Sunday, June 10, 2018

                              ਹਲਕਾ ਬਠਿੰਡਾ
       ਬਾਦਲਾਂ ਨੂੰ ਟੱਕਰੇਗਾ ਕਾਂਗਰਸੀ ‘ਮਹਾਂਬਲੀ’
                             ਚਰਨਜੀਤ ਭੁੱਲਰ
ਬਠਿੰਡਾ :  ਕਾਂਗਰਸ ਪਾਰਟੀ ਤਰਫ਼ੋਂ ਐਤਕੀਂ ਸੰਸਦੀ ਹਲਕਾ ਬਠਿੰਡਾ ਤੋਂ ਬਾਦਲਾਂ ਨੂੰ ਟੱਕਰ ਦੇਣ ਲਈ ਵੱਡੇ ਮਹਾਂਰਥੀ ਨੂੰ ਮੈਦਾਨ ’ਚ ਉਤਾਰੇਗੀ। ਕਾਂਗਰਸੀ ਹਾਈਕਮਾਨ ਇਸ ਵਾਰ ਬਠਿੰਡਾ ਹਲਕੇ ਖ਼ਾਸ ਰੁਚੀ ਦਿਖਾ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਇਕੱਲੀ ਇਕੱਲੀ ਸੀਟ ਵਕਾਰੀ ਹੈ। ਕਾਂਗਰਸ ਬਠਿੰਡਾ ਤੋਂ ਏਦਾ ਦਾ ਸਿਆਸੀ ਧਨੰਤਰ ਮੈਦਾਨ ’ਚ ਉਤਾਰਨ ਦੇ ਮੂਡ ਵਿਚ ਹੈ ਜੋ ਬਾਦਲਾਂ ਨੂੰ ਹਲਕਾ ਬਦਲਣ ਬਾਰੇ ਸੋਚਣ ਲਈ ਮਜਬੂਰ ਕਰ ਦੇਵੇ। ਬਠਿੰਡਾ ਹਲਕਾ ਏਦਾ ਦੇ ਹਾਲਾਤਾਂ ’ਚ ਵੱਡੀ ਸਿਆਸੀ ਜੰਗ ਲਈ ਤਿਆਰ ਹੋ ਰਿਹਾ ਹੈ। ਹਾਈਕਮਾਨ ਇਸ ਗੱਲੋਂ ਖ਼ਫ਼ਾ ਹੈ ਕਿ ਪਿਛਲੇ ਸਮੇਂ ’ਚ ਬਠਿੰਡਾ ਹਲਕੇ ਨੂੰ ਲੈ ਕੇ ‘ਫਰੈਂਡਲੀ ਮੈਚ’ ਹੋਣ ਦਾ ਦਾਗ਼ ਲੱਗਦਾ ਰਿਹਾ ਹੈ। ਕਾਂਗਰਸ ਪਾਰਟੀ ਇਸ ਬਾਰ ਬਠਿੰਡਾ ਤੋਂ ਤਕੜਾ ਉਮੀਦਵਾਰ ਉਤਾਰ ਕੇ ਬਾਕੀ ਪੰਜਾਬ ’ਤੇ ਆਪਣੀ ਸਿਆਸੀ ਪ੍ਰਭਾਵ ਛੱਡਣਾ ਚਾਹੁੰਦੀ ਹੈ। ਅਹਿਮ ਸੂਤਰ ਦੱਸਦੇ ਹਨ ਕਿ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੱਲੋਂ ਚੇਅਰਮੈਨੀ ਤੋਂ ਅਤੇ ਉਨ੍ਹਾਂ ਦੇ ਲੜਕੇ ਵੱਲੋਂ ਲਾਅ ਅਫ਼ਸਰੀ ਨੂੰ ਠੋਕਰ ਮਾਰਨੀ ਸਹਿਜ ਨਹੀਂ ਹੈ।
                  ਸੂਤਰ ਇੱਥੋਂ ਤੱਕ ਆਖਦੇ ਹਨ ਕਿ ਹਾਈਕਮਾਨ ਨੇ ਇਹ ਅਹੁਦੇ ਤਿਆਗਣ ਦਾ ਇਸ਼ਾਰਾ ਕੀਤਾ ਸੀ ਤਾਂ ਜੋ ਡਾ. ਨਵਜੋਤ ਕੌਰ ਸਿੱਧੂ ਨੂੰ ਮਿਸ਼ਨ 2019 ’ਚ ਕਿਸੇ ਵੱਡੀ ਸਿਆਸੀ ਜੰਗ ਲਈ ਤਿਆਰ ਕੀਤਾ ਜਾ ਸਕੇ। ਭਾਵੇਂ ਇਹ ਵਕਤੋਂ ਪਹਿਲਾਂ ਦਾ ਅੰਦਾਜ਼ਾ ਹੈ ਕਿ ਡਾ.ਨਵਜੋਤ ਕੌਰ ਸਿੱਧੂ ਨੂੰ ਵੀ ਅਗਲੀ ਚੋਣ ’ਚ ਬਾਦਲਾਂ ਖ਼ਿਲਾਫ਼ ਉਤਾਰਨ ਲਈ ਸੋਚਿਆ ਜਾ ਸਕਦਾ ਹੈ ਪ੍ਰੰਤੂ ਮਾਲਵਾ ਖ਼ਿੱਤੇ ਵਿਚ ਵਜ਼ੀਰ ਨਵਜੋਤ ਸਿੱਧੂ ਦੇ ਪੈਂਤੜੇ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਨਵਜੋਤ ਸਿੱਧੂ ਮਜੀਠੀਆ ਪਰਿਵਾਰ ਖੁੱਲ੍ਹ ਕੇ ਬੋਲ ਰਹੇ ਹਨ।  ਡਾ. ਨਵਜੋਤ ਕੌਰ ਸਿੱਧੂ ਨਾਲ ਪੰਜਾਬ ਤੋਂ ਬਾਹਰ ਹੋਣ ਕਰਕੇ ਗੱਲ ਨਹੀਂ ਹੋ ਸਕੀ ਅਤੇ ਵਜ਼ੀਰ ਨਵਜੋਤ ਸਿੱਧੂ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਧਰਮ-ਪਤਨੀ ਵੀਨੂੰ ਬਾਦਲ ਦੇ ਚਰਚੇ ਵੀ ਚੱਲ ਰਹੇ ਹਨ ਪ੍ਰੰਤੂ ਵੀਨੂੰ ਬਾਦਲ ਆਖ ਚੁੱਕੇ ਹਨ ਕਿ ਉਨ੍ਹਾਂ ਨੇ ਇਸ ਬਾਰੇ ਹਾਲੇ ਕੱੁਝ ਸੋਚਿਆ ਹੀ ਨਹੀਂ ਹੈ। ਸੂਤਰ ਆਖਦੇ ਹਨ ਕਿ ਕਾਂਗਰਸ ਤਰਫ਼ੋਂ ਬਠਿੰਡਾ ਹਲਕੇ ਤੋਂ ਉਤਾਰਿਆ ਜਾਣ ਵਾਲਾ ਉਮੀਦਵਾਰ ਹੀ ਸਪਸ਼ਟ ਸੰਕੇਤ ਦੇ ਦੇਵੇਗਾ ਕਿ ਬਠਿੰਡਾ ਤੋਂ ‘ਫਰੈਂਡਲੀ ਮੈਚ’ ਹੋਵੇਗਾ ਜਾਂ ਅਸਲੀ ਸਿਆਸੀ ਜੰਗ।
                  ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਦਾ ਕਹਿਣਾ ਸੀ ਕਿ ਅਕਾਲੀਆਂ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਅਤੇ ਅਕਾਲੀ ਆਗੂਆਂ ਨੂੰ ਹੁਣ ਕੋਈ ਮੂੰਹ ਲਾਉਣ ਲਈ ਤਿਆਰ ਨਹੀਂ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਹਾਈਕਮਾਨ ਅਤੇ ਮੱੁਖ ਮੰਤਰੀ ਪੰਜਾਬ ਤੋਂ ਇਹੋ ਮੰਗ ਹੈ ਕਿ ਕਾਂਗਰਸ ਪਾਰਟੀ ਬਠਿੰਡਾ ਤੋਂ ਚੰਗਾ ਉਮੀਦਵਾਰ ਦੇਵੇ ਜੋ ਸੀਟ ਕਾਂਗਰਸ ਦੀ ਝੋਲੀ ਪਾ ਸਕੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਉਮੀਦਵਾਰਾਂ ਦਾ ਫ਼ੈਸਲਾ ਹਾਈਕਮਾਨ ਤੇ ਮੁੱਖ ਮੰਤਰੀ ਪੰਜਾਬ ਨੇ ਕਰਨਾ ਹੈ ਪ੍ਰੰਤੂ ਪਾਰਟੀ ਬਠਿੰਡਾ ਹਲਕੇ ਤੋਂ ਏਦਾ ਦਾ ਚਿਹਰਾ ਉਤਾਰੇਗੀ ਜੋ ਬਾਦਲਾਂ ਨੂੰ ਪਹਿਲੇ ਹੱਲੇ ਚਿੱਤ ਕਰੇਗਾ। ਬਾਦਲਾਂ ਨੂੰ ਹਰਾ ਸਕਣ ਵਾਲਾ ਉਮੀਦਵਾਰ ਹੀ ਕਾਂਗਰਸ ਤਰਫ਼ੋਂ ਬਠਿੰਡਾ ਹਲਕੇ ’ਚ ਆਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਦਾ ਗ਼ੱੁਸਾ ਅਕਾਲੀਆਂ ਪ੍ਰਤੀ ਠੰਢਾ ਨਹੀਂ ਹੋਇਆ ਹੈ ਅਤੇ ਅਕਾਲੀ ਦਲ ਲਈ ਅਹਿਮ ਹਲਕਾ ਬਠਿੰਡਾ ਹੀ ਹੈ। ਮਾਹੌਲ ਨੂੰ ਦੇਖਦੇ ਹੋਏ ਹਰਸਿਮਰਤ ਵੀ ਹੁਣ ਫ਼ਿਰੋਜ਼ਪੁਰ ਵੱਲ ਮੂੰਹ ਕਰਨ ਲੱਗੀ ਹੈ।
                    ਉਨ੍ਹਾਂ ਆਖਿਆ ਕਿ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਹਾਲੇ ਕਿਧਰੇ ਵਿਚਾਰਿਆ ਨਹੀਂ ਜਾ ਰਿਹਾ ਹੈ ਪ੍ਰੰਤੂ ਪਾਰਟੀ ਦਾ ਉਮੀਦਵਾਰ ਬਾਦਲਾਂ ਦੀ ਪਿੱਠ ਲਵਾਉਣ ਵਾਲਾ ਹੋਵੇਗਾ। ਜਾਖੜ ਨੇ ਆਖਿਆ ਕਿ ‘ਆਪ’ ਨਾਲ ਕੋਈ ਗੱਲ ਨਹੀਂ ਚੱਲ ਰਹੀ ਹੈ ਅਤੇ ਇਹ ਕੋਰੀ ਅਫ਼ਵਾਹ ਹੈ। ਸੂਤਰ ਦੱਸਦੇ ਹਨ ਕਿ ਕਾਂਗਰਸ ਦਾ ਅਗਲੀ ਚੋਣ ਵਿਚ ‘ਆਪ’ ਨਾਲ ਕੋਈ ਗੱਠਜੋੜ ਬਣਦਾ ਹੈ ਤਾਂ ਭਗਵੰਤ ਮਾਨ ਵੀ ਬਠਿੰਡਾ ਹਲਕੇ ਤੋਂ ਸਾਂਝੇ ਉਮੀਦਵਾਰ ਦੇ ਤੌਰ ਤੇ ਕੁੱਦ ਸਕਦੇ ਹਨ ਪ੍ਰੰਤੂ ਭਗਵੰਤ ਮਾਨ ਪਿਛਲੇ ਦਿਨਾਂ ਤੋਂ ਸੰਗਰੂਰ ਹਲਕੇ ’ਚ ਦਿਲਚਸਪੀ ਦਿਖਾਉਣ ਲੱਗੇ ਹਨ। ਦੂਸਰੀ ਤਰਫ਼ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗੇਤੀ ਚੋਣ ਮੁਹਿੰਮ ਹਲਕਾ ਲੰਬੀ ਵਿਚ ਵਿੱਢ ਰੱਖੀ ਹੈ ਅਤੇ ਉਹ ਹਲਕਾ ਲੰਬੀ ਚੋਂ ਆਪਣੀ ਨੂੰਹ ਹਰਸਿਮਰਤ ਦੀ ਵੱਡੀ ਲੀਡ ਅਗਲੀ ਚੋਣ ਵਿਚ ਬਣਾਉਣਾ ਚਾਹੁੰਦੇ ਹਨ। ਆਉਂਦੇ ਦਿਨਾਂ ਵਿਚ ਹਰਸਿਮਰਤ ਨੇ ਵੀ ਗੇੜੇ ਵਧਾ ਦੇਣੇ ਹਨ ਅਤੇ ਨੰਨ੍ਹੀ ਛਾਂ ਪ੍ਰੋਜੈਕਟ ਵੀ ਮੁੜ ਤੇਜ਼ੀ ਨਾਲ ਚੱਲਣ ਲੱਗਾ ਹੈ। ਬਾਦਲਾਂ ਦੀ ਚੋਣ ਰਣਨੀਤੀ ਨੂੰ ਮਾਤ ਦੇਣਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।
2 comments:

 1. ਬਾਦਲਾ ਦੀ ਰਨਨੀਤੀ, ਗੁਰੂ ਘਰ ਦੇ ਲੰਗਰ ਆਵਦੇ ਘਰੇ ਲੈ ਕੇ ਆਓ.
  ਤੇ ਆਵਦੀ ਮਾਂ ਸਰਕਾਰ ਹੁੰਦਿਆ, SYL ਹਰਿਆਣਾ ਨੂ ਦਵਾਓ, ਤੇ ਲੰਗਰ ਜੋ ਸੰਗਤ ਤੇ ਸਿਰੋ ਚਲਦਾ ਹੈ gst ਲਾਵੋ, ਹਾਲਾ ਕਿ ਹਿੰਦੁਆ ਦਾ ਸਭ ਤੋ ਵਡਾ ਮੰਦਿਰ ਤ੍ਰਿਪੁਤੀ ਦਾ ਪ੍ਰਸਾਦ, ਵਾਲ ਤੇ ਕਮਰੇ gst ਮੁਕਤ ਹਨ ਜੂਨ ੨੦੧੭ ਤੋ.
