
ਦਰਜਨਾਂ ਪੰਜਾਬੀ ਰਸਾਲੇ ਕੀਤੇ ‘ਆਊਟ’
ਚਰਨਜੀਤ ਭੁੱਲਰ
ਬਠਿੰਡਾ : ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ) ਨੇ ਹੁਣ ਪੰਜਾਬੀ ਭਾਸ਼ਾ ਤੇ ਧਰਮ ਨਾਲ ਜੁੜੇ ਦਰਜਨਾਂ ਰਸਾਲੇ ‘ਆਊਟ’ ਕਰ ਦਿੱਤੇ ਹਨ ਜੋ ਕੇਂਦਰ ਸਰਕਾਰ ਦਾ ਵਿਰਸੇ ਤੇ ਸਭਿਆਚਾਰ ਸਿੱਧਾ ਹੱਲਾ ਜਾਪਦਾ ਹੈ। ਯੂ.ਜੀ.ਸੀ ਨੇ ਕਈ ਦਹਾਕਿਆਂ ਤੋਂ ਚੱਲ ਰਹੇ ਰਸਾਲਿਆਂ (ਜਰਨਲ) ਦੀ ਪ੍ਰਵਾਨਗੀ ਰੱਦ ਕਰਕੇ ਖੇਤਰੀ ਭਾਸ਼ਾ ਨੂੰ ਰਗੜ ਮਾਰੀ ਹੈ ਜਿਸ ਨਾਲ ਸਕਾਲਰਾਂ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਯੂ.ਜੀ.ਸੀ ਨੇ ਪੰਜਾਬੀ ਯੂਨੀਵਰਸਿਟੀ ਦੇ ਅੱਧੀ ਦਰਜਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 10 ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਤਿੰਨ ਰਸਾਲਿਆਂ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਹੈ। ਯੂ.ਜੀ.ਸੀ ਦਾ ਤਰਕ ਹੈ ਕਿ ਇਹ ਰਸਾਲੇ ਉਨ੍ਹਾਂ ਦੇ ਤਕਨੀਕੀ ਪੈਮਾਨੇ ਤੇ ਖਰੇ ਨਹੀਂ ਉੱਤਰਦੇ ਹਨ। ਯੂ.ਜੀ.ਸੀ ਦੀ ਸਟੈਂਡਿੰਗ ਕਮੇਟੀ ਨੇ ਹੁਣ ਦੇਸ਼ ਭਰ ਵਿਚ 32,659 ਰਸਾਲੇ ਪ੍ਰਵਾਨਿਤ ਹੋਣ ਦੀ ਗੱਲ ਆਖੀ ਹੈ। ਯੂ.ਜੀ.ਸੀ ਕੋਲ ਕਰੀਬ ਇੱਕ ਸਾਲ ਪਹਿਲਾਂ 141 ਯੂਨੀਵਰਸਿਟੀਆਂ ਨੇ 7255 ਨਵੇਂ ਰਸਾਲਿਆਂ ਦੀ ਸਿਫ਼ਾਰਸ਼ ਭੇਜੀ ਸੀ ਜਿਸ ਚੋਂ 2405 ਰਸਾਲਿਆਂ ਨੂੰ ਹੀ ਪ੍ਰਵਾਨਗੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ।
ਯੂ.ਜੀ.ਸੀ ਨੇ ਹੁਣ ਦੇਸ਼ ਭਰ ਵਿਚ 4305 ਰਸਾਲਿਆਂ ਦੀ ਪ੍ਰਵਾਨਗੀ ਰੱਦ ਕੀਤੀ ਹੈ ਜਿਸ ਵਿਚ ਮੁੱਖ ਨਿਸ਼ਾਨਾ ਖੇਤਰੀ ਭਾਸ਼ਾਵਾਂ ਨੂੰ ਬਣਾਇਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੀ ਪਬਲੀਕੇਸ਼ਨ ਬਿਊਰੋ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾਂ ਪ੍ਰਕਾਸ਼ ਪੁਰਬ ਉੱਪਰ ਸਾਲ 1969 ਵਿਚ ‘ਨਾਨਕ ਪ੍ਰਕਾਸ਼ ਪ੍ਰਤਿਕਾ’ ਜਰਨਲ ਸ਼ੁਰੂ ਕੀਤਾ ਗਿਆ ਸੀ। ਯੂ.ਜੀ.ਸੀ ਨੇ 49 ਵਰ੍ਹਿਆਂ ਮਗਰੋਂ ਹੁਣ ਇਸ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਹੈ ਜਦੋਂ ਕਿ ਇਹ ਉੱਚ ਪਾਏਦਾਰ ਰਸਾਲਾ ਹੈ। ਇਸੇ ਵਰਸਿਟੀ ਦਾ ‘ਖੋਜ ਪੱਤ੍ਰਿਕਾ’ ਰਸਾਲਾ ਵੀ ਆਊਟ ਕਰ ਦਿੱਤਾ ਹੈ। ‘ਸਮਾਜਿਕ ਵਿਗਿਆਨ ਪੱਤਰ’ ਅਤੇ ‘ਪੰਜਾਬੀ ਯੂਨੀਵਰਸਿਟੀ ਸਭਿਆਚਾਰ ਪੱਤ੍ਰਿਕਾ’ ਵੀ ਯੂ.