Sunday, September 1, 2019

                        ਵਿਚਲੀ ਗੱਲ
     ਜਨਾਬ ! ਲਈਏ ਜਾਮਾ ਤਲਾਸ਼ੀ...
                       ਚਰਨਜੀਤ ਭੁੱਲਰ
ਬਠਿੰਡਾ : ਪੁਲੀਸ ਦਾ ‘ਬਸਤਾ ਬੇ’ ਖੋਲ੍ਹਦੇ ਹਾਂ। ਬੰਨ੍ਹ ਕੇ ਅੰਗਰੇਜ਼ ਗਏ ਸਨ। ਬਦਮਾਸ਼ਾਂ ਦਾ ਵਹੀ ਖਾਤਾ। ‘ਬਸਤਾ ਬੇ’ ’ਚ ਜੋ ਬੰਨੇ੍ਹ ਜਾਂਦੇ। ਉਨ੍ਹਾਂ ਤੋਂ ਫਿਰ ਭਲੇ ਦੀ ਆਸ ਕਿਥੇ। ਅੰਗਰੇਜ਼ ਤਾਂ ਬੇਸ਼ੱਕ ਚਲੇ ਗਏ। ਬਸਤੇ ਥਾਣਿਆਂ ’ਚ ਛੱਡ ਗਏ। ਉਦੋਂ ਹੁਕਮ ਇਵੇਂ ਦਾ ਸੀ। ਜਦੋਂ ਕੋਈ ਬਦਮਾਸ਼ ਪਿੰਡ ਛੱਡਦਾ। ਪਹਿਲੋਂ ਨੰਬਰਦਾਰ ਨੂੰ ਦੱਸਦਾ। ਹਾਜ਼ਮਾ ਤਾਂ ਰੱਖੋ, ਥੋਨੂੰ ਵੀ ਦੱਸਦੇ ਹਾਂ। ਉਂਜ, ਕੌਣ ਭੁੱਲਿਐ ‘ਦਸ ਨੰਬਰੀਆਂ’ ਨੂੰ। ਮੁਜਰਮੀ ਸੁਭਾਅ ਵਾਲੇ ਸਨ। ‘ਦਸ ਨੰਬਰੀਏ’ ਖਾਤੇ ’ਚ ਇੱਕ ਸਾਬਕਾ ਮਝੈਲ ਮੰਤਰੀ ਵੀ ਸੀ। ਏਸ ਜਨਾਬ ਨੇ ‘ਬਸਤਾ ਬੇ’ ਤਾਂ ਛੱਡ ਦਿੱਤਾ, ਪੁਰਾਣੀ ਆਦਤ ਹਾਲੇ ਨਹੀਂ ਛੱਡੀ। ਬਸਤਾ ਖੋਲ ਹੀ ਲਿਆ ਹੈ ਤਾਂ ਕਾਹਦਾ ਲੁਕੋ। ਕਰੀਬ ਦਰਜਨ ‘ਦਸ ਨੰਬਰੀਏ’ ਅੱਜ ਸ਼੍ਰੋਮਣੀ ਕਮੇਟੀ ’ਚ ਮੁਲਾਜ਼ਮ ਹਨ। ਕੋਈ ਗਰੰਥੀ ਤੇ ਕੋਈ ਪਾਠੀ। ਇੱਕ ਮਲਵਈ ਢਾਡੀ ਵੀ। ਇੱਕ ਮਹਿਲਾ ਨੇਤਾ, ਥਾਣੇ ਜੈਤੋ ਦੇ ਬਸਤੇ ’ਚ ਹੈ। ਸੂਚੀ ’ਚ ਸਾਬਕਾ ਮੰਤਰੀ ਦਾ ਮਝੈਲ ਕੁੜਮ ਵੀ ਪਿਛੇ ਨਹੀਂ। ਕਈ ਵਿਦੇਸ਼ ਵਸ ਗਏ। ਕਈ ਨੇਤਾ ਬਣ ਗਏ। ਕਈ ਅੱਲਾ ਦੀ ਦਰਗਾਹ ਪੁੱਜ ਗਏ। ਬਹੁਤੇ ਪੁਲੀਸ ਦੇ ਪੱਗ ਵੱਟ ਬਣ ਗਏ। ਪੰਜਾਬ ਦਾ ‘ਬਸਤਾ ਬੇ’ ਦੇਖੋ। ਜਿਸ ’ਚ ਕਰੀਬ 2500 ਦਸ ਨੰਬਰੀਏ ਬੰਨੇ੍ਹ ਹੋਏ ਹਨ। ਇਕੱਲੇ ਮਾਲਵੇ ਚੋਂ 540 ਨੇ। ਕਿਸੇ ਨੇ ਦੁਸ਼ਮਣੀ ਪੁਗਾਈ। ਕਿਸੇ ਨੇ ਵੇਚੀ ਅਫ਼ੀਮ।  ‘ਦਸ ਨੰਬਰੀਏ’ ਹੋਣ ਦੇ ਦਾਗ ਹਾਲੇ ਮਿਟੇ ਨਹੀਂ।
           ਬੇਅੰਤ ਸਰਕਾਰ ਮਗਰੋਂ ਬਸਤੇ ਨਹੀਂ ਛੇੜੇ ਗਏ। ਨਵੇਂ ਦਸ ਨੰਬਰੀਏ ਨਹੀਂ ਬਣੇ। ਜੋ ਪੁਰਾਣੇ ‘ਦਸ ਨੰਬਰੀਏ’ ਹਨ। ਪੁਲਸੀਆ ਵਹੀ ’ਚ ਉਹ ਖ਼ਾਮੋਸ਼ ਹਨ। ਖ਼ੈਰ, ਹੁਣ ਤਾਂ ਸਮੁੱਚਾ ਮੁਲਕ ਹੀ ਖ਼ਾਮੋਸ਼ ਹੈ। ਜਦੋਂ ਤੋਂ ਕੇਂਦਰ ’ਚ ਮੁੜ ਗੱਦੀ ਬੈਠੇ ਨੇ। ਕੋਈ ਅੱਖ ’ਚ ਪਾਇਆ ਨਹੀਂ ਰੜਕ ਰਿਹਾ। ਅਗਲੇ ਪੰਜ ਕਰਨ, ਚਾਹੇ ਪੰਜਾਹ। ‘ਵਕਤ ਵਿਚਾਰੇ ਸੋ ਬੰਦਾ ਹੋਏ।’ ਗੱਲ ਇਹੋ ਲੜ ਬੰਨ੍ਹ ਲਵੋ। ਜੋ ਹੁਣ ‘ਕਸ਼ਮੀਰ ਵੈਲੀ’ ’ਚ ਹੋਇਐ, ਪੁਰਾਣੇ ਵੈੱਲੀ ਵੀ ਹਲੂਣੇ ਗਏ ਨੇ। ਲੋਕ ਬੋਲੀ ਤਾਂ ਚੇਤੇ ਹੋਊ। ‘..ਅਰਜਨ ਵੈੱਲੀ ਨੇ ਹੱਥ ਜੋੜ ਕੇ ਗੰਡਾਸੀ ਮਾਰੀ’। ਅੱਜ ਵੀ ‘ਅਰਜਨ ਵੈਲੀ’ ਦੀ ਰੂਹ ਜ਼ਿੰਦਾ ਹੈ। ਡੋਨਾਲਡ ਟਰੰਪ ਕਿਸੇ ਵੈਲੀ ਨਾਲ ਘੱਟ ਹੈ। ਵਿਸ਼ਵ ਦਾ ਸਭ ਤੋਂ ਵੱਡਾ ਵੈਲੀ। ਬਿਨਾਂ ਗੰਡਾਸੀ ਤੋਂ ਆਹੂ ਲਾਈ ਜਾ ਰਿਹਾ। ਸਾਡੇ ਆਲ਼ੇ ਨੂੰ ਤਾਂ ਟਿੱਚ ਕਰਕੇ ਜਾਣਦੈ। ਅੰਦਰੋਂ ਅੰਦਰੀਂ ਮੁਹੰਮਦ ਸ਼ਦੀਕ ਡਰੀ ਜਾ ਰਿਹੈ। ਕਿਤੇ ਨਰਿੰਦਰ ਮੋਦੀ ਨਾ ਆਖ ਦੇਣ, ਮੁਹੰਮਦ ਸਦੀਕ ਜੀ ! ਵੋਹ ਗਾਣਾ ਸੁਣਾਓ ‘ ਅਸੀਂ ਵੈੱਲੀਆਂ ਨੇ ਵੈਲ ਕਮਾਉਣੇ, ਸਾਡੀ ਕਿਹੜਾ ਮੰਗ ਛੁਟ ਜੂ।’ ਜਦੋਂ ‘ਘਰ ਦਾ  ਰਾਜ’ ਹੋਵੇ, ਉਦੋਂ ਸਦੀਕ ਦੀ ਕੀ ਮਜ਼ਾਲ। ਅਮਿਤ ਸ਼ਾਹ ਵੀ ਕਹੇ ਤੇ ਸਦੀਕ ਨਾ ਸੁਣਾਵੇ। ਉਹੀ ਪੁਰਾਣਾ ਗਾਣਾ ‘ਤੇਰਾ ਵੈੱਲੀਆਂ ਦੇ ਨਾਲ ਮੁਲਾਹਜ਼ਾ’।
                ਗਾਣੇ ਛੱਡੋ ਤੇ ਫਿਕਰ ਵੀ, ਉੱਧਰ ਬਜ਼ੁਰਗ ਦੀ ਸੁਣੋ। ਆਖ ਰਿਹੈ, ‘ਭਾਈ, ਸਾਡੇ ਵੇਲੇ ਭਲੇ ਸਨ, ਬਦਮਾਸ਼ਾਂ ’ਚ ਵੀ ਇਖਲਾਕ ਸੀ।  ਹੁਣ ਦੀ ਤਾਂ ਗੱਲ ਛੱਡੋ’। ‘ਪਹਾੜ ਨਾਲ ਟੱਕਰ ਕੌਣ ਲੈਂਦਾ, ਬੱਸ ਚੁੱਪ ’ਚ ਭਲੀ।’ ਕਸ਼ਮੀਰ ਤਾਂ ਹੁਣ ਪਿੰਜਰਾ ਲੱਗਦੈ। ਲੋਕਾਂ ਨੇ ਸਬਰ ਦਾ ਘੁੱਟ ਭਰ ਰੱਖਿਐ। ਅਮਿਤ ਸਾਹ ਨੇ ਦੋ ਦਿਨ ਪਹਿਲਾਂ ਕਿਹਾ ‘ਥਰਡ ਡਿਗਰੀ ਟਾਰਚਰ ਦਾ ਹੁਣ ਜ਼ਮਾਨਾ ਨਹੀਂ ਰਿਹਾ’। ਆਈ.ਏ.ਐਸ ਅਧਿਕਾਰੀ ਕੰਨਨ ਗੋਪੀਨਾਥਨ। ਹੁਣੇ ਅਸਤੀਫ਼ਾ ਦਿੱਤਾ ਹੈ। ਉਸ ਨੇ ਕੀ ਕਿਹਾ ਹੈ, ਸੁਣੋ, ‘ਕੋਈ ਡਾਕਟਰ ਬੱਚੇ ਦੇ ਭਲੇ ਲਈ ਕੌੜੀ ਦਵਾ ਤਾਂ ਦੇ ਸਕਦੇ, ਬੱਚੇ ਤੋਂ ਰੋਣ ਦਾ ਹੱਕ ਨਹੀਂ ਖੋਹ ਸਕਦਾ।’ ਅੱਗੇ ਆਖਦਾ ਹੈ, ‘ਬੋਲਣ ਦੀ ਆਜ਼ਾਦੀ ’ਤੇ ਤਾਲਾ ਕਿਵੇਂ ਝੱਲਦਾ।’ ਕਸ਼ਮੀਰੀ ਅਖ਼ਬਾਰ ਦੀ ਸੰਪਾਦਕ ਵੀ ਝੱਲ ਨਹੀਂ ਸਕੀ। ਅਨੁਰਾਧਾ ਭਸੀਨ ਮੀਡੀਆ ਦੀ ਆਜ਼ਾਦੀ ਖੋਹਣ ਖ਼ਿਲਾਫ਼ ਸੁਪਰੀਮ ਕੋਰਟ ਜਾ ਪੁੱਜੀ। ਲਾਮ ਲਸ਼ਕਰ ਨਾਲ ਰਾਹੁਲ ਗਾਂਧੀ ਵੀ ਪੁੱਜਾ ਸੀ। ਕਸ਼ਮੀਰ ਚੋਂ ਬੇਰੰਗ ਮੋੜ ਦਿੱਤਾ। ਜਦੋਂ ਸੋਚ ਨੂੰ ਦੁਗਾੜਾ ਵੱਜ ਜਾਏ। ਉਦੋਂ ਲੋਕ ਠੰਡੇ ਬਸਤੇ ਪੈਂਦੇ ਹਨ। ਬੋਲਣਾ ਵੀ ਗੁਨਾਹ ਹੋ ਜਾਂਦੈ।
               ਥੋੜੇ ਦਿਨ ਪਹਿਲਾਂ ਦੀ ਸੁਣੋ। ਇੱਕ ਪ੍ਰਿੰਸੀਪਲ ਦਾ ਫੋਨ ਆਇਆ। ਆਖਣ ਲੱਗਾ, ਲੈਕਚਰਾਰਾਂ ਦੀ ਇੰਟਰਵਿਊ ਰੱਖੀ ਐ। ਉਮੀਦਵਾਰਾਂ ਨੂੰ ਸੁਆਲ  ਤਾਂ ਕਰ ਸਕਦੇ ਹਾਂ, ਕੋਈ ਪਾਬੰਦੀ ਤਾਂ ਨਹੀਂ। ਜੁਆਬ ਹਾਸੇ ’ਚ ਦਿੱਤਾ। ਪ੍ਰਿੰਸੀਪਲ ਸਾਹਬ ! ਸੁਆਲ ਜਿੰਨੇ ਮਰਜ਼ੀ ਕਰਿਓ, ਏਨਾ ਕੁ ਖਿਆਲ ਰੱਖਣਾ, ਕਿਸੇ ਉਮੀਦਵਾਰ ਨੇ ਜੁਆਬ ’ਚ ‘ਭਾਰਤ ਮਾਤਾ ਦੀ ਜੈ’ ਆਖ ਦਿੱਤਾ ਤਾਂ ਫਿਰ ਫੈਸਲਾ ਸੋਚ ਸਮਝ ਕਰਿਓ। ਦੇਸ਼ ਧਰੋਹ ਦਾ ਕੇਸ ਕਾਫੀ ਸਖ਼ਤ ਹੁੰਦੈ। ਪੱਛਮੀ ਬੰਗਾਲ ਦਾ ਇੱਕ ਸਕੂਲ ਹੁਣੇ ਮਸਾਂ ਬਚਿਆ ਹੈ। ਸਕੂਲੀ ਪ੍ਰੀਖਿਆ ’ਚ ਸੁਆਲ ਆਇਆ ‘..ਧਾਰਮਿਕ ਨਾਅਰੇ ਦੇ ਸਮਾਜ ’ਤੇ ਪੈਣ ਵਾਲੇ ਦੁਰਪ੍ਰਭਾਵ ਦੱਸੋ।’ ਜੋ ਸਕੂਲ ਨਾਲ ਹੋਈ, ਥੋਨੂੰ ਦੱਸਣ ਦੀ ਲੋੜ ਨਹੀਂ। ਮੁਲਕ ’ਚ ਜੋ ਮਾਹੌਲ ਬਣਿਐ। ਇਕੱਲਾ ਸਹਿਮ ਨਹੀਂ, ਸੰਨਾਟਾ ਵੀ ਹੈ। ਭਾਜਪਾ ਕੋਲ ਸੀਟਾਂ ਦਾ ਘਾਟਾ ਨਹੀਂ। ਲੋਕਾਂ ਨੂੰ ਧੁੜਕੂ ਲੱਗਿਐ, ਮੋਦੀ ਨੇ ਹੁਣ ਸ਼ੁਰੂ ਕੀਤਾ ਪ੍ਰੋਗਰਾਮ ‘ਫਿਟ ਇੰਡੀਆ’।
