Thursday, June 28, 2018

                                                               ਘੇਰਾਬੰਦੀ
                           ਕੈਪਟਨ ਨੂੰ ਅਕਾਲ ਤਖਤ ਤੇ ਕੀਤਾ ਜਾ ਸਕਦੈ ਤਲਬ
                                                             ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾ ਸਕਦਾ ਹੈ। ਮਾਮਲਾ ਬਠਿੰਡਾ ਰੈਲੀ ’ਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਅਤੇ ਉਸ ਸਹੁੰ ’ਤੇ ਪੂਰਾ ਨਾ ਨਿਭਣ ਦਾ ਹੈ। ਤਖ਼ਤਾਂ ਦੇ ਜਥੇਦਾਰਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਨੂੰ ਹੁਣ ਮਰਿਯਾਦਾ ਦੀ ਉਲੰਘਣਾ ਮੰਨਿਆ ਹੈ। ਜਥੇਦਾਰ ਸਿਰਫ਼ ਲਿਖਤੀ ਸ਼ਿਕਾਇਤ ਉਡੀਕ ਰਹੇ ਹਨ। ਸਿੰਘ ਸਾਹਿਬਾਨਾਂ ਦੀ ਅਗਲੀ ਇਕੱਤਰਤਾ ’ਚ ਇਹ ਮਾਮਲਾ ਉੱਠਣ ਦੀ ਪੂਰੀ ਉਮੀਦ ਜਾਪਦੀ ਹੈ। ਪੰਜਾਬ ਵਿਚ ਪਿਛਲੇ ਦਿਨਾਂ ਤੋਂ ਨਸ਼ਿਆਂ ਨਾਲ ਫ਼ੌਤ ਹੋ ਰਹੇ ਜਵਾਨਾਂ ਦਾ ਮੁੱਦਾ ਕਾਫ਼ੀ ਤੇਜ਼ ਭਖਿਆ ਹੈ। ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੀ ਸਹੁੰ ਨੂੰ ਮੁੱਦਾ ਬਣਾ ਰਹੇ ਹਨ।  ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ’ਚ 15 ਦਸੰਬਰ 2015 ਨੂੰ ਕੀਤੀ ‘ਸਦਭਾਵਨਾ ਰੈਲੀ’ ਵਿਚ ਸਟੇਜ ਤੋਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਚੁੱਕੀ ਸੀ ਕਿ ‘ ਉਹ ਮੁੱਖ ਮੰਤਰੀ ਬਣਨ ਤੋਂ ਚਾਰ ਹਫ਼ਤਿਆਂ ’ਚ ਪੰਜਾਬ ਚੋਂ ਨਸ਼ਾ ਖ਼ਤਮ ਕਰ ਦੇਣਗੇ।’  ਉਦੋਂ ਖਡੂਰ ਸਾਹਿਬ ਤੋਂ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ ਰਮਨਜੀਤ ਸਿੰਘ ਸਿੱਕੀ ਨੇ ਗੁਟਕਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਸਟੇਜ ਤੋਂ ਫੜਾਇਆ ਸੀ।
                   ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਪਹਿਲਾਂ ਮੱਥੇ ਨਾਲ ਲਾਇਆ ਅਤੇ ਫਿਰ ਸਹੁੰ ਚੁੱਕੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ 16 ਮਾਰਚ 2017 ਨੂੰ ਸਹੁੰ ਚੁੱਕੀ ਸੀ। ਸਹੁੰ ਚੁੱਕਣ ਤੋਂ ਹੁਣ ਤੱਕ 65 ਹਫ਼ਤੇ ਬੀਤ ਚੁੱਕੇ ਹਨ ਪ੍ਰੰਤੂ ਪੰਜਾਬ ’ਚ ਨਸ਼ਾ ਉਵੇਂ  ਹੀ ਮੇਲਦਾ ਫਿਰ ਰਿਹਾ ਹੈ।  ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਪਹਿਲਾਂ ਸਹੁੰ ਚੁੱਕੀ ਅਤੇ ਫਿਰ ਉਸ ਪ੍ਰਣ ਨੂੰ ਨਾ ਨਿਭਾ ਕੇ ਗੁਟਕਾ ਸਾਹਿਬ ਦਾ ਅਪਮਾਨ ਕੀਤਾ ਹੈ ਜੋ ਕਿ ਮਰਿਯਾਦਾ ਦੇ ਉਲਟ ਹੈ। ਅਮਰਿੰਦਰ ਸਿੰਘ ਨੇ ਸਿਆਸੀ ਸਟੇਜ ਤੋਂ ਗੁਰੂ ਸਾਹਿਬ ਨੂੰ ਗਵਾਹ ਬਣਾਇਆ ਅਤੇ ਇਹ ਸਭ ਕੱੁਝ ਵੋਟਾਂ ਲੈਣ ਲਈ ਕੀਤਾ। ਉਨ੍ਹਾਂ ਆਖਿਆ ਕਿ ਅਗਰ ਇਸ ਮਾਮਲੇ ’ਤੇ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਦਾ ਹੈ ਤਾਂ ਸਿੰਘ ਸਾਹਿਬਾਨਾਂ ਦੀ ਅਗਲੀ ਮੀਟਿੰਗ ਵਿਚ ਮਸਲਾ ਵਿਚਾਰਿਆ ਜਾ ਸਕਦਾ ਹੈ। ਜਥੇਦਾਰ ਨੇ ਆਖਿਆ ਕਿ ਉਹ ਆਪਣੀ ਤਰਫ਼ੋਂ ਇਕੱਤਰਤਾ ਵਿਚ ਇਹ ਮਸਲਾ ਉਠਾਉਣਗੇ।
