Thursday, September 5, 2019

                              ਅਧਿਆਪਕ ਦਿਵਸ
               ਇੱਕ ਸਾਹ ਮੇਰਾ,ਇੱਕ ਸਾਹ ਤੇਰਾ 
                                 ਚਰਨਜੀਤ ਭੁੱਲਰ
ਬਠਿੰਡਾ : ਨਰਿੰਦਰ ਦਾ ਗੱਚ ਭਰਿਆ ਤੇ ਬੱਚਿਆਂ ਦੀ ਅੱਖ। ਜਦੋਂ ਪਤਾ ਲੱਗਾ ਕਿ ਨਰਿੰਦਰ ਹੁਣ ਸਕੂਲ ਚੋਂ ਵਿਦਾ ਹੋਵੇਗਾ। ਅਧਿਆਪਕ ਨਰਿੰਦਰ ਨੂੰ ਤਰੱਕੀ ਤਾਂ ਮਿਲੀ ਪਰ ਸਕੂਨ ਨਹੀਂ। ਬੱਚਿਆਂ ਦੇ ਵਿਯੋਗ ’ਚ ਪੂਰੀ ਰਾਤ ਜਾਗਦਾ ਰਿਹਾ। ਜਦੋਂ ਸਾਹਾਂ ਦੀ ਸਾਂਝ ਹੋਵੇ ਤਾਂ ਫਿਰ ਤਰੱਕੀ ਨੂੰ ਠੋਕਰ ਮਾਰਨਾ ਅੌਖਾ ਨਹੀਂ ਲੱਗਦਾ। ਹੁਸ਼ਿਆਰਪੁਰ ਦੇ ਪਿੰਡ ਝਾਂਸ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕ ਨਰਿੰਦਰ ਅਰੋੜਾ ਨੂੰ ਜਿੰਨੀ ਦਾਦ ਦਿੱਤੀ ਜਾਵੇ, ਉਨ੍ਹੀਂ ਥੋੜ੍ਹੀ। ਜਦੋਂ ਉਹ 13 ਵਰੇ੍ਹ ਪਹਿਲਾਂ ਪਿੰਡ ਝਾਂਸ ਦੇ ਸਕੂਲ ਪੁੱਜਾ। ਸਿਰਫ 23 ਬੱਚੇ ਸਨ। ਮੱਝਾਂ ਗਾਂਵਾਂ ਸਕੂਲ ’ਚ ਘੁੰਮਦੀਆਂ ਸਨ। ਗੋਹਾ ਚੁੱਕਣ ’ਚ ਦਿਨ ਗੁਜਰ ਜਾਂਦਾ। ਝਾਂਸ ਦੇ ਸਕੂਲ ’ਚ ਅੱਜ 311 ਬੱਚੇ ਹਨ। ਅੰਗਰੇਜ਼ੀ ਸਕੂਲਾਂ ਵਾਂਗ ਨਰਸਰੀ ਕਲਾਸ ਚੱਲਦੀ ਹੈ। ਨਰਿੰਦਰ ਦੇ ਮਨ ਨੂੰ ਉਦੋਂ ਹਲੂਣਾ ਵੱਜਾ ਜਦੋਂ ਇੱਕ ਪ੍ਰਾਈਵੇਟ ਸਕੂਲ ਦੇ ਸੰਚਾਲਕ ਨੇ ਮਿਹਣਾ ਮਾਰ ਦਿੱਤਾ। ਸਭ ਤੋਂ ਪਹਿਲਾਂ ਨਰਿੰਦਰ ਨੇ ਆਪਣਾ ਬੱਚਾ ਸਰਕਾਰੀ ਸਕੂਲ ’ਚ ਪੜ੍ਹਣ ਪਾਇਆ। ਦਾਨੀ ਸੱਜਣਾਂ ਨੇ ਮੋਢਾ ਦਿੱਤਾ, ਨਰਿੰਦਰ ਨੇ ਅਗਵਾਈ। ਜਦੋਂ ਸਰਕਾਰ ਨੇ ਨਰਿੰਦਰ ਨੂੰ ਤਰੱਕੀ ਦੇ ਕੇ ਸਕੂਲ ਛੱਡਣ ਦਾ ਸੁਨੇਹਾ ਲਾ ਦਿੱਤਾ। ਪੂਰੇ ਪਿੰਡ ਦੇ ਸਾਹ ਨਿਕਲ ਗਏ। ਬੱਚਿਆਂ ਦੇ ਚਿਹਰੇ ਉਤਰ ਗਏ। ਤਣਾਓ ਨੇ ਨਰਿੰਦਰ ਨੂੰ ਘੇਰਾ ਪਾ ਲਿਆ।
                  ਅਖੀਰ ਨਰਿੰਦਰ ਨੇ ਤਰੱਕੀ ਛੱਡ ਦਿੱਤੀ, ਬੱਚਿਆਂ ਨੂੰ ਚੁਣ ਲਿਆ। ਜਦੋਂ ਪਿੰਡ ਝਾਂਸ ’ਚ ਇਹ ਖ਼ਬਰ ਪੁੱਜੀ ਤਾਂ ਪਿੰਡ ਵਾਲਿਆਂ ਨੇ ਸਕੂਲ ਨੂੰ ਇਸੇ ਖੁਸ਼ੀ ’ਚ 56 ਮਰਲੇ ਜਗ੍ਹਾ ਦਾਨ ਦੇ ਦਿੱਤੀ। ਨਰਿੰਦਰ ਛੋਟੇ ਬੱਚਿਆਂ ਦੇ ਸਵਾਗਤ ’ਚ ਖੁਦ ਜਦੋਂ ਗੇਟ ’ਤੇ ਖੜ੍ਹਦਾ ਹੈ ਤਾਂ ਕੋਈ ਬੱਚਾ ਟਿਫਨ ਦੀ ਗੱਲ ਕਰਦੈ ਤੇ ਕੋਈ ਘਰ ਆਏ ਮਹਿਮਾਨ ਦੀ। ਨਰਿੰਦਰ ਆਖਦਾ ਹੈ ਕਿ ਇਹ ਬੱਚੇ ਹੀ ਮੇਰੀ ਪੂੰਜੀ ਹਨ ਜੋ ਮੈਨੂੰ ਊਰਜਾ ਦਿੰਦੇ ਹਨ। ਨਰਿੰਦਰ ਆਪਣੇ ਅਤੀਤ ’ਚ ਉੱਤਰਦਾ ਹੈ ਕਿ ਕਿਵੇਂ ਉਸ ਦੇ ਪੀਅਨ ਬਾਪ ਨੇ ਉਸ ਨੂੰ ਅਧਿਆਪਨ ਦੇ ਪੰਧ ’ਤੇ ਪਾਇਆ। ਉੁਹ ਆਪਣੇ ਬੱਚਿਆਂ ਚੋਂ ਰੱਬ ਵੇਖਦਾ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਸਕੂਲ ਦੇਖਣ ਲਈ ਖੁਦ ਪੁੱਜੀ। ਇਸੇ ਜ਼ਿਲ੍ਹੇ ਦੇ ਬੱਸੀ ਕਲਾਂ ਸਕੂਲ ਅਧਿਆਪਕ ਪਰਮਿੰਦਰ ਸਿੰਘ ਸਵਖਤੇ ਸਬਜ਼ੀ ਮੰਡੀ ਜਾਂਦਾ ਹੈ। ਜਿਥੋਂ ਮਿਡ ਡੇ ਮੀਲ ਲਈ ਤਾਜਾ ਸਬਜ਼ੀ ਲਿਆਉਂਦਾ ਹੈ। ਜਦੋਂ ਸਵੀਪਰ ਨਾ ਆਏ ਤਾਂ ਸਕੂਲ ਦੇ ਪਖਾਨੇ ਤੱਕ ਖੁਦ ਸਾਫ ਕਰਦਾ ਹੈ। ਪਰਮਿੰਦਰ ਦੇ ਪੁਰਾਣੇ ਵਿਦਿਆਰਥੀ ਦੇ ਸੱਟ ਵੱਜੀ। ਬਾਰਾਂ ਗੇੜੇ ਪੀ.ਜੀ.ਆਈ ਦੇ ਲਾ ਕੇ ਇਲਾਜ ਕਰਾਇਆ। ਫਿਰ ਮਦਦ ਕਰਾਈ ਤੇ ਕਾਲਜ ਦਾਖਲ ਕਰਾਇਆ। ਹਿਸਾਬ ਅਧਿਆਪਕ ਆਪਣੇ ਸ਼ਿਸ਼ਾਂ ਦੀ ਮਦਦ ਲਈ ਕੋਈ ਹਿਸਾਬ ਨਹੀਂ ਲਾਉਂਦਾ।
