Sunday, September 15, 2019

                    ਵਿਚਲੀ ਗੱਲ                                           ਗੁਰੂ ਜਿਨ੍ਹਾਂ ਦੇ ਟੱਪਣੇ..!
                      ਚਰਨਜੀਤ ਭੁੱਲਰ
ਬਠਿੰਡਾ : ਪੂਰੇ ਸੌਲ਼ਾਂ ਸਾਲ ਪਿੱਛੇ ਚੱਲਦੇ ਹਾਂ। ਉਦੋਂ ਵੱਡੇ ਬਾਦਲ ਕੀ ਬੋਲੇ। ਇੰਨ ਬਿੰਨ ਸੁਣੋ। ‘ਜਿਵੇਂ ਜਿਵੇਂ ਹਾਲਾਤ ਵਿਗੜਦੇ ਜਾਂਦੇ ਨੇ, ਮੁੱਖ ਮੰਤਰੀ (ਅਮਰਿੰਦਰ) ਦੀਆਂ ਮਹਿਫ਼ਿਲਾਂ ਦਾ ਰੰਗ ਗੂੜ੍ਹਾ ਹੁੰਦਾ ਜਾਂਦਾ ਹੈ।‘ ਅੱਗੇ ਜੋ ਕਿਹਾ, ਉਸ ’ਤੇ ਵੀ ਗੌਰ ਕਰੋ ,‘ਜੇ ਅੱਜ ਨੀਰੋ ਜ਼ਿਊਂਦਾ ਹੁੰਦਾ ਤਾਂ ਸਾਡੇ ਮੁੱਖ ਮੰਤਰੀ ਨੂੰ ਗੁਰੂ ਧਾਰ ਲੈਂਦਾ’। ਬਾਦਲ ਅੰਦਰੋਂ ਭਰੇ ਬਹੁਤ ਸਨ, ਬੋਲੇ ਤਾਂ ਬਹੁਤ ਕੁਝ। ਜੋ ਅਖੀਰ ’ਚ ਬੋਲੇ, ਉਹ ਵੀ ਸੁਣੋ, ‘ਵੈਸੇ ਮੁੱਖ ਮੰਤਰੀ ਹੈ ਯਾਰਾਂ ਦਾ ਯਾਰ, ਯਾਰਾਂ ਖਾਤਰ ਪੰਜਾਬ ਵੀ ਵੇਚ ਸਕਦੈ।’ ਵਿਧਾਨ ਸਭਾ ਦਾ ਖੁੱਲ੍ਹਾ ਮੰਚ ਸੀ। ਚਰਚਾ ਪੰਜਾਬ ਦੇ ਮਾਹੌਲ ’ਤੇ ਸੀ। ਤਾਰੀਕ ਵੀ ਲਿਖੋ, 25 ਸਤੰਬਰ 2003..! ਭਾਜੀ ਅਮਰਿੰਦਰ ਨੇ ਵੀ ਮੋੜੀ। ਦੱਸਣ ਬੈਠ ਗਏ ਤਾਂ ਗੱਲ ਦੂਰ ਚਲੀ ਜਾਊ। ਅੌਹ ਪਰਨੇ ਵਾਲਾ ਕੌਣ ਹੈ। ਮੂੰਹ ਸਿਰ ਲਪੇਟਿਐ, ਹੱਥ ’ਚ ਸੋਟੀ। ਥੱਕਿਆ ਹਾਰਿਐ, ਕਿਸਮਤ ਖੋਟੀ। ਚੁੱਪ ਚੁਪੀਤੇ ਮਨ ਦੀ ਮਮਟੀ ’ਤੇ ਆ ਬੈਠਾ। ਆਖ ਰਿਹੈ, ਪੁਰਾਣੀ ਛੱਡੋ, ਕੌਣ ਨੀਰੋ ਦਾ ਗੁਰੂ ਤੇ ਕੌਣ ਚੇਲਾ। ਅਤਿ ਦੀ ਗਰਮੀ, ਚੁੱਲ੍ਹਾ ਠੰਢਾ, ਖਾਲੀ ਪਤੀਲਾ। ਏਹ ਤਾਂ ਸਭ ਨੀਰੋ ਦੇ ਸਕੇ ਸਬੰਧੀ ਨੇ। ਗੱਲ ਤਾਂ ਸੋਲ਼ਾਂ ਆਨੇ ਸੱਚ ਹੈ, ਪਰਨੇ ਵਾਲੀ ਦੀ। ਜਦੋਂ ਦਿਲ ’ਤੇ ਬਣੀ ਹੋਵੇ। ‘ਰੋਮ ਜਲ ਰਿਹਾ, ਨੀਰੋ ਬੰਸਰੀ ਵਜਾ ਰਿਹਾ’ ਫੇਰ ਏਦਾਂ ਹੀ ਹੁੰਦੈ। ਫਿਰੋਜ਼ਪੁਰ ’ਤੇ ਮੋਗਾ ਦੇ ਪਿੰਡਾਂ ਦਾ ਹਾਲ ਵੇਖੋ। ਹੜ੍ਹਾਂ ਦੇ ਭੰਨੇ ਨਵੇਂ ਟਰੈਕਟਰ ਵੇਚ ਰਹੇ ਨੇ। ਉਹ ਵੀ ਮਿੱਟੀ ਦੇ ਭਾਅ। ਪੱਲੇ ਕੁਝ ਨਹੀਂ ਬਚਿਆ, ਪਿੰਡਾਂ ਦੇ ਪਿੰਡ ਤਪੇ ਪਏ ਨੇ। ਮੁੱਖ ਮੰਤਰੀ ਨੇ ਹੁਣੇ ਠੰਢਾ ਕੀਤੈ। ਛੇ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ।
                ਖ਼ਜ਼ਾਨੇ ’ਚ ਏਨੇ ਕੁ ਛਿੱਲੜ ਤਾਂ ਹਨ। ਤਿੰਨ ਲਗਜ਼ਰੀ ਕਾਰਾਂ ਜੋਗੇ। ਪੁਰਾਣੇ ਤਿੰਨ ਵਜ਼ੀਰ ਵੀ ਹੁਣ ਠੰਢੇ ਕਰਨੇ ਨੇ। ਸੱਚ, ਐੱਮਐੱਲਏ ਵੀ ਜਾਣਗੇ ਠੰਢੇ ਮੁਲਕਾਂ ’ਚ। ਘੱਟ ਠੰਢੇ ਹਿਮਾਚਲੀ ਪਹਾੜ ਵੀ ਨਹੀਂ। ਕੋਈ ਭੁਲੇਖਾ ਹੈ ਤਾਂ ਸਰਕਾਰੀ ਹੈਲੀਕਾਪਟਰ ਦੇ ਪਾਇਲਟ ਨੂੰ ਪੁੱਛ ਲਓ। ਜ਼ਿਹਨ ’ਚ ਖੌਰੂ ਪੈਣ ਲੱਗੈ, ਪਰਨੇ ਵਾਲਾ ਫਿਰ ਆਇਆ। ਆਖਦੈ, ਹੈਲੀਕਾਪਟਰ ਨੂੰ ਛੱਡੋ, ਜੁਆਕੜੀ ਪੁੱਛਦੀ ਐ, ਸਕੂਲਾਂ ਨੂੰ ਸਾਈਕਲ ਕਦੋਂ ਮਿਲਣਗੇ। ਛੋਟਾ ਜੁਆਕ ਹਿੰਡ ਕਰਦੈ, ਦਲ਼ੀਆਂ ਕਦੋਂ ਆਊ, ਕਹਿੰਦਾ ਹੁਣੇ ਪੁੱਛੋ। ਪਿੰਡ ਭੋਤਨਾ ਦੇ ਕਿਸਾਨ ਕਿਸ ਨੂੰ ਪੁੱਛਣ। ਖੁਦਕੁਸ਼ੀ ਦੇ ਰਾਹ ਚਾਰ ਪੀੜ੍ਹੀਆਂ ਤੁਰ ਗਈਆਂ, ਕਰਜ਼ਾ ਮੁਆਫੀ ਫਿਰ ਨਹੀਂ ਆਈ। ਆਖਰੀ ਪੀੜ੍ਹੀ ਦੀ ਨਿਸ਼ਾਨੀ ਲਵਪ੍ਰੀਤ ਸੀ। ਭੈਣ ਦੀ ਡੋਲੀ ਹੁਣ ਕਿਵੇਂ ਜਾਊ। ਭਰਾ ਜਗਸੀਰ ਸਿੰਘ ਤਾਂ ਫੌਤ ਹੋ ਗਿਆ। ਪਿੰਡ ਉੱਗੋਕੇ (ਬਰਨਾਲਾ) ਦਾ ਜਗਸੀਰ ਪ੍ਰੇਸ਼ਾਨ ਸੀ। ਇਕੱਲੇ ਸਿਵੇ ਨਹੀਂ ਬਲਦੇ। ਸੱਧਰਾਂ ਤੇ ਚਾਵਾਂ ਨੂੰ ਵੀ ਰੱਸਾ ਪੈਂਦਾ ਹੈ। ਇੱਕ ਮੰਤਰੀ ਦੀ ਨਵੀਂ ਕੋਠੀ ਪੈਂਦੀ ਹੈ। ਨਹੀਂ ਤਾਂ ਉਹ ਜ਼ਰੂਰ ਇਨ੍ਹਾਂ ਦੇ ਸੱਥਰ ’ਤੇ ਬੈਠਣ ਆਉਂਦਾ। ਚਾਰ ਵੋਟਾਂ ਪਾ ਦਿੰਦੇ, ਸ਼ਾਇਦ ਕੇਵਲ ਢਿੱਲੋਂ ਫਿਰ ਜ਼ਰੂਰ ਆਉਂਦਾ।
                 ਬਰਨਾਲੇ ਦਾ ਰਾਹ ਬਿੱਲੀ ਕੱਟ ਗਈ ਜਾਪਦੀ ਹੈ। ਮਨਜੀਤ ਧਨੇਰ ਦੀ ਸਜ਼ਾ ਮੁਆਫੀ ਲਈ। ਨਾਅਰੇ ਵੱਜਣਗੇ ਹੁਣ ਮਹਿਲਾਂ ਅੱਗੇ। ਅਵਾਰਾ ਪਸ਼ੂ ਹਰਲ ਹਰਲ ਕਰਦੇ ਫਿਰਦੇ ਨੇ। ਮਾਨਸਾ ਜ਼ਿਲ੍ਹਾ ਐਵੇਂ ਥੋੜ੍ਹਾ ਬੰਦ ਹੋਇਐ। ਅੱਕੇ ਲੋਕਾਂ ਨੇ ਬਾਜ਼ਾਰ ਬੰਦ ਕੀਤੇ ਨੇ। ਕੇਂਦਰੀ ਪਸ਼ੂ ਪਾਲਣ ਮੰਤਰੀ ਗਿਰੀਰਾਜ ਨੇ ਰਾਜ ਖੋਲ੍ਹਿਐ। ਮਨਸੂਈ ਗਰਭਦਾਨ ਕਰਾਂਗੇ। ਵੱਛੀਆਂ ਪੈਦਾ ਹੋਣਗੀਆਂ। ਚੁਟਕੀ ਨਾਲ ਸਭ ਮਸਲੇ ਹੱਲ। ਹਜੂਮੀ ਹਿੰਸਾ ਦਾ ਵੀ, ਜਿਨ੍ਹਾਂ ਨੇ ਕਮਾਊ ਜੀਅ ਚਲੇ ਗਏ। ਗਿਰੀਰਾਜ ਉਨ੍ਹਾਂ ਨੂੰ ਨੀਰੋ ਦਾ ਮਾਸੜ ਲੱਗਦੈ। ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ। ਯੂਪੀ ਵਾਲੇ ਯੋਗੀ। ਟਰੇਨਿੰਗ ਵਜ਼ੀਰਾਂ ਨੂੰ ਦਿਵਾ ਰਹੇ ਨੇ, ਤਾਂ ਜੋ ਜ਼ਾਬਤਾ ਸਿੱਖ ਲੈਣ।