         ਜਥੇਦਾਰ ਨੇ ਆਖਿਆ ਕਿ ਲੀਡਰਾਂ ਤੇ ਤਸਕਰਾਂ ਦੇ ਗੱਠਜੋੜ ਨਾਲ ਪੰਜਾਬ ਦੀ ਧਰਤੀ ਤੇ ਨਸ਼ੇ ਵਿਕ ਰਹੇ ਹਨ ਅਤੇ ਸਰਕਾਰਾਂ ਦੀ ਇੱਛਾ ਸ਼ਕਤੀ ਦੀ ਕਮੀ ਕਰਕੇ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਅਮਰਿੰਦਰ ਸਿੰਘ ਨੂੰ ਜਨਤਿਕ ਤੌਰ ਤੇ ਕੀਤਾ ਵਾਅਦਾ ਨਿਭਾਉਣਾ ਚਾਹੀਦਾ ਸੀ। ਇਸੇ ਤਰ੍ਹਾਂ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਨਤਿਕ ਰੈਲੀ ਵਿਚ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਚੁੱਕਣਾ ਗ਼ਲਤ ਸੀ ਅਤੇ ਉਸ ਤੋਂ ਵੱਧ ਗ਼ਲਤ ਇਹ ਹੋਇਆ ਕਿ ਅਮਰਿੰਦਰ ਸਿੰਘ ਨੇ ਕੀਤੇ ਵਚਨ ਤੇ ਪਹਿਰਾ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਅਮਰਿੰਦਰ ਸਿੰਘ ਨੇ ਵੋਟਾਂ ਖ਼ਾਤਰ ਗੁਟਕਾ ਸਾਹਿਬ ਦੀ ਟੇਕ ਲਈ ਜਦੋਂ ਕਿ ਹੁਣ ਨਸ਼ਾ ਪਹਿਲਾਂ ਨਾਲੋਂ ਵੀ ਵਧ ਗਿਆ ਹੈ।
         ਜਥੇਦਾਰ ਰਘਬੀਰ ਸਿੰਘ ਨੇ ਆਖਿਆ ਕਿ ਇਸ ਮਾਮਲੇ ’ਤੇ ਸਿੰਘ ਸਾਹਿਬਾਨਾਂ ਦੀ ਅਗਲੀ ਇਕੱਤਰਤਾ ਵਿਚ ਲਿਖਤੀ ਰੂਪ ਵਿਚ ਕੱੁਝ ਆਉਂਦਾ ਹੈ ਤਾਂ ਇਸ ਮਸਲੇ ਨੂੰ ਵਿਚਾਰਿਆ ਜਾਵੇਗਾ, ਉਸ ਮਗਰੋਂ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਾਜ਼ਿਸ਼ ਤਹਿਤ ਜਵਾਨੀ ਦਾ ਘਾਣ ਹੋ ਰਿਹਾ ਹੈ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ  ਗੁਰਮਤਿ ਦੇ ਲੜ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸਰਕਾਰ ਦੀ ਮਿਲੀਭੁਗਤ ਨਾਲ ਹੀ ਨਸ਼ਾ ਵਿਕ ਰਿਹਾ ਹੈ ਅਤੇ ਰੋਜ਼ਾਨਾ ਨੌਜਵਾਨ ਮੌਤ ਦੇ ਮੂੰਹ ਪੈ ਰਹੇ ਹਨ। ਉਨ੍ਹਾਂ ਆਖਿਆ ਕਿ ਨਸ਼ਿਆਂ ਨਾਲ ਲੋਕਾਂ ਦੀ ਮਾਨਸਿਕਤਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਫ਼ੋਨ ਨਹੀਂ ਚੁੱਕਿਆ। ਉਂਜ, ਜਥੇਦਾਰਾਂ ਦੇ ਰੌਂਅ ਤੋਂ ਜਾਪਿਆ ਕਿ ਅਮਰਿੰਦਰ ਸਿੰਘ ਨੂੰ ਇਸ ਮਾਮਲੇ ’ਚ ਤਲਬ ਕੀਤਾ ਜਾ ਸਕਦਾ ਹੈ।
                   ਮਰਿਯਾਦਾ ਦੀ ਉਲੰਘਣਾ ਹੈ : ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਸੀ ਕਿ ਉਹ ਤਾਂ ਸਹੁੰ ਚੁੱਕੇ ਜਾਣ ਦੇ ਹੀ ਖ਼ਿਲਾਫ਼ ਹਨ ਕਿਉਂਕਿ ਇਹ ਮਰਿਯਾਦਾ ਦੇ ਉਲਟ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਤਰ੍ਹਾਂ ਸਹੁੰ ਚੁੱਕੀ ਨਹੀਂ ਜਾਣੀ ਚਾਹੀਦੀ ਅਤੇ ਜਨਤਿਕ ਤੌਰ ’ਤੇ ਸਹੁੰ ਚੁੱਕਣੀ ਤਾਂ ਉਸ ਤੋਂ ਵੀ ਮਾੜੀ ਗੱਲ ਹੈ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕੀ ਪ੍ਰੰਤੂ ਉਸ ਤੇ ਪਹਿਰਾ ਨਹੀਂ ਦਿੱਤਾ, ਸਗੋਂ ਪੰਜਾਬ ਵਿਚ ਹੁਣ ਨਸ਼ੇ ਕਈ ਗੁਣਾ ਵੱਧ ਗਏ ਹਨ।


No comments:

Post a Comment