Thursday, September 12, 2019

                                                              ਸਟੱਡੀ ਵੀਜ਼ਾ 
                        ਘਰ ਖਾਲੀ, ਬਾਂਹਾਂ ਸੁੰਨੀਆਂ, ਪੁੱਤ ਤੋਰੇ ਪ੍ਰਦੇਸ਼
                                                             ਚਰਨਜੀਤ ਭੁੱਲਰ
ਬਠਿੰਡਾ : ਨਰਮਾ ਪੱਟੀ ’ਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਣ ਲੱਗਾ ਹੈ। ਪੱੁਤਾਂ ਧੀਆਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ ’ਤੇ ਲੱਗਾ  ਹੈ। ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ ਫੀਸਾਂ ਲਈ ਖੇਤੀ ਮਸ਼ੀਨਰੀ ਦਾ ਵਿਕਣਾ ਹੁਣ ਲੁਕੀ ਛਿਪੀ ਗੱਲ ਨਹੀਂ। ਪੂਰੇ ਇੱਕ ਵਰੇ੍ਹ ਤੋਂ ਇਸ ਖ਼ਿੱਤੇ ’ਚ ਸਟੱਡੀ ਵੀਜ਼ੇ ਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਵੱਲ ਹੋਇਆ ਹੈ। ਕੋਈ ਵੇਲਾ ਸੀ ਜਦੋਂ ਖੇਤੀ ਸੰਕਟ ’ਚ ਕਿਸਾਨ ਨਵੇਂ ਟਰੈਕਟਰ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਸਨ। ਵਕਤ ਨੇ ਮੁੜ ਕਰਵਟ ਲਈ ਹੈ। ਪਿੰਡ ਚੱਕ ਬਖਤੂ ’ਚ ਦੋ ਪਰਿਵਾਰਾਂ ਨੇ ਆਪਣੇ ਮੁੰਡੇ ਤੇ ਕੁੜੀ ਨੂੰ ਸਟੱਡੀ ਵੀਜ਼ੇ ’ਤੇ ਭੇਜਣ ਲਈ ਪੂਰੀ ਖੇਤੀ ਮਸ਼ੀਨਰੀ ਵੇਚ ਦਿੱਤੀ। ਨਾਲੇ ਸਾਰੇ ਪਸ਼ੂ ਵੇਚ ਦਿੱਤੇ। ਗਿੱਲ ਖੁਰਦ ਦੇ ਇੱਕ ਘਰ ਨੂੰ ਇਕੱਲੀ ਜ਼ਮੀਨ ਨਹੀਂ, ਟਰੈਕਟਰ ਵੀ ਵੇਚਣਾ ਪਿਆ। ਮੰਡੀ ਕਲਾਂ ’ਚ ਇੱਕ ਘਰ ਨੇ ਫੀਸਾਂ ਲਈ ਜ਼ਮੀਨ ਵੇਚੀ। ਜਹਾਜ਼ ਦੀ ਟਿਕਟ ਲਈ ਪਸ਼ੂ ਵੇਚਣੇ ਪਏ ਹਨ। ਲਹਿਰਾ ਖਾਨਾ ਤੇ ਭੁੱਚੋ ਖੁਰਦ ਦੇ ਘਰਾਂ ’ਚ ਏਦਾਂ ਹੋਇਆ ਹੈ ਕਿ ਮਾਵਾਂ ਨੇ ਸਾਂਭ ਸਾਂਭ ਕੇ ਰੱਖੇ ਗਹਿਣੇ ਹੁਣ ਗਿਰਵੀ ਕੀਤੇ ਹਨ।
