Friday, June 22, 2018

                                                               ਖੇਤਾਂ ਦੇ ਜਾਏ
                          ਬਾਬਲੇ ਦੀ ਮਿੱਟੀ ਰੁਲ ਗਈ, ਮੈਂ ਘਰ ਕਿਵੇਂ ਮੁੜ ਜਾਵਾਂ
                                                             ਚਰਨਜੀਤ ਭੁੱਲਰ
ਬਠਿੰਡਾ : ਜਦੋਂ ਸਰਕਾਰੀ ਜ਼ਮੀਰ ਪਿੱਠ ਦਿਖਾਉਂਦੀ ਹੈ ਤਾਂ ਦੇਹਾਂ ਰੁਲਦੀਆਂ ਹਨ। ਇੰਜ ਜਾਪਦਾ ਹੈ ਕਿ ਇਕੱਲਾ ਜਿਉਂਣਾ ਅੌਖਾ ਨਹੀਂ, ਪੰਜਾਬ ’ਚ ਮਰ ਕੇ ਨਿਆਂ ਲੈਣਾ ਉਸ ਤੋਂ ਵੀ ਅੌਖਾ ਹੈ। ਖੇਤਾਂ ਦੇ ਜਾਏ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪੂਰੇ 18 ਦਿਨਾਂ ਤੋਂ ਰੁਲ ਰਹੀ ਹੈ ਜਿਸ ਤੋਂ ਕੈਪਟਨ ਹਕੂਮਤ ਪੂਰੀ ਤਰ੍ਹਾਂ ਬੇਖ਼ਬਰ ਹੈ। ਬਾਬਲ ਨੂੰ ਮਿੱਟੀ ਨਸੀਬ ਨਹੀਂ ਹੋਈ ਤੇ ਧੀ ਨੂੰ ਸਰਕਾਰ ਤੋਂ ਨਿਆਂ। ਕਿਸਾਨ ਦੀ ਦੇਹ ਹਸਪਤਾਲ ਦੇ ਸਰਕਾਰੀ ਤਾਬੂਤ ’ਚ ਬੰਦ ਹੈ। ਜ਼ਿੰਦਗੀ ਗੁਆ ਕੇ ਵੀ ਇਸ ਕਿਸਾਨ ਨੂੰ ਚੈਨ ਨਹੀਂ ਮਿਲ ਸਕਿਆ। ਮੁਰਦੇ ਸੁਣ ਸਕਦੇ ਹੁੰਦੇ ਤਾਂ ਰਾਮਪੁਰਾ ਥਾਣੇ ਦੇ ਗੇਟ ਅੱਗੇ ਵਿਲਕਦੀ ਧੀ ਦੀ ਚੀਖ਼ ਨੇ ਤਾਬੂਤ ਛਲਨੀ ਕਰ ਦੇਣਾ ਸੀ। ਇਸ ਧੀ ਨੂੰ ਨਾ ਦਿਨੇ ਚੈਨ ਹੈ ਤੇ ਨਾ ਰਾਤ ਨੂੰ। ਕੈਪਟਨ ਹਕੂਮਤ ਦੀ ਜ਼ਿੱਦ ਇਸ ਨੌਜਵਾਨ ਬੱਚੀ ਦੇ ਜਜ਼ਬੇ ਨੂੰ ਤੋੜ ਨਹੀਂ ਸਕੀ ਜੋ ਬਾਪ ਦੀ ਮੌਤ ਲਈ ਕਸੂਰਵਾਰ ਕਾਂਗਰਸੀ ਨੇਤਾ ਦੀ ਸਿਰਫ਼ ਗ੍ਰਿਫ਼ਤਾਰੀ ਚਾਹੁੰਦੀ ਹੈ। ਬਠਿੰਡਾ ਪੁਲੀਸ ਗੂੰਗੀ ਤੇ ਬੋਲੀ ਜਾਪਦੀ ਹੈ ਜਿਸ ਨੂੰ ਇਸ ਬੱਚੀ ਦੇ ਹਉਕੇ 18 ਦਿਨਾਂ ਮਗਰੋਂ ਵੀ ਸੁਣੇ ਨਹੀਂ। ਲਹਿਰਾ ਧੂਰਕੋਟ ਦੇ ਕਿਸਾਨ ਗੁਰਸੇਵਕ ਸਿੰਘ ਨੇ ਜ਼ਮੀਨ ’ਚ ਵੱਜੀ ਠੱਗੀ ਤੋਂ ਤੰਗ ਆ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ।
