Thursday, October 3, 2019

                      ਛੇ ਹਜ਼ਾਰੀ ਸਕੀਮ 
 ਪੰਜਾਬ ’ਚ ਔੜ, ਹਰਿਆਣਾ ’ਚ ਝੜੀ
                       ਚਰਨਜੀਤ ਭੁੱਲਰ
ਬਠਿੰਡਾ : ਪ੍ਰਧਾਨ ਮੰਤਰੀ ਦੀ ‘ਛੇ ਹਜ਼ਾਰੀ ਸਕੀਮ’ ਦਾ ਮੋਘਾ ਹੁਣ ਹਰਿਆਣਾ ’ਚ ਖੁੱਲ੍ਹਾ ਹੈ ਜਦੋਂ ਕਿ ਪੰਜਾਬ ਨੂੰ ਔੜ ਝੱਲਣੀ ਪੈ ਰਹੀ ਹੈ। ਚੋਣਾਂ ਕਰਕੇ ਹਰਿਆਣਾ ਦੇ ਕਿਸਾਨਾਂ ਨੂੰ ਮੌਜ ਲੱਗੀ ਹੈ ਜਿਨ੍ਹਾਂ ਦੇ ਬੈਂਕ ਖਾਤਿਆਂ ’ਚ ਬਿਨਾਂ ਰੋਕ ਪੈਸਾ ਪੁੱਜ ਰਿਹਾ ਹੈ। ਇੱਧਰ, ਪੰਜਾਬ ਦੇ ਕਿਸਾਨ ਕੇਂਦਰ ਦੇ ਮੂੰਹ ਵੱਲ ਵੇਖ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17ਵੀਂ ਲੋਕ ਸਭਾ ਤੋਂ ਪਹਿਲਾਂ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਐਲਾਨੀ ਸੀ। ਇਸ ਕੇਂਦਰੀ ਸਕੀਮ ਤਹਿਤ ਕਿਸਾਨਾਂ ਨੂੰ ਸਲਾਨਾ ਛੇ ਹਜ਼ਾਰ ਰੁਪਏ ਤਿੰਨ ਕਿਸ਼ਤਾਂ ’ਚ ਦਿੱਤੇ ਜਾਣੇ ਹਨ। ਚੋਣਾਂ ਤੋਂ ਪਹਿਲਾਂ ਤਾਂ ਦੋ ਕਿਸ਼ਤਾਂ ਬਿਨਾਂ ਦੇਰੀ ਪੁੱਜ ਗਈਆਂ ਸਨ। ਲੋਕ ਸਭਾ ਚੋਣਾਂ ਮਗਰੋਂ ਇਸ ਸਕੀਮ ਦੀ ਤੀਸਰੀ ਕਿਸ਼ਤ ਨੂੰ ਬਰੇਕ ਲੱਗ ਗਈ।  ਵੇਰਵਿਆਂ ਅਨੁਸਾਰ ‘ਛੇ ਹਜ਼ਾਰੀ ਸਕੀਮ’ ਦੇ ਪੰਜਾਬ ਵਿਚ 14.79 ਲੱਖ ਅਤੇ ਹਰਿਆਣਾ ਵਿਚ 13.51 ਲੱਖ ਲਾਭਪਾਤਰੀ ਕਿਸਾਨ ਹਨ। ਕਿਸਾਨਾਂ ਨੂੰ ਇਸ ਸਕੀਮ ਤਹਿਤ ਪਹਿਲੀ ਅਗਸਤ ਤੋਂ ਤੀਜੀ ਕਿਸ਼ਤ ਮਿਲਣੀ ਸੀ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਇਸ ਸਕੀਮ ਦੀ ਤੀਜੀ ਕਿਸ਼ਤ ਸਿਰਫ਼ 16,243 ਕਿਸਾਨਾਂ ਨੂੰ ਮਿਲੀ ਹੈ ਜੋ ਕਿ ਸਿਰਫ਼ 1.09 ਫ਼ੀਸਦੀ ਬਣਦੀ ਹੈ।
               ਹਰਿਆਣਾ ’ਚ ਏਦਾ ਦਾ ਸੋਕਾ ਨਹੀਂ ਜਿਥੋਂ ਦੇ 6.93 ਲੱਖ ਕਿਸਾਨਾਂ ਨੂੰ ਤੀਜੀ ਕਿਸ਼ਤ ਵੀ ਮਿਲ ਚੁੱਕੀ ਹੈ ਜੋ ਕਿ 51.31 ਫ਼ੀਸਦੀ ਬਣਦੇ ਹਨ। ਦੇਸ਼ ਚੋਂ ਹਰਿਆਣਾ ਇਕਲੌਤਾ ਸੂਬਾ ਹੈ ਜਿਥੋਂ ਦੇ ਸਭ ਤੋਂ ਵੱਧ ਕਿਸਾਨਾਂ ਨੂੰ ਇਸ ਕੇਂਦਰੀ ਸਕੀਮ ਦੀ ਤੀਜੀ ਕਿਸ਼ਤ ਦੀ ਰਾਸ਼ੀ ਮਿਲੀ ਹੈ। ਪੰਜਾਬ ਵਿਚ ਇਵੇਂ ਦੇ 1.65 ਲੱਖ ਕਿਸਾਨ ਹਨ ਜਿਨ੍ਹਾਂ ਨੂੰ ਕੇਂਦਰੀ ਸਕੀਮ ਦੀ ਦੂਸਰੀ ਕਿਸ਼ਤ ਵੀ ਪ੍ਰਾਪਤ ਨਹੀਂ ਹੋਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕਾ ਬਠਿੰਡਾ (ਸਮੇਤ ਮਾਨਸਾ) ’ਚ ਇਸ ਸਕੀਮ ਦੇ ਕੁੱਲ 1.88 ਲੱਖ ਲਾਭਪਾਤਰੀ ਕਿਸਾਨ ਹਨ ਜਿਨ੍ਹਾਂ ਚੋਂ ਸਿਰਫ਼ 844 ਕਿਸਾਨਾਂ ਦੇ ਖਾਤਿਆਂ ਵਿਚ ਤੀਜੀ ਕਿਸ਼ਤ ਦੀ ਰਾਸ਼ੀ ਆਈ ਹੈ ਜੋ ਕਿ 0.44 ਫ਼ੀਸਦੀ ਬਣਦੀ ਹੈ। ਸਭ ਤੋਂ ਘੱਟ ਫਰੀਦਕੋਟ ਦੇ ਸਿਰਫ਼ 70 ਅਤੇ ਫਤਹਿਗੜ੍ਹ ਸਾਹਿਬ ਦੇ 72 ਕਿਸਾਨਾਂ ਨੂੰ ਤੀਸਰੀ ਕਿਸ਼ਤ ਪ੍ਰਾਪਤ ਹੋਈ ਹੈ। ਪੰਜਾਬ ’ਚ ਸਭ ਤੋਂ ਵੱਧ ਫਾਜ਼ਿਲਕਾ ਜ਼ਿਲ੍ਹੇ ਦੇ 3357 ਕਿਸਾਨਾਂ ਨੂੰ ਤੀਸਰੀ ਕਿਸ਼ਤ ਮਿਲੀ ਹੈ। ਬਰਨਾਲਾ ਜ਼ਿਲ੍ਹੇ ਦੇ 403 ਅਤੇ ਮੁਕਤਸਰ ਸਾਹਿਬ ਦੇ 177 ਕਿਸਾਨਾਂ ਕੋਲ ਇਹ ਤੀਜੀ ਕਿਸ਼ਤ ਪੁੱਜੀ ਹੈ।
        ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ 2019 ਨੂੰ ਇਸ ਸਕੀਮ ਦਾ ਉਦਘਾਟਨ ਕੀਤਾ ਸੀ। ਕੇਂਦਰੀ ਸਕੀਮ ਦੀ ਪਹਿਲੀ ਕਿਸ਼ਤ 31 ਮਾਰਚ ਤੋਂ ਪਹਿਲਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਗਈ ਸੀ। ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਹਿਰੀ ਭਾਗੀ ਦਾ ਕਹਿਣਾ ਸੀ ਕਿ ਕੇਂਦਰੀ ਸਕੀਮ ਦੀਆਂ ਦੋ ਕਿਸ਼ਤਾਂ ਸਮੇਂ ਸਿਰ ਖਾਤਿਆਂ ਵਿਚ ਪੁੱਜੀਆਂ ਸਨ ਪ੍ਰੰਤੂ ਹੁਣ ਤੀਸਰੀ ਕਿਸ਼ਤ ਦਾ ਪੈਂਡਾ ਲੰਮਾ ਹੋ ਗਿਆ ਹੈ। ਕਿਸਾਨ ਸਹਿਕਾਰੀ ਮੁਲਾਜ਼ਮਾਂ ਕੋਲ ਗੇੜੇ ਮਾਰ ਰਹੇ ਹਨ। ਉਨ੍ਹਾਂ ਆਖਿਆ ਕਿ ਨਵੇਂ ਕਿਸਾਨ ਜੋ ਇਸ ਸਕੀਮ ਦੇ ਮੈਂਬਰ ਬਣਨੇ ਸਨ, ਉਸ ਦਾ ਕੰਮ ਠੰਡੇ ਬਸਤੇ ਵਿਚ ਪਿਆ ਹੈ ਅਤੇ ਪੰਜਾਬ ਸਰਕਾਰ ਵੀ ਕੋਈ ਸਰਗਰਮੀ ਨਹੀਂ ਦਿਖਾ ਰਹੀ ਹੈ।  ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ ਦੇ 14.79 ਲੱਖ ਕਿਸਾਨਾਂ ਚੋਂ 14.60 ਲੱਖ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੀ ਰਾਸ਼ੀ ਮਿਲੀ ਹੈ ਜਦੋਂ ਕਿ 13.14 ਲੱਖ ਕਿਸਾਨਾਂ ਨੂੰ ਦੂਸਰੀ ਕਿਸ਼ਤ ਪ੍ਰਾਪਤ ਹੋਈ ਹੈ।
              ਪੰਜਾਬ ਦੇ ਕਿਸਾਨਾਂ ਨੂੰ ਤੀਸਰੀ ਕਿਸ਼ਤ ਵਜੋਂ ਹੁਣ ਤੱਕ 3.24 ਲੱਖ ਰੁਪਏ ਪ੍ਰਾਪਤ ਹੋਏ ਹਨ ਜਦੋਂ ਕਿ ਹਰਿਆਣਾ ਦੇ ਕਿਸਾਨਾਂ ਨੂੰ ਤੀਜੀ ਕਿਸ਼ਤ ਦੇ 138.67 ਕਰੋੜ ਰੁਪਏ ਖਾਤਿਆਂ ਵਿਚ ਪੈ ਗਏ ਹਨ। ਪੰਜਾਬ ਦੇ ਕਿਸਾਨਾਂ ਨੂੰ ਇਸ ਸਕੀਮ ਤਹਿਤ ਸਲਾਨਾ 887 ਕਰੋੜ ਰੁਪਏ ਮਿਲਨੇ ਹਨ ਜਦੋਂ ਕਿ ਹਰਿਆਣਾ ਦੇ ਕਿਸਾਨਾਂ ਨੂੰ 410 ਕਰੋੜ ਰੁਪਏ ਪ੍ਰਾਪਤ ਹੋਣੇ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਕੇਂਦਰੀ ਸਕੀਮ ਸਿਆਸੀ ਰੰਗ ਤੋਂ ਮੁਕਤ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਪੰਜਾਬ ਨਾਲ ਕਾਣੀ ਵੰਡ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਖਿਆ ਕਿ ਕੇਂਦਰ ਬਿਨਾਂ ਵਿਤਕਰੇ ਤੋਂ ਪੰਜਾਬ ਦੇ ਕਿਸਾਨਾਂ ਨੂੰ ਕੇਂਦਰੀ ਸਕੀਮ ਦੀ ਤੀਜੀ ਕਿਸ਼ਤ ਫੌਰੀ ਜਾਰੀ ਕਰੇ।
                        ‘ਕਮਲ’ ਵਾਲੇ ਸੂਬੇ ਅੱਗੇ ਨਿਕਲੇ
ਦੂਸਰੇ ਸੂਬਿਆਂ ’ਤੇ ਨਜ਼ਰ ਮਾਰੀਏ ਤਾਂ ਗੁਜਰਾਤ ਦੇ 30.87 ਫੀਸਦੀ ਕਿਸਾਨਾਂ ਅਤੇ ਉੱਤਰ ਪ੍ਰਦੇਸ਼ ਦੇ 25.17 ਫੀਸਦੀ ਕਿਸਾਨਾਂ ਨੂੰ ਇਸ ਸਕੀਮ ਦੀ ਤੀਜੀ ਕਿਸ਼ਤ ਦਾ ਪੈਸਾ ਮਿਲ ਚੁੱਕਾ ਹੈ। ਛੋਟੇ ਸੂਬਿਆਂ ਨੂੰ ਵੀ ਇਹ ਪੈਸਾ ਨਹੀਂ ਮਿਲਿਆ ਹੈ। ਦਿੱਲੀ ਦੇ 11,385 ਕਿਸਾਨ ਹਨ ਜਿਨ੍ਹਾਂ ਨੂੰ ਤੀਜੀ ਕਿਸ਼ਤ ਨਹੀਂ ਮਿਲੀ। ਹੈਰਾਨੀ ਵਾਲੇ ਤੱਥ ਹਨ ਕਿ ਪੱਛਮੀ ਬੰਗਾਲ ਵਿਚ ਇਸ ਕੇਂਦਰੀ ਸਕੀਮ ਦਾ ਇੱਕ ਵੀ ਲਾਭਪਾਤਰੀ ਕਿਸਾਨ ਨਹੀਂ ਹੈ। ਮੱਧ ਪ੍ਰਦੇਸ਼ ਦੀ ਹਾਲਤ ਪੰਜਾਬ ਨਾਲੋਂ ਮਾੜੀ ਹੈ ਜਿਥੇ 37.65 ਲੱਖ ਕਿਸਾਨਾਂ ਚੋਂ ਸਿਰਫ਼ 26 ਕਿਸਾਨਾਂ ਨੂੰ ਤੀਜੀ ਕਿਸ਼ਤ ਮਿਲੀ ਹੈ।
                             ਅਦਾਇਗੀ ਕੇਂਦਰ ਨੇ ਕਰਨੀ ਹੈ : ਪੰਨੂ
ਖੇਤੀ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਦੀ ਤੀਜੀ ਕਿਸ਼ਤ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਣੀ ਹੈ ਅਤੇ ਹੁਣ ਇਸ ’ਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਲਾਭਪਾਤਰੀਆਂ ਦਾ ਅੰਕੜਾ ਕੇਂਦਰ ਨੂੰ ਮੁਹੱਈਆ ਕਰਾ ਦਿੱਤਾ ਹੈ ਅਤੇ ਨਵੇਂ ਕਿਸਾਨਾਂ ਦੀ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ। ਅਦਾਇਗੀ ਦਾ ਕੰਮ ਹੁਣ ਪੂਰੀ ਤਰ੍ਹਾਂ ਕੇਂਦਰ ਦੇ ਹੱਥ ਹੈ।


                      



   







1 comment:

  1. ਕੇਂਦਰ ਵਿਚ ਬਾਦਲਾ ਦੀ ਆਵਦੀ ਸਰਕਾਰ ਹੈ - ਕੁੰਡਾ ਖੋਲ ਬੰਸਤਰੀਏ -

    ਜਦੋ ਮਨਮੋਹਨ ਸਿੰਘ truck ਭਰ ਭਰ ਕੇ ਬਾਦਲਾਂ ਨੂ ਦਿੰਦਾ ਸੀ ਉਦੋ ਬਾਦਲਾ ਕਹਿੰਦੇ ਹੁੰਦੇ ਸੀ ਕਾੰਗ੍ਰੇਸ ਤਾ ਸਾਡੇ ਨਾਲ ਮਤਰੇਈ ਮਾ ਵਾਲਾ ਸਲੂਕ ਕਰਦੀ ਹੈ - ਹੁਣ ਉਨਾ ਦੀ ਮਾ ਪਾਰਟੀ ਹੈ ਹੁਣ ਨਾਲੇ ਕੇਂਦਰੀ ਵਜੀਰੀ ਵੀ ਹੈ - ਭਾਈ ਹੁਣ ਕਿਸ ਗਲ ਨੂ ਉਡੀਕ ਰਹੇ ਹਨ? ਨਾਲੇ ਦੁਖਬੀਰ ਕਹਿੰਦਾ ਸੀ ਜੇ ਮੋਦੀ ਬਣ ਪ੍ਰਧਾਨ ਬਣ ਗਿਆ ਤਾ ਪੰਜਾਬ ਵਲ ਪੈਸਿਆ ਦੇ truck ਭਰ ਭਰ ਕੇ ਭੇਜੇਗਾ...ਲੋਕ ਉਸ ਤੋ ਜੁਵਾਬ ਕਿਓ ਨਹੀ ਮੰਗਦੇ?

    ReplyDelete