Sunday, September 22, 2019

                        ਵਿਚਲੀ ਗੱਲ 
         ਬੁੱਲ੍ਹੇ ਸ਼ਾਹ ਹੁਣ ਚੁੱਪ ਚੰਗੇਰੀ..!
                       ਚਰਨਜੀਤ ਭੁੱਲਰ
ਬਠਿੰਡਾ : ਆਵਾਜ਼ ਅਮਰੀਕਾ ਤੋਂ ਆਈ ਹੈ। ‘ਤੁਸੀਂ ਕਿਵੇਂ ਹੋ’। ਅਮਰੀਕਾ ਪੁੱਛੇ, ਤੁਸੀਂ ਨਾ ਦੱਸੋ। ਏਦਾਂ ਕਿਵੇਂ ਹੋ ਸਕਦੈ। ਸੱਜਣੋ, ਅੌਕਾਤ ਦੇਖੋ, ਸੁਪਨੇ ਨਹੀਂ। ਹੌਲਦਾਰ ਦਬਕਾ ਮਾਰ ਦੇਵੇ, ਥੋਨੂੰ ਕੰਬਣੀ ਛਿੜਦੀ ਐ। ਕੋਈ ਲੰਡੀ-ਬੁੱਚੀ ਨਹੀਂ, ਅਗਲਾ ਥਾਣੇਦਾਰ ਹੈ। ਉਹ ਵੀ ਪੂਰੇ ਵਿਸ਼ਵ ਦਾ। ਕਿਤੋਂ ਮਰਜ਼ੀ ਪੁੱਛ ਲੈਣਾ। ਜੰਮਦੇ ਬੱਚੇ ਵੀ ਪੁੱਛਦੇ ਨੇ, ‘ਅੰਕਲ ਟਰੰਪ ਦਾ ਕਿੰਨਾ ਕੁ ਟਾਈਮ ਪਿਐ।’ ਬਹੁਤਾ ਸੋਚੋ ਨਾ, ਬੱਸ ਸਮਾਂ ਬੋਚੋ। ਬਾਘੀ ਅੱਜ ਹਿਊਸਟਨ (ਅਮਰੀਕਾ) ’ਚ ਪੈਣੀ ਐ। ਰੰਗ ਬੰਨ੍ਹਣਗੇ ਟਰੰਪ ਤੇ ਮੋਦੀ। ਬਈ, ਪ੍ਰੋਗਰਾਮ ਦੇਖਣਾ ਨਾ ਭੁੱਲਿਓ, ‘ਹਾਓਡੀ ਮੋਦੀ।’ ਹੁਣ ਪੁੱਛੋਗੇ ਏਹ ‘ਹਾਓਡੀ’ ਕੀ ਬਲਾ ਐ। ‘ਹਾਓਡੀ’ ਦਾ ਮਤਲਬ ‘ਤੁਸੀਂ ਕਿਵੇਂ ਹੋ’।‘ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ..!’ ਗਾਇਆ ਸ਼ਿਵ ਨੇ। ਤੁਸੀਂ ਪੁੱਛਿਐ ਤਾਂ ਯਾਦ ਆਇਆ। ਫਕੀਰ ਦਾ ਨਾ ਪੁੱਛੋ, ਕਿਵੇਂ ਐ। ਕੋਈ ਚੜ੍ਹੀ ਲੱਥੀ ਦੀ ਨਹੀਂ। ਪਹਿਲਾਂ ਸੌ ਦਿਨਾਂ ਜਸ਼ਨ ਮਨਾਏ। ਹੁਣੇ ਜਨਮ ਦਿਨ ’ਤੇ ਕੇਕ ਕੱਟਿਐ। ਕਸਰਾਂ ਟੀਵੀ ਐਂਕਰ ਕੱਢਦੇ ਰਹੇ। ਮੋਦੀ ਨੇ ਮਾਂ ਹੀਰਾਬੇਨ ਦੇ ਪੈਰ ਫੜੇ। ਇਕੱਠੇ ਖਾਣਾ ਵੀ ਛਕਿਆ। ਜਸ਼ੋਦਰਾ ਬੇਨ ਕਿਤੇ ਨਹੀਂ ਦਿਖੀ। ਦਿੱਖੀ ਤਾਂ ਸੀ ਪਰ ਕਲਕੱਤਾ ਦੇ ਹਵਾਈ ਅੱਡੇ ’ਤੇ। ਅੱਗਿਓਂ ਮਮਤਾ ਬੈਨਰਜੀ ਮਿਲ ਗਈ। ਮਮਤਾ ਪੁੱਛਣ ਲੱਗੀ, ‘ਭੈਣੇ ਤੂੰ ਇੱਥੇ ਕਿਵੇਂ’। ਜਸ਼ੋਦਰਾ ਬੇਨ ਬੋਲੀ, ‘ਦੀਦੀ, ਮੱਥਾ ਟੇਕਣ ਮੰਦਰ ਆਈ ਸੀ, ‘ਉਨ੍ਹਾਂ’ ਦਾ ਜਨਮ ਦਿਨ ਐ ਅੱਜ’। ਤੋਹਫ਼ੇ ’ਚ ਜਸ਼ੋਦਰਾ ਨੂੰ ਮਮਤਾ ਤੋਂ ਸਾੜੀ ਮਿਲੀ। ਮੌਕਾ ਸ਼ੁਭ ਜੋ ਸੀ।
                ਵੰਡ ਲਿਆ ਜਾਏ ਤਾਂ ਦੁੱਖ ਘਟਦੈ। ਖੁਸ਼ੀ ਕਈ ਗੁਣਾ ਵਧਦੀ ਐ। ਨਰਿੰਦਰ ਮੋਦੀ ਦਾ 69ਵਾਂ ਜਨਮ ਦਿਨ ਸੀ, ਵੈਸੇ ਸੀਨਾ 56 ਇੰਚ ਦਾ ਹੈ। ਸੋਨੇ ਦਾ ਮੁਕਟ 50 ਲੱਖ ਦਾ, ਜੋ ਮੰਦਰ ਚੜ੍ਹਾਇਆ। ਵਾਰਾਨਸੀ ਵਾਲੇ ਚੇਲੇ ਅਰਵਿੰਦ ਨੇ। ਗਿੱਦੜਬਾਹੇ ਵੱਡੇ ਬਾਦਲ ਨੇ ਕੇਕ ਕੱਟਿਆ। ਰਿਸ਼ਤਾ ਜੋ ਨਹੁੰ-ਮਾਸ ਦਾ ਹੋਇਐ। ਨਵਾਂ ਰਿਸ਼ਤਾ ਅੰਮ੍ਰਿਤਾ ਫੜਨਵੀਸ ਨੇ ਸਿਰਜਿਐ। ਅਖੇ, ਮੋਦੀ ਤਾਂ ਰਾਸ਼ਟਰਪਿਤਾ ਹੈ। ਫਿਰ ਮਹਾਤਮਾ ਗਾਂਧੀ ਕੌਣ ਸੀ? ਅੰਮ੍ਰਿਤਾ ਬਾਰੇ ਜ਼ਰੂਰ ਪਤੈ ਕਿ ਮੁੱਖ ਮੰਤਰੀ ਦੀ ਪਤਨੀ ਹੈ। ਪਤੇ ਦੀ ਗੱਲ ਸੁਣੋ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਵੀ ਵਧਾਈ ਭੇਜੀ। ਤਿੰਨ ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਤੇ ਗੁਜਰਾਤੀ ’ਚ। ਅਮਿਤ ਸ਼ਾਹ ਇੱਕ ਭਾਸ਼ਾ ਦਾ ਹੋਕਾ ਦੇ ਰਿਹੈ। ਯੂਪੀ ਵਾਲੇ ਭਾਜਪਈ ਦੀ ਭਾਸ਼ਾ ਸੁਣੋ। ਵਿਧਾਇਕ ਸੁਰਿੰਦਰ ਸਿੰਘ ਨੇ ਮਮਤਾ ਨੂੰ ਘੂਰੀ ਵੱਟੀ। ‘ਭਾਸ਼ਾ ਤੇ ਭਾਵ ਬਦਲ’। ਨਹੀਂ ਚਿਦੰਬਰਮ ਵਾਲੀ ਕਰਾਂਗੇ। ਮਰੇ ਦਾ ਕੀ ਮਾਰਨਾ, ਤਿਹਾੜ ’ਚ ਉਹ ਕੇਕ ਕਿਥੋਂ ਕੱਟੇ। ਕਾਂਗਰਸੀ ਕਿਤੇ ਘੱਟ ਨੇ। ਯੂਪੀਏ ਦੇ ਪਿਛਲੇ ਪੰਜ ਵਰ੍ਹੇ ਦੇਖੋ। ਪੂਰੇ 143 ਕਰੋੜ ਖ਼ਜ਼ਾਨੇ ‘ਚੋਂ ਖਰਚੇ। ਜਹਾਨੋਂ ਚਲੇ ਗਏ ਲੀਡਰਾਂ ਦੇ ਜਨਮ/ਮੌਤ ਦੇ ਇਸ਼ਤਿਹਾਰਾਂ ’ਤੇ। ਇਕੱਲੇ ਨਹਿਰੂ ਖਾਨਦਾਨ ’ਤੇ 43 ਫੀਸਦੀ ਖਰਚਾ ਕੀਤਾ। ਟਰੰਪ ਨੇ ਹੁਣ ਮੂੰਹ ਕਸ਼ਮੀਰ ਵੱਲ ਕੀਤੈ, ‘ਤੁਸੀਂ ਕਿਵੇਂ ਹੋ’। 12 ਹਜ਼ਾਰ ਕਸ਼ਮੀਰੀ ਬੱਚੇ ਇੱਕੋ ਸੁਰ ਬੋਲੇ, ਅੰਕਲ, 48 ਦਿਨਾਂ ਤੋਂ ਸਕੂਲ ਨਹੀਂ ਗਏ। ਕਿਸ ਖੁਸ਼ੀ ’ਚ ਕੇਕ ਕੱਟੀਏ। ਮਾਪੇ ਤਾਂ ਸਬਜ਼ੀ ਕੱਟਣ ਨੂੰ ਤਰਸੇ ਪਏ ਨੇ।
                ਮਾਰਕਸੀ ਯੂਸਫ਼ ਤਰੀਗਾਮੀ ਆਖ ਰਿਹੈ, ‘ਕਸ਼ਮੀਰੀ ਧੀਮੀ ਮੌਤ ਮਰ ਰਹੇ ਨੇ।’ ਜੁਆਬ ਨਰਿੰਦਰ ਮੋਦੀ ਦਾ ਵੀ ਸੁਣੋ। ‘ਹਰ ਕਸ਼ਮੀਰੀ ਨੂੰ ਜੱਫੀ ਪਾਵਾਂਗੇ, ਵਾਦੀ ਨੂੰ ਨਵੀਂ ਜੰਨਤ ਬਣਾਵਾਂਗੇ’। ਕਿਸੇ ਨੇ ਸੱਚ ਕਿਹਾ, ਕਿਸੇ ਨੂੰ ਮਾਂਹ ਵਾਦੀ..! ਫਕੀਰ ਦੇ ਘਰੋਂ ਹੁਣ ਨਿਕਲੋ। ਯੋਗੀ ਦੇ ਵਿਹੜੇ ਚੱਲਦੇ ਹਾਂ। ਪੁੱਛਦੇ ਹਾਂ, ‘ਤੁਸੀਂ ਕਿਵੇਂ ਹੋ’। ਜੁਆਬ ਇਹੋ ਮਿਲੇਗਾ, ਪੂਰੀ ਯੂਪੀ ਨੌਂ ਬਰ ਨੌਂ ਹੈ। ਯੋਗੀ ਸਰਕਾਰ ਦੇ ਢਾਈ ਵਰ੍ਹੇ ਪੂਰੇ ਹੋਏ ਨੇ। ਕੋਈ ਕੇਕ ਨਹੀਂ ਕੱਟਿਆ। ਬਿਜਨੌਰ ’ਚ ਕਿਸਾਨ ਰਿਆਜ ਹਸਨ ਦਾ ਚਲਾਨ ਜ਼ਰੂਰ ਕੱਟਿਆ ਹੈ। ਗੱਡੇ ਦਾ ਬੀਮਾ ਨਹੀਂ ਸੀ। ਨਵਾਂ ਵਾਹਨ ਐਕਟ, ਨਵੇਂ ਰੰਗ। ਚਿਨਮਯਾਨੰਦ ਦਾ ਰੰਗ ਪੁਰਾਣਾ ਹੈ। ਉਹੀ ਭਗਵੇਂ ਵਾਲਾ। ਉੱਘੜ ਵੀ ਰਿਹੈ। ਲਾਅ ਵਿਦਿਆਰਥਣ ਨੂੰ ਧਮਕੀ ਦੇਣੀ ਪਈ। ਚਿਨਮਯਾਨੰਦ ਹੁਣ ਜੇਲ੍ਹ ਭੇਜਿਆ। ਕੋਈ ਬਚਾ ਨਾ ਸਕਿਆ। ਯੂਪੀ ਦੇ ਕਿਸਾਨਾਂ ਨੇ ਝੋਲੀ ਅੱਡੀ ਹੈ, ਸਾਨੂੰ ਬਚਾਓ। ਦਿੱਲੀ ਵੱਲ ਚਾਲੇ ਪਾਏ ਨੇ। ਪਟਿਆਲੇ ਕੋਲ ਪੰਜਾਬ ਦੇ ਕਿਸਾਨਾਂ ਨੇ ਡੇਰਾ ਲਾਇਐ।ਅਮਰੀਕਾ ’ਚ ‘ਹਾਓਡੀ ਮੋਦੀ’ ਦਾ ਨਾਅਰਾ ਹੈ। ‘ਸਾਂਝੇ ਸੁਪਨੇ, ਉੱਜਲ ਭਵਿੱਖ’। ਪਿਛੋਂ ਕੋਈ ਪੁੱਛ ਰਿਹਾ ਹੈ, ਕਿਸ ਦਾ ਭਵਿੱਖ? ਹਰਦੋਈ (ਯੂਪੀ) ਦੇ 150 ਸਕੂਲੀ ਬੱਚੇ ਮੂੰਹ ਖੋਲ੍ਹਣ ਲੱਗੇ। ਪੁਲੀਸ ਨੇ ਭੰਨ ਸੁੱਟੇ। ਨੌਂ ਬੱਚੇ ਜ਼ਖ਼ਮੀ ਨੇ। ਬੱਚੇ ਜ਼ਿਲ੍ਹਾ ਮੈਜਿਸਟਰੇਟ ਕੋਲ ਚੱਲੇ ਸਨ। ਦੱਸਣ ਲਈ ਕਿ ਹੋਸਟਲ ਦਾ ਖਾਣਾ ਮਾੜੈ। ਪੁਲੀਸ ਨੇ ਪਹਿਲੋਂ ਹੀ ਪੂੜੇ ਖੁਆ ਦਿੱਤੇ। ਜਦੋਂ ਜ਼ਖ਼ਮ ਆਠਰ ਗਏ, ਮੁੜ ਸਕੂਲ ਆਉਣਗੇ।
                ਪੰਜਾਬ ਦੇ ਬੱਚੇ ਕਿਤੇ ਜਾਣ ਜੋਗੇ ਨਹੀਂ। 57.4 ਫੀਸਦੀ ਤਾਂ ਜਨਮ ਤੋਂ ਖੂਨ ਦੀ ਕਮੀ ਦਾ ਸ਼ਿਕਾਰ ਨੇ। ਬਾਕੀ 12.1 ਫੀਸਦੀ ਮੋਟਾਪੇ ਦਾ। ਦਰਾਂਗ (ਅਸਾਮ) ‘ਚ ਤਿੰਨ ਭੈਣਾਂ ਨੂੰ ਸ਼ਿਕਾਰ ਬਣਾਇਐ। ਨਿਰਵਸਤਰ ਕਰ ਦਿੱਤਾ। ਅਸਾਮ ਪੁਲੀਸ ਨੂੰ ਕੋਈ ਪੁੱਛਣ ਵਾਲਾ ਨਹੀਂ। ਹਾਲੇ ਪੁੱਛਦੇ ਹੋ, ‘ਤੁਸੀਂ ਕਿਵੇਂ ਹੋ’।ਜੁਆਬ ਨਵੇਂ ਸਲਾਹਕਾਰਾਂ ਦਾ ਸੁਣੋ। ‘ਪੰਜਾਬ ਤਾਂ ਘੁੱਗ ਵਸਦੈ।’ ‘ਘਰ ਘਰ ਰੁਜ਼ਗਾਰ’ ਦੇ ਮੇਲੇ ਲੱਗ ਰਹੇ ਨੇ। ਟੈਂਕੀ ’ਤੇ ਪਤਾ ਨਹੀਂ, ਕੀ ਅੰਬ ਲੈਣ ਚੜ੍ਹੇ ਨੇ। ਪਟਿਆਲੇ ਕੁੜੀਆਂ ਚੜ੍ਹੀਆਂ ਨੇ। ਢਾਈ ਸਾਲ ਦੇ ਜਸ਼ਨਾਂ ’ਚ ਪੰਜਾਬ ਵਾਲੇ ਡੁੱਬੇ ਨੇ। ਵੱਡੇ ਵੱਡੇ ਇਸ਼ਤਿਹਾਰ। ਪੜ੍ਹੋ ਤਾਂ ਏਦਾਂ ਲੱਗਦਾ ਕਿ ਸਭ ਦੁੱਖ ਕੱਟੇ ਗਏ। ਰਾਜਸਥਾਨ ’ਚ ਵਿਦਿਆਰਥੀ ਕੁੱਟੇ ਗਏ। ਸੀਕਰ ਪੁਲੀਸ ਨੇ ਕੁੜੀਆਂ ’ਤੇ ਡਾਂਗ ਚਲਾ ਦਿੱਤੀ। ਕਾਮਰੇਡ ਅਮਰਾ ਰਾਮ ਪੈ ਨਿਕਲਿਐ, ‘ਬੇਟੀਆਂ ਲਾਵਾਰਸ ਨਹੀਂ’। ਪੰਚਕੂਲਾ ‘ਚ ਅਧਿਆਪਕ ਪੁਲੀਸ ਤੋਂ ਡਾਂਗਾਂ ਖਾ ਆਏ, ਜਿਨ੍ਹਾਂ ਦੇ ਧੀਆਂ ਪੁੱਤ ਕੁਝ ਖਾਣ ਨੂੰ ਮੰਗਦੇ ਸਨ।ਸ਼ਿਮਲਾ ’ਚ ਵਿਦਿਆਰਥੀ ਉੱਚੀ ਸੁਰ ਬੋਲੇ, ‘ਸਾਡਾ ਹੱਕ, ਇੱਥੇ ਰੱਖ’। ਉਪ ਕੁਲਪਤੀ ਨੇ ਨੈਸ਼ਨਲ ਲਾਅ ’ਵਰਸਿਟੀ ਨੂੰ ਹੀ ਤਾਲਾ ਮਾਰ ਦਿੱਤਾ। ਜੋ ਨਹੀਂ ਦੇਖਿਆ, ਉਹੀ ਭਲਾ। ਬੇਕਾਰੀ ਦੇ ਭੰਨੇ ਕਿੱਧਰ ਜਾਣ।
                ਕੇਂਦਰੀ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਲੂਣ ਚੁੱਕੀ ਫਿਰਦੈ। ਮੰਤਰੀ ਇੰਝ ਫ਼ਰਮਾਏ, ‘ਰੁਜ਼ਗਾਰ ਦੇ ਮੌਕਿਆਂ ਦੀ ਨਹੀਂ, ਨੌਜਵਾਨਾਂ ’ਚ ਯੋਗਤਾ ਦੀ ਕਮੀ ਹੈ।’ ਸਭ ਅੱਛਾ ਹੈ ਤਾਂ ਮੈਕਸਿਕੋ ਦੀ ਕੰਧ ’ਤੇ ਕੌਣ ਚੜ੍ਹੇ ਨੇ। ਏਨਾ ਜ਼ਰੂਰ ਪਤੈ ਕਿ ਫਕੀਰ ਹਰਨੀ ਚੜ੍ਹੇ ਨੇ, ਨਿਰਮਲਾ ਸੀਤਾਰਮਨ ਕਸੂਤੀ ਫਸੀ ਹੈ। ਗੱਫਿਆਂ ਨੇ ਨਿਹਾਲ ਪੂੰਜੀਪਤੀ ਕੀਤੇ ਨੇ, ਜਾਨ ਮੁੱਠੀ ’ਚ ਕਿਸਾਨਾਂ ਦੀ ਆਈ ਹੈ। ਮੋਦੀ ਨੇ ਛੇ ਹਜ਼ਾਰੀ ਸਕੀਮ ਦੀ ਪੂੰਜੀ ਨਹੀਂ ਭੇਜੀ। 