Sunday, September 8, 2019

                        ਵਿਚਲੀ ਗੱਲ
    ਵਾਰਸ ਸ਼ਾਹ ਨਸੀਬ ਹੀ ਪੈਣ ਝੋਲੀ…
                       ਚਰਨਜੀਤ ਭੁੱਲਰ
ਬਠਿੰਡਾ  ਕੋਈ ਫਰਕ ਹੁਣ ਨਹੀਂ ਪੈਂਦਾ, ਕੁਆਰੀ ਧੀ ਦੇ ਟੈਂਕੀ ’ਤੇ ਚੜ੍ਹਨ ਨਾਲ। ਜੱਟ ਦੇ ਮੁੰਡੇ ਦੇ ਲੇਬਰ ਚੌਕ ’ਚ ਖੜ੍ਹਨ ਨਾਲ। ਮਾਂ ਦੇ ਭਾਖੜਾ ’ਚ ਮਰਨ ਨਾਲ। ਸਾਹਿਬ ਦੇ ਪੈਰੀਂ ਪੱਗ ਧਰਨ ਨਾਲ। ਜੰਤਰ-ਮੰਤਰ ’ਤੇ ਨੰਗੇ ਧੜ ਲੜਨ ਨਾਲ। ਇਉਂ ਹੁਣ ਅਕਸਰ ਹੁੰਦਾ ਹੈ। ਕਿਸੇ ਵੀ ਜਮਹੂਰੀ ਰਾਜੇ ਦੀ ਅੱਖ ਦੇਖੋ। ਨਾ ਸ਼ਰਮ ਦਿਖੇਗੀ ਤੇ ਨਾ ਹੰਝੂ। ਗੱਦੀ ਵਾਲੇ ਪੱਥਰ ਬਣੇ ਨੇ। ਸਿਰਫ ਚੋਣਾਂ ਮੌਕੇ ਪਿਘਲਦੇ ਨੇ। ਪੰਜਾਬ ਦਾ ਮੋਮ ਵਰਗਾ ਦਿਲ ਸੀ। ਹੁਣ ਦਿਲ ’ਤੇ ਪੱਥਰ ਰੱਖਣਾ ਪੈ ਰਿਹੈ। ਜਦੋਂ ਭਾਵਨਾ ਮਰ ਜਾਏ, ਸੰਦੇਵਨਾ ਸੌਂ ਜਾਏ। ਉਦੋਂ ਹਕੂਮਤ ਕੱਛਾਂ ਵਜਾਉਂਦੀ ਐ। ਹਾਕਮ ਯਮਰਾਜ ਬਣ ਜਾਂਦੇ ਨੇ। ਪੰਜਾਬ ਜ਼ਿੰਦਾ ਲਾਸ਼।ਵਾਰਿਸ ਸ਼ਾਹ ਦੇ ਘਰ ਦੂਰ ਨੇ। ਅੰਮ੍ਰਿਤਾ ਪ੍ਰੀਤਮ ਪ੍ਰਲੋਕ ’ਚ ਹੈ। ਹੁਣ ’ਵਾਜ਼ ਇੱਕ ਗਰੀਬ ਦੀ ਧੀ ਨੇ ਮਾਰੀ ਹੈ। ਪੰਜਾਬ ਦੇ ਸਿਆਸੀ ਵਾਰਸਾਂ ਨੂੰ। ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ। ਗੁਰਨੇ ਖੁਰਦ (ਮਾਨਸਾ) ਦੀ ਕੁੜੀ ਜਸਵੀਰ ਕੌਰ। ਜ਼ਿੰਦਗੀ ਨੇ ਸਭ ਕੁਝ ਸਿਖਾ ਦਿੱਤਾ। ਵੈਸੇ ਈਟੀਟੀ ਟੈੱਟ ਪਾਸ ਵੀ ਹੈ। ਦਿਨੇ ਦਿਹਾੜੀ ਕੀਤੀ, ਰਾਤ ਨੂੰ ਪੜ੍ਹਾਈ। ਭਾਰੀ ਫੀਸਾਂ ਦੇਖੀਆਂ, ਉਹ ਡਰੀ ਨਹੀਂ। ਮਾਂ ਮੰਜੇ ’ਚ ਪੈ ਗਈ, ਉਹ ਹਾਰੀ ਨਹੀਂ। ਕਦੇ ਚੁੱਲ੍ਹਾ ਨਾ ਤਪਿਆ, ਉਹ ਸਮੇਂ ਨਾਲ ਲੜੀ। ਹੁਣ ਚਾਰ ਦਿਨਾਂ ਤੋਂ ਟੈਂਕੀ ’ਤੇ ਹੈ। ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ’ਚ। ਮੂੰਹ ਮਹਿਲਾਂ ਵੱਲ ਕੀਤੈ, ਉੱਚੀ ਬੋਲ ਰਹੀ ਹੈ, ‘ਨੌਕਰੀ ਦਿਓ, ਨਹੀਂ ਜਾਨ ਦਿਆਂਗੇ’।
                  ਜਦੋਂ ਇਹ ਗਰੀਬ ਦੀ ਧੀ ਛੋਟੀ ਸੀ। ਕੋਠੇ ਚੜ੍ਹਨ ਤੋਂ ਡਰਦੀ ਸੀ। ਹੁਣ ਸੌ ਫੁੱਟ ਉੱਚੀ ਟੈਂਕੀ ’ਤੇ ਹੈ। ਉਹਦੇ ਵਰਗੇ 14 ਹਜ਼ਾਰ ਹਨ। ਚੌਥੀ ਵਾਰ ਟੈਂਕੀ ’ਤੇ ਚੜ੍ਹੇ ਹਨ। ਸਿਰਫ਼ ਦੱਸਣ ਲਈ, ‘ਘਰ-ਘਰ ਰੁਜ਼ਗਾਰ’ ਦਾ ਸੱਚ। ਸਰਕਾਰੀ ਝੂਠ ਖ਼ਿਲਾਫ਼ ਪੂਨਮ ਰਾਣੀ ਵੀ ਖਰੜ ਦੀ ਟੈਂਕੀ ’ਤੇ ਚੜ੍ਹੀ। ਐੱਮਏ ਬੀਐੱਡ ਟੈੱਟ ਪਾਸ ਹੈ। ਪਿਛਲੇ ਰਾਜ ਭਾਗ ਤੋਂ ਰੁਜ਼ਗਾਰ ਮੰਗਣ ਬਠਿੰਡਾ ਗਈ। ਹਵਾਲਾਤ ਦਿਖਾ ਦਿੱਤੀ। ਪੁਲੀਸ ਦੀ ਲਾਠੀ ਝੱਲੀ, ਉਹ ਵੱਖਰੀ। ਕਾਂਗਰਸ ਸਰਕਾਰ ਤੋਂ ਹੁਣ ਰੁਜ਼ਗਾਰ ਮੰਗਿਆ। ਜੇਲ੍ਹ ਵਿਖਾ ਦਿੱਤੀ ਹੈ। ਪੰਜਾਹ ਹਜ਼ਾਰ ਬੀਐੱਡ ਟੈੱਟ ਪਾਸ ਹਨ। ਇਨ੍ਹਾਂ ਨੂੰ ਜੇਲ੍ਹਾਂ ਦੀ ਨਹੀਂ, ਰੁਜ਼ਗਾਰ ਦੀ ਲੋੜ ਹੈ। ਵੱਡੀ ਜੱਗੋਂ ਤੇਰ੍ਹਵੀਂ ਖਮਾਣੋਂ ਦੀ ਮਹਿਲਾ ਸਵੀਪਰ ਨਾਲ ਹੋਈ। ਖ਼ਜ਼ਾਨਾ ਦਫ਼ਤਰ ਨੇ ਘਰੇ ਜੋ ਤੋਰ ਦਿੱਤਾ। ਸਵੀਪਰ ਮਨਪ੍ਰੀਤ ਕੌਰ ਹਾਈ ਕੋਰਟ ਪੁੱਜੀ। ਵਿੱਤ ਮਹਿਕਮੇ ਨੇ ਤਰਕ ਦਿੱਤਾ ‘ਜਦੋਂ ਪਖਾਨਾ ਨਹੀਂ, ਸਵੀਪਰ ਕੀ ਕਰਨੈ’। ਜੱਜ ਨੇ ਝਾੜ ਪਾਈ, ‘ਡੁੱਬ ਮਰੋ, ਚੰਦ ’ਤੇ ਪਹੁੰਚ ਗਏ ਹਾਂ, ਦਫ਼ਤਰਾਂ ’ਚ ਪਖਾਨੇ ਤੱਕ ਨਹੀਂ।’ ਰੁਜ਼ਗਾਰ ਦੇਣਾ ਤਾਂ ਕੀ ਸੀ, ਦਿੱਤਾ ਵੀ ਖੋਹ ਲਿਆ। ਚੰਡੀਗੜ੍ਹ ਨੂੰ ਕੋਈ ਫਰਕ ਨਹੀਂ ਪੈਂਦਾ। ਬਟਾਲੇ ਦੀ ਪਟਾਕਾ ਫੈਕਟਰੀ। 23 ਜ਼ਿੰਦਾ ਬਿਨਾਂ ਕਸੂਰੋਂ ਫੌਤ ਹੋਈਆਂ। ਨਵਜੋਤ ਸਿੱਧੂ ਲਈ ਬਟਾਲਾ ਦੂਰ ਹੋ ਗਿਆ। ਮੁੱਖ ਮੰਤਰੀ ਨੇ ਕੋਰਾ ਜਵਾਬ ਦਿੱਤਾ, ਦੋ ਲੱਖ ਤੋਂ ਵੱਧ ਮੁਆਵਜ਼ੇ ਕਿਵੇਂ ਦੇਈਏ। ਜਿਨ੍ਹਾਂ ਦੇ ਚਲੇ ਗਏ, ਕਰ ਸਕਦੇ ਹੋ ਵਾਪਸ।
                ਕੋਈ ਸਿਆਸੀ ਅੱਖ ਨਮ ਨਹੀਂ ਹੁੰਦੀ। ਜਦੋਂ ਅੱਖਾਂ ’ਚ ਹੰਝੂ ਨਾ ਬਣਨ, ਉਸ ਨੂੰ ਡਾਕਟਰੀ ਭਾਸ਼ਾ ’ਚ ‘ਖੁਸ਼ਕ ਅੱਖਾਂ’ ਆਖਦੇ ਨੇ। ਅੱਖਾਂ ਦੀ ਇਹ ਬਿਮਾਰੀ ਹੈ। ਚੋਣਾਂ ’ਚ ਜੋ ਵੀ ਛੋਟੇ ਵੱਡੇ ਫਰਕ ਨਾਲ ਜਿੱਤੇ। ਸਭ ਨੂੰ ਇਹੋ ਬਿਮਾਰੀ ਚਿੰਬੜੀ ਜਾਪਦੀ ਹੈ। ਬੰਦੇ ਮੁੱਕ ਰਹੇ ਨੇ, ਮਜ਼ਾਲ ਐ, ਇਨ੍ਹਾਂ ਅੱਖਾਂ ’ਚ ਕੋਈ ਹੰਝੂ ਆ ਜਾਏ। ਕਸ਼ਮੀਰੀ ਧੀਆਂ ’ਤੇ ਅੱਖ ਰੱਖਣ ਦੇ ਲਲਕਾਰੇ ਵੱਜੇ, ਫਿਰ ਵੀ ਦਿੱਲੀ ਦੇ ਕੋਏ ਸੁੱਕੇ ਰਹੇ। ਹਰਿਆਣੇ ’ਚ ਕਿਸਾਨ ਸੜਕਾਂ ’ਤੇ ਹਨ। ਪੂਰੇ 52 ਦਿਨਾਂ ਤੋਂ ਢੁਕਵਾਂ ਮੁਆਵਜ਼ਾ ਲੈਣ ਲਈ। ਮੁੱਖ ਮੰਤਰੀ ਨੂੰ ਕਿਸਾਨ ਨਜ਼ਰ ਨਹੀਂ ਪਏ। ਜੰਤਰ ਮੰਤਰ ’ਤੇ ਕੋਈ ਨੰਗੇ ਧੜ ਆਉਂਦੈ। ਕੋਈ ਮਨੁੱਖੀ ਖੋਪੜੀਆਂ ਨਾਲ। ਦਿੱਲੀ ਪੱਥਰ ਬਣ ਗਈ ਐ। ਜੋਕ ਕਿਥੋਂ ਲੱਗੇ। ਹੜ੍ਹਾਂ ’ਚ ਹੁਣੇ ਖੇਤ ਰੁੜ੍ਹੇ ਨੇ। ਮੀਂਹ ਮਗਰੋਂ ਆਉਂਦਾ ਹੈ। ਮੂਨਕ ਦੇ ਪਿੰਡ ਪਹਿਲੋਂ ਸੁਕਣੇ ਪੈ ਜਾਂਦੇ ਨੇ। ਕਿਸਾਨ ਨਸੀਬ ਸਿੰਘ ਦੱਸਦਾ ਹੈ। ਘੱਗਰ ਦੀ ਮਾਰ ਪੜਦਾਦੇ ਦੀ ਉਮਰ ਤੋਂ ਵੱਡੀ ਹੈ। ਚੰਡੀਗੜ੍ਹ ਨੇ ਘੂਰੀ ਵੱਟੀ ਐ ‘ਦੱਬੇ ਮੁਰਦੇ ਨਹੀਂ ਉਖਾੜੀਦੇ’। ਤਿਲੰਗਾਨਾ ਦੇ ਦੋ ਕਿਸਾਨ ਸਿੱਧੇ ਪੈਰੀਂ ਡਿੱਗੇ। ਵੱਡਾ ਸਾਹਿਬ ਸੁੰਨ ਤਾਂ ਹੋਇਆ। ਅੱਖਾਂ ਨੇ ਫਿਰ ਵੀ ਝੇਪ ਨਾ ਮੰਨੀ। ਮੱਧ ਪ੍ਰਦੇਸ਼ ’ਚ ਇੱਕ ਧੀ ਨੂੰ ਅੱਧ ਨਗਨ ਕੀਤਾ। ਭੀੜ ਪਿਛੇ ਪਿਛੇ ਘੁੰਮੀ। ਮੁੱਖ ਮੰਤਰੀ ਦੀ ਅੱਖ ਖੁਸ਼ਕ ਰਹੀ। ਕਸ਼ਮੀਰੀ ਮੁੰਡੇ ਦਾ ਕੀ ਕਸੂਰ ਸੀ, ਕੁੜੀਆਂ ਵਾਲੀ ਟੀ ਸ਼ਰਟ ਪੁਆਈ। ਰਾਜਸਥਾਨ ਪੁਲੀਸ ਆਖਦੀ ਹੈ, ਅਣਪਛਾਤੇ ਸਨ।
              ਪੰਜਾਬ ’ਚ ਅਣਪਛਾਤੀ ਪੁਲੀਸ ਹੈ। ਬਰਗਾੜੀ ਗੋਲੀ ਕਾਂਡ। ਦੋ ਨੌਜਵਾਨ ਪੁਲੀਸ ਦੀ ਗੋਲੀ ਨੇ ਢੇਰ ਕਰ ’ਤੇ। ਉਦੋਂ ਦੜ ਬਾਦਲਾਂ ਵਾਲੀ ਸਰਕਾਰ ਨੇ ਵੱਟੀ। ਹੁਣ ਮੋਤੀਆਂ ਵਾਲੀ ਨੇ। ਬਾਜੇਵਾਲਾ (ਮਾਨਸਾ) ਦੇ ਲੋਕ ਬੋਲੇ ‘ਧੰਨ ਐ ਭਾਈ ਤੂੰ ਧੰਨਾ ਸਿਆਂ’। ਕਿਸਾਨ ਬਲਵਿੰਦਰ ਸਿੰਘ ਖੁਦਕੁਸ਼ੀ ਕਰ ਗਿਆ। ਕੈਂਸਰ ਪੀੜਤ ਬੱਚੇ ਦਾ ਇਲਾਜ ਕਰਾਉਣੋਂ ਬੇਵੱਸ ਸੀ। ਮਗਰੋਂ ਬੱਚਾ ਵੀ ਬਚ ਨਾ ਸਕਿਆ। ਦਾਦਾ ਧੰਨਾ ਸਿੰਘ, ਪੁੱਤ ਤੇ ਪੋਤਾ, ਦੋਵੇਂ ਗੁਆ ਬੈਠਾ ਹੈ। ਚੰਡੀਗੜ੍ਹ ਨੂੰ ਕੋਈ ਫਰਕ ਨਹੀਂ ਪਿਆ। ਪੱਥਰਾਂ ’ਚੋਂ ਰੱਬ ਕਿਵੇਂ ਪਾਈਏ। ਜੋ ਬਿਮਾਰੀ ’ਚ ਲਾਲ ਗੁਆ ਬੈਠੇ ਨੇ, ਉਹ ਪੁੱਛਦੇ ਹਨ। ਅਕਾਲੀ ਅੱਕੀਂ ਪਲਾਹੀਂ ਹੱਥ ਮਾਰ ਰਹੇ ਨੇ, ਵੱਕਾਰ ਹੀ ਗੁਆਚ ਗਿਆ, ਕਿਥੋਂ ਲੱਭੀਏ। ਬਠਿੰਡੇ ਵਾਲਿਆਂ ਨੂੰ ਹੁਣ ਸੁਖਪਾਲ ਖਹਿਰਾ ਨਹੀਂ ਲੱਭਦਾ। ਐਵੇਂ ਭਟਕ ਗਏ, ਗੱਲ ਵੱਲ ਮੁੜੀਏ। ਫੱਤਣਵਾਲਾ (ਮੁਕਤਸਰ) ਦੀ ਮਾਂ ਕਿਰਨ ਕੌਰ ਨੇ ਧੀ ਮਲੇਸ਼ੀਆ ਭੇਜੀ। ਹੁਣੇ ਲਾਸ਼ ਮੁੜੀ ਐ, ਮਾਂ ਦੀਆਂ ਅੱਖਾਂ ਅੱਗੇ ਹਨੇਰਾ ਛਾਇਐ। ਦੌਰ ਮੰਦੀ ਦਾ ਹੈ, ਪੂਰੇ ਮੁਲਕ ਦਾ ਇਸ ਮਾਂ ਵਰਗਾ ਹਾਲ ਐ। ਮੰਦਵਾੜੇ ਨੇ ਸਾਹ ਸੂਤੇ ਨੇ। ਮੋਦੀ ਜੀ, ਰੂਸ ਨੂੰ ਅਰਬਾਂ ਵੰਡ ਰਹੇ ਨੇ। ਕਹਾਵਤ ਚੇਤੇ ਹੋਊ, ‘…ਪੁੱਤ ਗੁਹਾਰੇ ਬਖਸ਼ੇ’। ਜਦੋਂ ਯੂਪੀਏ ਗੱਦੀ ’ਤੇ ਸੀ। ਉਦੋਂ ਭਾਜਪਾਈ ਰਟ ਸੀ, ਮਨਮੋਹਨ ਜੀ, ਕੁਝ ਤਾਂ ਬੋਲੋ। ਹੁਣ ਜਦੋਂ ਮਨਮੋਹਨ ਸਿੰਘ ਬੋਲੇ ਨੇ, ਕੋਈ ਸੁਣਨ ਨੂੰ ਤਿਆਰ ਨਹੀਂ।
              ਸਿਆਸਤ ’ਚ ਇਖਲਾਕ ਨਾ ਬਚੇ, ਗੱਦੀ ਟੀਚਾ ਬਣ ਜਾਏ, ਉਦੋਂ ਅਨਰਥ ਹੁੰਦਾ ਹੈ। ਪ੍ਰਤੀਬੱਧਤਾ ਦਾ, ਭਾਵਨਾਵਾਂ ਦਾ। ਫਰਕ ਵੀ ਪੈਣੋਂ ਹਟ ਜਾਂਦਾ ਹੈ। ਯੂਪੀ ਦੇ ਮਿਰਜ਼ਾਪੁਰ ਦੇ ਪੱਤਰਕਾਰ ਪਵਨ ਜੈਸਵਾਲ ਨੇ ਭੁੱਲ ਕੀਤੀ। ਇਹੋ ਕਿ ਸਕੂਲ ਵਾਲੇ ਮਿੱਡ-ਡੇਅ ਮੀਲ ’ਚ ਨਮਕ ਨਾਲ ਰੋਟੀ ਖੁਆ ਰਹੇ ਨੇ। ਯੋਗੀ ਸਰਕਾਰ ਨੇ ਜੈਸਵਾਲ ’ਤੇ ਪਰਚਾ ਦਰਜ ਕੀਤੈ। ਉਹ ਵੇਲਾ ਚਲਾ ਗਿਆ। ਜਦੋਂ ਸੜਕਾਂ ਜਾਮ ਹੋਣ ’ਤੇ ਹਕੂਮਤੀ ਪਾਵੇ ਹਿੱਲਦੇ ਸਨ। ਭੀੜ ਤੋਂ ਹਾਕਮ ਭੈਅ ਖਾਂਦੇ ਸਨ। ਹੁਣ ਭੀੜਾਂ ਦੇ ਰੰਗ ਬਦਲੇ ਹਨ। ਨਵੀਂ ਭੀੜ ਦਿੱਲੀ ਦਾ ਇਸ਼ਾਰਾ ਸਮਝਦੀ ਹੈ। ਏਸ ਭੀੜ ਦੇ ਝੰਬੇ ਅੱਜ ਤੱਕ ਰਾਸ ਨਹੀਂ ਆਏ। ਅਵਤਾਰ ਪਾਸ਼ ਦੀ ਰੂਹ ਤੋਂ ਅਗਲਾ ਫਿਕਰਾ ਸੁਣੋ। ‘ਹਜੂਮੀ ਹਿੰਸਾ ਵੀ ਘੱਟ ਖ਼ਤਰਨਾਕ ਨਹੀਂ ਹੁੰਦੀ।’ ਗੌਰੀ ਲੰਕੇਸ਼ ਦੀ ਰੂਹ ਨੂੰ ਨਿਆਂ ਨਹੀਂ ਮਿਲਿਆ। ਹੁਣ ਸ਼ਹਿਲਾ ਰਸ਼ੀਦ ’ਤੇ ਪਰਚਾ ਪਾ ਦਿੱਤਾ।
               ਕੋਈ ਅੱਖ ’ਚ ਅੱਖ ਕਿਵੇਂ ਪਾ ਜਾਏ। ਏਨਾ ਦਾਬਾ ਪੰਜਾਬੀਆਂ ਦਾ ਸੀ। ਮਰੇ ਦਾ ਕੀ ਮਾਰਨਾ, ਅੱਜ ਏਹ ਹਾਲ ਹੈ। ਬਾਕੀ ਗੱਲਾਂ ਛੱਡੋ, ਹੁਣ ਦੀ ਸੁਣੋ। ਕਈ ਮਲਵਈ ਸੜਕਾਂ ’ਤੇ ਮੁਜ਼ਾਹਰੇ ਹੋਏ ਨੇ। ਅਖੇ… ਸਰਕਾਰੇ, ਸੁਸਰੀ ਤੋਂ ਖਹਿੜਾ ਛੁਡਵਾ। ਛੱਜੂ ਰਾਮਾ ! ਤੂੰ ਕਿਵੇਂ ਅੱਜ ਸੁਸਰੀ ਬਣਿਐ। ‘ਦਿਨ ਕੱਟ ਰਿਹਾ ਭਾਈ’। ਖੈਰ, ਦਿਨ ਤਾਂ ਪੂਰਾ ਪੰਜਾਬ ਹੀ ਕੱਟ ਰਿਹੈ। ਵੇਲਾ ਹੱਥ ਨਹੀਂ ਆ ਰਿਹਾ। ਵਾਰਸ ਸ਼ਾਹ ਹੌਸਲਾ ਦੇ ਰਿਹਾ, ਨਸੀਬਾਂ ’ਚ ਜੋ ਹੈ, ਕੋਈ ਖੋਹ ਨਹੀਂ ਸਕਦਾ। ਡਾਹਢੇ ਹੱਸੇ ਨੇ, ਪੱਥਰ ਦਿਲ ਜੋ ਹੋਏ। ਏਨਾ ਵੀ ਨਾ ਹੱਸੋ, ਪੰਜਾਬੀ ਖੂਨ ਕਿਤੇ ਉਬਾਲ ਖਾ ਗਿਆ, ਕੋਈ ਥਾਂ ਨਹੀਂ ਲੱਭਣੀ। ਅੱਖਾਂ ਦੀ ਖੁਸ਼ਕੀ ਚੁੱਕੀ ਜਾਊ।