  ਇਸ ਨਾਲ ਉਨਾ ਨੂ 50 ਤੋ 100 ਕਰੋੜ ਦਾ ਫਾਇਦਾ ਹੋਣਾ ਸੀ

  link
  https://www.scoopwhoop.com/meanwhile-tirupati-temples-famous-ladoos-to-be-exempted-from-gst/#.rs4gk1mv3

  ReplyDelete
 2. ਸੰਨ1984 ਵਿੱਚ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਇਜਾਜਤ ਦੇਣ ਵਾਸਤੇ ਪੰਜਾਬ ਦੇ ਗਵਾਰਨਰ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਹੁਕਮ ਦਿੱਤਾ ਗਿਆ।

  ਪਰ ਸਰਦਾਰ ਗੁਰਦੇਵ ਸਿੰਘ ਨੇ ਸੰਬੰਧਤ ਕਾਗਜਾਂ ਤੇ ਦਸਤਖਤ ਕਰਨ ਤੋ ਨਾਂਹ ਕਰ ਦਿੱਤੀ। ਜਦ ਬਾਰ ਬਾਰ ਦਬਾਅ ਪਾਇਆ ਗਿਆ ਗੁਰਦੇਵ ਸਿੰਘ ਛੁੱਟੀ ਲੈ ਕਿ ਘਰ ਚਲਾ ਗਿਆ।

  ਬਿਹਾਰ ਕੇਡਰ ਦਾ ਆਈ ਏ ਐਸ ਅਫ਼ਸਰ ਰਮੇਸ਼ਇੰਦਰ ਸਿੰਘ ਤੁਰੰਤ ਅੰਮ੍ਰਿਤਸਰ ਲਿਆਂਦਾ ਗਿਆ ਤੇ ਉਸੇ ਵਕਤ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ।

  ਰਸ਼ਮੀ ਤੌਰ ਤੇ ਚਾਰਜ ਲੈ ਕੇ ਇਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਮੰਜੂਰੀ ਫੌਜ ਨੂੰ ਦੇ ਦਿੱਤੀ। ਇਸੇ ਰਮੇਸ਼ਇੰਦਰ ਸਿੰਘ ਨੇ ਕੈਦੀ ਬਣਾਏ ਸਿੱਖਾਂ ਦੀ ਸੂਚੀ ਤੇ ਦਸਤਖਤ ਕੀਤੇ। ਇਸ ਨੂੰ ਬਿਹਾਰ ਕੇਡਰ ਤੋ ਬਦਲ ਕੇ ਬਾਦਲ ਨੇ ਪੰਜਾਬ ਕੇਡਰ ਵਿੱਚ ਲਿਆਂਦਾ। ਦਰਬਾਰ ਸਾਹਿਬ ਤੇ " ਕਾਮਯਾਬ ਜਿੱਤ " ਦੇ ਇਨਾਮ ਲਈ ਇਸ ਨੂੰ 15 ਅਗੱਸਤ 1984 ਨੂੰ ਹੋਰ ਫੌਜੀ ਅਫਸਰਾਂ ਸਮੇਤ ਸੇਵਾ ਮੈਡਲ ਦੇ ਕੇ ਰਾਸ਼ਟਰਪਤੀ ਵਲੋਂ ਨਿਵਾਜਿਆ ਗਿਆ।
  ਬਾਦ ਵਿੱਚ ਪ੍ਰਕਾਸ਼ ਬਾਦਲ ਨੇ ਇਸ ਨੂੰ ਆਪਣਾ ਚੀਫ ਸਕੱਤਰ ਦਾ ਸਭ ਤੋਂ ਵੱਡਾ ਅਹੁਦਾ ਦਿੱਤਾ। ਹੋਰ ਵੀ ਕਈ ਸਹੂਲਤਾਂ ਦਿੱਤੀਆਂ। ਕਿਉਂਕਿ ਰਮੇਸ਼ਇੰਰ ਕੋਈ ਬੇਗਾਨਾ ਨਹੀ ਸੀ ਇਹ ਪ੍ਰਕਾਸ਼ ਸਿੰਘ ਬਾਦਲ ਦਾ ਸਾਲਾ ਸੀ..... ਬੀਬੀ ਸੁਰਿੰਦਰ ਕੌਰ ਪੱਤਨੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਮਾਮੇ ਦਾ ਪੁੱਤਰ ....ਜਾਨੀ ਬੀਬੀ ਸੁਰਿੰਦਰ ਕੌਰ ਦਾ ਭਰਾ ਸੀ ਜਿਸ ਨੂੰ ਤੁਸੀਂ ' ਮਾਤਾ ਖੀਵੀ' ਅਵਾਰਡ ਤੇ ਸੱਭ ਤੋਂ ਵੱਡੇ ਕੌਮੀ ਗੱਦਾਰ ਬਾਦਲ ਨੂੰ 'ਫਖਰੇ ਕੌਮ' ਦਾ ਅਵਾਰਡ ਦਿੱਤਾ.... ਕਿਉਂ ?

  ReplyDelete