Friday, September 6, 2019

                     ਇੱਕ ਗੁਰੂ ਏਹ
 ਬਨੇਰਿਆਂ ’ਤੇ ਜਿਨ੍ਹਾਂ ਚਿਰਾਗ ਬਾਲੇ...
                      ਚਰਨਜੀਤ ਭੁੱਲਰ
ਬਠਿੰਡਾ : ਸੈਂਕੜੇ ਅਧਿਆਪਕ ਏਦਾਂ ਦੇ ਲੱਭੇ ਹਨ ਜਿਨ੍ਹਾਂ ਨੇ  ‘ਸਰਕਾਰੀ ਸਕੂਲ- ਜ਼ਿੰਦਾਬਾਦ’ ਦਾ ਨਾਅਰਾ ਬੁਲੰਦ ਕੀਤਾ ਹੈ। ਏਹ ਗੱਲ ਵੱਖਰੀ ਹੈ ਕਿ ਸਰਕਾਰੀ ਸਕੂਲਾਂ ਦੀ ਮਮਟੀ ਤੇ ਮਾਣ ਦਾ ਦੀਵਾ ਜਗਾਉਣ ਵਾਲੇ ਵਿਰਲੇ ਹਨ। ਵਰ੍ਹਿਆਂ ਦੇ ਖੱਪੇ ਨੂੰ ਇਨ੍ਹਾਂ ਅਧਿਆਪਕਾਂ ਨੇ ਭਰਿਆ ਹੈ ਜਿਸ ਨਾਲ ਇੱਕ ਨਵਾਂ ਜਾਗ ਲੱਗਾ ਹੈ। ਅੱਜ ਅਧਿਆਪਕ ਦਿਵਸ ਮੌਕੇ ਇਨ੍ਹਾਂ ਅਧਿਆਪਕਾਂ ਨੇ ਫ਼ਖਰ ਮਹਿਸੂਸ ਕੀਤਾ। ਨਵੇਂ ਕਦਮ ਚੁੱਕ ਕੇ ਇਨ੍ਹਾਂ ਅਧਿਆਪਕਾਂ ਨੇ ਲੋਕਾਂ ਦੇ ਉਲਾਂਭੇ ਵੀ ਲਾਹੇ ਅਤੇ ਨਾਲੋਂ ਨਾਲ ਮਿਹਣੇ ਮਾਰਨ ਵਾਲਿਆਂ ਦੀ ਮੜ੍ਹਕ ਵੀ ਭੰਨੀ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ’ਚ ਕਰੀਬ 1200 ਅਧਿਆਪਕ ਸਨਾਖਤ ਹੋਏ ਹਨ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਫਾਜ਼ਿਲਕਾ ਸਰਹੱਦੀ ਜ਼ਿਲ੍ਹਾ ਹੈ ਜਿਥੋਂ ਦੇ ਕਰੀਬ 47 ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਜਾਂਦੇ ਹਨ। ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦਾ ਅਧਿਆਪਕ ਮਨੋਜ ਕੁਮਾਰ ਆਪਣੇ ਬੱਚੇ ਨੂੰ ਸਰਕਾਰੀ ਸਕੂਲ ’ਚ ਪੜ੍ਹਾ ਰਿਹਾ ਹੈ। ਅੱਜ ਅਧਿਆਪਕ ਦਿਵਸ ਦੇ ਮੌਕੇ ਮਨੋਜ ਕੁਮਾਰ ਨੇ ਆਖਿਆ ਕਿ ਪਹਿਲੋਂ ਜਦੋਂ ਉਹ ਦਾਖਲੇ ਵਧਾਉਣ ਵਾਸਤੇ ਪਿੰਡ ਵਿਚ ਜਾਂਦੇ ਸਨ ਤਾਂ ਲੋਕ ਉਲਾਂਭੇ ਦਿੰਦੇ ਸਨ ਕਿ ਪਹਿਲਾਂ ਤੁਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ ’ਚ ਪਾਓ। ਅਧਿਆਪਕ ਦੱਸਦੇ ਹੈ ਕਿ ਉਸ ਨੇ ਤਾਂ ਲੋਕਾਂ ਦਾ ਉਲਾਂਭਾ ਲਾਹ ਦਿੱਤਾ। ਨਾਲੇ ਹੁਣ ਸਰਕਾਰੀ ਸਕੂਲਾਂ ਦੇ ਦਿਨ ਬਦਲੇ ਹਨ। ਸਮਾਰਟ ਸਕੂਲਾਂ ਨੇ ਪਬਲਿਕ ਸਕੂਲਾਂ ਨੂੰ ਟੱਕਰ ਦੇਣੀ ਸ਼ੁਰੂ ਕਰ ਦਿੱਤੀ ਹੈ।
         ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦਾ ਅਧਿਆਪਕ ਤਰਲੋਚਨ ਸਿੰਘ ਆਪਣੇ ਦੋਵੇਂ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਾ ਰਿਹਾ ਹੈ। ਉਹ ਆਖਦਾ ਹੈ ਕਿ ਕੁਝ ਸਾਥੀਆਂ ਨੇ ਮਿਹਣੇ ਮਾਰੇ ਪ੍ਰੰਤੂ ਉਸ ਨੂੰ ਆਪਣੇ ਸਕੂਲਾਂ ’ਤੇ ਮਾਣ ਹੈ। ਹੁਣ ਕੋਈ ਫਰਕ ਨਹੀਂ ਰਹਿ ਗਿਆ। ਉਨ੍ਹਾਂ ਆਖਿਆ ਕਿ ਅਧਿਆਪਕਾਂ ਦੀ ਕਮੀ ਸਕੂਲਾਂ ਵਿਚ ਪੂਰੀ ਹੋ ਜਾਵੇ ਤਾਂ ਫਿਰ ਕੋਈ ਪਬਲਿਕ ਸਕੂਲ ਰੀਸ ਨਹੀਂ ਕਰ ਸਕੇਗਾ। ਪਿੰਡ ਬੰਬੀਹਾ ਦਾ ਅਧਿਆਪਕ ਕੌਰ ਸਿੰਘ ਵੀ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿਚ ਪੜ੍ਹਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ਦੇ ਕਰੀਬ 50 ਤੋਂ ਉਪਰ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਹਨ। ਬਲਾਕ ਗੁਰੂਹਰਸਹਾਏ ਦੇ ਪਿੰਡ ਚੱਕ ਸਵਾਹ ਵਾਲਾ ਦੇ ਸਕੂਲ ਦੇ ਦੋ ਅਧਿਆਪਕਾਂ ਹਰਚਰਨ ਸਿੰਘ ਅਤੇ ਜੀਤ ਸਿੰਘ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਤੋਰੇ ਹਨ। ਮੌੜ ਬਲਾਕ ਦੇ ਦਰਜਨ ਅਧਿਆਪਕ ਅਜਿਹੇ ਹਨ ਜਿਨ੍ਹਾਂ ਨੇ ਪੁਰਾਣੀ ਪ੍ਰੰਪਰਾ ਨੂੰ ਬਹਾਲ ਕੀਤਾ ਹੈ। ਭਾਵੇਂ ਸਰਕਾਰੀ ਸਕੂਲਾਂ ਵਿਚ ਵੱਡਾ ਸੰਕਟ ਖਾਲੀ ਅਸਾਮੀਆਂ ਦਾ ਹੈ ਅਤੇ ਠੇਕਾ ਪ੍ਰਣਾਲੀ ਨੇ ਸਰਕਾਰੀ ਸਕੂਲਾਂ ਨੂੰ ਊਣਾ ਕਰ ਰੱਖਿਆ ਹੈ। ਸਿੱਖਿਆ ਮਹਿਕਮੇ ਦੀ ਸਮਾਰਟ ਸਕੂਲ ਯੋਜਨਾ ਰੰਗ ਤਾਂ ਲਿਆਈ ਹੈ ਪ੍ਰੰਤੂ ਅਧਿਆਪਕਾਂ ਬਿਨਾਂ ਖਾਲੀ ਸਕੂਲਾਂ ਦੀ ਹੋਣੀ ਵੀ ਰੱਬ ਆਸਰੇ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ 150 ਤੋਂ ਉਪਰ ਅਧਿਆਪਕਾਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਪਾਏ ਹੋਏ ਹਨ।
                ਬਲਾਕ ਚੋਗਾਵਾਂ ਦੇ ਕੜਿਆਲ ਸਕੂਲ ਦੀ ਅਧਿਆਪਕਾਂ ਆਪਣੇ ਬੇਟੇ ਨੂੰ ਸਰਕਾਰੀ ਸਕੂਲ ਵਿਚ ਪੜ੍ਹਾ ਰਹੀ ਹੈ ਅਤੇ ਇਸੇ ਤਰ੍ਹਾਂ ਮਜੀਠਾ ਬਲਾਕ ਦੇ ਰੱਖ ਭੰਗਵਾਂ ਸਕੂਲ ਦੀ ਅਧਿਆਪਕਾ ਰਮਨਦੀਪ ਕੌਰ ਦੀ ਬੇਟੀ ਵੀ ਸਰਕਾਰੀ ਸਕੂਲ ਵਿਚ ਤੀਸਰੀ ਕਲਾਸ ਵਿਚ ਪੜਾ੍ਹ ਰਹੀ ਹੈ। ਅਮਲੋਹ ਸਕੂਲ ਦੀ ਅਧਿਆਪਕਾ ਨੰਨੂ ਗਰਗ ਨੇ ਵੀ ਇਹੋ ਪਿਰਤ ਕਾਇਮ ਰੱਖੀ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕਰੀਬ ਚਾਰ ਦਰਜਨ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਹਨ। ਫਤਹਿਗੜ੍ਹ ਸਾਹਿਬ ਦੇ ਪਿੰਡ ਲੱਖਾ ਸਿੰਘ ਵਾਲਾ ਦੇ ਅਧਿਆਪਕ ਸੋਨੀ ਸਿੰਘ ਦੇ ਦੋ ਬੱਚੇ ਸਰਕਾਰੀ ਸਕੂਲ ਵਿਚ ਪੜ੍ਹ ਰਹੇ ਹਨ। ਸੋਨੀ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਸਕੂਲਾਂ ਵਿਚ ਹੁਣ ਕਾਫੀ ਸੁਧਾਰ ਹੋ ਗਿਆ ਹੈ ਅਤੇ ਸਹੂਲਤਾਂ ਵਿਚ ਵਾਧਾ ਹੋਇਆ ਹੈ। ਉਸ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿਚ ਪੜਾਉਣ ’ਤੇ ਪੂਰਾ ਮਾਣ ਹੈ। ਨਵਾਂ ਸ਼ਹਿਰ ਜ਼ਿਲ੍ਹੇ ਦੇ ਅਧਿਆਪਕ ਵੀ ਪਿਛੇ ਨਹੀਂ। ਬੰਗਾ ਬਲਾਕ ਦੇ ਹੱਪੋਵਾਲ ਸਕੂਲ ਦੀ ਅਧਿਆਪਕ ਮਨਦੀਪ ਕੌਰ ਦਾ ਬੱਚਾ ਵੀ ਸਰਕਾਰੀ ਸਕੂਲ ਵਿਚ ਹੈ। ਇਵੇਂ ਮੋਗਾ ਦੇ ਪਿੰਡ ਧੂੜਕੋਟ ਚੜ੍ਹਤ ਸਿੰਘ ਦੀ ਅਧਿਆਪਕਾ ਦਵਿੰਦਰ ਕੌਰ ਦਾ ਬੱਚਾ ਵੀ ਸਰਕਾਰੀ ਸਕੂਲ ਵਿਚ ਪੜ੍ਹ ਰਿਹਾ ਹੈ।