ਜੀ.ਸੀ ਨੇ ਆਪਣੇ ਨਕਸ਼ੇ ਤੋਂ ਹਟਾ ਦਿੱਤਾ ਹੈ। ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪ੍ਰੋ. ਸਰਬਜਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਸਾਰੇ ਰਸਾਲੇ ਖੋਜ ਮਿਆਰਾਂ ਤੇ ਖਰੇ ਉੱਤਰਦੇ ਸਨ ਅਤੇ ਬਹੁਤ ਪੁਰਾਣੇ ਸਨ। ਉਨ੍ਹਾਂ ਆਖਿਆ ਕਿ ਹੁਣ ਯੂ.ਜੀ.ਸੀ ਵੱਲੋਂ ਪ੍ਰਵਾਨਗੀ ਲਿਸਟ ਚੋਂ ਇਹ ਰਸਾਲੇ ਬਾਹਰ ਕਰ ਦਿੱਤੇ ਗਏ ਹਨ ਜਿਸ ਨਾਲ ਸਕਾਲਰਾਂ ਦਾ ਕੰਮ ਪ੍ਰਭਾਵਿਤ ਹੋਵੇਗਾ। ਉਹ ਯੂ.ਜੀ.ਸੀ ਨੂੰ ਮੁੜ ਪ੍ਰਵਾਨਗੀ ਲਈ ਲਿਖ ਰਹੇ ਹਨ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ‘ਪਰਖ’ ਤੇ ‘ਪਰੀਸ਼ੋਧ’ ਸਮੇਤ ਤਿੰਨ ਰਸਾਲੇ ਬੰਦ ਕੀਤੇ ਗਏ ਹਨ। ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਤੇ ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ.ਐਸ.ਐਸ.ਸੰਘਾ ਦਾ ਕਹਿਣਾ ਸੀ ਕਿ ਯੂ.ਜੀ.ਸੀ ਨੂੰ ਹਰ ਜਰਨਲ ਦਾ ਮਿਆਰ ਦੇਖਣਾ ਚਾਹੀਦਾ ਹੈ ,ਨਾ ਕਿ ਤਕਨੀਕੀ ਪੱਖਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਯੂ.ਜੀ.ਸੀ ਇਨ੍ਹਾਂ ਰਸਾਲਿਆਂ ਨੂੰ ਪ੍ਰਵਾਨਗੀ ਦੇਵੇ। ਵੇਰਵਿਆਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਸਬੰਧਿਤ ਛਪ ਰਹੇ ਜਰਨਲ ਤੋਂ ਇਲਾਵਾ ‘ਧਰਮ ਅਧਿਐਨ ਪੱਤ੍ਰਿਕਾ’ ਨੂੰ ਵੀ ਯੂ.ਜੀ.ਸੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।ਇਵੇਂ ਵਰਸਿਟੀ ਦੇ ‘ਗੁਰੂ ਨਾਨਕ ਜਰਨਲ’ ਦੀ ਪ੍ਰਵਾਨਗੀ ਵੀ ਰੱਦ ਕਰ ਦਿੱਤੀ ਹੈ। ‘ਪੰਜਾਬ ਜਰਨਲ ਆਫ਼ ਪਾਲੇਟਿਕਸ’, ‘ਲਾਅ ਜਰਨਲ ਆਫ਼ ਗੁਰੂ ਨਾਨਕ ਦੇਵ ਵਰਸਿਟੀ’, ‘ਪੰਜਾਬ ਜਰਨਲ ਆਫ਼ ਇੰਗਲਿਸ਼ ਸਟੱਡੀਜ਼’ ਤੋਂ ਇਲਾਵਾ ਇਕਨਾਮਿਕਸ ਦੇ ਵੀ ਦੋ ਰਸਾਲਿਆਂ ਨੂੰ ਪ੍ਰਵਾਨਗੀ ਸੂਚੀ ਚੋਂ ਬਾਹਰ ਕੀਤਾ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ‘ਸੰਵਾਦ’ ਰਸਾਲੇ ਨੂੰ ਵੀ ਪ੍ਰਵਾਨਗੀ ਨਹੀਂ ਦਿੱਤੀ ਹੈ।