              ਅਧਿਆਪਕ ਦਿਵਸ ਮੌਕੇ ਇਨ੍ਹਾਂ ਅਧਿਆਪਕਾਂ ਨੂੰ ਸਲਾਮ ਜਿਨ੍ਹਾਂ ਗੁਰੂ ਸ਼ਿਸ਼ ਦੀ ਪ੍ਰੰਪਰਾ ਨੂੰ ਦਾਗ ਨਹੀਂ ਲੱਗਣ ਦਿੱਤਾ। ਕੋਟੜਾ ਕੌੜਿਆਂ ਵਾਲਾ (ਬਠਿੰਡਾ) ਦੀ ਅਧਿਆਪਕਾ ਹਰਵਿੰਦਰ ਕੌਰ ਦੀ ਛੇ ਸਾਲ ਪਹਿਲਾਂ ਸੇਵਾ ਮੁਕਤੀ ਹੋਈ। ਫਿਰ ਵੀ ਘਰ ਨਹੀਂ ਬੈਠੀ। ਸਕੂਲ ’ਚ ਕਮਜ਼ੋਰ ਬੱਚਿਆਂ ਨੂੰ ਪੂਰਾ ਪੂਰਾ ਦਿਨ ਪੜ੍ਹਾਉਂਦੀ ਹੈ। ਸਕੂਲ ਦਾ ਤਾਲਾ ਖੁਲ੍ਹਾਉਣਾ ਤੇ ਬੰਦ ਕਰਾਉਣਾ, ਉਸ ਦਾ ਨੇਮ ਹੈ। ਛੁੱਟੀਆਂ ਦੇ ਦਿਨਾਂ ’ਚ ਸਕੂਲ ਦੇ ਪੌਦੇ ਪਾਲਦੀ ਹੈ। ਫਾਜ਼ਿਲਕਾ ਦੇ ਸਰਹੱਦੀ ਸਕੂਲ ਚਾਨਣਵਾਲਾ ਦੇ ਅਧਿਆਪਕ ਲਵਜੀਤ ਸਿੰਘ ਦੇ ਮੋਹ ਤੇ ਸਿਰੜ ਦਾ ਕੋਈ ਜੁਆਬ ਨਹੀਂ। ਪਹਿਲੋਂ ਦੋਨਾ ਨਾਨਕਾ ਸਕੂਲ ਦਾ ਨਕਸ਼ ਬਦਲ ਦਿੱਤਾ। ਹੁਣ ਚਾਨਣਵਾਲਾ ਦੇ ਖੰਡਰ ਸਕੂਲ ਨੂੰ ‘ਪੂਰਾ ਏ.ਸੀ’ ਬਣਾ ਦਿੱਤਾ। 23 ਲੱਖ ਦਾ ਖਰਚਾ ਆਇਆ। ਖੁਦ ਕਰਜ਼ਾ ਚੁੱਕ ਲੈਂਦਾ ਹੈ ਤਾਂ ਜੋ ਬੱਚਿਆਂ ਨੂੰ ਤੱਤੀ ਵਾ ਨਾ ਲੱਗੇ। ਦੋਨਾ ਨਾਨਕਾ ਦੀ ਸਕੂਲ ਦੀ ਪੁਰਾਣੀ ਵਿਦਿਆਰਥਣ ਹੁਣ ਵੈਟਰਨਰੀ ਡਾਕਟਰ ਦੀ ਪੜ੍ਹਾਈ ਕਰ ਰਹੀ  ਹੈ। ਲਵਜੀਤ ਨੇ ਆਪਣੀ ਵਿਦਿਆਰਥਣ ਨੂੰ ਪੱਲਿਓ ਪੈਸੇ ਖਰਚ ਕੇ ਚੰਡੀਗੜ੍ਹ ਕੋਚਿੰਗ ਦਿਵਾਈ ਤੇ ਹੁਣ ਵੈਟਰਨਰੀ ਦੀਆਂ ਫੀਸਾਂ ਤਾਰ ਰਿਹਾ ਹੈ। ਦਾਨੀ ਸੱਜਣ ਵੀ ਸਹਿਯੋਗ ਕਰਦੇ ਹਨ।
                  ਲਵਜੀਤ ਆਪਣੇ ਮੈਰੀਟੋਰੀਅਸ ਸਕੂਲਾਂ ਵਿਚ ਪੜ੍ਹਦੇ ਬੱਚਿਆ ਦਾ ਪਤਾ ਲੈਣੋ ਵੀ ਨਹੀਂ ਭੁੱਲਦਾ। ਕਦੇ ਫਿਰੋਜ਼ਪੁਰ ਤੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ’ਚ ਜਾਣ ਤੋਂ ਲੇਟ ਹੋ ਜਾਵੇ ਤਾਂ ਬੱਚੇ ਪਿਆਰ ਦੇ ਉਲਾਂਭੇ ਆਪਣੇ ਗੁਰੂ ਨੂੰ ਦਿੰਦੇ ਹਨ। ਲਵਜੀਤ ਬੱਚਿਆਂ ਨੂੰ ਹਰ ਵਾਰ ਸ਼ਗਨ ਵੀ ਦਿੰਦਾ ਹੈ ਤੇ ਹੌਸਲਾ ਵੀ। ਮੋਗਾ ਦੇ ਨਿਹਾਲ ਸਿੰਘ ਵਾਲਾ ਸਕੂਲ ਦਾ ਅਧਿਆਪਕ ਜਸਵਿੰਦਰ ਸਿੰਘ ਮਿੱਟੀ ਚੋਂ ਲਾਲ ਲੱਭ ਰਿਹਾ ਹੈ। ਪਹਿਲਾਂ ਸਕੂਲ ’ਚ ਝੁੱਗੀ ਝੌਂਪੜੀ ਵਾਲੇ 23 ਬੱਚਿਆਂ ਨੂੰ ਪੜਾਉਂਦਾ ਹੈ। ਸ਼ਾਮ ਵਕਤ ਉਨ੍ਹਾਂ ਨੂੰ ਘਰ ਬੁਲਾ ਕੇ ਪੜਾਉਣ ਤੋਂ ਖੁੰਝਦਾ ਨਹੀਂ। ਕਿਸੇ ਮੰਜ਼ਲ ’ਤੇ ਪੁੱਜ ਜਾਣ, ਉਸਦੀ ਆਪਣੇ ਸਾਗਿਰਦਾਂ ਪ੍ਰਤੀ ਇਹੋ ਸੋਚ ਹੈ।ਪੜਸ ਖੁਰਦ (ਮੋਹਾਲੀ) ਦੇ ਪ੍ਰਾਇਮਰੀ ਸਕੂਲ ’ਚ ਸੌ ਫੀਸਦੀ ਹਾਜ਼ਰੀ ਰਹਿੰਦੀ ਹੈ। ਜਦੋਂ ਰੱਖੜੀ ਆਈ ਤਾਂ ਸਕੂਲ ਅਧਿਆਪਕਾ ਅੰਜੂ ਸ਼ਰਮਾ ਦੇ ਹੱਥ ਭਰ ਦਿੱਤੇ। ਸਕੂਲੀ ਬੱਚੇ ਖੁਸ਼ੀ ਗਮੀ ਮੌਕੇ ਪਹਿਲੋਂ ਮੈਡਮ ਅੰਜੂ ਨੂੰ ਯਾਦ ਕਰਦੇ ਹਨ। ਅੰਜੂ ਸ਼ਰਮਾ ਆਖਦੀ ਹੈ ਕਿ ਬੱਚਿਆਂ ਨਾਲ ਬੱਚੀ ਬਣ ਜਾਂਦੀ ਹਾਂ।
               ਇਸੇ ਜ਼ਿਲ੍ਹੇ ਦੀ ਫੌਜੀ ਕਲੋਨੀ ਦੇ ਸਕੂਲ ’ਚ ਜਦੋਂ ਬੱਚੇ ਆਪਸ ’ਚ ਕੋਈ ਲੜਣ ਭਿੜਨ ਤਾਂ ਅਧਿਆਪਕਾ ਬਲਜੀਤ ਕੌਰ ਉਨ੍ਹਾਂ ਨੂੰ ਬਿਸਕੁਟ ਵੰਡਦੀ ਹੈ। ਦਿਲ ਦੀ ਮਰੀਜ਼ ਹੈ, ਹਸਪਤਾਲ ਨਹੀਂ, ਸਕੂਲ ’ਤੇ ਪੈਸੇ ਲੱਗ ਜਾਣ, ਮਨ ’ਚ ਇਹੋ ਧਾਰਨਾ ਰੱਖਦੀ ਹੈ। ਫਤਹਿਗੜ੍ਹ ਸਾਹਿਬ ਦੇ ਪਿੰਡ ਤੰਦਾ ਬੱਧਾ ਖੁਰਦ ਦੇ ਸਕੂਲ ਅਧਿਆਪਕ ਹਰਪ੍ਰੀਤ ਸਿੰਘ ਨੇ ਆਪਣੇ ਦੋਵੇਂ ਬੱਚੇ ਸਰਕਾਰੀ ਸਕੂਲ ’ਚ ਪੜ੍ਹਣ ਪਾਏ ਹਨ। ਆਖਦਾ ਹੈ ਕਿ ਸਰਕਾਰੀ ਸਕੂਲ ਕਿਸੇ ਪੱਖੋਂ ਘੱਟ ਹਨ। ਅਧਿਆਪਕ ਦਿਵਸ ਮੌਕੇ ਇਨ੍ਹਾਂ ਅਧਿਆਪਕਾਂ ਨੂੰ ਸਲਾਮ ਕਰਨਾ ਬਣਦਾ ਹੈ।
                                     ਕ੍ਰਿਸ਼ਨ ਕੁਮਾਰ ਦਾ ਏਹ ਚਿਹਰਾ ਵੀ..
ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਇੱਕ ਰੂਪ ਏਹ ਵੀ ਹੈ ਜਿਸ ਤੋਂ ਸਭ ਅਣਜਾਣ ਹਨ। ਕਾਮਰੇਡ ਭੀਮ ਦਿੜਬਾ ਨੇ ਪੂਰੀ ਜਾਇਦਾਦ ਸਕੂਲ/ਹਸਪਤਾਲ ਨੂੰ ਦੇ ਦਿੱਤੀ। ਮਰਨ ਵੇਲੇ ਤਨ ਦੇ ਕੱਪੜੇ ਸਨ। ਚੁੱਪ ਚੁਪੀਤੇ ਕਾਮਰੇਡ ਦੇ ਭੋਗ ਤੇ ਕ੍ਰਿਸ਼ਨ ਕੁਮਾਰ ਪੁੱਜਾ, ਅਫਸੋਸ ਕੀਤਾ ਕਿ ਏਦਾ ਦੇ ਜੀਅ ਨੂੰ ਜਿਉਂਦੇ ਜੀਅ ਕਿਉਂ ਨਹੀਂ ਮਿਲ ਸਕਿਆ। ਦੂਸਰੇ ਦਿਨ ਹੀ ਸਕੂਲ ਦਾ ਨਾਮਕਰਨ ਕਾਮਰੇਡ ਭੀਮ ਦਿੜਬਾ ਦੇ ਨਾਮ ’ਤੇ ਕਰ ਦਿੱਤਾ। ਲੁਧਿਆਣਾ ਦੇ ਢੋਲਣ ਦੇ ਅਧਿਆਪਕ ਬਲਰਾਮ ਸਿੰਘ ਦੀ ਮੌਤ ਦਾ ਪਤਾ ਲੱਗਾ, ਉਸ ਦੀ ਨੌਜਵਾਨ ਪਤਨੀ ਨੂੰ ਭੋਗ ਵਾਲੇ ਦਿਨ ਨਿਯੁਕਤੀ ਪੱਤਰ ਦੇਣ ਪੁੱਜ ਗਿਆ। ਬੱਸੀ ਕਲਾਂ ਦੇ ਸਮਰਪਿਤ ਅਧਿਆਪਕ ਪਰਮਿੰਦਰ ਦਾ ਪਤਾ ਲੱਗਾ ਤਾਂ ਉਸ ਦੇ ਘਰ ਬਿਨਾਂ ਦੱਸੇ ਕ੍ਰਿਸ਼ਨ ਕੁਮਾਰ ਪੁੱਜ ਗਿਆ।



1 comment:

  1. ਬਹੁਤ ਸੋਹਣਾ ਲਿਖਿਆ ਵੀਰੇ. ਮੈ ਆਵਦੇ ਪਿੰਡ ਦੇ ਸਕੂਲ ਵਿਚ ਪਹਿਲੀ ਹੀ ਕੀਤੀ ਸੀ, ਫਿਰ 8ਵੀ ਤਕ ਸ਼ਹਿਰ ਦੇ ਅੰਗ੍ਰੇਜੀ ਸਕੂਲ ਵਿਚ ਫਿਰ 13 ਤਕ ਕਨੇਡਾ ਦੇ Ontario ਸੂਬੇ ਤੇ University ਤੇ ਫਿਰ professional designation. ਪਰ ਆਵਦੀ ਮਾ ਬੋਲੀ ਨਹੀ ਛਡੀ. ਧਨਵਾਦ ਮੇਰੀ ਮਾ ਦਾ ਜਿਸ ਨੇ ਮੈਨੂ ਪੂਰਨੇ ਪਾ ਕੇ ਦਿਤੇ ਸਨ -

    ReplyDelete