                  ਭੁੱਚੋ ਮੰਡੀ ਦੇ ਨੀਟਾ ਜਵੈਲਰਜ਼ ਦੇ ਮਾਲਕ ਗੁਰਦਵਿੰਦਰ ਜੌੜਾ ਨੇ ਦੱਸਿਆ ਕਿ ਹੁਣ ਇੱਕੋ ਦਿਨ ’ਚ ਚਾਰ ਚਾਰ ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ ਜਿਨ੍ਹਾਂ ਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ’ਤੇ ਲੋਨ ਲੈਣ ਵਾਲੇ ਕੇਸ ਵਧੇ ਹਨ। ਬਰਨਾਲਾ ਦੇ ਮਿੱਤਲ ਜਵੈਲਰਜ਼ ਦੇ ਮਾਲਕ ਅਮਨ ਮਿੱਤਲ ਨੇ ਦੱਸਿਆ ਕਿ ਪਿੰਡਾਂ ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ ਹੈ ਅਤੇ ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਖਾਤਰ ਕੰਨਾਂ ਦਾ ਸੋਨਾ ਵੀ ਵੇਚ ਰਹੇ ਹਨ। ਇਸੇ ਤਰ੍ਹਾਂ ਗਿੱਦੜਬਹਾ ਦੇ ਮੇਨ ਜਵੈਲਰਜ਼ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਹਰ ਮਹੀਨੇ ਅੱਠ ਤੋਂ ਦਸ ਕੇਸ ਏਦਾਂ ਦੇ ਆਉਣ ਲੱਗੇ ਹਨ। ਬਹੁਤੇ ਮਾਪੇ ਇਸ ਨੂੰ ਮਜਬੂਰੀ ਦੱਸਦੇ ਹਨ। ਮੁਕਤਸਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਦੇ ਇੱਕ ਪਰਿਵਾਰ ਨੂੰ ਤਾਂ ਆਪਣੀ ਧੀ ਨੂੰ ਆਈਲੈੱਟਸ ਕਰਾਉਣ ਖਾਤਰ ਹੀ ਗਹਿਣੇ ਗਿਰਵੇ ਰੱਖਣੇ ਪਏ ਹਨ। ਇਵੇਂ ਹੀ ਮਾਲਵਾ ਖ਼ਿੱਤੇ ’ਚ ਤਲਵੰਡੀ ਸਾਬੋ, ਬਰਨਾਲਾ, ਮੋਗਾ, ਜ਼ੀਰਾ, ਮਲੋਟ ਤੇ ਕੋਟਕਪੂਰਾ ’ਚ ਟਰੈਕਟਰ ਮੰਡੀਆਂ ਲੱਗਦੀਆਂ ਹਨ। ਮੋਗਾ ਦੇ ਟਰੈਕਟਰ ਵਪਾਰੀ ਮਸਤਾਨ ਸਿੰਘ ਦੱਸਦੇ ਹਨ ਕਿ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਟਰੈਕਟਰ ਵੀ ਵੇਚ ਰਹੇ ਹਨ।
               ਤਲਵੰਡੀ ਸਾਬੋ ਦੀ ਮੰਡੀ ਦੇ ਟਰੈਕਟਰ ਵਪਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਹਰ ਹਫਤੇ ਛੇ ਸੱਤ ਕਿਸਾਨ ਨਵੇਂ ਟਰੈਕਟਰ ਵੇਚਣ ਆਉਂਦੇ ਹਨ ਜਿਨ੍ਹਾਂ ਨੇ ਆਪਣੇ ਬੱਚੇ ਵਿਦੇਸ਼ ਭੇਜਣੇ ਹੁੰਦੇ ਹਨ। ਸੂਤਰ ਦੱਸਦੇ ਹਨ ਕਿ ਕੋਟਬਖਤੂ ਦੇ ਇੱਕ ਘਰ ਨੇ ਸਟੱਡੀ ਵੀਜ਼ਾ ਲੱਗਣ ਮਗਰੋਂ ਟਰੈਕਟਰ ਵੀ ਵੇਚਿਆ ਹੈ। ਦੇਖਿਆ ਗਿਆ ਕਿ ਮੰਡੀਆਂ ਵਿਚ ਖੇਤੀ ਸੰਦ ਨਹੀਂ, ਮਾਪਿਆਂ ਨੂੰ ਅਰਮਾਨ ਵੇਚਣੇ ਪੈਂਦੇ ਹਨ। ਦੁਆਬੇ ਮਗਰੋਂ ਮਾਲਵੇ ਵਿਚ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਦਾ ਰੁਝਾਨ ਇਕਦਮ ਤੇਜ਼ ਹੋਇਆ ਹੈ। ਰੁਜ਼ਗਾਰ ਦੀ ਕਮੀ ਤੇ ‘ਚਿੱਟੇ’ ਦੇ ਧੰੂਏਂ ਤੋਂ ਬਚਾਓ ਲਈ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਰਾਹ ਪਏ ਹਨ, ਚਾਹੇ ਕਿੰਨੇ ਵੀ ਪਾਪੜ ਕਿਉਂ ਨਾ ਵੇੇਲਣੇ ਪੈਣ। ਫਿਰੋਜ਼ਪੁਰ ਦੇ ਪਿੰਡ ਪੋਨੇ ਕੇ ਉਤਾਰ ਦੇ ਇੱਕ ਘਰ ਦੀ ਵਿਥਿਆ ਨਵੇਂ ਸੰਕਟ ਨੂੰ ਦੱਸਣ ਲਈ ਕਾਫ਼ੀ ਹੈ। ਇਸ ਘਰ ਦੇ ਬਜ਼ੁਰਗ ਮਾਲਕ ਦੀ ਪਹਿਲੋਂ ਮੌਤ ਹੋ ਗਈ। ਪੂਰੀ ਜ਼ਮੀਨ ਵੇਚ ਕੇ ਮੁੰਡਾ ਵਿਦੇਸ਼ ਭੇਜ ਦਿੱਤਾ। ਮਗਰੋਂ ਮਾਂ ਦੀ ਮੌਤ ਹੋ ਗਈ ਤੇ ਮਾਂ ਦੇ ਸਸਕਾਰ ਤੇ ਭੋਗ ’ਤੇ ਵੀ ਪੁੱਤ ਨਾ ਆ ਸਕਿਆ।ਬਰ ਨਾਲਾ ਦੇ ਪਿੰਡ ਢਿਲਵਾਂ ਦੇ ਇੱਕ ਪਰਿਵਾਰ ਨੂੰ ਪੂਰੀ ਜ਼ਮੀਨ ਗਹਿਣੇ ਕਰਨੀ ਪਈ ਹੈ। ਲੜਕੇ ਵਿਦੇਸ਼ ਭੇਜਣ ਲਈ। ਮਜਬੂਰੀ ਦਾ ਸਿਰਾ ਹੈ ਕਿ ਮਾਪੇ ਦੁਧਾਰੂ ਪਸ਼ੂ ਵੀ ਵੇਚਣ ਦੇ ਰਾਹ ਪਏ ਰਹੇ ਹਨ।
                 ਮਾਲਵਾ ਪਸ਼ੂ ਵਪਾਰੀ ਵੈਲਫੇਅਰ ਸੁਸਾਇਟੀ ਮੌੜ ਮੰਡੀ ਦੇ ਪ੍ਰਧਾਨ ਪਰਮਜੀਤ ਸਿੰਘ ਮਾਟਾ ਦੱਸਦੇ ਹਨ ਕਿ ਪਸ਼ੂ ਮੇਲਿਆਂ ਵਿਚ 60 ਫੀਸਦੀ ਪਸ਼ੂ ਮਜਬੂਰੀ ਦੇ ਭੰਨੇ ਵੇਚ ਰਹੇ ਹਨ ਜਿਨ੍ਹਾਂ ਵਿਚ ਸਟੱਡੀ ਵੀਜ਼ੇ ਵਾਲੇ ਵੀ ਸ਼ਾਮਿਲ ਹਨ। ਦੱਸ ਦੇਈਏ ਨਰਮਾ ਪੱਟੀ ਨੇ ਏਦਾਂ ਦੇ ਦਿਨ ਸਾਲ 1995 ਤੋਂ 2000 ਦੇ ਸਮੇਂ ਦੌਰਾਨ ਵੇਖੇ ਹਨ ਜਦੋਂ ਕਿਸਾਨ ਦਰਖ਼ਤ ਵੇਚ ਕੇ ਘਰਾਂ ਦਾ ਗੁਜ਼ਾਰੇ ਤੋਰਨ ਲਈ ਮਜਬੂਰ ਸਨ। ਹੁਣ ਪ੍ਰਵਾਸ ਖਾਤਰ ਪੁਰਾਣਾ ਵਰਤਾਰਾ ਜਨਮਿਆ ਹੈ। ਬਹੁਤੇ ਕਿਸਾਨ ਜ਼ਮੀਨਾਂ ਗਿਰਵੀ ਕਰ ਰਹੇ ਹਨ। ਇਸੇ ਆਸ ਤੇ ਉਮੀਦ ਨਾਲ ਕਿ ਬੱਚੇ ਵਿਦੇਸ਼ ਰੋਟੀ ਪੈਣ ਮਗਰੋਂ ਜ਼ਮੀਨਾਂ ਨੂੰ ਛੁਡਵਾ ਲੈਣਗੇ। ਮੁਕਤਸਰ ਦੇ ਦੋਦਾ ਦੇ ਨੌਜਵਾਨ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਗਿਰਵੀ ਕਰਨ ਮਗਰੋਂ ਬਹੁਤੇ ਕਿਸਾਨ ਉਸੇ ਜ਼ਮੀਨ ਨੂੰ ਠੇਕੇ ਤੇ ਵਾਹੁਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਸਮਾਜ ’ਚ ਪਰਦਾ ਵੀ ਰਹਿ ਜਾਂਦਾ ਹੈ। ਦੇਖਿਆ ਜਾਵੇ ਕਿ ਇਕੱਲਾ ਵਿਦੇਸ਼ ਵਿਚ ਸਰਮਾਇਆ ਹੀ ਨਹੀਂ ਜਾ ਰਿਹਾ, ਪਿੱਛੇ ਘਰ ਵੀ ਖਾਲੀ ਹੋ ਰਹੇ ਹਨ। ਮਾਪਿਆਂ ਕੋਲ ਇਕੱਲੀਆਂ ਉਮੀਦਾਂ ਬਚੀਆਂ ਹਨ।
                 ਪੈਸੇ ਵਾਲੇ ਕੁੜੀ ਦੀ ਤਲਾਸ਼..
ਨਵਾਂ ਰੁਝਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੜਕਿਆਂ ਦੇ ਚੰਗੇ ਬੈਂਡ ਆਏ ਹਨ, ਉਹ ਵੀ ਏਦਾਂ ਦੀ ਕੁੜੀ ਤਲਾਸ਼ਦੇ ਹਨ ਜੋ ਵਿਦੇਸ਼ ਦਾ ਖਰਚਾ ਚੁੱਕ ਸਕੇ। ਰਾਮਪੁਰਾ ਦੇ ਮੈਰਿਜ ਬਿਊਰੋ ਵਾਲੇ ਸੁਖਦੀਪ ਸਿੰਘ ਦੀਪਾ ਨੇ ਦੱਸਿਆ ਕਿ ਇਲਾਕੇ ਦੇ ਤਿੰਨ ਚਾਰ ਮੁੰਡੇ ਅਜਿਹੀਆਂ ਕੁੜੀਆਂ ਦੀ ਭਾਲ ’ਚ ਹਨ। ਚੰਗੇ ਬੈਂਡ ਲੈਣ ਵਾਲੀਆਂ ਲੜਕੀਆਂ ਦੀ ਪਹਿਲਾਂ ਹੀ ਏਦਾਂ ਦੀ ਵੁੱਕਤ ਬਣੀ ਹੋਈ ਹੈ।
   


3 comments:

  1. ਹਮੇਸ਼ਾ ਦੀ ਤਰਾਂ ਤੁਸੀਂ ਮਾਲਵੇ ਦੀ ਸ਼ਾਹ ਰਗ ਨੂੰ ਟੋਹਿਆ ਹੈ ਵੱਡੇ ਬਾਈ

    ReplyDelete
  2. Sbh akke pye ne hor Koi rah vi ni nzr aundi

    ReplyDelete
  3. Charanjit vir,teri har report ik Hauka nal le ke aaundi hai.Enian trasdic prasthitian da dard kiven jhelda hovenga,eh meri samajh ton bahar hai.swaal uthda hai ke ki kdi Amrinder-Badal jundlee di sehat ute koi assar hunda hovega ? Yakeenan,nahi.bravo !

    ReplyDelete