Saturday, June 9, 2018

                     ਬਰਗਾੜੀ ਕਾਂਡ 
  ਪੰਜਾਬ ਪੁਲੀਸ ਦੇ ਹੱਥ ਲੱਗਾ ਡੇਰਾ ਪ੍ਰੇਮੀ
                      ਚਰਨਜੀਤ ਭੁੱਲਰ
ਬਠਿੰਡਾ  : ਬਰਗਾੜੀ ਕਾਂਡ ਦਾ ਮੁੱਖ ਸੁਰਾਗ ਪੰਜਾਬ ਪੁਲੀਸ ਦੇ ਹੱਥ ਲੱਗਾ ਹੈ ਜਿਸ ਤੋਂ ਪੰਜਾਬ ਪੁਲੀਸ ਨੂੰ ਕਈ ਦਾਗ਼ ਧੋਣ ਦੀ ਆਸ ਬੱਝੀ ਹੈ। ਕਰੀਬ ਢਾਈ ਵਰ੍ਹਿਆਂ ਮਗਰੋਂ ਪੁਲੀਸ ਦਾ ਹੱਥ ਇੱਕ ਅਹਿਮ ਕੜੀ ਨੂੰ ਪਿਆ ਹੈ ਜਿਸ ਤੋਂ ਖ਼ਾਸ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲੀਸ ਤਰਫ਼ੋਂ ਕਰੀਬ ਅੱਧੀ ਦਰਜਨ ਪੁਲੀਸ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵੱਲੋਂ ਇੱਕ ਹਫ਼ਤੇ ਤੋਂ ਅਲੱਗ ਅਲੱਗ ਥਾਵਾਂ ਤੇ ਸ਼ੱਕੀਆਂ ਦੀ ਗੁਪਤ ਤਰੀਕੇ ਨਾਲ ਪੈੜ ਨੱਪੀ ਜਾ ਰਹੀ ਸੀ। ਪੁਲੀਸ ਦੀ ਇੱਕ ਟੀਮ ਨੇ 7 ਜੂਨ ਦੀ ਦੁਪਹਿਰ 12.30 ਵਜੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਨੂੰ ਚੱੁਕਿਆ ਹੈ ਜੋ ਜ਼ਿਲ੍ਹਾ ਫ਼ਰੀਦਕੋਟ ਦਾ ਬਾਸ਼ਿੰਦਾ ਹੈ। ਅਹਿਮ ਸੂਤਰਾਂ ਅਨੁਸਾਰ ਪੁਲੀਸ ਦੀ ਕੱੁਝ ਸਮੇਂ ਤੋਂ ਬਰਗਾੜੀ ਕਾਂਡ ਦੇ ਮਾਮਲੇ ’ਚ ਸ਼ੱਕ ਦੀ ਸੂਈ ਕੋਟਕਪੂਰਾ ਦੇ ਇਸ ਡੇਰਾ ਆਗੂ ਤੇ ਟਿੱਕੀ ਹੋਈ ਸੀ। ਕੱੁਝ ਹਫ਼ਤੇ ਪਹਿਲਾਂ ਬਰਗਾੜੀ ਦੇ ਲਾਗਲੇ ਪਿੰਡਾਂ ਦੇ ਪੰਜ ਛੇ ਡੇਰਾ ਪ੍ਰੇਮੀ ਵੀ ਪੁਲੀਸ ਨੇ ਚੁੱਕੇ ਸਨ ਪ੍ਰੰਤੂ ਉਨ੍ਹਾਂ ਨੂੰ ਪੁੱਛਗਿੱਛ ਕਰਨ ਮਗਰੋਂ ਛੱਡ ਦਿੱਤਾ ਗਿਆ ਸੀ।
                    ਸੂਤਰਾਂ ਅਨੁਸਾਰ ਜੋ ਪੁਲੀਸ ਨੇ ਬੀਤੇ ਕੱਲ੍ਹ ਡੇਰਾ ਆਗੂ ਪਾਲਮਪੁਰ ਤੋਂ ਚੁੱਕਿਆ ਹੈ, ਉਹ ਕੱੁਝ ਅਰਸਾ ਪਹਿਲਾਂ ਪਰਿਵਾਰ ਸਮੇਤ ਪਾਲਮਪੁਰ ਚਲਾ ਗਿਆ ਸੀ ਅਤੇ ਉੱਥੇ ਕਰਿਆਨਾ ਸਟੋਰ ਚਲਾਉਣ ਲੱਗਾ ਸੀ। ਪੁਲੀਸ ਨੂੰ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਦੋ ਹਫ਼ਤੇ ਪਹਿਲਾਂ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਇਹ ਡੇਰਾ ਆਗੂ ਆਇਆ ਸੀ ਪ੍ਰੰਤੂ ਉਦੋਂ ਪੁਲੀਸ ਨੂੰ ਕੋਈ ਭਿਣਕ ਨਹੀਂ ਲੱਗੀ ਸੀ। ਦੱਸਦੇ ਹਨ ਕਿ ਇਸ ਡੇਰਾ ਆਗੂ ਤੇ ਕੋਟਕਪੂਰਾ,ਸੰਗਰੂਰ ਤੇ ਪੰਚਕੂਲਾ ਵਿਚ ਕੇਸ ਦਰਜ ਹਨ। ਪੁਲੀਸ ਟੀਮ ਨੇ ਬੀਤੇ ਕੱਲ੍ਹ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ ਅਤੇ ਉਸ ਤੋਂ ਲੁਧਿਆਣਾ ਦੇ ਲਾਗੇ ਪੁਲੀਸ ਟੀਮ ਪੁੱਛਗਿੱਛ ਕਰਨ ਵਿਚ ਜੁਟੀ ਹੋਈ ਹੈ। ਪੰਜਾਬ ਪੁਲੀਸ ਦੇ ਮੁਖੀ ਦੀ ਨਜ਼ਰ ਦੋ ਦਿਨਾਂ ਤੋਂ ਇਸ ਡੇਰਾ ਆਗੂ ਤੇ ਲੱਗੀ ਹੋਈ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਇਲਾਕੇ ਦਾ ਇੱਕ ਵਿਅਕਤੀ ਪਿਛਲੇ ਦਿਨਾਂ ਵਿਚ ਜ਼ਿਲ੍ਹਾ ਸਿਰਸਾ ਚੋਂ ਪੁਲੀਸ ਨੇ ਚੁੱਕਿਆ ਸੀ ਜਿਸ ਨੇ ਪੁਲੀਸ ਦਾ ਰਾਹ ਪੱਧਰਾ ਕੀਤਾ ਹੈ। ਸੂਤਰ ਆਖਦੇ ਹਨ ਕਿ ਇਸ਼ਾਰੇ ਇਹੋ ਮਿਲੇ ਹਨ ਕਿ ਕੋਟਕਪੂਰਾ ਦੇ ਡੇਰਾ ਆਗੂ ਵੱਲੋਂ ਨਿਰਦੇਸ਼ ਮਿਲਦੇ ਰਹੇ ਹਨ ਜਿਨ੍ਹਾਂ ਮਗਰੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ।
                 ਪੁਲੀਸ ਅਧਿਕਾਰੀ ਅੰਦਰੋਂ ਅੰਦਰੀਂ ਇਹ ਵੀ ਆਖ ਰਹੇ ਹਨ ਕਿ ਫੜੇ ਡੇਰਾ ਆਗੂ ਚੋਂ ਅਗਰ ਕੋਈ ਗੱਲ ਰਾਹ ਨਾ ਪਈ ਤਾਂ ਫਿਰ ਡੇਰਾ ਸਿਰਸਾ ਦਾ ਇਨ੍ਹਾਂ ਘਟਨਾਵਾਂ ਪਿੱਛੇ ਹੱਥ ਹੋਣ ਦਾ ਦਾਗ਼ ਵੀ ਧੋਤਾ ਜਾਣਾ ਤੈਅ ਜਾਪਦਾ ਹੈ। ਦੱਸਣਯੋਗ ਹੈ ਕਿ ਪਹਿਲੀ ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ’ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 110 ਪੱਤਰੇ ਪਾੜੇ ਹੋਏ ਮਿਲੇ ਸਨ। ਉਦੋਂ ਬਰਗਾੜੀ ਵਿਚ ਪੋਸਟਰ ਵੀ ਲੱਗੇ ਸਨ ਜਿਨ੍ਹਾਂ ਤੇ ਡੇਰਾ ਸਿਰਸਾ ਦਾ ਜ਼ਿਕਰ ਸੀ। ਇਸ ਘਟਨਾ ਵਾਪਰੀ ਨੂੰ ਕਰੀਬ ਢਾਈ ਵਰੇ੍ਹ ਹੋ ਗਏ ਹਨ ਪ੍ਰੰਤੂ ਪੁਲੀਸ ਦੇ ਹੱਥ ਖ਼ਾਲੀ ਸਨ। ਗੱਠਜੋੜ ਸਰਕਾਰ ਸਮੇਂ ਇਨ੍ਹਾਂ ਘਟਨਾਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਬਰਗਾੜੀ ਕਾਂਡ ਦੀ ਤਫ਼ਤੀਸ਼ ਨਾਲ ਨੇੜਿਓ ਜੁੜੇ ਹੋਏ ਹਨ ਤੇ ਉਨ੍ਹਾਂ ਨੇ ਹੁਣ ਵੀ ਕਮਾਨ ਸੰਭਾਲੀ ਹੋਈ ਹੈ।
                 ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿਚ ਪੰਥਕ ਧਿਰਾਂ ਨੇ ਹੁਣ 1 ਜੂਨ ਤੋਂ ਧਰਨਾ ਦਿੱਤਾ ਹੋਇਆ ਹੈ ਅਤੇ ਦੋ ਦਿਨ ਪਹਿਲਾਂ ਮੁਤਵਾਜ਼ੀ ਜਥੇਦਾਰਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਵੀ ਕੀਤੀ ਹੈ। ਕੈਪਟਨ ਸਰਕਾਰ ਇਸ ਮਾਮਲੇ ਨੂੰ ਜਲਦੀ ਨਜਿੱਠਣਾ ਚਾਹੁੰਦੀ ਹੈ ਕਿਉਂਕਿ ਸਰਕਾਰ ਨੂੰ ਡਰ ਹੈ ਕਿ ਕਿਤੇ ਅਕਾਲੀਆਂ ਵਾਂਗ ਨਕਾਮੀ ਦਾ ਦਾਗ਼ ਉਨ੍ਹਾਂ ਦੇ ਮੱਥੇ ਤੇ ਨਾ ਲੱਗ ਜਾਵੇ। ਪੱਖ ਜਾਣਨ ਲਈ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਨੂੰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਫ਼ੋਨ ਚੁੱਕਿਆ ਨਹੀਂ। ਸੂਤਰ ਆਖਦੇ ਹਨ ਕਿ ਅਗਰ ਚੁੱਕੇ ਡੇਰਾ ਆਗੂ ਚੋਂ ਗੱਲ ਨਿਕਲ ਆਈ ਤਾਂ ਜਲਦੀ ਹੀ ਪੰਜਾਬ ਪੁਲੀਸ ਇਸ ਮਾਮਲੇ ਵਿਚ ਖ਼ੁਲਾਸਾ ਕਰ ਦੇਵੇਗੀ।


No comments:

Post a Comment