               ਵੇਰਵਿਆਂ ਅਨੁਸਾਰ ਸਰਕਾਰੀ ਸਕੂਲ ਪੱਟੀ ਦਾ ਵਿਦਿਆਰਥੀ ਮਨਦੀਪ ਸਿੰਘ ਐਤਕੀਂ ਐਮ.ਬੀ.ਬੀ.ਐਸ ਵਿਚ ਦਾਖਲਾ ਲੈਣ ਵਿਚ ਸਫਲ ਹੋਇਆ ਹੈ ਜਿਸ ਨੇ ਕਿਤੋਂ ਵੀ ਕੋਈ ਕੋਚਿੰਗ ਨਹੀਂ ਲਈ ਸੀ। ਸਭਨਾਂ ਅਧਿਆਪਕਾਂ ਨੇ ਅਧਿਆਪਕ ਦਿਵਸ ਮੌਕੇ ਇਹੋ ਆਖਿਆ ਕਿ ਉਨ੍ਹਾਂ ਨੂੰ ਆਪਣੇ ਸਕੂਲਾਂ ’ਤੇ ਫ਼ਖਰ ਹੈ ਅਤੇ ਉਨ੍ਹਾਂ ਨੇ ਪਹਿਲ ਕਰਕੇ ਨਵਾਂ ਰਾਹ ਬਣਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਏਨਾ ਕੁ ਕਰੇ ਕਿ ਸਰਕਾਰੀ ਸਕੂਲਾਂ ਨੂੰ ਫੰਡਾਂ ਦੀ ਤੋਟ ਨਾ ਆਉਣ ਦੇਵੇ ਅਤੇ ਅਸਾਮੀਆਂ ਭਰ ਦੇਵੇ, ਫਿਰ ਸਰਕਾਰੀ ਸਕੂਲ ਕਿਸੇ ਦੇ ਲੈਣ ਦੇ ਨਹੀਂ ਰਹਿਣੇ। ਡੈਮੋਕਰੇਟਿਕ ਟੀਚਰਜ ਫਰੰਟ ਦੇ ਜਨਰਲ ਸਕੱਤਰ ਦਵਿੰਦਰ ਪੂਨੀਆ ਆਖਦੇ ਹਨ ਕਿ ਸਰਕਾਰੀ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜਨੇ ਚਾਹੀਦੇ ਹਨ ਅਤੇ ਪੜ੍ਹ ਵੀ ਰਹੇ ਹਨ। ਉਨ੍ਹਾਂ ਅਫਸੋਸ ਕੀਤਾ ਕਿ ਸਰਕਾਰ ਖੁਦ ਹੀ ਨਿੱਜੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਸ ਨਾਲ ਸਿੱਧੀ ਸੱਟ ਸਰਕਾਰੀ ਸਕੂਲਾਂ ਨੂੰ ਵੱਜਦੀ ਹੈ। ਸਰਕਾਰ ਆਪਣੀ ਨੀਅਤ ਸਾਫ ਕਰੇ ਅਤੇ ਲੋੜੀਦੇ ਪ੍ਰਬੰਧ ਸਰਕਾਰੀ ਸਕੂਲਾਂ ਵਿਚ ਕਰੇ, ਫਿਰ ਕੋਈ ਪਬਲਿਕ ਸਕੂਲ ਮੁਕਾਬਲਾ ਨਹੀਂ ਕਰ ਸਕੇਗਾ। ਉਨ੍ਹਾਂ ਆਖਿਆ ਕਿ ਸਰਕਾਰ ਨੇ ਹਾਲੇ ਤੱਕ ਕੋਈ ਸਿੱਖਿਆ ਨੀਤੀ ਹੀ ਨਹੀਂ ਬਣਾਈ।
                                      ਸਰਕਾਰੀ ਸਕੂਲਾਂ ਦੇ ਦਿਨ ਬਦਲੇ ਹਨ : ਤੂਰ
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਬਰਨਾਲਾ ਸ੍ਰੀ ਸਰਬਜੀਤ ਸਿੰਘ ਤੂਰ ਦਾ ਕਹਿਣਾ ਸੀ ਕਿ ਸਿੱਖਿਆ ਮਹਿਕਮੇ ਨੇ ਹਰ ਬਲਾਕ ਵਿਚ ਇੱਕ ਇੱਕ ਸਮਾਰਟ ਸਕੂਲ ਬਣਾਇਆ ਹੈ ਜਿਸ ਵਾਸਤੇ ਸਰਕਾਰੀ ਫੰਡਾਂ ਤੋਂ ਇਲਾਵਾ ਦਾਨੀ ਸੱਜਣਾਂ ਦਾ ਵੀ ਸਹਿਯੋਗ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿਚ ਸਭ ਆਧੁਨਿਕ ਸਹੂਲਤਾਂ ਹਨ ਜਿਸ ਨਾਲ ਹੁਣ ਪਬਲਿਕ ਸਕੂਲਾਂ ਨੂੰ ਫਿਕਰ ਖੜ੍ਹਾ ਹੋਇਆ ਹੈ। 


