Sunday, September 29, 2019

                            ਵਿਚਲੀ ਗੱਲ 
            ਦਿਲ ਦਰਿਆ ਸਮੁੰਦਰੋਂ ਡੂੰਘੇ..   
                           ਚਰਨਜੀਤ ਭੁੱਲਰ
ਬਠਿੰਡਾ : ਦਿਲਾਂ ’ਚ ਮੈਲ ਨਹੀਂ ਤਾਂ ਫਿਰ ਕਾਹਦਾ ਡਰ। ਗੁਜਰਾਤ ਦੀ ਕੁੜੀ ਹੋਵੇ, ਚਾਹੇ ਮੁੰਡਾ। ਜਿਧਰ ਵੀ ਤੁਰੋ, ਰਾਹ ਬਣ ਜਾਂਦੇ ਨੇ। ਦਿਲਾਂ ’ਚ ਖੋਟ ਹੈ, ਫਿਰ ਕੋਈ ਹੱਲ ਨਹੀਂ। ਡਾਕਟਰ ਵੀ ਸੌਰੀ ਆਖਦੇ ਨੇ। ਦਰਦ ਦਾ ਇਲਾਜ ਹੈ, ਟੱੁਟੇ ਦਿਲਾਂ ਦਾ ਨਹੀਂ। ਅੱਲ੍ਹੜ ਉਮਰਾਂ ’ਚ ਦਿਲ ਡਰਦੇ ਨੇ। ਚੋਰਾਂ ’ਤੇ ਇਤਬਾਰ ਕਾਹਦਾ। ਜ਼ਿੰਦਗੀ ਦਾ ਵੀ ਕੀ ਭਰੋਸਾ। ਮੇਲਾ ਚਲੋ ਚਲੀ ਦਾ ਹੈ, ਸਿਰਫ਼ ਚਾਰ ਦਿਨਾਂ ਦਾ। ਜਦੋਂ ਉਮਰ ਛੱਲਾਂ ਮਾਰਦੀ ਹੈ। ਉਦੋਂ ਦਿਲ ਹੱਥਾਂ ’ਤੇ ਟਿਕਦੇ ਨੇ। ਕੋਈ ਪਿਆਰਾ ਮੰਗੇ ਤਾਂ ਸਹੀ। ਵਟਾਂਦਰਾ ਦਿਲਾਂ ਦਾ ਹੁੰਦਾ ਹੈ। ਉਮਰਾਂ ਜ਼ਿੰਦਗੀ ਦਾ ਖਾਲਾ ਟੱਪ ਜਾਣ। ਦਿਲਾਂ ਨੂੰ ਕਾਹਦੀ ਪ੍ਰਵਾਹ। ਦਿਲ ਮਿਲ ਜਾਏ, ਦੂਰੀ ਮਿਟਦੀ ਹੈ। ਫਿਰ ਕੌਣ ਗੁਰੂ ਤੇ ਕੌਣ ਚੇਲਾ। ਅੱਜ ‘ਵਿਸ਼ਵ ਦਿਲ ਦਿਵਸ’ ਹੈ। ਦਿਲ ਧੜਕੇ ਤਾਂ ਜ਼ਿੰਦਗੀ। ਖਾਮੋਸ਼ ਹੋ ਜਾਏ ਤਾਂ ਦਾਣਾ ਪਾਣੀ ਮੁੱਕਦੈ। ਅਨੇਕਾਂ ਸਲਾਹਾਂ ਅੱਜ ਡਾਕਟਰ ਦੇਣਗੇ। ਮਸ਼ਵਰਾ ਨੇਕ ਹੋਵੇ, ਲਾਜ਼ਮੀ ਨਹੀਂ। ਏਹ ਨਹੀਂ ਖਾਣਾ, ਓਹ ਨਹੀਂ ਖਾਣਾ। ਦਿਲ ਇੱਕ ਮੰਦਰ ਹੈ, ਕੋਈ ਡਾਕਟਰ ਨਹੀਂ ਦੱਸਦਾ। ਇਕੱਲਾ ਭਾਅ ਨਹੀਂ, ਕਿੰਨੇ ਸਟੈਂਟ ਪੈਣਗੇ, ਹਰ ਕੋਈ ਦੱਸਦੈ। ਮੁਹੱਬਤਾਂ ਦਾ ਸੋਕਾ ਪੈ ਜਾਏ। ਨਫਰਤਾਂ ਦੇ ਹੜ੍ਹ ਵਗਣ। ਫਿਰ ਦਿਲ ਦਾ ਭੜਥੂ ਪੈਂਦੈ। ਮਲੂਕ ਸਭ ਤੋਂ ਵੱਧ ਦਿਲ ਹੁੰਦੈ। ਜ਼ਮਾਨਾ ਕਿਹੋ ਜੇਹਾ ਹੈ, ਦਿਲ ਦੀ ਕਿਸਨੂੰ ਪ੍ਰਵਾਹ। ਪਾਪਾਂ ਨਾਲ ਨੱਕੋਂ ਨੱਕ ਭਰੇ ਨੇ। ਬੰਦਾ ਹੀ ਬੰਦੇ ਦੀ ਦਾਰੂ ਬਣਦੈ। ਜਦੋਂ ਦਿਲ ਪਵਿੱਤਰ ਹੋਣ। ਦਿਲਾਂ ’ਚ ਕੂੜਾ ਭਰ ਜਾਏ, ਉਦੋਂ ਕੰਧ ਉਸਰਦੀ ਹੈ।
      ‘ਵਿਸ਼ਵ ਦਿਲ ਦਿਵਸ’ ਹੈ। ਘੱਟੋ ਘੱਟ ਅੱਜ ਤਾਂ ਦਿਲ ਖਾਲੀ ਕਰੋ, ਨਾਲੇ ਵੱਡੇ। ਦਿਲ ਹੋਵੇ ਚੰਗਾ, ਕਟੋਰੇ ’ਚ ਗੰਗਾ। ਨਰਿੰਦਰ ਮੋਦੀ ਇਸ ਗੱਲੋਂ ਤੇਜ਼ ਨਿਕਲੇ। ਦੂਜੀ ਪਾਰੀ ਤੋਂ ਪਹਿਲਾਂ ਗੰਗਾ ਇਸ਼ਨਾਨ ਕਰ ਆਏ। ਸਭ ਵਹੀ ਖਾਤਾ ਸਾਫ। ਦਿਲ ਵੀ ਸਾਫ, ਐਨ ਚੌਵੀ ਕੈਰਟ। ਇੱਕ ਡੁਬਕੀ ਨਾਲ ਸਭ ਪਾਪ ਜਲ ਪ੍ਰਵਾਹ ਹੋ ਗਏ। ਐਤਕੀਂ ਕੁੰਭ ਮੇਲਾ ਵੀ ਸੀ। ਕਰੋੜਾਂ ਲੋਕਾਂ ਨੇ ਇਸ਼ਨਾਨ ਕੀਤਾ। ਪਾਪਾਂ ਦੀ ਮੈਲ ਗੰਗਾ ਕਿਥੋਂ ਝੱਲੇ। ਦੇਹੀ ਧੋਇ ਨਾ ਉਤਰੈ ਮੈਲ। ਸੌਲਾਂ ਆਨੇ ਸੱਚ ਹੈ। ਵਕਾਰਾਂ ਦੀ ਮੈਲ ਕਿਵੇਂ ਉੱਤਰੂ। ਮੋਦੀ ਨੇ ‘ਕਲੀਨ ਗੰਗਾ’ ਮਿਸ਼ਨ ਵੀ ਚਲਾਇਐ। 2020 ਤੱਕ ਗੰਗਾ ਚੋਂ ਮੈਲ ਕੱਢ ਦੇਣੀ ਹੈ। 1568 ਕਿਲੋਮੀਟਰ ਲੰਮੀ ਗੰਗਾ, ਕਿਨਾਰੇ ਤੇ ਵਸੇ 100 ਸ਼ਹਿਰ। ਪੂਰਾ 2.9 ਬਿਲੀਅਨ ਲੀਟਰ ਰਹਿੰਦ ਖਹੂੰਦ ਗੰਗਾ ’ਚ ਵਹਿੰਦਾ ਹੈ। ਕਿਤੇ ਮਨਾਂ ਦੀ ਮੈਲ ਪ੍ਰਵਾਹ ਹੁੰਦੀ। ਫਿਰ ਸੌਦਾ ਮਾੜਾ ਨਹੀਂ ਸੀ। ਪਵਿੱਤਰ ਗੰਗਾ ’ਤੇ ਕੌਣ ਤਰਸ ਖਾਂਦੈ। ਦਿਲਾਂ ਦੀ ਸਫਾਈ ਲਈ ਵੀ ਕੌਮੀ ਮਿਸ਼ਨ ਚੱਲੇ। ਕਾਰ ਸੇਵਾ ਵਾਲੇ ਬਾਬਿਆਂ ਦੇ ਵਸ ਦੀ ਗੱਲ ਨਹੀਂ। ਪਹਿਲੋਂ ਇਸ਼ਨਾਨ ਕੀਤਾ। ਫਿਰ ਦਲਿਤਾਂ ਦੇ ਪੈਰ ਫੜੇ। ਜੇਬ ਚੋਂ 21 ਲੱਖ ਵੀ ਦਿੱਤੇ। ਮੋਦੀ ਗੁਜਰਾਤੀ ਮਿੱਟੀ ਦੇ ਬਣੇ ਨੇ। ਧੁਰ ਅੰਦਰੋਂ ਹੂਕ ਨਿਕਲੀ। ਕਿਸੇ ਦਲਿਤ ਦੀ ਪੀੜ ਕਿਵੇਂ ਝੱਲਣ। ਬੋਲੇ ਨੇ, ਦਲਿਤਾਂ ’ਤੇ ਨਹੀਂ, ਪਹਿਲਾਂ ਮੇਰੇ ’ਤੇ ਹੱਥ ਚੁੱਕੋ।
               ਮੱਧ ਪ੍ਰਦੇਸ਼ ਦੀ ਤਾਜ਼ਾ ਘਟਨਾ। ਭੈਣ ਭਰਾ ਸੌਚ ਲਈ ਘਰੋਂ ਨਿਕਲੇ। ਢੇਰ ਕਰ ਦਿੱਤੇ। ਬਾਪ ਆਖਦਾ ਹੈ, ਪਖਾਨਾ ਹੁੰਦਾ, ਬੱਚੇ ਬਚ ਜਾਂਦੇ। ਦਿਲ ਤਾਂ ਬੱਚੇ ਵਾਂਗ ਹੁੰਦੈ। ਏਦਾਂ ਦੇ ਗੁਜਰਾਤੀ  ਨਹੀਂ। ਮੁਨਾਫ਼ੇ ਲਈ ਦਾਅ ’ਤੇ ਕੀ ਲਾਉਣੈ। ਕੋਈ ਇਨ੍ਹਾਂ ਤੋਂ ਸਿੱਖੇ। ‘ਨਫ਼ਰਤੀ ਸਿਆਸਤ’ ਏਨੀ ਵਧੀ ਹੈ। ਦੇਸ਼ ਦੇ ਦਿਲ ਨੂੰ ਸਟੈਂਟ ਬਿਨਾਂ ਨਹੀਂ ਸਰਨਾ। ਪੰਜਾਬ ਨੂੰ ਬਾਈਪਾਸ ਸਰਜਰੀ ਬਿਨਾਂ। ਹੇਟ ਕਰਾਈਮ ਵਾਚ’ ਦਾ ਅੰਕੜਾ ਵੇਖੋ। 2019 ਵਿਚ ਨਫ਼ਰਤ ਹਿੰਸਾ ਦੇ 300 ਮਾਮਲੇ ਵਾਪਰੇ। 96 ਗਊ ਰੱਖਿਅਕ ਨਾਲ ਤਅੱਲਕ ਰੱਖਣ ਵਾਲੇ। ਹੁਣ ਤੱਕ ਹਜ਼ੂਮੀ ਹਿੰਸਾ ’ਚ 111 ਨੇ ਜਾਨ ਗੁਆਈ। ‘ਅਮਨੈਸਟੀ ਇੰਡੀਆ’ ਦੀ ਵਰ੍ਹਾ 2018 ਦੀ ਰਿਪੋਰਟ। ਨਫਰਤੀ ਹਿੰਸਾ ਦੇ 218 ਮਾਮਲੇ ਸਾਹਮਣੇ ਆਏ। 