        ਮੁਲਕ ਦੀ ਅੱਖ ਵੀ ਉਦੋਂ ਫਰਕੀ ਸੀ। ਜਦੋਂ ਗੁਲਬਰਗਾ ਰੈਲੀ ’ਚ ਸੋਨੀਆ ਗਾਂਧੀ ਬਾਰੇ ਮੋਦੀ ਬੋਲੇ, ‘ਦਸ ਨੰਬਰੀ (10, ਜਨਪਥ) ਨੇ ਦੇਸ਼ ’ਚ ਤਬਾਹੀ ਮਚਾਈ ਹੈ।’ ਪੰਜਾਬ ਦੇ ਗੁਆਂਢੀ ਨੇ ਚੌਟਾਲੇ। ਕਦੇ ਹਰਿਆਣੇ ਦੇ ਨੱਕ ’ਚ ਦਮ ਕੀਤਾ ਸੀ। ਹੁਣ ਪਰੋਲ ਵੀ ਮਸਾਂ ਮਿਲਦੀ ਐ। ‘ਮਾੜੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ’, ਏਹ ਮੈਂ ਨਹੀਂ, ਸਿਆਣੇ ਆਖਦੇ ਨੇ। ਅੱਗੇ ਬੁਲੰਦ ਸ਼ਹਿਰ ਚੱਲਦੇ ਹਾਂ। ਭੀੜ ਨੇ ਇੰਸਪੈਕਟਰ ਸੁਬੋਧ ਕੁਮਾਰ ਨੂੰ ਮੁਕਾ ਦਿੱਤਾ। ਜਦੋਂ ਮੁਲਜ਼ਮ ਹੁਣ ਜੇਲੋਂ੍ਹ ਜ਼ਮਾਨਤ ਤੇ ਨਿਕਲੇ। ਗਲਾਂ ’ਚ ਹਾਰ ਵੀ ਪਏ, ‘ਜੈ ਸ੍ਰੀ ਰਾਮ’ ਦੇ ਨਾਅਰੇ ਵੀ ਲੱਗੇ।  ਜੇਹੀ ਕੋਕੋ..। ਗਿਆਰਾਂ ਹਜ਼ਾਰ ਪੁਲੀਸ ਮੁਲਾਜ਼ਮਾਂ ਤੇ ਅਧਾਰਿਤ ਹੁਣੇ ਕੇਂਦਰੀ ਸਰਵੇ ਹੋਇਆ ਹੈ। 33 ਫੀਸਦੀ ਨੇ ਦਿਲ ਦੀ ਦੱਸੀ, ‘ਗਊ ਰੱਖਿਅਕ ਜੇ ਮੁਲਜ਼ਮਾਂ ’ਤੇ ਹਮਲੇ ਕਰਦੇ ਹਨ, ਏਸ ’ਚ ਕੁਝ ਵੀ ਗਲਤ ਨਹੀ।’ ਯੂ.ਪੀ ’ਚ ਮੁੱਖ ਮੰਤਰੀ ਯੋਗੀ ਨੂੰ ਸੁਰੇਸ਼ ਰਾਣਾ ’ ਵੀ ਕੁਝ ਗਲਤ ਨਹੀਂ ਲੱਗਿਆ। ਰਾਣਾ ਦੀ ਯੋਗਤਾ ਦਾ ਹੁਣ ਮੁੱਲ ਪਿਆ ਹੈ। ਸੁਰੇਸ਼ ਰਾਣਾ ਤੇ ਦੰਗੇ ਭੜਕਾਏ ਜਾਣ ਦਾ ਕੇਸ ਦਰਜ ਹੈ। ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾ ਦਿੱਤਾ ਹੈ।
