Tuesday, September 24, 2019

                             ਵੱਡੇ ਸੁਆਲ
        ਮਾਏ ਮੇਰੀਏ !  ਦੁੱਖਾਂ ਦੀਏ ਢੇਰੀਏ..
                            ਚਰਨਜੀਤ ਭੁੱਲਰ
ਬਠਿੰਡਾ : ਖੁਸ਼ਪ੍ਰੀਤ ਕੌਰ ਉਮਰ ’ਚ ਛੋਟੀ ਬੱਚੀ ਹੈ ਪਰ ਉਸ ਦੇ ਸੁਆਲ ਵੱਡੇ ਹਨ। ਜਦੋਂ ਮਾਂ ਘਰ ਪਰਤੀ ਤਾਂ ਬੱਚੀ ਨੂੰ ਗੋਦ ’ਚ ਲਿਆ। ਬੱਚੀ ਫਿਰ ਇੰਝ ਬੋਲੀ, ‘ਮੰਮਾ, ਤੁਸੀਂ ਟੈਂਕੀ ’ਤੇ ਕਿਉਂ ਚੜ੍ਹੇ ਸੀ।’ ਮਾਂ ਪੂਨਮ ਬੱਚੀ ਨੂੰ ਕਿਵੇਂ ਸਮਝਾਏ ਕਿ ਚੰਡੀਗੜ੍ਹ ਖਰੜ ਦੀ ਟੈਂਕੀ ਤੋਂ ਦਿਸਦਾ ਹੈ। ਰੋਪੜ ਜੇਲ੍ਹ ਚੋਂ ਹੁਣੇ ਰਿਹਾਅ ਹੋ ਕੇ ਪੂਨਮ ਘਰ ਆਈ ਹੈ। ਉਸ ਦਾ ਕਸੂਰ ਸਿਰਫ਼ ਏਨਾ ਹੈ ਕਿ ਉਸ ਨੇ ਰੁਜ਼ਗਾਰ ਮੰਗਿਆ। ਸਰਕਾਰ ਨੇ ਹਵਾਲਾਤ ਦਿਖਾ ਦਿੱਤੀ। ਬੱਚੀ ਨੇ ਜੇਲ੍ਹ ’ਚ ਮਾਂ ਨਾਲ ਮੁਲਾਕਾਤ ਕੀਤੀ। ਬੱਚੀ ਨੂੰ ਕਿਵੇਂ ਚੁੰਮਦੀ, ਲੋਹੇ ਦੀ ਜਾਲੀ ਨੇ ਪੇਸ਼ ਨਾ ਜਾਣ ਦਿੱਤੀ। ਨਵਾਂ ਸ਼ਹਿਰ ਦੇ ਪਿੰਡ ਹਿਊਂ ਦੀ ਪੂਨਮ ਐਮ.ਏ,ਬੀ.ਐੱਡ ਹੈ। ਤਿੰਨ ਵਾਰੀ ਟੈੱਟ ਪਾਸ ਕੀਤਾ। ਪੂਨਮ ਰਾਣੀ ਨੌ ਵਰ੍ਹਿਆਂ ਤੋਂ ਸੰਘਰਸ਼ੀ ਰਾਹ ’ਤੇ ਹੈ। ਪੂਨਮ ਨੇ ਸਰਕਾਰ ਨੂੰ ਆਪਣੀ ਹਰ ਡਿਗਰੀ ਦਿਖਾਈ। ਬਦਲੇ ’ਚ ਸਰਕਾਰ ਨੇ ਬਠਿੰਡਾ ਤੇ ਰੋਪੜ ਜੇਲ੍ਹ ਵਿਖਾ ਦਿੱਤੀ। ਲਾਠੀਚਾਰਜ ਵੀ ਝੱਲੇ ਤੇ ਕੋਈ ਸ਼ਹਿਰ ਨਹੀਂ ਛੱਡਿਆ ਜਿਥੇ ਨਾਅਰੇ ਨਾ ਮਾਰੇ ਹੋਣ। ਪਤੀ ਰਜਿੰਦਰਪਾਲ ਅਰਬ ਮੁਲਕ ’ਚ ਬੈਠਾ ਹੈ। ਪੂਨਮ ਆਖਦੀ ਹੈ ਕਿ ਬੱਚੀ ਦਾ ਪਾਲਣ ਪੋਸ਼ਣ ਵੀ ਨਹੀਂ ਕਰ ਸਕੀ। ਜ਼ਿੰਦਗੀ ਦੇ ਸੁਨਹਿਰੀ ਪਲ ਸਰਕਾਰਾਂ ਦੀ ਬੇਰੁਖੀ ਦੀ ਭੇਟ ਚੜ੍ਹ ਗਏ। ਭਵਾਨੀਗੜ੍ਹ ਦੀ ਬਲਵਿੰਦਰ ਕੌਰ ਹੁਣ ਨੌਕਰੀ ਦੀ ਉਮਰ ਹੱਦ ਟਪਾ ਚੁੱਕੀ ਹੈ। ਕੇਂਦਰ ਤੇ ਪੰਜਾਬ, ਦੋਵਾਂ ਦੇ ਟੈੱਟ ਪਾਸ ਕੀਤੇ। ਰੁਜ਼ਗਾਰ ਲਈ ਸੜਕਾਂ ’ਤੇ ਉੱਤਰੀ ਤਾਂ ਆਦਰਸ਼ ਸਕੂਲ ਦੀ ਨੌਕਰੀ ਖੁਆ ਬੈਠੀ।
        ਜਦੋਂ ਬਲਵਿੰਦਰ ਆਪਣੇ ਸੱਤਵੀਂ ’ਚ ਪੜ੍ਹਦੇ ਬੱਚੇ ਨੇਤਰਦੀਪ ਨੂੰ ਪੜ੍ਹਨ ਲਈ ਆਖਦੀ ਹੈ ਤਾਂ ਅੱਗਿਓਂ ਸੁਆਲ ਟੱਕਰਦਾ ਹੈ, ਮਾਂ, ਥੋਨੂੰ ਪੜ੍ਹ ਕੇ ਕੀ ਮਿਲਿਆ ? ਜ਼ਿੰਦਗੀ ਸੜਕਾਂ ’ਤੇ ਕੱਢ ਦਿੱਤੀ, ਮਾਂ ਬੇਵੱਸ ਹੈ ਕਿ ਬੱਚੇ ਨੂੰ ਕਿਵੇਂ ਸਮਝਾਏ। ਕਿਵੇਂ ਦੱਸੇ ਕਿ ਜਦੋਂ ਹਕੂਮਤ ਬੇਦਰਦ ਹੋ ਜਾਵੇ ਉਦੋਂ ਕਿਸੇ ਡਿਗਰੀ ਦੀ ਕੋਈ ਪੇਸ਼ ਨਹੀਂ ਜਾਂਦੀ। ਸੰਗਰੂਰ ਦੇ ਪਿੰਡ ਹੇੜੀਕੇ ਦਾ ਤਾਰਾ ਸਿੰਘ, 1976 ’ਚ ਅਧਿਆਪਕ ਦਿਵਸ ਵਾਲੇ ਦਿਨ ਜਨਮਿਆ। ਰੀਝ ਵੀ ਅਧਿਆਪਕ ਬਣਨ ਦੀ ਪਾਲੀ। ਹੁਣ ਡਿਗਰੀਆਂ ਕੋਲ ਹਨ ਤੇ ਉਮਰ ਦੇ 43ਵੇਂ ਵਰੇ੍ਹ ਪੂਰੇ ਕਰਨ ਮਗਰੋਂ ਵੀ ਖਾਲੀ ਹੱਥ ਹੈ। ਪੁਲੀਸ ਦੀ ਤਿੰਨ ਵਾਰ ਡਾਂਗ ਉਸ ਦੇ ਪਿੰਡੇ ’ਤੇ ਵਰ੍ਹੀ। ਬੇਟਾ ਏਕਮਜੀਤ ਬਾਪ ਨੂੰ ਪੁੱਛਦਾ ਹੈ ਕਿ ‘ਡੈਡੀ, ਕਿਸ ਮਾਸ ਦੇ ਬਣੇ ਹੋ’। ਏਨੀ ਡਾਂਗ ਵੀ ਪੁਲੀਸ ਦੀ ਖਾਧੀ, ਬਣਿਆ ਫਿਰ ਵੀ ਕੁਝ ਨਹੀਂ। ਤਾਰਾ ਸਿੰਘ ਆਖਦਾ ਹੈ ਕਿ ਸਾਡੇ ਨਾਲੋਂ ਤਾਂ ਦਿਹਾੜੀਦਾਰ ਕਾਮੇ ਚੰਗੇ ਹਨ। ਮੁੱਖ ਮੰਤਰੀ ਇਨ੍ਹਾਂ ਬੱਚਿਆਂ ਦੇ ਸੁਆਲਾਂ ਦੇ ਜੁਆਬ ਦੇਣ।ਖੰਨਾ ਸ਼ਹਿਰ ਦਾ ਹਰਸ਼ ਭੱਲਾ ਨੌਕਰੀ ਦੀ ਉਮਰ ਹੱਦ ਟਪਾ ਬੈਠਾ ਹੈ। ਐਮ.