
ਮਿੱਟੀ ਹੁਣ ਨਹੀਂ ਮਾਰਦੀ ’ਵਾਜਾਂ !
ਚਰਨਜੀਤ ਭੁੱਲਰ
ਬਠਿੰਡਾ : ਖੇਤਾਂ ’ਚ ‘ਜ਼ਮੀਨ ਵਿਕਾਊ’ ਦੇ ਲੱਗੇ ਬੋਰਡ ਪੇਂਡੂ ਪੰਜਾਬ ਦਾ ਢਿੱਡ ਨੰਗਾ ਕਰ ਰਹੇ ਹਨ। ਪੰਜਾਬ ਸਰਕਾਰ ਇਨ੍ਹਾਂ ਬੋਰਡਾਂ ’ਤੇ ਲਿਖਿਆ ਪੜ੍ਹ ਨਹੀਂ ਰਹੀ। ਤਾਹੀਓਂ ਪਰਵਾਸ ਪੈਲੀ ਨਾਲੋਂ ਤੋੜ ਵਿਛੋੜਾ ਕਰਾਉਣ ਲੱਗਾ ਹੈ। ਸ਼ਾਇਦ ਪੰਜਾਬ ਦੀ ਮਿੱਟੀ ਵੀ ਹੁਣ ’ਵਾਜਾਂ ਨਹੀਂ ਮਾਰਦੀ। ਨਵਾਂ ਰੁਝਾਨ ਹੈ ਕਿ ਪ੍ਰਵਾਸੀ ਪੰਜਾਬੀ ਜੱਦੀ ਪੁਸ਼ਤੀ ਜ਼ਮੀਨਾਂ ਸਮੇਟਣ ਲੱਗੇ ਹਨ। ਵਿਦੇਸ਼ਾਂ ’ਚ ਵਸਦਿਆਂ ਨੂੰ ਪੰਜਾਬ ’ਚ ਜ਼ਮੀਨ ਸੁਰੱਖਿਅਤ ਨਹੀਂ ਜਾਪਦੀ। ਇਸੇ ਵਜੋਂ ਜ਼ਮੀਨਾਂ ਦੇ ਸੌਦੇ ਕਰਨ ਦੇ ਰਾਹ ਪਏ ਹਨ। ਪੰਜਾਬ ਵਿਚ ਵੀ ਮਾਪੇ ਜ਼ਮੀਨਾਂ ਵਿਕਾਊ ਕਰ ਰਹੇ ਹਨ ਤਾਂ ਜੋ ਬੱਚਿਆਂ ਨੂੰ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜ ਸਕਣ। ਪੇਂਡੂ ਪੰਜਾਬ ਵੱਡਾ ਸੰਤਾਪ ਝੱਲ ਰਿਹਾ ਹੈ। ਪ੍ਰਵਾਸੀ ਪੰਜਾਬੀਆਂ ਦੇ ਜ਼ਮੀਨਾਂ ਦੇ ਵੱਡੇ ਟੱਕ ਵਿਕਾਊ ਹਨ। ਖਰੀਦਦਾਰ ਕਿਧਰੇ ਕੋਈ ਲੱਭਦਾ ਨਹੀਂ ਪੰਜਾਬੀ ਟ੍ਰਿਬਿਊਨ ਵੱਲੋਂ ਖੋਜੇ ਤੱਥਾਂ ਅਨੁਸਾਰ ਜ਼ਿਲ੍ਹਾ ਮੋਗਾ ’ਚ ਜ਼ਮੀਨਾਂ ਦੇ ਭਾਅ ਧੜੱਮ ਕਰਕੇ ਡਿੱਗੇ ਹਨ। ਮੋਗਾ ਦੇ ਪਿੰਡ ਧਰਮਕੋਟ, ਭਿੰਡਰ ਕਲਾਂ, ਇੰਦਗੜ੍ਹ, ਬੱਡੂਵਾਲਾ, ਤਲਵੰਡੀ ਮੱਲੀਆਂ ਅਤੇ ਮਹਿਣਾ ਆਦਿ ਵਿਚ ਲੰਘੇ ਦੋ ਵਰ੍ਹਿਆਂ ਵਿਚ ਕਰੀਬ 600 ਏਕੜ ਜ਼ਮੀਨ ਪ੍ਰਵਾਸੀ ਪੰਜਾਬੀ ਵੇਚ ਚੁੱਕੇ ਹਨ। ਧਰਮਕੋਟ ਦੇ ਪਿੰਡ ਤਲਵੰਡੀ ਬੂਟੀਆਂ ਵਿਚ ਇੱਕ ਪ੍ਰਵਾਸੀ ਨੇ ਥੋੜਾ ਸਮਾਂ ਪਹਿਲਾਂ ਹੀ ਆਪਣੀ ਅੱਧੀ ਜ਼ਮੀਨ ਵੇਚੀ ਹੈ।
ਸੂਤਰਾਂ ਅਨੁਸਾਰ ਮੋਗਾ ਦੇ ਪਿੰਡ ਬੁੱਟਰ ’ਚ ਇੱਕ ਐਨ.ਆਰ.ਆਈ ਨੇ ਸਾਰੀ ਜ਼ਮੀਨ ਵੇਚ ਦਿੱਤੀ ਜਦੋਂ ਕਿ ਪਿੰਡ ਧੂਰਕੋਟ ਵਿਚ ਜ਼ਮੀਨ ਦਾ ਸੌਦਾ ਇੱਕ ਪ੍ਰਵਾਸੀ ਨੇ ਹੁਣੇ ਕੀਤਾ ਹੈ। ਮੱਝੂਕੇ ’ਚ ਵੀ ਜ਼ਮੀਨ ਵਿਕੀ ਹੈ। ਇਵੇਂ ਪਿੰਡ ਥਰਾਜ ਵਿਚ ਇੱਕ ਪ੍ਰਵਾਸੀ ਨੇ ਜ਼ਮੀਨ ਵੇਚੀ ਹੈ। ਨਿਹਾਲ ਸਿੰਘ ਵਾਲਾ ਦੇ ਪ੍ਰਾਪਰਟੀ ਡੀਲਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਛੇ ਮਹੀਨੇ ਵਿਚ ਜ਼ਮੀਨਾਂ ਦਾ ਭਾਅ ਦੋ ਲੱਖ ਰੁਪਏ ਹੋਰ ਘਟੇ ਹਨ। ਬਹੁਤੇ ਪ੍ਰਵਾਸੀ ਪੰਜਾਬੀ ਕਬਜ਼ਿਆਂ ਦੇ ਡਰੋਂ ਕਿਨਾਰਾ ਕਰਨ ਲੱਗੇ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਪਿੰਡ ਮਲੂਕਾ ਵਿਚ ਇੱਕ ਪ੍ਰਵਾਸੀ ਪੰਜਾਬੀ ਨੇ ਹੁਣੇ ਜ਼ਮੀਨ ਦਾ ਬਿਆਨਾ ਕੀਤਾ ਹੈ ਅਤੇ ਪਿੰਡ ਦਿਆਲਪੁਰਾ ਭਾਈਕਾ ਵਿਚ ਇੱਕ ਪ੍ਰਵਾਸੀ ਪੰਜਾਬੀ ਨੇ ਆਪਣੀ ਸਾਰੀ ਜ਼ਮੀਨ ਵੇਚੀ ਹੈ। ਜਲਾਲ-ਗੁੰਮਟੀ ਸੜਕ ’ਤੇ ਖੇਤਾਂ ਵਿਚ ਦਸ ਏਕੜ ਜ਼ਮੀਨ ਵਿਕਾਊ ਦਾ ਬੋਰਡ ਦੂਰੋ ਨਜ਼ਰ ਪੈਂਦਾ ਹੈ। ਮਹਿਲ ਕਲਾਂ (ਬਰਨਾਲਾ) ਖ਼ਿੱਤੇ ’ਚ ਪ੍ਰਵਾਸੀਆਂ ਨੇ ਜ਼ਮੀਨਾਂ ਵਿਕਾਊ ਕੀਤੀਆਂ ਹਨ। ਪਿੰਡ ਕਾਲੇਕੇ ਵਿਚ ਇੱਕ ਪ੍ਰਵਾਸੀ ਨੇ ਜ਼ਮੀਨ ਵਿਕਾਊ ਕੀਤੀ ਹੈ। ਬਰਨਾਲਾ ਨੇੜਲੇ ਪਿੰਡਾਂ ਵਿਚ ਦਰਜਨਾਂ ਪ੍ਰਵਾਸੀ ਜ਼ਮੀਨਾਂ ਦੇ ਖ੍ਰੀਦਦਾਰ ਤਲਾਸ਼ ਰਹੇ ਹਨ।
ਪੰਜਾਬ ਪ੍ਰਾਪਰਟੀ ਹੰਢਿਆਇਆ ਦੇ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪਹਿਲੋਂ ਸਰਦੀਆਂ ਵਿਚ ਜਦੋਂ ਪ੍ਰਵਾਸੀ ਆਉਂਦੇ ਤਾਂ ਪ੍ਰਾਪਰਟੀ ’ਚ ਉਛਾਲ ਆਉਂਦਾ ਸੀ। ਉਹ ਜ਼ਮੀਨਾਂ ’ਚ ਨਿਵੇਸ਼ ਕਰਦੇ ਸਨ। ਹੁਣ ਜਦੋਂ ਪ੍ਰਵਾਸੀ ਆਉਂਦੇ ਹਨ ਤਾਂ ਰੇਟ ਡਿੱਗਦੇ ਹਨ। ਬਠਿੰਡਾ ਦੇ ਪਿੰਡ ਡਿੱਖ ਵਿਚ ਥੋੜੇ ਸਮੇਂ ਵਿਚ ਹੀ 50 ਏਕੜ ਅਤੇ ਪਿੰਡ ਖੋਖਰ ਵਿਚ ਕਰੀਬ 40 ਏਕੜ ਜ਼ਮੀਨ ਵਿਕੀ ਹੈ। ਮੰਡੀ ਕਲਾਂ ਚੋਂ ਇੱਕ ਪ੍ਰਵਾਸੀ ਨੇ ਸਾਰੀ ਜ਼ਮੀਨ ਵੇਚੀ ਹੈ। ਸਟੱਡੀ ਵੀਜ਼ੇ ਕਰਕੇ ਛੋਟੀ ਕਿਸਾਨੀ ਨੇ ਥੋੜੀ ਥੋੜੀ ਜ਼ਮੀਨ ਵਿਕਾਊ ਕੀਤੀ ਹੈ। ਗਿੱਲ ਕਲਾਂ ਦੇ ਕਰੀਬ ਅੱਧੀ ਦਰਜਨ ਕਿਸਾਨਾਂ ਨੇ ਜ਼ਮੀਨਾਂ ਵੇਚੀਆਂ ਹਨ। ਤਹਿਸੀਲ ਬਠਿੰਡਾ ਦੇ ਐਡਵੋਕੇਟ ਸੁਰਜੀਤ ਸਿੰਘ ਨੇ ਦੱਸਿਆ ਕਿ ਅਬਲੂ,ਕਿੱਲੀ ਨਿਹਾਲ ਸਿੰਘ ਵਾਲਾ,ਧੰਨ ਸਿੰਘ ਖਾਨਾ ਅਤੇ ਕੋਟਫੱਤਾ ਆਦਿ ਪਿੰਡਾਂ ਵਿਚ ਸਟੱਡੀ ਵੀਜ਼ੇ ਤੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨਾਂ ਦੇ ਸੌਦੇ ਹੋਏ ਹਨ। ਫਰੀਦਕੋਟ ਦੇ ਪਿੰਡ ਸੇਖਾ ਵਿਚ ਇੱਕ ਪ੍ਰਵਾਸੀ ਪੰਜਾਬੀ ਨੇ ਜ਼ਮੀਨ ਵਿਕਾਊ ਕੀਤੀ ਹੈ। ਜਦੋਂ ਤੋਂ ਜ਼ਮੀਨਾਂ ਵਿਕਣ ’ਤੇ ਲੱਗੀਆਂ ਹਨ, ਮਾਲਵਾ ਵਿਚ ਦਰਜਨਾਂ ਮੱਝਾਂ ਦੇ ਵਪਾਰੀ ਵੀ ਪ੍ਰਾਪਰਟੀ ਡੀਲਰ ਬਣ ਗਏ ਹਨ। ਰੁਝਾਨ ਏਦਾਂ ਦਾ ਹੈ ਕਿ ਹਰ ਪਿੰਡ ਜ਼ਮੀਨ ਵਿਕਾਊ ਹੈ।