45 ਅਰਬ ਡਾਲਰ ਦੀ ਪੂੰਜੀ ਭਾਰਤ ’ਚੋਂ ਜ਼ਰੂਰ ਬਾਹਰ ਗਈ ਹੈ। ਉਹ ਵੀ ਲੰਘੇ ਪੰਜ ਵਰ੍ਹਿਆਂ ਵਿਚ। ਕਿਉਂ ਨਹੀਂ ਦੱਸਾਂਗੇ, ਅਸੀਂ ਕਿਵੇਂ ਹਾਂ। ਟਰੰਪ ਸਾਹਿਬ, ਭੁੱਖੇ ਪੇਟ ਭਗਤੀ ਨਹੀਂ ਹੁੰਦੀ। ਏਨੀ ਕੁ ਗੱਲ ਜ਼ਰੂਰ ਫਕੀਰ ਦੇ ਕੰਨੀਂ ਪਾਇਓ। ਪੰਜਾਬ ਤਾਂ ਹਿੰਮਤ ਹਾਰੀ ਬੈਠੈ। ਗਾਂ ਨੂੰ ਪੈਣ ਵਾਲੇ ਪੈਰਾਂ ’ਚ ਰੁਲ ਗਏ ਨੇ। ਕੇਕ ਤਾਂ ਦੂਰ ਦੀ ਗੱਲ, ਜ਼ਿੰਦਗੀ ਕੱਟਣੀ ਅੌਖੀ ਹੋਈ ਪਈ ਹੈ। ਅਗਲਿਆਂ ਨੇ ਤਾਂ ਅਡਵਾਨੀ ਤੇ ਜੋਸ਼ੀ ਦਾ ਪੱਤਾ ਕੱਟ ਦਿੱਤੈ। ਦੁੱਲੇ ਜੱਟ ਦਾ ਕੌਣ ਵਿਚਾਰੈ। ਕਿਸ ਖੁਸ਼ੀ ’ਚ ਕੇਕ ਕੱਟੇ, ਨਾ ਵੱਟਿਆ ਤੇ ਨਾ ਖੱਟਿਆ।
            ‘ਅਸੀਂ ਕਿਵੇਂ ਹਾਂ’, ਹੁਣ ਤਾਂ ਲੱਗ ਗਿਆ ਪਤਾ। ਸਾਨੂੰ ਆਪਣੇ ਹਾਲ ਛੱਡੋ, ਤੁਸੀਂ ਲਾਓ ਮਜ਼ਮਾ। ‘ਪੰਜਾਬੀ ਏਨੇ ਵੀ ਗਏ ਗੁਜ਼ਰੇ ਨਹੀਂ, ਹੜਬਾਂ ’ਤੇ ਮਾਰਨ ਲੱਗੇ, ਅੱਗਾ ਪਿੱਛਾ ਨਹੀਂ ਵੇਖਦੇ’। ਛੱਜੂ ਰਾਮ ਮੁੱਛਾਂ ’ਤੇ ਹੱਥ ਫੇਰਨ ਲੱਗੈ। ਕਿਸੇ ਨੂੰ ਪਤੈ, ਏਹ ਹੜਬਾਂ ਕੀ ਹੁੰਦੀਆਂ ਨੇ। ਦੂਰੋਂ ਕਿਸੇ ਨੇ ਇਸ਼ਾਰੇ ’ਚ ਆਖਿਐ, ਅਕਾਲੀਆਂ ਨੂੰ ਪੁੱਛ ਲੋ। ‘ਕੀਆ ਗਰਬ ਨਾ ਆਏ ਰਾਸਿ।’ ਗੱਲ ਇਹ ਟਰੰਪ ਤੇ ਮੋਦੀ ਵੀ ਨਾ ਭੁੱਲਣ। ਜਿਵੇਂ ਕਿਸੇ ਸਿਆਣੇ ਆਖਿਐ, ‘ਫਕੀਰ, ਫਕੀਰੀ ਦੂਰ ਹੈ, ਜਿਉਂ ਉੱਚੀ ਲੰਮੀ ਖਜੂਰ ਹੈ। ਹੁਣ ਛੱਜੂ ਰਾਮ ਨੇ ਵੀ ਮੂੰਹ ਖੋਲਿਐ, ‘ਅਸੀਂ ਠੀਕ ਹਾਂ, ਤੁਸੀਂ ਖਿਆਲ ਰੱਖਿਓ।’

3 comments:

  1. ਤੁਹਾਡੇ ਤੋਂ ਪੰਜਾਬੀ ਬਹੁਤ ਉਮੀਦਾਂ ਰੱਖਦੇ ਆ ਬਾਈ। ਸਾਨੂੰ ਮਾਣ ਹੈ ਕਿ ਸਾਡੇ ਕੋਲ ਇਹੋ ਜਾ ਸੱਚ ਬੋਲਦਾ ਪੱਤਰਕਾਰ ਹੈ ਜੋ ਝੁਕਦਾ ਨਹੀਂ ਕਿਸੇ ਅੱਗੇ।

    ReplyDelete
  2. ਬਹੁਤ ਵਧੀਆ ਲਿਖਿਆ ਵੀਰੇ.