3 comments:

  1. ਇਹ ਖ਼ਬਰ ਮਹਿਜ਼ ਇੱਕ ਖ਼ਬਰ ਜਾਂ ਆਰਟੀਕਲ ਨਹੀਂ ਬਲਕਿ ਪੱਤਰਕਾਰ ਦੇ ਅੰਦਰ ਸੰਵੇਦਨਾ ਦਾ ਤਪਦਾ ਹਾੜ੍ਹ ਹੈ। ਅਜਿਹਾ ਹਾੜ੍ਹ, ਜਿਸ ਪਿੱਛੋਂ ਸਾਉਣ ਦੀ ਕੋਈ ਉਮੀਦ ਨਹੀਂ । ਪਰੰਤੂ ਜਦ ਤੱਕ ਪੰਜਾਬ ਵਿੱਚ ਭਾਅਜੀ ਚਰਨਜੀਤ ਭੁੱਲਰ ਜੀ ਵਰਗੇ ਕਲਮ ਦੇ ਸ਼ਾਹਸਵਾਰ ਮੌਜੂਦ ਹਨ ਉਦੋਂ ਤੱਕ ਪੰਜਾਬ ਬੰਜਰ ਨਹੀਂ ਹੋਵੇਗਾ । -- ਗੁਰਸੇਵਕ ਸੋਹਲ, ਚੰਡੀਗੜ੍ਹ ।

    ReplyDelete
  2. Wonderful piece on Punjab . Congratulation dear Charanjit DrKKRattu

    ReplyDelete
  3. ਚਰਨਜੀਤ ਸੀਹਾਂ ਜਿੰਨੇਂ ਮਰਜੀ ਲੇਖ ਲਿਖੀ ਚਲ ਅਬਲਾ ਤਾਂ ਕੋਈ ਪੜ੍ਹਦਾ ਨਹੀਂ ਜੇ ਕਿਸੇ ਨੇ ਪੜ੍ਹ ਲਿਆ ਤਾਂ ਕੰਨ ਤੇ ਜੂੰ ਨਹੀਂ ਰੇਂਗਣੀ। ਤੇਰੀ ਹਰੁ ਲਿਖਤ ਅੰਕੜਿਆਂ ਨਾਲ ਭਰਪੂਰ ਹੁੰਦੀ ਹੈ। ਕੋਈ ਝੂਠ ਨਹੀਂ ਹੁੰਦਾ। ਪਰ ਨਤੀਜਾ। ਢਾਕ ਕੇ ਤੀਨ ਪਾਤ। ਤੂੰ ਤੇ ਇਕਬਾਲ ਸੱਚ ਦੇ ਵਿਉਪਾਰੀ ਬਣੇ ਰਿਹੋ ਪਰ ਰੋਜ਼ੀ ਰੋਟੀ ਦਾ ਜੁਗਾੜ ਨਾ ਕਰਿਓ।
    ਸੱਚ ਦੇ ਲੰਬੜਦਾਰ ਬਣਨ ਨਾਲ ਸ਼ੁਕੀਆ ਮਿਲਦੀਆਂ ਹਨ ਚੋਪੜੀਆਂ ਨਹੀਂ ਮਿਲਣੀਆਂ
    ਊਂ ਚੰਗਾ ਲਿਖਿਆ ਹੈ।

    ReplyDelete