਤੇ ਗਏ ਹਨ ਕਿਉਂਕਿ ਪੁਲੀਸ ਨੂੰ ਕਿਤੋਂ ਵੀ ਸਰੂਪ ਬਰਾਮਦ ਨਹੀਂ ਹੋ ਸਕੇ ਹਨ। ਸੂਤਰ ਦੱਸਦੇ ਹਨ ਕਿ ਸੀ.ਬੀ.ਆਈ ਟੀਮ ਵੱਲੋਂ ਬਾਜਾਖਾਨਾ ਵਿਚ ਦਰਜ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਮੁਕੰਮਲ ਹੋਣ ਮਗਰੋਂ ਇਨ੍ਹਾਂ ਡੇਰਾ ਪੈਰੋਕਾਰਾਂ ਨੂੰ ਸੀਬੀਆਈ ਪ੍ਰੋਡਕਸ਼ਨ ਵਰੰਟ ਤੇ ਲੈ ਕੇ ਜਾਵੇਗੀ। ਦੱਸਣਯੋਗ ਹੈ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸਰੂਪ ਚੋਰੀ ਹੋਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ’ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੱਤਰੇ ਪਾੜੇ ਹੋਏ ਮਿਲੇ ਸਨ। ਉਸ ਮਗਰੋਂ ਬਰਗਾੜੀ ਵਿਚ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਵੀ ਲੱਗੇ ਸਨ।
                  ਥਾਣਾ ਬਾਜਾਖਾਨਾ ਵਿਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਦੇ ਗਰੰਥੀ ਗੋਰਾ ਸਿੰਘ ਦੇ ਬਿਆਨਾਂ ’ਤੇ ਸਰੂਪ ਚੋਰੀ ਹੋਣ ਦੇ ਮਾਮਲੇ ’ਚ 2 ਜੂਨ 2015 ਨੂੰ ਐਫ.ਆਈ.ਆਰ ਨੰਬਰ 62 ਦਰਜ ਹੋਈ ਸੀ। ਉਸ ਮਗਰੋਂ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਲਾਏ ਜਾਣ ਦੀ ਥਾਣਾ ਬਾਜਾਖਾਨਾ ਵਿਚ 25 ਸਤੰਬਰ 2015 ਨੂੰ ਐਫ.ਆਈ .ਆਰ ਨੰਬਰ 117 ਦਰਜ ਹੋਈ ਸੀ। ਬਰਗਾੜੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੱਤਰੇ ਖਿਲਾਰੇ ਜਾਣ ਦੀ 12 ਅਕਤੂਬਰ 2015 ਨੂੰ ਐਫ.ਆਈ.ਆਰ ਨੰਬਰ 128 ਦਰਜ ਹੋਈ ਸੀ।







5 comments:

  1. ਬਰਗਾੜੀ ਕਾਂਡ ਵੇਲੇ ਵੀ ਮੈ ਇਹੀ ਕਹਿਆ ਸੀ ਕਿ ਸਿਖ,ਪ੍ਰੇਮੀਆ ਨੂ ਸਰੂਪ ਨਹੀ ਦਿੰਦੇ ਤੇ ਹੁਣ ਜਦੋ ਹਰਿਆਣਾ ਵਿਚ ਮੋਦੀ ਦੇ ਨਾਲ ਗੰਡ-ਤੁਪ ਕੀਤੀ ਹੈ ਤੇ bjp ਇਸ ਦੇ ਹਥ ਵਿਚ ਹੈ ਤਾਂ ਇਹ ਚਾਬਲ ਗਏ. ਬਾਦਲ ਵੋਟਾ ਦਾ ਮਾਰਾ ਇਨਾ ਨੂ ਕੁਝ ਨਹੀ ਕਹੇਗਾ!!

    ਦੂਸਰਾ ਸਵਾਲ ਇਹ ਹੈ ਕਿ justice ਕਾਟਜੂ ਵਾਲੀ ਰਿਪੋਰਟ ਦਾ ਕੀ ਬਣਿਆ? ਓਹ ਕਿਓ ਨਹੀ ਬਾਹਰ ਆਈ?

    ReplyDelete
  2. ਜੋ ਸਿਖ ਮਰੇ ਉਨਾ ਦਾ ਕੋਣ ਜੁਮੇਵਾਰ ਹੈ? ਇਹੀ ਲੋਕ
    ਜੋ ਪੰਜਾਬ ਦਾ ਨੁਕ੍ਸਾਣ ਹੋਇਆ ਹੈ ਉਸ ਦੇ ਵੀ ਇਹੀ ਜੁਮੇਵਾਰ ਹਨ

    ਜਿਹਡੇ police ਵਾਲੀਆ ਨੇ ਗੋਲੀ ਚਲਾਈ ਸੀ ਓਹ ਕੋਣ ਸਨ ਜਿਨਾ ਦਾ ਨਾਮ ਸੁਖਬੀਰ ਨੇ ਨਹੀ ਲਿਆ

    ReplyDelete
  3. The Hindu ਅਖਬਾਰ ਦੀ ਖਬਰ ਹੈ 2014 ਦੀ ਜਿਸ ਵਿਚ ਯੋਗੇੰਦ੍ਰ ਯਾਦਵ ਦੇ ਹਵਾਲੇ ਨਾਲ ਖਬਰ ਛਪੀ ਸੀ ਕਿ BJP ਤੇ ਡੇਰੇ ਵਿਚ ਸੰਧੀ ਹੋਈ ਹੈ

    Did ‘deal’ with Dera help BJP in Haryana?
    Chander Suta Dogra
    Chandigarh, October 19, 2014

    ਮੋਦੀ ਨੇ ਵੀ ਡੇਰੇ ਦੀ ਪ੍ਰੰਸਸਾ ਕੀਤੀ

    Modi’s praise

    Prime Minister Narendra Modi lauded Dera head Gurmeet Ram Rahim’s cleanliness campaign at a public meting in Sirsa. Forty BJP candidates were taken by the election in-charge, Kailash Vijayvargiya, to seek Mr. Rahim’s blessings.

    http://www.thehindu.com/news/national/did-deal-with-dera-help-bjp-in-haryana/article6516744.ece

    ReplyDelete
  4. This comment has been removed by the author.

    ReplyDelete
  5. ਚਰਨਜੀਤ ਸਿੰਘ ਬਾਈ ਜੀ ਇਹ ਖਬਰ ਪਹਿਰੇਦਾਰ ਅਖਬਾਰ ਨੇ ਜੂਨ 12 ਨੂ ਲਾਈ ਹੈ
    ਪਿੰਡ ਡਬੋਰਮਾਣਾ ਵਿਖੇ ਪ੍ਰੇਮੀ ਦੇ ਘਰੋ police ਦਬੇ ਸਰੂਪ ਕਢ ਕੇ ਲੈ ਗਈ ਰਾਤ ਨੂ
    http://www.rozanapehredar.in/content/12-june-2018?p=01

    ReplyDelete