                  ਰਾਮਪੁਰਾ ਪੁਲੀਸ ਨੇ 3 ਜੂਨ ਨੂੰ ਕੇਸ ਤਾਂ ਦਰਜ ਕਰ ਲਿਆ ਪ੍ਰੰਤੂ ਕਾਂਗਰਸੀ ਨੇਤਾ ਡਾ.ਅਮਰਜੀਤ ਸ਼ਰਮਾ ਨੂੰ ਹਾਲੇ ਗ੍ਰਿਫ਼ਤਾਰ ਨਹੀਂ ਕੀਤਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ 5 ਜੂਨ ਤੋਂ ਰਾਮਪੁਰਾ ’ਚ ਧਰਨਾ ਲਾ ਦਿੱਤਾ। ਆਗੂਆਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਮ੍ਰਿਤਕ ਦੇਹ ਦਾ ਸਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ।  ਜਦੋਂ ਦੋ ਹਫ਼ਤੇ ਜ਼ਿਲ੍ਹਾ ਪੁਲੀਸ ਦੇ ਕੰਨ ਤੇ ਜੰੂ ਨਾ ਸਰਕੀ ਤਾਂ ਕਿਸਾਨਾਂ ਨੇ 20 ਜੂਨ ਤੋਂ ਥਾਣਾ ਰਾਮਪੁਰਾ ਦਾ ਘਿਰਾਓ ਸ਼ੁਰੂ ਕਰ ਦਿੱਤਾ ਹੈ। ਮ੍ਰਿਤਕ ਕਿਸਾਨ ਦੀ ਧੀ ਅਮਨਦੀਪ ਕੌਰ ਨੂੰ ਹੁਣ ਇਹੋ ਮਲਾਲ ਹੈ ਕਿ ਸਰਕਾਰ ਨੇ ਬਾਪ ਦੀ ਮਿੱਟੀ ਰੋਲ ਦਿੱਤੀ। ਉਹ ਆਪਣੇ ਬਿਰਧ ਦਾਦੇ ਸੁਰਜੀਤ ਸਿੰਘ ਨਾਲ ਨਿੱਤ ਥਾਣੇ ਅੱਗੇ ਆਉਂਦੀ ਹੈ। ਅਮਨਦੀਪ ਕੌਰ ਪਟਿਆਲਾ ਦੇ ਖ਼ਾਲਸਾ ਕਾਲਜ ’ਚ ਪੜ੍ਹਦੀ ਹੈ। ਉਸ ਦਾ ਹੁਣ ਬਾਪ ਬਿਨਾਂ ਘਰ ’ਚ ਦਮ ਘੱੁਟਦਾ ਹੈ ਤੇ ਜ਼ਿੰਦਗੀ ਦਾ ਝੋਲਾ ਉਸ ਲਈ ਬੋਝਲ ਬਣ ਗਿਆ ਹੈ। ਉਹ ਆਖਦੀ ਹੈ ਕਿ ਪੰਜਾਬ ’ਚ ਤਾਂ ਹੁਣ ਸਿਵੇ ਜੁੜਨੇ ਵੀ ਅੌਖੇ ਹੋ ਗਏ ਹਨ। ਅਮਨਦੀਪ ਕੌਰ ਨੇ ਦੱਸਿਆ ਕਿ ਜਿਸ ਦਿਨ ਭਾਣਾ ਵਾਪਰਿਆ ,ਉਸ ਦਿਨ ਉਸ ਦਾ ਬਾਪ ਨਹਾ ਧੋ ਕੇ ਘਰੋਂ ਗਿਆ ਸੀ।
                 ਇਸ ਬੱਚੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦੇ ਆਖਿਆ , ‘ ਮਹਿਲਾ ਵਾਲਿ਼ਓਂ, ਮੇਰਾ ਬਾਪ ਕਿਤੇ ਤਾਬੂਤ ’ਚ ਹੀ ਮਿੱਟੀ ਨਾ ਬਣਾ ਦਿਓ।’ ਇਸ ਧੀ ਦਾ ਦ੍ਰਿੜ੍ਹ ਵੇਖਣਾ ਵਾਲਾ ਹੈ ਜੋ ਕਾਂਗਰਸੀ ਨੇਤਾ ਦੀ ਗ੍ਰਿਫ਼ਤਾਰੀ ਤੱਕ ਥਾਣੇ ਅੱਗੇ ਡਟਣ ਦਾ ਐਲਾਨ ਕਰ ਚੁੱਕੀ ਹੈ। 85 ਵਰ੍ਹਿਆਂ ਦਾ ਬਿਰਧ ਬਾਪ ਸੁਰਜੀਤ ਸਿੰਘ ਆਖਦਾ ਹੈ, ‘ਪੁੱਤ ਚਲਾ ਗਿਆ, ਜ਼ਮੀਨ ਚਲੀ ਗਈ, ਪੈਸਾ ਚਲਾ ਗਿਆ, ਕੱੁਝ ਨਹੀਂ ਬਚਿਆ, ਸਰਕਾਰ ਤੋਂ ਇਨਸਾਫ਼ ਹੀ ਮੰਗਦੇ ਹਾਂ।’ ਬਜ਼ੁਰਗ ਆਖਦਾ ਹੈ, ‘ ਮੇਰੇ ਪੁੱਤ ਨੂੰ ਤਾਂ ਸਾਢੇ ਤਿੰਨ ਹੱਥ ਧਰਤੀ ਵੀ ਨਹੀਂ ਜੁੜ ਸਕੀ।’  ਉਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਹਣਾ ਵੀ ਮਾਰਿਆ, ‘ ਏਥੇ ਤਾਂ ਜੰਗਾਂ ਵਿਚ ਕਦੇ ਦੇਹਾਂ ਨਹੀਂ ਰੁਲੀਆਂ ਸਨ, ਤੁਸੀਂ ਕਿਰਤੀ ਰੋਲ ਦਿੱਤੇ ਹਨ।’