    constitution ਦੇ ਵਿਚ 22 ਬੋਲੀਆ - ਸਾਰੀਆ ਇੱਕ ਬਰੋਬਰ. ਗੋਰਿਆ ਤੋ ਆਓਣ ਤੋ ਪਹਿਲਾ ਸਾਰੇ ਸੂਬੇ independent ਸਨ - ਸਾਰਿਆ ਨੂ ਇੱਕ constitution ਵਿਚ ਇਕੋ ਜਿਹਾ ਬਰੋਬਰ ਸਥਾਨ ਦਿਤਾ ਗਈ - ਇੰਗਲਿਸ਼ ਵੀ ਮਨੀ ਗਈ ਭਾਸ਼ਾ ਜੋ ਸਾਰੀਆ ਨੂ ਇੱਕ ਦੂਜੇ ਦੀ ਗਲ ਸਮ੍ਝਣ ਵਿਚ ਜਰੂਰੀ ਹੈ - ਪਰ ਹੁਣ rss ਹਿੰਦੂ ਰਾਸ਼ਟਰ ਬਾਨੋਓਨ ਵਿਚ ਇੱਕ ਨਸ਼ੇੜੀ ਦੇ ਚੇਲੇ ਨੂ ਉਂਗਲ ਲਾ ਲੇ ਬਾਹਰ ਰੋਲਾ ਪਾ ਦਿਤਾ ਹੈ - ਸੰਸਕ੍ਰਿਤ ਵੀ ਇੰਡੀਆ ਦੀ ਜਮੀ ਨਹੀ ਇਹ ਵੀ ਆਰੀਆ ਦੇ ਨਾਲ ਆਈ ਹੈ ਸਿੰਧ ਘਟੀ ਵਿਚ(ਪੰਜਾਬ ਵਿਚ). ਹਾਰਵਰਡ university ਦੀ study ਲਿੰਕ ਮੇਰੇ ਕੋਲ ਹੈ ਜਿਸ ਵਿਚ ਇਹ ਦਖਾਇਆ ਗਿਆ ਹੈ ਨੋਰਥ indian ਦਾ DNA ਤੇ South - ਦ੍ਰਵਿੜ ਦਾ DNA ਹੋਰ ਹੋਰ ਹਨ!!! ਨਾਲੇ ਹਿੰਦੂ ਕਹਿੰਦੇ ਸਾਡੇ ਗਰੰਥ ਪੰਜਾਬ ਵਿਚ ਲਿਖੇ ਗਏ ਸੀ ...........LOL

    ReplyDelete
  3. ਬਾਈ ਇਹ 52 ਇੰਚ ਛਾਤੀ ਕਿਥੋ ਆ ਗਿਆ - ਇਹ ਤਾ ਇੰਦਿਰਾ ਵੇਲੇ ਲੁਕ ਗਿਆ ਸੀ ਪੰਜਾਬ ਵਿਚ ਸਿਖੀ ਸਰੂਪ ਵਿਚ - ਹੁਣ ਇਹ ਬੜਕਾ ਮਾਰਦਾ ਹੈ

    Watch rare pics of Narendra Modi posing as a Sikh during Emergency
    New Delhi: The Emergency of 1975 was a turning point in the political career of Narendra Modi. That was the time when he came in touch with L K Advani and became a member of
    https://www.indiatvnews.com/politics/national/rare-pics-of-narendra-modi-posing-as-a-sikh-during-emergency-12506.html

    ReplyDelete