ਏ ਅੰਗਰੇਜ਼ੀ, ਬੀ.ਐਡ ਤੇ ਟੈੱਟ ਪਾਸ ਹੈ। 42 ਸਾਲ ਦਾ ਹਰਸ਼ ਭੱਲਾ ਹਰ ਪਿੰਡ ਸ਼ਹਿਰ ਗਿਆ, ਜਿਥੇ ਵੀ ਸਰਕਾਰ ਦਾ ਦਰਬਾਰ ਸਜਿਆ। ਟੈਂਕੀ ਤੇ ਵੀ ਚੜ੍ਹਿਆ ਤੇ ਪੁਲੀਸ ਦੀ ਕੁੱਟ ਵੀ ਖਾਧੀ।
              ਉਸ ਦੀ ਬੇਟੀ ਤੀਸਤਾ ਸੁਆਲ ਕਰਦੀ ਹੈ, ‘ਪਾਪਾ, ਡਿਗਰੀ ਤੋਂ ਟੈਂਕੀ ਵੱਡੀ ਹੈ, ਜਿਸ ’ਤੇ ਚੜਨਾ ਜਰੂਰੀ ਹੈ। ’ ਬਾਪ ਹਰਸ਼ ਦੱਸਦਾ ਹੈ ਕਿ ਟੇਲੈਂਟ ਨੂੰ ਟੈਂਕੀ ’ਤੇ ਚੜ੍ਹਨਾ ਹੀ ਪੈਂਦਾ ਹੈ। ਹੁਣ ਹਰਸ਼ ਭੱਲਾ ਆਪਣੇ ਘਰ ਹੀ ਬੱਚਿਆਂ ਨੂੰ ਆਈਲੈੱਟਸ ਦੀ ਕੋਚਿੰਗ ਦਿੰਦਾ ਹੈ। ਉਸ ਦੇ ਪੜਾਈ 12 ਬੱਚੇ ਵਿਦੇਸ਼ ਚਲੇ ਗਏ ਹਨ। ਬਰਨਾਲਾ ਦੇ ਪਿੰਡ ਬਖ਼ਤਗੜ੍ਹ ਦਾ ਅਮਨਦੀਪ ਰੁਜ਼ਗਾਰ ਲਈ ਸੜਕਾਂ ’ਤੇ ਕੂਕਦਾ ਰਿਹਾ। ਉਮਰ ਹੱਦ ਲੰਘਣ ਮਗਰੋਂ ਹੁਣ ਪਿੰਡ ਵਿਚ ਪਰਚੂਨ ਦੀ ਦੁਕਾਨ ਪਾਈ ਬੈਠਾ ਹੈ। ਐਮ.ਏ,ਬੀ.ਐੱਡ ਅਮਨਦੀਪ ਆਪਣੇ ਬੱਚੇ ਦੇ ਸੁਆਲਾਂ ਅੱਗੇ ਹਾਰ ਗਿਆ ਜੋ ਬਾਪ ਦੀ ਪੜ੍ਹਾਈ ਦਾ ਮੁੱਲ ਨਾ ਪੈਣ ਦਾ ਸੱਚ ਵੇਖਣ ਮਗਰੋਂ ਵਿਦੇਸ਼ ਪੜਾਈ ਲਈ ਚਲਾ ਗਿਆ। ਮੋਗਾ ਦੇ ਪਿੰਡ ਤਖਤੂਪੁਰਾ ਦਾ ਮਨਦੀਪ ਸਿੰਘ ਬੀ.ਏ,ਸੀ.ਪੀ.ਐਡ,ਇੱਕ ਹੋਰ ਡਿਪਲੋਮਾ ਤੇ ਆਈ.ਟੀ.ਆਈ ਪਾਸ ਹੈ। ਚੰਡੀਗੜ੍ਹ ਤੋਂ ਲੈ ਕੇ ਲੰਬੀ ਤੱਕ ਹਰ ਥਾਂ ਪੁਲੀਸ ਦਾ ਜਬਰ ਝੱਲਿਆ। ਰੁਜ਼ਗਾਰ ਖਾਤਰ ਜ਼ਿੰਦਗੀ ਦੇ 13 ਸਾਲ ਸੜਕਾਂ ’ਤੇ ਕੱਢ ਦਿੱਤੇ। ਨਿੱਕੀ ਧੀ ਦਿਸ਼ਾ ਨੂੰ ਕਿਵੇਂ ਦੱਸੇ ਕਿ ਬੁੜੈਲ ਜੇਲ੍ਹ ਕਿਉਂ ਜਾਣਾ ਪਿਆ ਸੀ। ਹੁਣ ਉਮਰ ਦਰਾਜ ਹੋ ਗਿਆ ਹੈ।
