Wednesday, September 25, 2019

                          ਜ਼ਿੰਦਗੀ ਬਣੀ ਸ਼ਰੀਕ
   ਨੌਕਰੀ ਮਿਲੀ ਨਹੀਂ, ਵਿਆਹ ਜੁੜਿਆ ਨਹੀਂ
                             ਚਰਨਜੀਤ ਭੁੱਲਰ
ਬਠਿੰਡਾ : ਲੁਧਿਆਣੇ ਦੇ ਪਿੰਡ ਮਲੌਦ ਦਾ ਨੌਜਵਾਨ ਪ੍ਰਿੰਸ ਅਰੋੜਾ ਬਿਨਾਂ ਕਸੂਰੋਂ ਸਜ਼ਾ ਭੁਗਤ ਰਿਹਾ ਹੈ। ਉਸ ਦੇ ਬੋਝੇ ’ਚ ਹਰ ਛੋਟੀ ਵੱਡੀ ਡਿਗਰੀ ਹੈ। ਪੰਜਾਬ ਸਰਕਾਰ ਨੇ ਜੋ ਸ਼ਰਤ ਲਾਈ, ਉਸ ਨੇ ਇੱਕੋ ਹੱਲੇ ਪੂਰੀ ਕਰ ਦਿੱਤੀ। ਇਕੱਲਾ ਟੈੱਟ ਨਹੀਂ, ਵਿਸ਼ਾ ਟੈਸਟ ਦੋ ਵਾਰ ਪਾਸ ਕੀਤਾ। ਕਦੇ ਕੋਈ ਨਸ਼ਾ ਨਹੀਂ ਕੀਤਾ, ਸਿਰਫ਼ ਮਿਹਨਤ ਕੀਤੀ। ਪਹਿਲੋਂ ਪੜਾਈ ਲਈ, ਫਿਰ ਰੁਜ਼ਗਾਰ ਲਈ ਸੜਕਾਂ ’ਤੇ ਕੁੱਦਿਆ। ਆਖਰ ਥੱਕ ਹਾਰ ’ਤੇ ਹੁਣ ਬੈਠ ਗਿਆ ਹੈ। ਉਸ ਕੋਲ ਹੁਣ ਸਿਰਫ਼ ਇੱਕ ਮਾਂ ਬਚੀ ਹੈ ਜਾਂ ਫਿਰ ਸਮਾਜ ਦੇ ਤਾਹਨੇ। ਉਹ ਜ਼ਿੰਦਗੀ ਦੇ 40 ਵਰੇ੍ਹ ’ਚ ਪੁੱਜ ਗਿਆ ਹੈ। ਨਾ ਸਰਕਾਰੀ ਨੌਕਰੀ ਮਿਲੀ ਤੇ ਨਾ ਵਿਆਹ ਜੁੜਿਆ। ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਇਹੋ ਤਰਾਸ਼ਦੀ ਹੈ। ਨੌਜਵਾਨ ਪ੍ਰਿੰਸ ਅਰੋੜਾ ਨੂੰ ਇਹੋ ਮਲਾਲ ਹੈ ਕਿ ਮਾਂ ਦੀ ਕੋਈ ਰੀਝ ਪੂਰੀ ਨਹੀਂ ਕਰ ਸਕਿਆ ਤੇ ਉਪਰੋਂ ਜ਼ਿੰਦਗੀ ਦੇ ਹੁਸੀਨ ਦਿਨ ਵੀ ਬੇਕਾਰੀ ਦੇ ਤਾਣੇ ਪੇਟੇ ਦੀ ਭੇਟ ਚੜ੍ਹ ਗਏ। ਪ੍ਰਿੰਸ ਅਰੋੜਾ ਇਸ ਗੱਲੋਂ ਪ੍ਰੇਸ਼ਾਨ ਹੈ ਕਿ ਬਿਨਾਂ ਜੁਰਮ ਤੋਂ  ਉਸ ਨੂੰ ਸਜ਼ਾ ਮਿਲੀ ਹੈ। ਸਿਆਸੀ ਕਚਹਿਰੀ ਦੇ ਹਾਕਮ ਉਸ ਨੂੰ ਏਨਾ ਜਰੂਰ ਦੱਸ ਦੇਣ, ਉਸ ਦਾ ਕਸੂਰ ਕੀ ਹੈ ? ਰੁਜ਼ਗਾਰ ਦਾ ਤੇ ਵਿਆਹ ਦਾ ਵੀ ਡਰੀਮ ਵੀ ਟੁੱਟ ਗਿਆ ਹੈ। ਉਸ ਨੂੰ ਦਿਲ ’ਚ ਹੁਣ ਅਰਮਾਨ ਧੜਕਣੋਂ ਹਟ ਗਏ ਹਨ।