2 comments:

  1. ਸਰਕਾਰੀ ਸਕੂਲਾਂ ਨੂੰ ਉੱਚਾ ਚੁੱਕਣਾ ਸਰਕਾਰ ਦੇ ਇੱਕ ਹੰਭਲੇ ਦੀ ਮਾਰ ਹੈ। ਸਰਕਾਰੀ ਅਧਿਆਪਕ ਅਤੇ ਸਰਕਾਰੀ ਮੁਲਾਜ਼ਮ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਇਹ ਲਾਜ਼ਮੀ ਨਹੀਂ ਹੋਣਾ ਚਾਹੀਦਾ ਪਰ ਇਸ ਨੂੰ ਜ਼ਮੀਰ ਵਾਲੇ ਬੰਦੇ ਪਹਿਲ ਦੇਣ। ਪਰ ਸਰਕਾਰ ਨੂੰ ਪ੍ਰਾਈਵੇਟ ਸਕੂਲਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਸਰਕਾਰ ਦੁਆਰਾ ਪ੍ਰਾਈਵੇਟ ਸਕੂਲਾਂ ਨੂੰ ਪਿਛੇ ਧੱਕ ਕੇ ਸਰਕਾਰੀ ਸਕੂਲਾਂ ਨੂੰ ਮੂਹਰੇ ਲਿਆਉਣਾ ਗਲਤ ਹੈ। ਓਹਨਾ ਨੂੰ ਸਹੂਲਤਾਂ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸ਼ਿਕੰਜਾ ਕਸਿਆ ਜ਼ਾ ਰਿਹਾ ਹੈ। ਮਹਿੰਗੀ ਬਿਜਲੀ, ਕਰ ਟੈਕਜ਼ਾ, ਟ੍ਰਾੰਸਪੋਰਟ ਨੀਤੀ ਮੁਲਾਜ਼ਮ ਦੇ ਕਨੂੰਨ ਵਗੈਰਾ ਸਖਤ ਕੀਤੇ ਜਾ ਰਹੇ ਹਨ।। ਪ੍ਰਾਈਵੇਟ ਸਕੂਲਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜ਼ਾ ਸਕਦਾ।

    ReplyDelete
    Replies
    1. ਦੇਸ਼ ਅਜਾਦ ਹੋਏ ਤੋ ਸਰਕਾਰੀ ਸਕੂਲਾ ਦਾ ਭਠਾ ਕਿਓ ਬੈਠ ਗਿਆ. ਹੋਲੀ ਹੋਲੀ ਬੈਠਦਾ ਬੈਠਦਾ 80ਵਿਆ ਵਿਚ ਤੇ ਬਾਦ ਵਿਚ ਜਵਾ ਹੀ. ਮੇਰੇ ਤਾਇਆ ਜੀ,ਚਾਚਾ ਜੀ, ਭੂਆ ਜੀ, ਤੇ Dr ਮਨਮੋਹਨ ਸਿੰਘ ਵਰਗੇ ਪਿੰਡਾ ਦੇ ਸਰਕਾਰੀ ਸਕੂਲਾ ਵਿਚ ਪੜ੍ਹ ਕੇ ਵੀ west ਵਿਚ top universities ਵਿਚ admission ਲੈ ਗਏ - ਹੁਣ ਸ਼ਹਿਰ ਤੇ private ਵਾਲੇ ਮਸਾ ਹੀ IELTS pass ਕਰਦੇ ਹਨ -

      Delete