               ਬਠਿੰਡਾ ਦੇ ਪਿੰਡ ਚੱਕ ਰਾਮ ਸਿੰਘ ਵਾਲਾ ਦੀ ਜਸਵੀਰ ਕੌਰ ਵੀ ਇਸੇ ਸੰਕਟ ਚੋਂ ਲੰਘ ਰਹੀ ਹੈ। ਦਸਵੀਂ ’ਚ ਪੜ੍ਹਦੀ ਬੇਟੀ ਗੁਰਲੀਨ ਕੌਰ ਪੁੱਛਦੀ ਹੈ ਕਿ ਮਾਂ ਤੇਰੀ ਪੜ੍ਹਾਈ ਦਾ ਮੁੱਲ ਕਿਉਂ ਨਹੀਂ ਪਿਆ। ਪਿੰਡ ਸੰਧੂ ਕਲਾਂ ਦੀ ਛੋਟੀ ਬੱਚੀ ਸ਼ਿਫਤਪ੍ਰੀਤ ਵੀ ਆਪਣੀ ਮਾਂ ਨੂੰ ਇਹੋ ਸੁਆਲ ਕਰਦੀ ਹੈ। ਹੁਣ ਇਨ੍ਹਾਂ ਦੀ ਉਮਰ ਹੱਦ ਨਿਕਲ ਚੁੱਕੀ ਹੈ। ਪੰਜਾਬ ’ਚ ਕਰੀਬ 50 ਹਜ਼ਾਰ ਬੇਰੁਜ਼ਗਾਰ ਨੌਕਰੀ ਲਈ ਉਮਰ ਹੱਦ ਟਪਾ ਚੁੱਕੇ ਹਨ ਜਿਨ੍ਹਾਂ ਕੋਲ ਡਿਗਰੀਆਂ ਹਨ ਪ੍ਰੰਤੂ ਉਮਰ ਹੱਦ ਨਹੀਂ ਬਚੀ। ਇਸ ਜਵਾਨੀ ਨੇ ਜ਼ਿੰਦਗੀ ਦੇ ਅਹਿਮ ਦਿਨ ਪੰਜਾਬ ਦੀਆਂ ਸੜਕਾਂ, ਰੇਲ ਮਾਰਗਾਂ,ਹਵਾਲਾਤਾਂ,ਜੇਲ੍ਹਾਂ ਤੇ ਟੈਂਕੀਆਂ ਦੇ ਅੰਗ ਸੰਗ ਕੱਢੇ। ਪਹਿਲੋਂ ਗਠਜੋੜ ਸਰਕਾਰ ਵੇਲੇ ਰੁਲਦੇ ਰਹੇ ਤੇ ਹੁਣ ਕੈਪਟਨ ਸਰਕਾਰ ਹੱਥੋਂ ਹਾਰ ਗਏ। ਪੰਜਾਬ ਵਿਚ ਬੀ.ਐਡ ,ਟੈੱਟ ਪਾਸ ਕਰੀਬ 30 ਹਜ਼ਾਰ ਅਤੇ ਈ.ਟੀ.ਟੀ,ਟੈੱਟ ਪਾਸ 28 ਹਜ਼ਾਰ ਬੇਰੁਜ਼ਗਾਰ ਹਨ। ਕਰੀਬ 3500 ਬੇਰੁਜ਼ਗਾਰ ਲਾਈਨਮੈਨ ਹਨ ਜਿਨ੍ਹਾਂ ਦੀ ਉਮਰ ਹੱਦ ਹੁਣ 42 ਸਾਲ ਕਰ ਦਿੱਤੀ ਗਈ ਹੈ।
       ਇਵੇਂ ਹੀ ਬਹੁਮੰਤਵੀ ਸਿਹਤ ਕਾਮੇ ਵੀ 3800 ਦੇ ਕਰੀਬ ਹਨ ਅਤੇ ਸੀ.ਪੀ.ਐੱਡ ਅਤੇ ਆਰਟ ਕਰਾਫਟ ਬੇਰੁਜ਼ਗਾਰਾਂ ਦੀ ਗਿਣਤੀ ਵੀ ਪੰਜ ਹਜ਼ਾਰ ਤੋਂ ਉਪਰ ਹੈ। ਜਿਨ੍ਹਾਂ ਚੋਂ ਪੰਜਾਹ ਫੀਸਦੀ ਹੁਣ ਉਮਰ ਹੱਦ ਟਪਾ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਦਮਦਮੇ ਦੀ ਵਿਸਾਖੀ ’ਤੇ ਜਨਤਿਕ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਸਰਕਾਰੀ ਨੌਕਰੀਆਂ ਲਈ ਉਮਰ ਹੱਦ ਹਰਿਆਣਾ ਵਾਂਗ 42 ਸਾਲ ਕੀਤੀ ਜਾਵੇਗੀ। ਬੇਰੁਜ਼ਗਾਰ ਹੁਣ ਪਹਿਲੋਂ ਉਮਰ ਹੱਦ ਵਿਚ ਵਾਧਾ ਮੰਗਦੇ ਹਨ, ਫਿਰ ਨੌਕਰੀ।
                  ‘ਘਰ ਘਰ ਰੁਜ਼ਗਾਰ’ ਮਹਿਜ ਸ਼ੋਸ਼ਾ : ਢਿੱਲਵਾਂ
ਟੈੱਟ ਪਾਸ ਬੀ.ਐਡ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਤੇ ਰਣਦੀਪ ਸੰਗਤਪੁਰਾ ਆਖਦੇ ਹਨ ਕਿ ਸਰਕਾਰ ਦੀ ਨੀਅਤ ਦੇ ਖੋਟ ਅਤੇ ਨੀਤੀਆਂ ਨੇ ਪੰਜਾਬ ਦੀ ਜਵਾਨੀ ਨੂੰ ਰੋਲ ਦਿੱਤਾ ਹੈ ਅਤੇ ਅੱਜ 50 ਹਜ਼ਾਰ ਨੌਜਵਾਨ ਨੌਕਰੀ ਲਈ ਉਮਰ ਹੱਦ ਟਪਾ ਬੈਠਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੌਰੀ ਵਾਧੇ ’ਤੇ ਚੱਲ ਰਹੇ 25 ਹਜ਼ਾਰ ਅਧਿਆਪਕਾਂ ਦੀ ਛੁੱਟੀ ਕਰੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਵੇ। ਉਨ੍ਹਾਂ ਘਰ ਘਰ ਰੁਜ਼ਗਾਰ ਮੁਹਿੰਮ ਨੂੰ ਸਿਰਫ਼ ਸ਼ੋਸ਼ਾ ਦੱਸਿਆ।

1 comment:

  1. ਬੇਰੋਜਗਾਰੀ ਦਾ ਧੰਦਾ ਇਦਾਂ ਹੀ ਚਲਦਾ ਰਹੇਗਾ। ਵਿਰੋਧੀ ਧਿਰ ਬੇਰੋਜਗਾਰਾਂ ਦੀ ਪਿੱਠ ਥਾਪਦੜੀ ਰਹੇਗੀ। ਰੋਜ਼ਗਾਰ ਕਿਸੇ ਨੇ ਨਹੀਂ ਦੇਣਾ। ਰੋਜ਼ਗਾਰ ਪ੍ਰਾਪਤ ਕਰਕੇ ਤਾਂ ਇਹ ਲੋਕ ਸੜਕਾਰ ਦੇ ਜਵਾਈ ਬਣ ਜਾਂਦੇ ਹਨ ਤੇ ਫਿਰ ਕਿਸੇ ਆਗੂ ਨੂੰ ਨਹੀਂ ਗੋਲਦੇ। ਧਰਨੇ ਟੈਂਕੀਆਂ ਮੁਜਾਹਰੇ ਚਲਦੇ ਹੀ ਰਹਿਣੇ ਹਨ। ਤੇ ਸੱਚ ਨੂੰ ਬਿਆਨਦੀ ਕਲਮ ਦੀ ਬਦਸਤੂਰ ਲਿਖਣਾ ਜਾਰੀ ਰੱਖੇਗੀ।

    ReplyDelete