ਜਿਨ੍ਹਾਂ ਘਰਾਂ ’ਚ ਕੈਂਸਰ ਨੇ ਪੈਰ ਪਾਏ। ਉਹ ਕਿੱਦਾਂ ਜ਼ਾਬਤੇ ’ਚ ਰਹਿਣ। ਅੰਦਰੋਂ ਕਲੇਜੇ ਧੂਹ ਪਈ। ਜਦੋਂ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਬੋਲੇ। ‘ਗਊ ਮੂਤਰ ਨਾਲ ਕੈਂਸਰ ਦਾ ਇਲਾਜ ਵੀ ਸੰਭਵ ਹੈ’। ਕੈਂਸਰ ਪੀੜਤਾਂ ਦੀ ਕੌਮੀ ਅੌਸਤ ਵੀ ਪਿਛੇ ਹੈ। ਮਾਲਵੇ ਦੀ ਅੌਸਤ ਨਾਲੋਂ। ਮਲਵਈ ਖਿਝੇ ਨੇ ਸਿਹਤ ਮੰਤਰੀ ਚੌਬੇ ’ਤੇ। ਕੈਂਸਰ ਦੇ ਝੰਬਿਆਂ ਨੂੰ ਚੌਬੇ ਵੀ ਹੁਣ ਨੀਰੋ ਦਾ ਤਾਇਆ ਲੱਗਦੈ। ਆਹ ਪਰਨੇ ਵਾਲਾ ਟਿਕਣ ਨਹੀਂ ਦਿੰਦਾ। ਫਿਰ ਮਸਤਕ ’ਚ ਆ ਬੈਠਾ। ਆਖ ਰਿਹੈ, ‘ ਜੋ ਢੱਠਿਆਂ ਦੀ ਬਲੀ ਚੜ੍ਹੇ, ਖੇਤੀ ਸੰਕਟਾਂ ਨਾਲ ਭਿੜੇ, ਢੇਰ ਹੋ ਗਏ, ਬਿਮਾਰੀ ਨਾਲ ਲੜੇ, ਫੌਤ ਹੋ ਗਏ, ਹਜੂਮੀ ਹਿੰਸਾ ’ਚ ਡਟੇ, ਭੇਟ ਹੋ ਗਏ, ਹਾਲੇ ਆਖ ਰਹੇ ਹੋ ਦੇਸ਼ ਭਗਤ ਨਹੀਂ।’
                ਏਹ ਪਰਨੇ ਵਾਲਾ ਹੈ ਕੌਣ। ਮੂੰਹ ਸਿਰ ਢੱਕਿਐ। ਡਰਪੋਕ ਕਿਤੋਂ ਦਾ। ‘ਦਿਲ ਤੋ ਬਹੁਤ ਚਾਹਤਾ ਹੈ ਕਿ ਸੱਚ ਬੋਲੂੰ, ਪਰ ਕਯਾ ਕਰੇਂ ਹੌਸਲਾ ਨਹੀਂ ਪੜਤਾ’। ਗੱਲ ਏਹ ਵੀ ਠੀਕ ਹੈ। ਨਾਸਿਕ ਦੇ ਕਿਸਾਨ ਬੋਲੇ। ਗੱਲ ਬਿਲਕੁਲ ਗ਼ਲਤ ਹੈ, ਪਿਆਜ਼ ਬਾਹਰੋਂ ਕਿਉਂ ਮੰਗਵਾਏ ਜਾਣ। ਪੰਜਾਹ ਰੁਪਏ ਕਿਲੋ ਦਾ ਐਤਕੀਂ ਭਾਅ ਹੈ। ਗਰੀਬ ਬੰਦੇ ਦੇ ਭਾਅ ਦੀ ਬਣੀ ਹੋਈ ਹੈ। ਗੰਨੇ ਦੇ ਬਕਾਏ ਦਿਓ। ਹਰਿਦੁਆਰ ‘ਚ ਬੈਠੇ ਕਿਸਾਨਾਂ ਦੀ ਮੰਗ ਹੈ। ਨੌਂ ਦਿਨਾਂ ਤੋਂ ਭੁੱਖ ਹੜਤਾਲ ’ਤੇ ਨੇ। ਕਸ਼ਮੀਰੀ ਵੀ ਭੁੱਖੇ ਤਿਹਾਏ ਨੇ। ਕੋਈ ਚੂੰ ਕੀ ਕਰ ਜਾਏ। ਕੇਂਦਰੀ ਬਖ਼ਤਾਵਰ ਬੰਸਰੀ ’ਤੇ ਧੁਨਾਂ ਕੱਢ ਰਹੇ ਨੇ। ਕਿਸੇ ਕਸ਼ਮੀਰੀ ਨੂੰ ਪੁੱਛੋ ਤਾਂ ਆਖੇਗਾ ‘ਸਾਨੂੰ ਤਾਂ ਏਹ ਨੀਰੋ ਦੇ ਫੁੱਫੜ ਲੱਗਦੇ ਨੇ।’ ਕੇਂਦਰ ਸਰਕਾਰ ਨੇ ਸੌ ਦਿਨ ਪੂਰੇ ਕੀਤੇ ਨੇ। ਬੜਾ ਚਾਅ ਹੈ ਸਭ ਨੂੰ। ਕਾਰਾਂ ਵੇਚਣ ਵਾਲੇ, ਬਿਸਕੁਟ ਵੇਚਣ ਵਾਲੇ ਵੀ, ਸ਼ਹਿਰੀ ਵੀ ਤੇ ਪੇਂਡੂ ਵੀ। ਕਾਹਦਾ ਚਾਅ ਕਰਨ। ਮੰਦੀ ਨੇ ਹਾਲ ਮੰਦਾ ਕੀਤੈ। ਬਿਹਾਰ ਵਾਲੇ ਭਾਜਪਾ ਆਗੂ ਸ਼ੁਸੀਲ ਮੋਦੀ ਨੇ ਤੋੜਾ ਭੰਨਿਐ। ਆਖਦੈ ਸਾਉਣ ਭਾਦੋਂ ’ਚ ਥੋੜ੍ਹਾ ਮੰਦਾ ਆਉਂਦੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਕਸੂਤੇ ਫਸ ਗਏ, ਘੁਣਤਰ ਅਰਥਚਾਰੇ ਦੀ ਸਮਝਾਉਣ ਬੈਠੇ। ਗਰੈਵੀਟੇਸ਼ਨ ਦਾ ਸਿਧਾਂਤ ਆਈਨਸਟਾਈਨ ਦੀ ਝੋਲੀ ਪਾ ਦਿੱਤਾ। ਯਮਰਾਜ ਕੋਲ ਬੈਠੇ ਨਿਊਟਨ ਨੂੰ ਕਾਂਬਾ ਛਿੜ ਗਿਆ। ਕੌਟਲਿਆ ਦੇ ਵੀ ਹੋਸ਼ ਉਡੇ ਨੇ ਜੋ ਅੱਕ ਕੇ ਬੋਲਿਐ, ‘ਖਾਨੇ ਖਾਲੀ ਨੇ ਤਾਂ ਮੇਰੇ ਵਾਲਾ ਅਰਥਸ਼ਾਸਤਰ ਪੜ੍ਹ ਲਓ।’
                ‘ਬੱਕਰਾ ਰੋਵੇ ਸਵਾਸ ਨੂੰ, ਕਸਾਈ ਰੋਵੇ ਮਾਸ ਨੂੰ।’ ਜਦੋਂ ਗੱਲਾਂ ਦੇ ਕੜਾਹ ਨਾਲ ਸਰਦਾ ਹੋਵੇ, ਫਿਰ ਸ਼ਾਸਤਰ ਕਿਉਂ ਪੜ੍ਹੀਏ। ਗੱਲ ਏਹ ਵੀ ਠੀਕ ਹੈ। ਪੜ੍ਹਾਈ ਦੀ ਕਦਰ ਪੈਂਦੀ ਤਾਂ ਸੰਗਰੂਰ ’ਚ ਪਾੜ੍ਹੇ ਕਾਹਤੋਂ ਗੱਜਦੇ। ਰੋਮ ਰੋਮ ’ਚ ਦੇਸ਼ ਭਗਤੀ ਹੈ, ਫਿਰ ਵੀ ਬਲੀ ਦਾ ਬੱਕਰਾ ਬਣੇ ਹੋਏ ਨੇ। ਪਰਨੇ ਵਾਲਾ ਫਿਰ ਮਨ ਦੀ ਦੇਹਲੀ ’ਤੇ ਖੜ੍ਹਾ ਹੋਇਐ। ਗੁੱਸੇ ’ਚ ਲੱਗਦੈ, ਤਾਹੀਂ ਉੱਚੀ ਬੋਲਿਐ, ‘ਬੰਸਰੀ ਵਾਲਿਆਂ ਨੂੰ ਕਿਸੇ ਰੋਮ ਦੀ ਪ੍ਰਵਾਹ ਨਹੀਂ।’ ਗੱਲ ਏਹ ਵੀ ਠੀਕ ਹੈ। ਪੰਜਾਬ ਦੀ ਬੱਤੀ ਦੰਦਾਂ ’ਚ ਜੀਭ ਹੈ। ਫਿਰ ਸਭ ਠੀਕ ਕਿਵੇਂ ਕਹੀਏ। ਪੰਜਾਬ ਤਾਂ ਹੁਣ ਮਰ ਰਿਹੈ। ਹੰਸ ਰਾਜ ਹੰਸ ਨੇ ਸੰਸਦ ’ਚ ਸ਼ੇਅਰ ਬੋਲਿਆ ‘ਚਿਹਰਾ ਬਤਾ ਰਹਾ ਥਾ ਮਰਾ ਹੈ ਭੂਖ ਸੇ, ਲੋਕ ਬਤਾ ਰਹੇ ਹੈਂ ਕੁਛ ਖਾ ਕਰ ਮਰਾ ਹੈ।’ ਹੰਸ ਜੀ, ਰਹਿਣ ਦਿਓ ਸ਼ਾਇਰੀ ਨੂੰ, ਸਾਡੇ ਕੋਲ ਆਪਣਾ ‘ਮਿਰਜ਼ਾ ਗ਼ਾਲਿਬ’ ਹੈ। ਬੰਸਰੀ ਏਨੀ ਸੋਹਣੀ ਵਜਾਉਂਦੈ, ਕਿਆ ਬਾਤਾਂ ਨੇ।
               ਸੱਚਮੁੱਚ ਪੰਜਾਬ ਪਛਤਾ ਰਿਹੈ। ਕੋਈ ਵਾਲੀ-ਵਾਰਿਸ ਨਹੀਂ ਦਿਖਦਾ। ਪੁਰਾਣਾ ‘ਮਹਾਰਾਜਾ’ ਕਿਥੋਂ ਲੱਭੀਏ। ਟਕੋਰਾਂ ਹੁਣ ਵੱਡੇ ਬਾਦਲ ਵੀ ਨਹੀਂ ਮਾਰਦੇ। ‘ਹਿੰਦ ਚੀਨੀ, ਭਾਈ-ਭਾਈ’ ਬਣੇ ਲੱਗਦੇ ਨੇ। ਝਾਕਣ ਜੋਗੇ ਨਹੀਂ ਛੱਡੇ ਕਾਂਗਰਸੀ। ਪੰਜਾਬ ’ਚ ਬੰਸਰੀ ਬਾਦਲਾਂ ਦੀ ਵੀ ਬਹੁਤ ਵੱਜੀ। ਫਰਕ ਏਨਾ ਕੁ ਪਿਐ, ਬੰਸਰੀ ਦੇ ਮਾਲਕ ਬਦਲੇ ਨੇ। ਗੱਲ ਏਹ ਵੀ ਠੀਕ ਹੈ। ਪਰਨੇ ਵਾਲਾ ਫੇਰ ਪੈਰ ਚੁੱਕ ਕੇ ਪਿਐ, ‘ਕੀ ਠੀਕ ਠੀਕ ਲਾ ਰੱਖੀ ਹੈ’। ਸੁਣੋ, ਏਨਾ ਗੁੱਸਾ ਠੀਕ ਨਹੀਂ ਭਾਈ ਸਾਹਿਬ। ਪੰਜਾਬ ਕੀ, ਪੂਰਾ ਦੇਸ਼ ਤਪਿਆ ਪਿਐ, ਏਹ ਧੁਨਾਂ ਕੱਢ ਰਹੇ ਨੇ, ਏਨਾਂ ਦਾ ਹੱਲ ਕੌਣ ਕਰੂ। ਮੂੰਹ ਤੋਂ ਪਰਨਾ ਲਾਹਿਆ ਤੇ ਦਹਾੜਿਆ, ‘ਇਨ੍ਹਾਂ ਨੂੰ ਵੀ ਕੋਈ ਟੱਕਰੂ ਬੰਸਰੀ ਵਾਲਾ’। ਉਹ… ਛੱਜੂ ਰਾਮਾ ਤੂੰ ਸੀ..!

3 comments:

  1. ਵਾਹ ਭੁੱਲਰ ਸਾਹਬ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਕਟਾਖਸ਼
    ਡਾ਼ ਧਰਮਿੰਦਰ ਸਿੰਘ

    ReplyDelete