Thursday, September 26, 2019

                        ਸੱਜਰੀ ਹਵਾ 
      ਉੱਡਤਾ ਪੰਜਾਬ ‘ਮੋਹ ਦੀ ਜੱਫੀ’ ’ਚ
                        ਚਰਨਜੀਤ ਭੁੱਲਰ
ਬਠਿੰਡਾ : ‘ਉੱਡਤਾ ਪੰਜਾਬ’ ਦੇ ਵਿਹੜੇ ’ਚ ਹਵਾ ਦਾ ਰੁਖ ਬਦਲਿਆ ਹੈ। ਪੰਜਾਬ ’ਚ ‘ਮੋਹ ਦੀ ਜੱਫੀ’ ਨਾਲ ਨੌਜਵਾਨ ਨਸ਼ੇੜੀ ਆਪਣੇ ਦਾਗ ਧੋ ਰਹੇ ਹਨ ਜਿਨ੍ਹਾਂ ਤੋਂ ਸਭ ਬੇਖ਼ਬਰ ਹਨ। ਇਹ ਖੁਦ ਹੀ ਡਾਕਟਰ ਤੇ ਖੁਦ ਹੀ ਮਰੀਜ਼ ਬਣਦੇ ਹਨ। ਕਿਸੇ ਤੀਸਰੀ ਧਿਰ ਦੇ ਦਾਖਲ ਤੋਂ ਕੋਹਾਂ ਦੂਰ ਹਨ। ਪਹਿਲੋਂ ਖੁਦ ਨਸ਼ਾ ਛੱਡਦੇ ਹਨ, ਫਿਰ ਨਵੇਂ ਨਸ਼ੇੜੀਆਂ ਨੂੰ ਰਾਹ ਦਿਖਾਉਂਦੇ ਹਨ। ਕੋਈ ਫੀਸ ਨਹੀਂ, ਕੋਈ ਦਵਾਈ ਨਹੀਂ, ਸਿਰਫ਼ ‘ਇੱਛਾ ਸ਼ਕਤੀ’ ਜਲਵਾ ਦਿਖਾਉਂਦੀ ਹੈ। ਪੰਜਾਬ ਭਰ ’ਚ ਕਰੀਬ 600 ਨੌਜਵਾਨ ‘ਮੋਹ ਦੀ ਜੱਫੀ’ ਨਾਲ ‘ਚਿੱਟੇ’ ਨੂੰ ਅਲਵਿਦਾ ਆਖ ਚੁੱਕਾ ਹੈ। ਵਿਸ਼ਵ ਭਰ ’ਚ ਬੜੀ ਪੁਰਾਣੀ ਲਹਿਰ ‘ ਅਗਿਆਤ ਨਸ਼ੇੜੀ’ (ਨਾਰਕੋਟਿਕਸ ਅਨੋਨੀਮੱਸ) ਚੱਲ ਰਿਹਾ ਹੈ ਜਿਸ ਦੇ ਪੈਰ ਕੁਝ ਅਰਸੇ ਤੋਂ ਪੰਜਾਬ ’ਚ ਵੀ ਪਏ ਹਨ।ਪੰਜਾਬ ਦੇ 25 ਵੱਡੇ ਛੋਟੇ ਸ਼ਹਿਰਾਂ ’ਚ ਵੱਖ ਵੱਖ ਬੈਨਰ ਹੇਠ ਇਹ ਗਰੁੱਪ ਗੁਪਤ ਰੂਪ ਵਿਚ ਚੱਲ ਰਹੇ ਹਨ। ਹਫਤੇ ਚੋਂ ਦੋ ਦਿਨ ਨਿਸ਼ਚਿਤ ਥਾਂ ’ਤੇ ‘ਸੁਧਰਦੇ ਹੋਏ ਅਮਲੀ’ ਦੀ ਮੀਟਿੰਗ ਹੁੰਦੀ ਹੈ। ਜੋ ਨਸ਼ਾ ਰਹਿਤ ਹੋ ਜਾਂਦੇ ਹਨ, ਉਹ ਆਪੋ ਆਪਣੇ ਸ਼ਹਿਰਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਨ। ਬਠਿੰਡਾ ਸ਼ਹਿਰ ਵਿਚ ਪੰਜ ਵਰ੍ਹਿਆਂ ਤੋਂ ਇਹ ‘ਰੋਡ ਟੂ ਰਿਕਵਰੀ’ ਗਰੁੱਪ ਚੱਲ ਰਿਹਾ ਹੈ। ਹੁਣ ਤੱਕ 60 ਨਸੇੜੀ ਨਸ਼ਾ ਰਹਿਤ ਹੋ ਚੁੱਕੇ ਹਨ। ਹੁਣ ਇਸ ਗਰੁੱਪ ਵੱਲੋਂ ਪੰਜ ਵਰੇ੍ਹ ਪੂਰੇ ਹੋਣ ’ਤੇ ਜਸ਼ਨ ਪ੍ਰੋਗਰਾਮ ਵੀ ਰੱਖੇ ਗਏ ਹਨ। ਰਾਮਾਂ ਮੰਡੀ ਵਿਚ ‘ਪ੍ਰਭੂ ਦੀ ਇੱਛਾ’ ਗਰੁੱਪ ਚੱਲ ਰਿਹਾ ਹੈ।
        ‘ਅਗਿਆਤ ਨਸ਼ੇੜੀ’ ਪ੍ਰੋਗਰਾਮ ਦੀ ਇੱਕੋ ਸ਼ਰਤ ਹੈ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਸੰਸਾ ਤੇ ਪ੍ਰਚਾਰ ਤੋਂ ਦੂਰ ਰਹਿਣਾ ਹੈ। ਇੱਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਉਹ ਪਹਿਲੋਂ ਚੰਡੀਗੜ੍ਹ ਤੋਂ ਖੁਦ ਨਸ਼ੇ ਤੋਂ ਰਹਿਤ ਹੋ ਕੇ ਆਇਆ। ਫਿਰ ਬਠਿੰਡਾ ਵਿਚ ਗਰੁੱਪ ਚਲਾਇਆ। ਪਹਿਲੋਂ ਨਸ਼ਾ ਛੱਡਣ ਵਾਲੇ ਮੈਂਬਰ ਨਵੇਂ ਨਸ਼ੇੜੀਆਂ ਦੀ ਸ਼ਨਾਖ਼ਤ ਕਰਦੇ ਹਨ। ਫਿਰ ਉਨ੍ਹਾਂ ਨਾਲ ਮੀਟਿੰਗਾਂ ਹੁੰਦੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਉਹ ਆਪਣੇ ਤਜਰਬੇ ਸਾਂਝੇ ਕਰਦੇ ਹਨ। ਅਤੀਤ ਤੇ ਭਵਿੱਖ ਦੀ ਗੱਲ ਕਰਦੇ ਹਨ। ਨਵੇਂ ਮੈਂਬਰ ਨੂੰ ਸਭ ਤੋਂ ਵੱਧ ਸਤਿਕਾਰ ਮਿਲਦਾ ਹੈ। ਉਸ ਨਾਲ ਦਿਨ ਰਾਤ ਬਿਤਾਉਂਦੇ ਹਨ। ਮਾਪਿਆਂ ਦੇ ਸੰਪਰਕ ਵਿਚ ਰਹਿੰਦੇ ਹਨ। ਸਭ ਤੋਂ ਪਹਿਲਾਂ ‘ਇੱਛਾ ਸ਼ਕਤੀ’ ਮਜ਼ਬੂਤ ਕਰਦੇ ਹਨ। ‘ਸ਼ੇਅਰਿੰਗ ਤੇ ਕੇਅਰਿੰਗ’ ਦਾ ਫੰਡਾ ਮੁੱਖ ਹੁੰਦਾ ਹੈ। ਬਠਿੰਡਾ ਦੇ ਇੱਕ ਹੋਰ ਸ਼ਹਿਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਹ ਇੱਕ ਦੂਸਰੇ ਨੂੰ ਉਮੀਦ ਦਾ ਰਾਹ ਦਿਖਾਉਂਦੇ ਹਨ। ਜੱਫੀਆਂ ਪਾਉਂਦੇ ਹਨ। ਇਹ ਪੂਰੀ ਤਰ੍ਹਾਂ ਇਮਾਨਦਾਰੀ ਦਾ ਪ੍ਰੋਗਰਾਮ ਹੈ।  ਪ੍ਰੋਗਰਾਮ ਦਾ ਇਹ ਅਸੂਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਿਆਸਤ ਅਤੇ ਹੋਰਨਾਂ ਗਤੀਵਿਧੀਆਂ ਤੋਂ ਦੂਰ ਰਹਿਣਾ ਹੈ।