ਸਾਦਿਕ ਦੇ ਕਾਰੋਬਾਰੀ ਗੁਰਬਖਸ ਸਿੰਘ ਦੱਸਦੇ ਹਨ ਕਿ ਜੋ ਜ਼ਮੀਨ ਅੱਠ ਸਾਲ ਪਹਿਲਾਂ 22 ਲੱਖ ਦੀ ਏਕੜ ਸੀ, ਉਹ 11 ਲੱਖ ਦੀ ਏਕੜ ਰਹਿ ਗਈ ਹੈ, ਫਿਰ ਵੀ ਕੋਈ ਖਰੀਦਦਾਰ ਨਹੀਂ। ਮਾਨਸਾ ਦੇ ਪ੍ਰਾਪਰਟੀ ਕਾਰੋਬਾਰੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਹੁਣ ਖੇਤੀ ਜ਼ਮੀਨਾਂ ਵਪਾਰੀ ਤਾਂ ਲੈ ਹੀ ਨਹੀਂ ਰਿਹਾ ਹੈ। ਪਿੰਡਾਂ ਦੇ ਰੱਜਦੇ ਪੁੱਜਦੇ ਕਿਸਾਨ ਹੀ ਖਰੀਦਦਾਰ ਬਚੇ ਹਨ। ਸਰਕਾਰੀ/ਪ੍ਰਾਈਵੇਟ ਪ੍ਰੋਜੈਕਟਾਂ ’ਚ ਜੋ ਜ਼ਮੀਨ ਆਈ ਹੈ, ਉਨ੍ਹਾਂ ਦੇ ਮਾਲਕ ਵੀ ਨਵੀਂ ਜ਼ਮੀਨ ਦੇ ਖਰੀਦਦਾਰ ਬਣਦੇ ਹਨ। ਤਹਿਸੀਲਦਾਰ (ਗਿੱਦੜਬਹਾ) ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਮੀਨਾਂ ਦੇ ਛੋਟੇ ਸੌਦੇ ਹੋ ਰਹੇ ਹਨ ਅਤੇ ਵਿਦੇਸ਼ ਬੱਚੇ ਭੇਜਣ ਲਈ ਹੀ ਬਹੁਤੇ ਕਿਸਾਨ ਜ਼ਮੀਨਾਂ ਵੇਚ ਰਹੇ ਹਨ। ਰਜਿਸਟਰੀਆਂ ਘਟਣ ਕਰਕੇ ਹੀ ਅਸ਼ਟਾਮ ਫੀਸ ਵੀ ਪ੍ਰਭਾਵਿਤ ਹੋਈ ਹੈ। ਵੇਰਵਿਆਂ ਅਨੁਸਾਰ ਪਿਛਲੇ ਅਰਸੇ ਦੌਰਾਨ ਦੂਰ ਦੇ ਲੋਕਾਂ ਨੇ ਜੋ ਜ਼ਮੀਨਾਂ ਮਲਵਈ ਪਿੰਡਾਂ ਵਿਚ ਖਰੀਦ ਕੀਤੀਆਂ ਸਨ, ਉਹ ਵੀ ਜ਼ਮੀਨਾਂ ਵੇਚ ਰਹੇ ਹਨ। ਬਾਲਿਆਂ ਵਾਲੀ ਵਿਚ ਏਦਾਂ ਦੀ 22 ਏਕੜ ਜ਼ਮੀਨ ਵਿਕੀ ਹੈ। ਇਹ ਸੰਕਟ ਵੱਡਾ ਹੈ ਜਿਸ ਦਾ ਭਵਿੱਖ ’ਚ ਪੰਜਾਬ ਨੂੰ ਮੁੱਲ ਤਾਰਨਾ ਪੈਣਾ ਹੈ।
ਜੜ੍ਹਾਂ ਨਾਲੋਂ ਟੁੱਟਣਾ ਸੌਖਾ ਨਹੀਂ : ਸਿੱਧੂ
ਕੈਨੇਡਾ ਵਸਦੇ ਪ੍ਰਵਾਸੀ ਪੰਜਾਬੀ ਕਮਲਜੀਤ ਸਿੰਘ ਸਿੱਧੂ (ਰਾਈਆ) ਨੇ ਤਜਰਬੇ ਚੋਂ ਦੱਸਿਆ ਕਿ ਪੰਜਾਬ ਸਰਕਾਰ ਜੋ ਮਰਜ਼ੀ ਦਮਗਜੇ ਮਾਰੇ ਪਰ ਪੰਜਾਬ ’ਚ ਪ੍ਰਵਾਸੀ ਪੰਜਾਬੀਆਂ ਦੀ ਜਾਇਦਾਦ ਸੁਰੱਖਿਅਤ ਨਹੀਂ। ਬਹੁਤੇ ਪ੍ਰਵਾਸੀ ਇਸੇ ਡਰ ’ਚ ਜ਼ਮੀਨਾਂ ਵੇਚ ਰਹੇ ਹਨ। ਪ੍ਰਵਾਸੀਆਂ ਦੀ ਨਵੀਂ ਪੀੜੀ ਨੂੰ ਜ਼ਮੀਨਾਂ ਨਾਲ ਕੋਈ ਤੁਆਲਕ ਨਹੀਂ ਰਿਹਾ ਜਿਸ ਕਰਕੇ ਉਹ ਵੀ ਮਾਪਿਆਂ ’ਤੇ ਦਬਾਓ ਬਣਾ ਰਹੇ ਹਨ। ਉਨ੍ਹਾਂ ਆਖਿਆ ਕਿ ਜੜ੍ਹਾਂ ਨਾਲੋਂ ਕੌਣ ਟੁੱਟਣਾ ਚਾਹੁੰਦਾ ਹੈ, ਕੋਈ ਤਾਂ ਮਜਬੂਰੀ ਹੈ, ਸਰਕਾਰ ਫਿਰ ਵੀ ਸਮਝ ਨਹੀਂ ਰਹੀ।
ਸਰਕਾਰੀ ਖ਼ਜ਼ਾਨਾ ਵੀ ਝੰਬਿਆਂ ਗਿਆ
ਰਜਿਸਟਰੀਆਂ ਵੀ ਘਟ ਗਈਆਂ ਹਨ। ਸਰਕਾਰੀ ਖ਼ਜ਼ਾਨੇ ਨੂੰ ਅਸ਼ਟਾਮ ਫੀਸ ਵਜੋਂ ਹੋਣ ਵਾਲੀ ਆਮਦਨੀ ਨੂੰ ਵੀ ਸੱਟ ਵੱਜੀ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੂੰ ਅਸ਼ਟਾਮ ਫੀਸ ਵਜੋਂ ਸਾਲ 2016 ਵਿਚ 1536.21 ਕਰੋੜ ਪ੍ਰਾਪਤ ਹੋਏ ਸਨ ਜੋ ਸਾਲ 2017 ਵਿਚ ਘੱਟ ਕੇ 1408 ਕਰੋੜ ਆਮਦਨੀ ਰਹਿ ਗਈ। ਲੰਘੇ ਸਾਲ ਇਹ ਆਮਦਨ 1500.79 ਕਰੋੜ ਰੁਪਏ ਸੀ ਅਤੇ ਇਸ ਵਰੇ੍ਹ ਅਕਤੂਬਰ ਮਹੀਨੇ ਤੱਕ ਅਸ਼ਟਾਮ ਫੀਸ ਦੀ ਆਮਦਨੀ 1303.34 ਕਰੋੜ ਰੁਪਏ ਹੋਈ ਹੈ।