              ਬੁਢਲਾਡਾ ਦੇ ਨੌਜਵਾਨ ਰਾਜ ਕੁਮਾਰ ਨੂੰ ਵੀ ਕੋਈ ਰਾਹ ਨਹੀਂ ਲੱਭ ਰਿਹਾ। ਉਹ ਈ.ਟੀ.ਟੀ/ਟੈੱਟ ਪਾਸ ਹੈ। 41 ਵਰ੍ਹਿਆਂ ਦਾ ਹੋ ਚੁੱਕਾ ਹੈ। ਨੌਕਰੀ ਦੀ ਝਾਕ ’ਚ ਵਿਆਹ ਵਾਲੀ ਉਮਰ ਵੀ ਟਪਾ ਬੈਠਾ ਹੈ। ਇਹੋ ਆਖਦਾ ਹੈ ਕਿ ਉਸ ਦਾ ਸਿਰਫ਼ ਇਹੋ ਕਸੂਰ ਹੈ ਕਿ ਉਸ ਨੇ ਟੈੱਟ ਪਾਸ ਕੀਤਾ। ਰਾਜ ਕੁਮਾਰ ਸਿਰਫ਼ ਨਾਮ ਦਾ ਹੀ ਹੈ। ਪੱਲੇ ਸਿਰਫ਼ ਸੰਘਰਸ਼ ਹੈ ਜੋ ਉਹ ਨੌਕਰੀ ਲਈ ਕਰ ਰਿਹਾ ਹੈ। ਉਹ ਸੰਗਰੂਰ ਮੋਰਚੇ ’ਤੇ ਡਟਿਆ ਹੋਇਆ ਹੈ। ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ’ਚ ਇਨ੍ਹਾਂ ਨੌਜਵਾਨਾਂ ਦੇ ਸਬਰ ਦੀ ਪ੍ਰੀਖਿਆ ਚੱਲ ਰਹੀ ਹੈ। ਬਰਨਾਲਾ ਦੇ ਪਿੰਡ ਜੋਧਪੁਰ ਦਾ ਜਗਜੀਤ ਸਿੰਘ ਪ੍ਰਸਥਿਤੀਆਂ ਨਾਲ ਨੰਗੇ ਧੜ ਲੜਿਆ। ਬਾਪ ਦੀ ਬਿਮਾਰੀ ਨੇ ਪਹਿਲੋਂ ਕਰਜ਼ ਚਾੜ ਦਿੱਤਾ ਅਤੇ ਮਗਰੋਂ ਪੜ੍ਹਾਈ ਲਈ ਕਰਜ਼ ਚੁੱਕਣਾ ਪਿਆ। ਜ਼ਿੰਦਗੀ ਉਸ ਦਾ ਦਮ ਪਰਖਦੀ ਰਹੀ, ਉਹ ਹਾਰਿਆ ਨਾ। ਦੋ ਵਿਸ਼ਿਆਂ ਵਿਚ ਐਮ.ਏ ਅਤੇ ਬੀ.ਐਡ ਹੈ। ਨਾਲ ਟੈੱਟ ਵੀ ਪਾਸ ਹੈ। ਸਰਕਾਰ ਕੋਲੋਂ ਹਾਰ ਗਿਆ ਹੈ। 34 ਵਰ੍ਹਿਆਂ ਦਾ ਹੈ ਅਤੇ ਜ਼ਿੰਦਗੀ ਦਾ ਜਸ਼ਨ ਗੁਆ ਬੈਠਾ ਹੈ। ਉਸ ਨੇ ਕਿਰਤ ਕੀਤੀ, ਸੰਘਰਸ਼ ਕੀਤਾ, ਲੋਕਾਂ ਨੇ ਟਿੱਚਰਾਂ।
                ਮਾਪੇ ਬੱੁਢੇ ਹੋ ਚੱਲੇ ਹਨ। ਉਸ ਨੇ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ ਹੈ। ਉਹ ਆਖਦਾ ਹੈ ਕਿ ਅਦਾਲਤਾਂ ’ਚ ਵੀ ਸਜ਼ਾ ਸੁਣਾਉਣ ਤੋਂ ਪਹਿਲਾਂ ਜੁਰਮ ਦੱਸਿਆ ਜਾਂਦਾ ਹੈ ਪ੍ਰੰਤੂ ਸਿਆਸੀ ਕਚਹਿਰੀ ਦੇ ਵਿਧਾਨ ਹੀ ਹੋਰ ਹਨ।  ਪੰਜਾਬ ਸਰਕਾਰ ‘ਘਰ ਘਰ ਰੁਜ਼ਗਾਰ’ ਦੇ ਢੋਲ ਵਜਾ ਰਹੀ ਹੈ। ਸੰਗਰੂਰ ’ਚ ਬੇਕਾਰੀ ਦੇ ਭੰਨੇ ਨੌਜਵਾਨ ਨਾਅਰੇ ਮਾਰ ਰਹੇ ਹਨ। ਸੱਚ ਲੱਭਣਾ ਹੈ ਤਾਂ ਪਿੰਡਾਂ ਸ਼ਹਿਰਾਂ ਦੇ ਘਰਾਂ ’ਚ ਜਾਓ। ਦੇਖੋ ਕਿਵੇਂ ਜਵਾਨੀ ਪਿਸ ਰਹੀ ਹੈ। ਕਿਸ ਸਹਾਰੇ ਤੇ ਢਾਰਸ ਨਾਲ ਇਹ ਨੌਜਵਾਨ ਜ਼ਿੰਦਗੀ ਕੱਟਣ। ਮੁਕਤਸਰ ਦਾ ਅਨੀਤ ਕੱਕੜ ਵੀ ਇਸੇ ਮਰਜ਼ ਦਾ ਸ਼ਿਕਾਰ ਹੈ। ਦੋ ਵਿਸ਼ਿਆਂ ’ਚ ਐਮ.ਏ ਅਤੇ ਬੀ.ਐਡ ਹੈ। ਟੈੱਟ ਪਾਸ ਕਰਨ ਮਗਰੋਂ ਧਰਨੇ ਮੁਜ਼ਾਹਰੇ ਵੀ ਕੀਤੇ। ਕੱਕੜ ਆਖਦਾ ਹੈ ਕਿ ਉਹ ਤਾਂ ਲੀਡਰਾਂ ਦੀਆਂ ਸਿਆਸੀ ਸਨਅਤਾਂ ਦਾ ਕੱਚਾ ਮਾਲ ਹਨ। ਪੰਜ ਸਾਲ ਮਗਰੋਂ ਪਿਸਦੇ ਹਨ। ਆਗੂਆਂ ਨੂੰ ਗੱਦੀ ਮਿਲਦੀ ਹੈ ਤੇ ਉਨ੍ਹਾਂ ਨੂੰ ਧੱਕੇ। ਅਨੀਸ ਕੱਕੜ ਹੁਣ ਕੋਚਿੰਗ ਦਾ ਕੰਮ ਕਰਦਾ ਹੈ। ਉਹ ਆਖਦਾ ਹੈ ਕਿ ਵਿਆਹ ਕਿਸ ਆਸਰੇ ਕਰਾਵੇ।
         ਪੰਜਾਬ ਸਰਕਾਰ ਨੇ ਹਰ ਵਰੇ੍ਹ ਇਨ੍ਹਾਂ ਨੌਜਵਾਨਾਂ ਨੂੰ ਨਵੀਆਂ ਸ਼ਰਤਾਂ ਦੇ ਨਕਸ਼ੇ ਦਿਖਾਏ। ਦਾਨਗੜ੍ਹ (ਬਰਨਾਲਾ) ਦੇ ਨੌਜਵਾਨ ਨਵਦੀਪ ਸਿੰਘ ਨਾਲ ਜੱਗੋਂ ਤੇਰ੍ਹਵੀਂ ਹੋਈ। ਟੈੱਟ ਪਾਸ ਤੇ ਤਿੰਨ ਵਿਸ਼ਿਆਂ ’ਚ ਐਮ.ਏ ਪਾਸ ਹੈ। ਬੇਰੁਜ਼ਗਾਰੀ ਦੌਰਾਨ ਵਿਆਹ ਕਰਾ ਬੈਠਾ। ਛੇ ਮਹੀਨੇ ਮਗਰੋਂ ਵਿਆਹ ਟੁੱਟ ਗਿਆ। ਉਹ ਆਖਦਾ ਹੈ ਕਿ ਇਸ ਦਾਗ ਨੇ ਉਸ ਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ। ਬਠਿੰਡਾ ਦੇ ਪਿੰਡ ਨਸੀਬਪੁਰਾ ਦੇ ਗੁਰਮੁੱਖ ਸਿੰਘ ਨੇ ਇਹ ਧਾਰੀ ਹੈ ਕਿ ਅਗਰ ਦੋ ਵਰ੍ਹਿਆਂ ’ਚ ਨੌਕਰੀ ਮਿਲੀ ਤਾਂ ਵਿਆਹ ਕਰਾਉਣਾ, ਫਿਰ ਕਦੇ ਵੀ ਨਹੀਂ। ਡਿਗਰੀ ਡਿਪਲੋਮੇ ਉਸ ਕੋਲ ਹਨ। ਗੁਰਮੁੱਖ ਸਿੰਘ ਨੂੰ ਜੀਵਨ ਸਾਥੀ ਤੋਂ ਪਹਿਲਾਂ ਨੌਕਰੀ ਦੀ ਉਡੀਕ ਹੈ। ਇਵੇਂ ਦੇ ਨਸ਼ੀਬ ਵਾਲੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਹਨ ਜੋ ਕਿਸੇ ਕੋਲ ਢਿੱਡ ਫਰੋਲਨ ਜੋਗੇ ਵੀ ਨਹੀਂ। ਇਨ੍ਹਾਂ ਲਈ ਰੁਜ਼ਗਾਰ ਤੇ ਵਿਆਹ ਦੋਵੇਂ ਦੁਰਲੱਭ ਹੋ ਗਏ ਹਨ।