               ਕਿਸਾਨ ਦੀ ਪਤਨੀ ਕੁਲਵਿੰਦਰ ਸਿੰਘ ਦੇ ਭਮੱਤਰੇ ਹੋਏ ਨੇਤਰ ਬੇਵੱਸ ਜਾਪਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਕੈਪਟਨ ਸਰਕਾਰ ਦੀ ਪਤਾ ਨਹੀਂ ਕਿਹੜੀ ਮਜਬੂਰੀ ਹੈ ਕਿ ਇੱਕ ਕਾਂਗਰਸੀ ਨੇਤਾ ਖ਼ਾਤਰ ਇੱਕ ਕਿਸਾਨ ਦੀ ਦੇਹ ਨੂੰ ਰੋਲ ਦਿੱਤਾ ਹੈ। ਕਿਸਾਨ ਨੇਤਾ ਆਖਦੇ ਹਨ ਕਿ ‘ਡਿਜੀਟਲ ਇੰਡੀਆ’ ’ਚ ਦੇਹਾਂ ਰੁਲਦੀਆਂ ਹਨ ਤਾਂ ਉਨ੍ਹਾਂ ਨੂੰ ਇਹ ਚਮਕ ਪਸੰਦ ਨਹੀਂ। ਪੰਜਾਬ ਦਾ ਸ਼ਾਇਦ ਇਹ ਪਹਿਲਾ ਕੇਸ ਹੋਵੇ ਕਿ ਕਿਸੇ ਕਿਸਾਨ ਦੀ ਦੇਹ ਨੂੰ 18 ਦਿਨ ਰੁਲਣਾ ਪਿਆ ਹੋਵੇ। ਸਰਕਾਰ ਦੀ ਚੁੱਪ ਕਈ ਸੁਆਲ ਖੜ੍ਹੇ ਕਰਦੀ ਹੈ।
                  ਤੀਸਰੇ ਦੀ ਭਾਲ ਤੇਜ਼ੀ ਨਾਲ ਜਾਰੀ : ਖੰਨਾ  
ਬਠਿੰਡਾ ਪੁਲੀਸ ਦੇ ਐਸ.ਪੀ (ਡੀ) ਸਵਰਨ ਖੰਨਾ ਦਾ ਕਹਿਣਾ ਸੀ ਕਿ ਇਸ ਖ਼ੁਦਕੁਸ਼ੀ ਕੇਸ ਵਿਚ ਦੋ ਵਿਅਕਤੀ ਫੜ ਲਏ ਗਏ ਹਨ ਅਤੇ ਤੀਸਰੇ ਵਿਅਕਤੀ ਨੂੰ ਫੜਨ ਲਈ ਪੁਲੀਸ ਤਰਫ਼ੋਂ ਵੱਡੇ ਪੱਧਰ ’ਤੇ ਛਾਪੇਮਾਰੀ ਚੱਲ ਰਹੀ ਹੈ। ਦਿਨ ਰਾਤ ਪੁਲੀਸ ਵੱਲੋਂ ਤੀਸਰੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਗ੍ਰਿਫ਼ਤਾਰੀ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਪੁਲੀਸ ਨੇ ਫ਼ੌਰੀ ਕੇਸ ਦਰਜ ਕੀਤੇ ਅਤੇ ਹੁਣ ਵੀ ਕਿਧਰੇ ਕੋਈ ਢਿੱਲ ਨਹੀਂ ਹੈ।




1 comment:

  1. ਕਦੇ ਸਿਖ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ, ਤੇ ਮਾਲਵੇ ਦੇ ਰਾਜੇ ਹੁੰਦੇ ਸੀ, ਕਸਮੀਰ ਤੋ ਲੈ ਕੇ ਰਾਜਸਥਾਨ ਤੋ ਲੈ ਕੇ ਪ੍ਸ਼ਾਵਰ ਤਕ. ਹੁਣ ਕੀ ਹੋ ਗਿਆ.....

    ਬੜੇ ਦੁਖ ਵਾਲੀ ਗਲ....
    ਏਕਤਾ ਤੋ ਬਗੈਰ ਏਹੋ ਹੀ ਹਾਲ ਹੋਣਾ ਸੀ

    ReplyDelete