ਯੂ.ਜੀ.ਸੀ ਦਾ ਤਰਕ ਹੈ ਕਿ ਬਹੁਤੇ ਸਾਰੇ ਜਾਅਲੀ ਜਨਰਲ ਆ ਰਹੇ ਹਨ ਜਿਨ੍ਹਾਂ ਦੇ ਰਾਹ ਰੋਕਣ ਲਈ ਸਿਰਫ਼ ਸ਼ਰਤਾਂ ਦੀ ਪੂਰਤੀ ਕਰਨ ਵਾਲੇ ਜਨਰਲ ਨੂੰ ਹੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਯੂ.ਜੀ.ਸੀ ਨੇ ‘ਆਈ.ਐਸ.ਐਸ.ਐਨ’ ਨੰਬਰ ਦੀ ਸ਼ਰਤ ਲਾਈ ਹੈ। ਦੂਸਰੀ ਤਰਫ਼ ਯੂ.ਜੀ.ਸੀ ਨੇ ਹੁਣ ਉਨ੍ਹਾਂ ਰਸਾਲਿਆਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਦੇ ‘ਆਈਐਸਐਸਐਨ’ ਨੰਬਰ ਹੀ ਨਹੀਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪ੍ਰੋ.ਐਚ. ਐਸ.ਸੈਣੀ ਦਾ ਕਹਿਣਾ ਸੀ ਕਿ ਯੂ.ਜੀ ਸੀ ਨੇ ਆਪਣੇ ਮਾਪਦੰਡ ਬਣਾਏ ਹਨ ਜਿਨ੍ਹਾਂ ਦੇ ਆਧਾਰ ਤੇ ਕੱੁਝ ਜਰਨਲਾਂ ਦੀ ਪ੍ਰਵਾਨਗੀ ਰੱਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਹੀ ਮੀਟਿੰਗ ਕੀਤੀ ਹੈ ਜਿਸ ਵਿਚ ਸ਼ਰਤਾਂ ਦੀ ਪੂਰਤੀ ਕਰਨ ਸਬੰਧੀ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਯੂ.ਜੀ.ਸੀ ਨੇ ਸ਼ਰਤ ਲਾਈ ਹੈ ਕਿ ਹਰ ਜਰਨਲ ਦੀ ਵੈੱਬਸਾਈਟ ਬਣਾਈ ਜਾਵੇ ਅਤੇ ਸੰਪਾਦਕੀ ਅਮਲੇ ਦੇ ਪੂਰੇ ਅਡਰੈਸ ਵਗ਼ੈਰਾ ਹੋਣ। ਵਰਸਿਟੀ ਆਪਣੀ ਤਰਫ਼ੋਂ ਸ਼ਰਤਾਂ ਦੀ ਪੂਰਤੀ ਕਰਕੇ ਯੂ.ਜੀ.ਸੀ ਨੂੰ ਮੁੜ ਲਿਖੇਗੀ।
ਭਗਵੇਂ ਏਜੰਡੇ ਤਹਿਤ ਨਿਸ਼ਾਨਾ : ਜਨਰਲ ਸਕੱਤਰ
ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਆਰ.ਐਸ.ਐਸ ਦੇ ਏਜੰਡੇ ਤਹਿਤ ਪੰਜਾਬੀ ਭਾਸ਼ਾ ਤੇ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੋਦੀ ਸਰਕਾਰ ਹੁਣ ਰਾਸ਼ਟਰਵਾਦ ਦੇ ਰਾਹ ਵਿਚ ਖੇਤਰੀ ਭਾਸ਼ਾਵਾਂ ਨੂੰ ਅੜਿੱਕਾ ਸਮਝਦੀ ਹੈ ਜਿਸ ਤਹਿਤ ਪੰਜਾਬੀ ਭਾਸ਼ਾ ਤੇ ਸਿੱਖ ਧਰਮ ਤੇ ਏਦੇ ਦੇ ਹੱਲੇ ਬੋਲੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਯੂ.ਜੀ.ਸੀ ਇਨ੍ਹਾਂ ਰਸਾਲਿਆਂ ਨੂੰ ਪ੍ਰਵਾਨਗੀ ਦੇ ਕੇਸ ਮੁੜ ਵਿਚਾਰੇ।
ਤੇ ਅਬਾਨੀ ਦੇ reliance ਜੀਓ ਨੂ ਪਹਿਲਾ ਹੀ ਖਿਤਾਬ ਦੇ ਦਿਤਾ ਕਿ ਇਹ ਤਾ ਬਹੁਤ ਵਡਾ ਹੈ!! ਬਣਿਆ ਹਾਲੇ ਹੈ ਨਹੀ. ਕਹਿੰਦੇ ੧੦੦੦ ਕਰੋੜ ਦੀ ਗ੍ਰਾੰਟ ਵੀ ਦੇ ਦਿਤੀ. ਤੇ ਸਿਖਾ ਦੇ ਲੰਗਰ ਨੂ gst ਲੈ ਦਿਤੀ ਜਦੋ ਕਿ ਆਵਦੇ ਤ੍ਰਿਪੁਤੀ ਮੰਦਿਰ ਨੂ ਛੋਟ ਦੇ ਦਿਤੇ ੨੦੧੭ ਵਿਚ. ਇੱਕ ਸਾਲ ਦਾ ਉਨਾ ਨੂ 50 - 100 ਕਰੋੜ ਦਾ ਫਾਇਦਾ. ਜਿਹੜੀ ਚੰਗੀ ਚੀਜ ਦੇਖਦੇ ਹਨ ਓਹ ਖੋ ਲੈਂਦੇ ਹਨ. ਹੁਣ ਅਖੇ ਚੰਡੀਗੜ੍ਹ ਸਨੁਉ ਦੇ ਦਿਓ
ReplyDelete