                ਬਿਹਾਰ ਦੇ ਗਯਾ ਜ਼ਿਲ੍ਹੇ ’ਚ ਬੱਚੀ ਸਮੂਹਿਕ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ। ਨਿਆਂ ਲਈ ਪੰਚਾਇਤ ਕੋਲ ਗਈ। ਪੰਚਾਇਤ ਨੇ ਝੂਠੀ ਆਖ ਕੇ ਬੱਚੀ ਦਾ ਸਿਰ ਮੁੰਨਿਆ, ਫਿਰ ਪਿੰਡ ’ਚ ਚੱਕਰ ਕਟਾਇਆ। ਪੰਜਾਬੀ ਵੀ ਛਾਪਲੇ ਬੈਠੇ ਹਨ। ਜਿਨ੍ਹਾਂ ਦਾ ਕਦੇ ਨਾਇਕ ਸਨ। ਦੁੱਲਾ ਭੱਟੀ, ਸੁੱਚਾ ਸੂਰਮਾ, ਜਿਊਣਾ ਮੌੜ ਤੇ ਜੱਗਾ ਡਾਕੂ। ਵਕਤ ਮੋੜੇ ਕੱਟਦਾ ਰਿਹਾ। ਦਸ ਨੰਬਰੀਏ ਤੇ ਵੈਲੀ ਬਦਮਾਸ਼ ਆ ਗਏ। ਗੈਂਗਸਟਰਾਂ ਨੇ ਗੱਦੀ ਸੰਭਾਲ ਲਈ। ਥੋੜੇ ਅਰਸੇ ਤੋਂ ਮਾਫੀਏ ਆ ਗਏ ਹਨ। ਕਾਂਗਰਸੀ ਪਿੱਟੀ ਜਾ ਰਹੇ ਨੇ, ‘ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਕੁਝ ਤਾਂ ਕਰੋ ਕੈਪਟਨ ਸਾਹਿਬ।’ ਛੱਜੂ ਰਾਮ ਨੇ ਨਿਚੋੜ ਕੱਢਿਐ ਕਿ ਤਿਲਾਂ ’ਚ ਤੇਲ ਨਹੀਂ ਰਿਹਾ।
                ਆਹ ਵੋਟ ਮਾਫੀਏ ਨੇ ਪੁਰਾਣੇ ‘ਦਸ ਨੰਬਰੀਏ’ ਵੀ ਚੰਗੇ ਅਖਵਾ ਦਿੱਤੇ ਨੇ। ਕਿਤੇ ਅੱਜ ਵੀ ‘ਬਸਤਾ ਬੇ’ ਮੈਰਿਟ ਦੇ ਅਧਾਰ ’ਤੇ ਬੱਝਦਾ, ਥਾਣੇ ਭਰ ਜਾਣੇ ਸਨ। ਸਭ ਦੀ ਥਾਣੇ ਹਾਜ਼ਰੀ ਲੱਗਦੀ। ਪੰਜਾਬੀਆਂ ਦੇ ਹੁਣ ਡੌਲ਼ੇ ਫਰਕਦੇ ਨਹੀਂ। ਅੱਖਾਂ ਵਿਚ ਵੀ ਖੂਨ ਵੀ ਨਹੀਂ ਉੱਤਰਦਾ। ਨੇਤਾ ਪੈਸੇ ਤੇ ਗੱਦੀ ਦੀ ਦੌੜ ’ਚ ਉਲਝੇ ਨੇ। ਪੰਜਾਬੀ ਨਸ਼ਿਆਂ ਵਿਚ। ਸਭ ਕੁਝ ਉਵੇਂ ਚੱਲ ਰਿਹੈ। ਉਪਰਲੇ ਦੇਸ਼ ਭਗਤੀ ਤੋਂ ਵਿਹਲੇ ਨਹੀਂ ਹੋ ਰਹੇ। ਨਫ਼ਰਤ ਦੀ ਸਿਆਸਤ ’ਚ ਮੁਲਕ ਯਰਕਿਐ। ਯੂਨਾਈਟਿਡ ਨੇਸ਼ਨਜ਼ ਦੇ ਸਕੱਤਰ ਅੰਤੋਨੀਆ ਗੁਟੇਰੇਜ਼ ਨੂੰ ਕਹਿਣਾ ਪਿਆ ਹੈ, ‘ਨਫਰਤੀ ਸਿਆਸਤ ਤੋਂ ਰੱਬ ਬਚਾਏ’। ਭਗਵੰਤ ਮਾਨ ਥਾਂ ਥਾਂ ਆਖਦਾ ਫਿਰਦੈ, ‘ਪੰਜਾਬ ਨੂੰ ਮੈਂ ਬਚਾਊ।’ ਲੋਕ ਪੁੱਛਦੇ ਹਨ ਕਿ ‘ ਅੱਜ ਦੇ ਦਸ ਨੰਬਰੀਆਂ ਤੋਂ ਕੌਣ ਬਚਾਊ। ’
         


4 comments:

  1. ਗੱਲਾਂ ਦੀ ਖਿਚੜੀ ਨੂੰ ਸੱਚ ਦਾ ਤੜਕਾ ਲਾ ਕੇ ਪਰੋਸਿਆ ਹੈ। ਬਖਸ਼ਿਆ ਕਿਸੇ ਨੂੰ ਨਹੀਂ। ਨਾ ਕਿਸੇ ਨੂੰ ਦਸ ਨੰਬਰੀ ਆਖਿਆ ਤੇ ਨਾ ਭਾਰਤ ਮਾਤਾ ਦੀ ਜੈ ਆਖਣ ਨੂੰ ਬੁਰਾ ਆਖਿਆ।ਨਾ ਬੋਲਣ ਵਾਲਿਆਂ ਨਾਲ ਆਪੇ ਨਿਪਟ ਲੈਣ ਗੇ 370 ਸੀਟਾਂ ਵਾਲੇ। ਕੈਪਟਨ ਵੀ ਟਾਈਮ ਪੂਰਾ ਕੁਰੀ ਜਾਂਦਾ ਹੈ ਡਰੀ ਬਾਦਲ ਵੀ ਜਾਂਦਾ ਹੈ।ਵੇਖੋ 2022 ਚ ਉਠ ਕਿਧਰ ਬੈਠਦਾ ਹੈ। ਧੱਕਾ ਵਾਧੂ ਹੈ ਟੇ ਰੋਣ ਵੀ ਨਹੀਂ ਦਿੰਦੇ।

    ReplyDelete
  2. ਬਹੁਤ ਖੂਬ ਮੇਰੇ ਗਰਾਈਂ। ਬਹੁਤ ਉਮਦਾ ਲਿਖਣ ਸ਼ੈਲੀ ਹੈ।

    ReplyDelete
  3. ਬਹੁਤ ਢੁੱਕਵੀਂ ਚੋਟ। ਤੁਹਾਡੀ ਕਲਮ ਹੋਰ ਬੁਲੰਦੀ ਉੱਪਰ ਪਹੁੰਚੇ।

    ReplyDelete
  4. ਬਹੁਤ ਵਧੀਆ ਲਿਖਿਆ ਹੈ ਵੀਰ ਚਰਨਜੀਤ ਸਿੰਘ ਜੀ

    ReplyDelete