                ਬਠਿੰਡਾ ਸ਼ਹਿਰ ਵਿਚ ਹੁਣ ਤੱਕ 60 ਨਸ਼ੇੜੀ ਨਸ਼ਾ ਰਹਿਤ ਹੋ ਚੁੱਕੇ ਹਨ। ਹਰ ਮੈਂਬਰ ਨੂੰ ਪ੍ਰੋਗਰਾਮ ਦੀਆਂ ਬਾਰਾਂ ਪਰੰਪਰਾਵਾਂ ਨਿਭਾਉਣੀਆਂ ਪੈਂਦੀਆਂ ਹਨ ਜਿਨ੍ਹਾਂ ਦਾ ਚਾਰਟਰ ਦਿੱਤਾ ਜਾਂਦਾ ਹੈ। ਕੋਈ ਸਖ਼ਤੀ ਦਾ ਪ੍ਰੋਗਰਾਮ ਨਹੀਂ ਅਤੇ ਨਾ ਹੀ ਕਿਸੇ ਨੂੰ ਰੋਕ ਕੇ ਰੱਖਿਆ ਜਾਂਦਾ ਹੈ। ਇਹ ਮੁਨਾਫ਼ਾ ਰਹਿਤ ਭਾਈਚਾਰਾ ਹੈ। ਪੰਜਾਬ ਵਿਚ ਜਦੋਂ ਕਿ ਹੁਣ ‘ਚਿੱਟਾ’ ਲੈਣ ਵਾਲੇ ਖਲਨਾਇਕ ਬਣੇ ਹੋਏ ਹਨ ਤਾਂ ਠੀਕ ਉਸ ਵੇਲੇ ਇਸ ਪ੍ਰੋਗਰਾਮ ਦੇ ਗਰੁੱਪ ’ਚ ਆਉਣ ਵਾਲਾ ਹਰ ਨਸ਼ੇੜੀ ਸਭ ਤੋਂ ਵੱਡਾ ਨਾਇਕ ਬਣਦਾ ਹੈ।ਹਫਤੇ ਵਿਚ ਇਹ ਗਰੁੱਪ ਦੋ ਦਿਨ ਜੁੜਦੇ ਹਨ। ਬਿਨਾਂ ਕਿਸੇ ਸਰਕਾਰੀ ਤੇ ਗ਼ੈਰਸਰਕਾਰੀ ਮਦਦ ਤੋਂ,ਖੁਦ ਨਸ਼ੇੜੀਆਂ ਨੇ ਇਹ ਹੰਭਲਾ ਮਾਰਿਆ ਹੈ। ਗਰੁੱਪ ਮੈਂਬਰ ਦੱਸਦੇ ਹਨ ਕਿ ਸੈਂਕੜੇ ਘਰ ਅੱਜ ਘੁੱਗ ਵਸਦੇ ਹਨ ਜਿਨ੍ਹਾਂ ਨੇ ਇਨ੍ਹਾਂ ਗਰੁੱਪਾਂ ਨੂੰ ਜੁਆਇੰਨ ਕੀਤਾ। ਸੀਨੀਅਰ ਗਰੁੱਪ ਮੈਂਬਰ ਪਿੰਡਾਂ ਸ਼ਹਿਰਾਂ ਚੋਂ ਨਸ਼ੇੜੀਆਂ ਦੀ ਸ਼ਨਾਖ਼ਤ ਕਰਦੇ ਹਨ,ਉਨ੍ਹਾਂ ਨੂੰ ਪ੍ਰੇਰਦੇ ਹਨ। ਆਖਦੇ ਹਨ ਕਿ ਦੁਨੀਆਂ ਵਿਚ ਕਿਤੇ ਵੀ ਅਜਿਹੀ ਕੋਈ ਦਵਾ ਨਹੀਂ ਜੋ ਨਸ਼ਾ ਛੱਡਣ ਲਈ ਬਣੀ ਹੋਈ। ਇੱਕੋ ਦਵਾ ਹੈ ,ਉਹ ਹੈ ਮਜ਼ਬੂਤ ਇੱਛਾ ਸ਼ਕਤੀ।