142 ਕੇਸਾਂ ’ਚ ਦਲਿਤ ਨਿਸ਼ਾਨੇ ’ਤੇ। ਪੁਲੀਸ ਤੋਂ ਕਿਥੇ ਉਮੀਦ। ਤਬਰੇਜ਼ ਅਨਸਾਰੀ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ। ਪੁਲੀਸ ਦਾ ਇਹ ਝੂਠ ਜਲਦੀ ਨੰਗਾ ਹੋ ਗਿਆ। ਨਫ਼ਰਤ ਰੁੱਤੇ ਪਿਆਰ ਦੀ ਗੱਲ ਕਿਥੋਂ ਹੋਵੇ। ਦੇਸ਼ ਹੋਵੇ ਤੇ ਚਾਹੇ ਸਮਾਜ। ਜਦੋਂ ਦਿਲਾਂ ’ਚ ਜ਼ਹਿਰ ਵਧੇਗਾ। ਦੌਰੇ ਦਿਲ ਦੇ ਹੀ ਪੈਣਗੇ। ਮੋਦੀ ਤਾਂ ਵਿਦੇਸ਼ ਦੌਰਿਆਂ ’ਚ ਮੁੜ ਉਲਝੇ ਨੇ।
      ਮਰਹੂਮ ਲਾਲ ਸਿੰਘ ਦਿਲ ਨੇ ਇੰਝ ਬਿਆਨੀ ਕੀਤੀ। ‘ਛੇੜੋ ਛੇੜੋ ਦਿਲ ਦੀਆਂ ਗੱਲਾਂ, ਕਰੋ ਕਿਤੇ ਕੋਈ ਹੱਲਾ ਗੁੱਲਾ’। ਦਿਲ ਦੀ ਗੱਲ ਦਾ ਮੌਕਾ ਨਹੀਂ। ਸਭ ਈ.ਡੀ ਤੋਂ ਡਰਦੇ ਨੇ। ਚਾਹੇ ਚਿਦੰਬਰਮ ਤੇ ਪਵਾਰ ਨੂੰ ਪੁੱਛ ਲਓ। ਲੀਡਰਾਂ ਨੂੰ ਛੱਡੋ, ਡਾਕਟਰਾਂ ਨੂੰ ਪੁੱਛਦੇ ਹਾਂ। ਸਟੈਂਟ ਕਿੰਨੇ ’ਚ ਪਾਉਂਦੇ ਹੋ। ਦਿਲ ਦੀ ਬਿਮਾਰੀ ਵੱਡਾ ਕਾਰੋਬਾਰ ਬਣੀ ਹੈ। ਭੈਅ ਤੇ ਦਹਿਸ਼ਤ ਦਾ ਵਪਾਰ। ਡਾ. ਅਮਰ ਸਿੰਘ ਆਜ਼ਾਦ ਦੀ ਨੇਕ ਸਲਾਹ, ‘ਜ਼ਿੰਦਗੀ ਦੇ ਤੌਰ ਤਰੀਕੇ ਬਦਲੋ, ਡਰਨ ਦੀ ਲੋੜ ਨਹੀਂ। ਕੀ ਖਾਣੈ ਤੇ ਕੀ ਨਹੀਂ ਖਾਣੈ, ਬੱਸ ਇਸ ਦਾ ਖਿਆਲ ਰੱਖੋ।’ ਨਾਲੇ ਕਹਿੰਦੇ, ਕੀ ਖਾਣੈ, ਕੀ ਨਹੀਂ, ਏਹ ਸਰਕਾਰ ਦੱਸੂ, ਕਿਸੇ ਨੇ ਆਜ਼ਾਦ ਦੀ ਗੱਲ ਕੱਟੀ ਹੈ। ‘ਦਿੜਬੇ ਦੇ ਪਿੱਪਲ’ ਕਿਤੇ ਗੁੱਸਾ ਨਾ ਕਰ ਜਾਣ। ਜਦੋਂ ਤੋਂ ਕੇਂਦਰ ਨੇ ਦੂਜੀ ਪਾਰੀ ਸ਼ੁਰੂ ਕੀਤੀ ਹੈ। ਸਭ ਤੋਂ ਵੱਧ ਰੱਬ ਪ੍ਰੇਸ਼ਾਨ ਹੈ। ਮੁਲਕ ਦੇ ਦਿਲ ’ਚ ਨਫ਼ਰਤ ਬੈਠੀ ਹੈ, ਮੈਂ ਕਿਥੇ ਬੈਠਾ। ਰੱਬ ਨੇ ਧੰਨੇ ਭਗਤ ਨੂੰ ਪੁੱਛਿਐ। ਤੀਹ ਵਰੇ੍ਹ ਪਹਿਲਾਂ ਗੁਰਦਾਸ ਮਾਨ ਨੇ ਗਾਇਆ, ‘ਤੌਬਾ ਖੁਦਾ ਦੇ ਵਾਸਤੇ ਕੁਝ ਤਾਂ ਡਰੋਂ ਸੱਜਣ, ਦਿਲ ਦਾ ਮਾਮਲਾ ਹੈ।’ ਹੁਣ ਮਾਨ ਸਾਹਿਬ ਚੁੱਪ ਨੇ ਜਦੋਂ ਤੋਂ ਮਾਮਲਾ ਗੜਬੜ ਹੋਇਐ। ਵਿਰੋਧੀ ਕਹਿੰਦੇ ਨੇ, ਆਇਆ ਵੱਡਾ ਵਕੀਲ। ਪਾਸ਼ ਜਾਣੀ ਜਾਣ ਸੀ। ਉਸ ਨੇ ਦਿਲ ਨੂੰ ਪਾਨ ਦੇ ਪੱਤੇ ਵਰਗਾ ਲੋਥੜਾ ਦੱਸਿਆ। ਗਰੀਬ ਬੰਦੇ ਨੂੰ ਪੁੱਛ ਕੇ ਦੇਖੋ। ਦਿਲ ਦਾ ਰੋਗ ਲੋਥ ਬਣਾ ਕੇ ਰੱਖ ਦਿੰਦੈ।
              ਗਰੀਬ ਬੰਦੇ ਦਾ ਦਿਲ ਤਾਂ ਵੱਡਾ ਹੈ। ਬਿਜਲੀ ਬਿੱਲ ਦੇਖ ਕੇ ਘਟਣ ਲੱਗ ਜਾਂਦੈ। ਸੁਸ਼ਮਾ ਸਵਰਾਜ ਨੂੰ ਦਿਲ ਦਾ ਦੌਰਾ ਲੈ ਬੈਠਾ। ਘਟੀ ਦੀ ਕੋਈ ਦਾਰੂ ਨਹੀਂ। ਮੁਕੱਦਰ ਦੇ ਧਨੀ ਵੱਡੇ ਬਾਦਲ ਨੇ। ਅਮਰੀਕਾ ਤੋਂ ਦਿਲ ਦਾ ਇਲਾਜ ਕਰਾਇਐ। ਗੁਰਦਾਸ ਬਾਦਲ ਨੇ ਚੰਡੀਗੜੋਂ੍ਹ। ਗਰੀਬ ਦਾ ਘਰ ਛੋਟਾ, ਦਿਲ ਵੱਡਾ ਹੁੰਦੈ। ਦਿਲ ਦਾ ਦੌਰਾ ਪੈ ਜਾਏ, ਪੂਰਾ ਮੁਲਕ ਛੋਟਾ ਲੱਗਦੈ। ਲੋੜ ਛਾਤੀ ਦੀ ਨਹੀਂ, 56 ਇੰਚੀ ਦਿਲ ਦੀ ਹੈ। ਆਖਦੇ ਹਨ ਕਿ ਦਿਲ ਸਮੁੰਦਰ ਤੋਂ ਡੂੰਘਾ ਹੁੰਦੈ, ਥਾਹ ਪਾਉਣੀ ਸੌਖੀ ਨਹੀਂ। ਕਾਂਗਰਸੀ ਆਖਦੇ ਹਨ ਕਿ ਅਸੀਂ ਮੋਦੀ ਦੇ ਦਿਲ ਦੀ ਪਾ ਲਈ। ਅਮੀਰਾਂ ਲਈ ਧੜਕਦਾ। ਸਵੀਡਨ ਦੀ ਸਕੂਲੀ ਬੱਚੀ ਗ੍ਰੇਟਾ ਥੁਨਵਰਗ ਦਾ ਦਿਲ ਆਲਮੀ ਤਪਸ਼ ਨੂੰ ਦੇਖ ਕੇ ਤੜਫ ਰਿਹੈ। ਟਰੰਪ ਦਿਲ ਦੀ ਦੱਸ ਨਹੀਂ ਰਿਹਾ, ਨਾ ਮੋਦੀ ਨੂੰ ਨਾ ਇਮਰਾਨ ਨੂੰ। ਟਰੰਪ ਉਦੋਂ ਖੁਸ਼ ਹੂਆ, ਜਦੋਂ ਭਾਰਤ ਤੇ ਪਾਕਿ ਦਾ ਮੀਡੀਆ ਦੇਖਿਆ। ‘ਕਿਥੋਂ ਲਿਆਏ ਹੋ, ਏਹੋ ਜੇਹੇ ਪੱਤਰਕਾਰ’। ਟਰੰਪ ਦੇ ਮੂੰਹੋ ਸੁਣ ਕੇ ਦੋਵੇਂ ਚੁੱਪ ਹੋ ਗਏ। ਰਵੀਸ਼ ਕੁਮਾਰ ਹੱਸ ਹੱਸ ਦੂਹਰਾ ਹੋ ਗਿਆ। ਖੈਰ, ਆਦਮੀ ਹੱਸਦਾ ਰਹੇ ਤਾਂ ਦਿਲ ਦਾ ਖੂਨ ਦਾ ਵੱਧਦੈ। ਦਿਲ ਦਾ ਖਾਮੋਸ਼ ਦੌਰਾ ਵੀ ਫਿਰ ਚੁੱਪ ਰਹਿੰਦੈ।
       ਦਿਲ ਦੇ ਦੌਰੇ ਨੇ ਨੂਰ ਜਹਾਂ ਦੀ ਜਾਨ ਵੀ ਲਈ। ਉਦੋਂ ਪੱਤਰਕਾਰ ਖਾਲਿਦ ਹਸਨ ਨੇ ਆਖਿਆ ਕਿ ਇੱਕ ਦਿਲ ਦੇ ਏਨੇ ਆਸ਼ਕ ਹੋਣ, ਦੌਰਾ ਤਾਂ ਦਿਲ ਨੂੰ ਪੈਣਾ ਹੀ ਸੀ। ਨੂਰ ਜਹਾਂ ਨੇ 16 ਆਸ਼ਕ ਤਾਂ ਉਂਗਲਾਂ ਦੇ ਪੋਟਿਆਂ ’ਤੇ ਗਿਣਾਏ। ਮੁੱਕਦੀ ਗੱਲ ਇਹ ਕਿ ਹੁਣ ਦਿਲਾਂ ਚੋਂ ਕੂੜਾ ਕੱਢੋ। ਗਿਲੇ ਸ਼ਿਕਵੇ ਵਿਦਾ ਕਰੋ। ਹੁਣ ਆਪਣੀ ਬਣੀ ਆਪ ਨਿਬੇੜੋ। ਸੋਨੀਆ ਦਾ ਆਪਦਾ ਦਿਲ ਘਟੀ ਜਾਂਦੈ। ਛੱਜੂ ਰਾਮ ਨੂੰ ਜੋਸ਼ ਆਇਐ, ਪੁਰਾਣੀ ਕਾਮਰੇਡੀ ਜੋ ਜਾਗੀ ਐ, ‘ਸਰਕਾਰਾਂ ਤੋਂ ਨਾ ਝਾਕ ਕਰੋ, ਦਿਲ ਦੀ ਰਾਖੀ ਆਪ ਕਰੋ।’



No comments:

Post a Comment