         ਮਾਨਸਾ ਜ਼ਿਲ੍ਹੇ ਦੀ ਇੱਕ ਧੀ ਕਰਮਜੀਤ ਕੌਰ ਦੇ ਚਾਅ ਮਲਾਲ ਹੀ ਬੇਕਾਰੀ ਨੇ ਮਾਰ ਦਿੱਤੇ ਹਨ। ਉਸ ਲਈ ਜ਼ਿੰਦਗੀ ਸਰਲ ਨਹੀਂ ਰਹੀ। ਪੜਾਈ ਮਗਰੋਂ ਨੌਕਰੀ ਦੀ ਆਸ ’ਚ ਉਹ ਜੀਵਨ ਦੇ 34ਵੇਂ ਵਰੇ੍ਹ ਵਿਚ ਪੁੱਜ ਗਈ ਹੈ। ਕਿੰਨੀਆਂ ਕੁੜੀਆਂ ਹਨ ਜਿਨ੍ਹਾਂ ਦੀ ਜ਼ਿੰਦਗੀ ਸੰਘਰਸ਼ੀ ਰੌਲ਼ੇ ਰੱਪੇ ’ਚ ਹੀ ਲੰਘਣ ਲੱਗੀ ਹੈ। ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ’ਤੇ ਜੋ ਗੁਜਰ ਰਹੀ ਹੈ, ਕਦੇ ਸਰਕਾਰ ਉਸ ਦਾ ਅਹਿਸਾਸ ਕਰਕੇ ਵੇਖੇ। ਕਿੰਨੀਆਂ ਮਾਵਾਂ ਦੇ ਪਾਣੀ ਵਾਰਨ ਦੇ ਚਾਅ ਦਿਲਾਂ ’ਚ ਹੀ ਮਰ ਮੁੱਕ ਗਏ ਹਨ। ਇਨ੍ਹਾਂ ਘਰਾਂ ਨੂੰ ਜ਼ਿੰਦਗੀ ਸ਼ਰੀਕ ਬਣ ਟੱਕਰੀ ਹੈ, ਸਿਆਸੀ ਕਚਹਿਰੀ ਦੇ ਜ਼ਰੀਏ।
                           ਨੌਕਰੀ ਦੀ ਝਾਕ ’ਚ ਬੁੱਢੇ ਹੋਏ : ਯੂਨੀਅਨ
ਟੈੱਟ ਪਾਸ ਬੀ.ਐੱਡ ਬੇਰੁਜ਼ਗਾਰ ਯੂਨੀਅਨ ਦੀ ਜਨਰਲ ਸਕੱਤਰ ਗੁਰਜੀਤ ਕੌਰ ਅਤੇ ਸਟੇਟ ਕਮੇਟੀ ਮੈਂਬਰ ਯੁਧਜੀਤ ਸਿੰਘ ਬਠਿੰਡਾ ਦਾ ਪ੍ਰਤੀਕਰਮ ਸੀ ਕਿ ਸਰਕਾਰ ਬੁੱਢਿਆਂ ਨੂੰ ਨੌਕਰੀ ਦੇ ਰਹੀ ਹੈ ਅਤੇ ਨੌਕਰੀ ਦੀ ਝਾਕ ਵਿਚ ਨੌਜਵਾਨ ਬੁੱਢੇ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਅਭਾਗੇ ਦੌਰ ’ਚ ਪੰਜਾਬ ਨੇ ਜਵਾਨ ਸਮਰੱਥਾ ਅਜਾਈ ਗੁਆ ਲਈ ਹੈ ਜੋ ਸੂਬੇ ਦੀ ਉੱਨਤੀ ਦੇ ਲੇਖੇ ਲੱਗਣੀ ਸੀ। ਸਰਕਾਰ ਬਿਨਾਂ ਦੇਰੀ ਤੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤਾਂ ਜੋ ਹਜ਼ਾਰਾਂ ਘਰਾਂ ’ਚ ਰੋਸ਼ਨੀ ਦੀ ਦੀਪ ਜਲ ਸਕਣ।


No comments:

Post a Comment