                  ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸੰਚਾਲਕ ਮੇਜਰ ਸਿੰਘ ਕਮਾਲੂ ਦਾ ਕਹਿਣਾ ਹੈ ਕਿ ਅਸਲ ਵਿਚ ਸਮਾਜ ਜਦੋਂ ਨਸ਼ੇੜੀਆਂ ਨੂੰ ਦੁਰਕਾਰ ਦਿੰਦਾ ਹੈ ਤਾਂ ਉਨ੍ਹਾਂ ਨਸ਼ੇ ਤੋਂ ਬਿਨਾਂ ਕਿਧਰੋਂ ਕੋਈ ਢਾਰਸ ਨਹੀਂ ਮਿਲਦੀ। ਇਕੱਲੀ ਦਵਾਈ ਨਹੀਂ, ਨਸ਼ੇੜੀਆਂ ਨੂੰ ਮੋਹ ਤੇ ਪਿਆਰ ਨਾਲ ਮੋੜਾ ਦੇਣ ਦੀ ਲੋੜ ਹੈ। ਸੂਤਰ ਆਖਦੇ ਹਨ ਕਿ ਪੰਜਾਬ ਪੁਲੀਸ ਜਦੋਂ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਲੈ ਕੇ ਆਉਂਦੀ ਹੈ ਤਾਂ ਉਦੋਂ ਪਿਆਰ ਨਹੀਂ, ਡੰਡੇ ਦਾ ਡਰ ਹੁੰਦਾ ਹੈ ਜਿਸ ਦੇ ਨਤੀਜੇ ਸੁਖਾਵੇਂ ਨਹੀਂ ਨਿਕਲਦੇ।
                    ਜ਼ਿੰਦਗੀ ਨੂੰ ਮੋੜਾ ਦਿੰਦੇ ‘ਹਾਣੀ ਸਮੂਹ’
ਮੌੜ ਮੰਡੀ ’ਚ ਹੁਣ ਨਵਾਂ ਗਰੁੱਪ ਸ਼ੁਰੂ ਹੋਇਆ ਹੈ ਜਦੋਂ ਕਿ ਮਾਨਸਾ ’ਚ ‘ਹੋਪ ਐਂਡ ਸਟਰੈਂਥ’ ਗਰੁੱਪ ਚੱਲ ਰਿਹਾ ਹੈ। ਲੁਧਿਆਣਾ ਵਿਚ ਦੋ ਜਗ੍ਹਾ ’ਤੇ ‘ਓਪਨ ਹਰਟ ਗਰੁੱਪ’ ਚੱਲ ਰਹੇ ਹਨ ਅਤੇ ਮੁਕਤਸਰ ’ਚ ‘ਅਲਾਈਵ ਐਂਡ ਫਰੀ’ ਗਰੁੱਪ ਚੱਲ ਰਿਹਾ ਹੈ। ਅੰਮ੍ਰਿਤਸਰ ’ਚ ‘ਵਿਸ਼ਵਾਸ ਗਰੁੱਪ’ ਅਤੇ ਮਾਹਿਲਪੁਰ ’ਚ ‘ਗੁੱਡ ਕੰਪਨੀ ਗਰੁੱਪ’ ਚੱਲ ਰਿਹਾ ਹੈ। ਇਵੇਂ ਹੀ ਕੋਟਕਪੂਰਾ ’ਚ ‘ਫਰੀ ਟੂ ਫਲਾਈ’ ਗਰੁੱਪ ਚੱਲ ਰਿਹਾ ਹੈ। ਮਲੋਟ, ਮੋਗਾ, ਫਤਹਿਗੜ ਪੰਜਤੂਰ,ਬਟਾਲਾ ਤੇ ਸਰਹਿੰਦ ਵਿਚ ਵੀ ਇਹ ਗਰੁੱਪ ਚੱਲ ਰਹੇ ਹਨ।








1 comment:

  1. ਬੜਾ ਚੰਗਾ ਲੱਗਿਆ ਤੁਹਾਡੇ ਅੰਕੜੇ ਕਿਸੇ ਚੰਗੀ ਸਵੇਰ ਦਾ ਸੰਕੇਤ ਦਿੰਦੇ ਹਨ। ਇਸ ਤਰਾਂ ਅਸੀਂ ਚਿੱਟੇ ਦੇ ਅੰਧੇਰੇ ਤੋਂ ਬਾਹਰ ਆ ਸਕਦੇ ਹਾਂ। ਇੱਕ ਉਮੀਦ ਜਾਗੀ ਹੈ।

    ReplyDelete