Sunday, October 6, 2019

                        ਵਿਚਲੀ ਗੱਲ
  ਬਾਪੂ ਸਾਡਾ ਰਾਜਾ, ਸੋਨੇ ਦਾ ਦਰਵਾਜ਼ਾ
                        ਚਰਨਜੀਤ ਭੁੱਲਰ
ਬਠਿੰਡਾ :  ਬਾਪੂ ਨੇ ਚਸ਼ਮਾ ਠੀਕ ਕੀਤਾ। ਘੁੱਟ ਪਾਣੀ ਦਾ ਪੀਤਾ, ਨਾਲੇ ਹੌਸਲਾ ਜੇਹਾ ਕੀਤਾ। ਫਿਰ ਯਮਰਾਜ ਬੋਲਿਆ ਭਰਿਆ ਪੀਤਾ। ਐ ਬਾਪੂ, ਤੈਂ ਨਹੀਂ ਜਾਣਾ ਹੁਣ ਮਾਤ ਲੋਕ ’ਚ। ਨਾਲੇ ਬਾਂਦਰਾਂ ਦਾ ਫਿਕਰ ਛੱਡ। ਕਿਤੇ ਬਣੀ ਨਬੇੜ ਰਹੇ ਹੋਣਗੇ। ਉਦੋਂ ਠਰ੍ਹੰਮੇ ਤੋਂ ਕੰਮ ਲੈਂਦਾ। ਅਖੇ, ਪਿਆਰੇ ਬਾਂਦਰੋ, ਤੁਸੀਂ ਜਾਓ ਤੇ ਲੁੱਟੋ ਬੁੱਲੇ। ਉਡੀਕ ਛੱਡੋ ਹੁਣ ਬਾਂਦਰਾਂ ਦੀ। ਤਾਹੀਂ ਮੁੜਨਗੇ ਜੇ ਅਗਲੇ ਛੱਡਣਗੇ। ਚੁੱਪ ਕਰਕੇ ਬੈਠੋ, ਰੇਡੀਓ ਸੁਣੋ। ਏਹ ਟਰੰਪ ਬੋਲ ਰਿਹੈ, ‘ਮੋਦੀ ਦੇਸ਼ ਦੇ ਬਾਪੂ ਨੇ’। ਬਜ਼ੁਰਗੋ, ਦੇਸ਼ ਨੂੰ ਨਵੇਂ ਬਾਪੂ ਮਿਲ ਗਏ ਨੇ। ਰਾਮ ਰਾਜ ਦਾ ਤਾਂ ਪਤਾ ਨਹੀਂ। ਬਾਪੂ ਦੇ ਤਿੰਨੋਂ ਬਾਂਦਰ ਗੁਆਚ ਗਏ ਨੇ। ਜਿਵੇਂ ਮੁਲਕ ਦਾ ਅਮਨ ਚੈਨ ਤੇ ਪੰਜਾਬ ਦਾ ਨਵਜੋਤ ਸਿੱਧੂ। ਗੁਆਚਿਆ ਤਾਂ ਅਮਰਿੰਦਰ ਵੀ ਹੈ। ਜ਼ਿਮਨੀ ਚੋਣਾਂ ਕਰਕੇ ਘਰੋਂ ਨਿਕਲੇ ਨੇ। ਤੁਸੀਂ ਭੁੱਲੇ ਤਾਂ ਨਹੀਂ ਤਿੰਨੇ ਬਾਂਦਰਾਂ ਨੂੰ। ਜੋ ਬਾਪੂ ਦਾ ਏਹ ਸੰਦੇਸ਼ ਦਿੰਦੇ ਸਨ; ‘ਬੁਰਾ ਮਤ ਦੇਖੋ, ਬੁਰਾ ਮਤ ਸੁਣੋ, ਬੁਰਾ ਮਤ ਬੋਲੋ।’ ਹੁਣ ਮਹਾਨ ਸਮਾਰੋਹਾਂ ’ਤੇ ਬਾਪੂ ਨੇ ਇੱਥੇ ਘੱਲੇ ਸਨ। ਅੱਗਿਓਂ ‘ਨਵਾਂ ਬਾਪੂ’ ਟੱਕਰ ਗਿਆ। ‘ਰਾਮ ਰਾਜ’ ਦੇਖ ਤਿੰਨੋਂ ਬਾਂਦਰ ਦਹਿਲ ਗਏ। ਕਿੱਧਰ ਗੁਆਚ ਗਏ, ਕੋਈ ਇਲਮ ਨਹੀਂ। ਬਾਪੂ, ਤੂੰ ਫਿਕਰ ਛੱਡ। ਮੁਲਕ ਦੇ ਨਵੇਂ ਬਾਪੂ ਦੇ ਰੰਗ ਦੇਖ। ਜੋ ਕਿਰਤ ਦੇ ਬਾਪੂ ਨੇ, ਉਨ੍ਹਾਂ ਨੂੰ ਹੁਣ ਕੌਣ ਪੁੱਛਦੈ।
                 ਸਵੱਛਤਾ ਸਮਾਰੋਹਾਂ ਦੇ ਜਸ਼ਨ ਹੁਣ ਖ਼ਤਮ। ਨਰਾਤਿਆਂ ਦੇ ਸਿਖਰ ’ਤੇ। ‘ਉੱਡਦੇ ਪੰਛੀ’ ਨੇ ਦੱਸਿਆ, ਤਿੰਨੋਂ ਬਾਂਦਰ ਗੁਜਰਾਤ ਪੁੱਜੇ ਸਨ। ਪ੍ਰਸਿੱਧ ਨਾਚ ‘ਗਰਬਾ’ ਵੇਖਣ। ਅੱਗੇ ਬਜਰੰਗ ਦਲ ਹੋਕਾ ਦੇ ਰਿਹਾ ਸੀ। ਕੋਈ ਗੈਰ ਹਿੰਦੂ ‘ਗਰਬਾ’ ਸਮਾਰੋਹਾਂ ’ਚ ਆਇਆ, ਆਪਣੀ ਭਲੀ ਵਿਚਾਰੇ। ‘ਆਧਾਰ ਕਾਰਡ’ ਪਹਿਲਾਂ ਵੇਖਾਂਗੇ। ਤਿੰਨੋਂ ਪੱਤਰੇ ਵਾਚ ਗਏ। ਆਧਾਰ ਵੀ ਨਹੀਂ ਸੀ, ਨਾਲੇ ਜਾਨ ਤਾਂ ਬਾਂਦਰਾਂ ਨੂੰ ਵੀ ਪਿਆਰੀ ਹੈ। ਦਮੋਂ ਦਮੀਂ ਹੋਏ ਮੱਧ ਪ੍ਰਦੇਸ਼ ਦੀ ਜੂਹ ’ਚ ਜਾ ਵੜੇ। ਭਾਜਪਾਈ ਐੱਮਪੀ ਜਨਾਰਦਨ ਮਿਸ਼ਰਾ ਦੀ ਸਮਰੱਥਾ ਦੇਖੋ। ‘ਜਿਉਂਦੇ ਨੂੰ ਧਰਤੀ ’ਚ ਗੱਡ ਦਿੰਦਾ ਹਾਂ।’ ਆਈਏਐੱਸ ਅਫ਼ਸਰ ਕੋਲ ਖੜ੍ਹਾ ਥਰ-ਥਰ ਕੰਬੇ। ਤਿੰਨੋਂ ਬਹਿ-ਬਹਿ ਕੇ ਨਿਕਲ ਗਏ। ਅੱਗੇ ਸਾਧਵੀ ਪ੍ਰਗਿਆ ਤਪੀ ਬੈਠੀ ਸੀ। ਨਰਾਤੇ ਨੇ ਭਾਈ, ‘ਸਪੀਕਰ ਵੀ ਵੱਜੂ ਤੇ ਡੀਜੇ ਵੀ।’ ਕੀ ਕਾਨੂੰਨ ਸਿਰਫ਼ ਹਿੰਦੂਆਂ ਲਈ ਨੇ..? ਪੁਲੀਸ ਦੀ ਹਿੰਮਤ ਐ, ਤਾਂ ਰੋਕੇ। ਭਲੀਏ ਲੋਕੇ, ਤੈਨੂੰ ‘ਨਵਾਂ ਬਾਪੂ’ ਨਹੀਂ ਰੋਕ ਸਕਿਆ। ਮੱਧ ਪ੍ਰਦੇਸ਼ ਪੁਲੀਸ ਦੀ ਕੀ ਮਜਾਲ। ਰੀਵਾ (ਮੱਧ ਪ੍ਰਦੇਸ਼) ਦੇ ‘ਬਾਪੂ ਭਵਨ’ ’ਚੋਂ ਹੁਣੇ ਅਸਥੀਆਂ ਚੋਰੀ ਹੋਈਆਂ ਨੇ। ਬਾਪੂ ਦੀ ਫੋਟੋ ਦਾ ਵੀ ਅਪਮਾਨ ਕੀਤੈ। ਚੁੱਪ ਹੁਣ ਪੁਲੀਸ ਨੇ ਨਹੀਂ ਬਹਿਣਾ। ਵਾਹ, ਯੋਗੀ ਦੀ ਪੁਲੀਸ ਦਾ ਵੀ ਕਿਆ ਕਹਿਣਾ। ਉਥੇ 50 ਹਸਤੀਆਂ ’ਤੇ ਪਰਚਾ ਦਰਜ ਕਰ ਦਿੱਤੈ ਦੇਸ਼ ਧਰੋਹ ਦਾ। ਨਵੇਂ ਬਾਪੂ ਨਾਲ ‘ਹਜੂਮੀ ਹਿੰਸਾ’ ’ਤੇ ਜ਼ੁਬਾਨ ਲੜਾਉਂਦੇ ਸੀ।
              ਡਾ. ਕਫੀਲ ਖਾਨ ਦੀ ਬੋਲਤੀ ਮੁੜ ਬੰਦ ਕੀਤੀ ਹੈ। ਕਫੀਲ ਵੀ ਨਵੇਂ ਬਾਪੂ ਨਾਲ ਖਹਿੰਦਾ ਸੀ। ਬਾਪੂ ਦੇ ਬਾਂਦਰ ਕੀ ਜਾਣਨ, ਕਿਰਤ ਦੇ ਬਾਪੂ ਖੇਤ ’ਚ, ਬੱਚੀਆਂ ਰੇਪ ’ਚ, ਕਿਵੇਂ ਫਸੀਆਂ ਨੇ। ਪੀੜਤਾ ਜੇਲ੍ਹ ’ਚ ਹੈ, ਮੁਲਜ਼ਮ ਚਿਨਮਯਾਨੰਦ ਹਸਪਤਾਲ ’ਚ। ਅੱਖਾਂ ਦੇ ਡਾਕਟਰ ਨੇ ਗੱਲ ਮੂੰਹ ’ਤੇ ਕਹੀ, ‘ਅਪਰੇਸ਼ਨ ਨਾਲ ਝਾਕਣੀ ’ਚ ਕੋਈ ਫਰਕ ਨਹੀਂ ਪੈਣਾ’ ਪਰ ਓਨਾਓਂ ਰੇਪ ਪੀੜਤਾ ਨੂੰ ਬਹੁਤ ਪਿਐ, ਦਿੱਲੀ ’ਚ ਕੋਈ ਕਮਰਾ ਦੇਣ ਨੂੰ ਤਿਆਰ ਨਹੀਂ। ਕੇਰਲ ’ਚ ਬੱਚੀ ਦੀ ਉਮਰ 12 ਸਾਲ, ਜਬਰ ਜਨਾਹ ਵਾਲੇ ਪੰਜਾਹ। ਉੜੀਸਾ ’ਚ ਹੁਣੇ ਛੇ ਬਜ਼ੁਰਗਾਂ ਨਾਲ ਜੱਗੋਂ ਤੇਰ੍ਹਵੀਂ ਹੋਈ। ਮਾਨਵ ਖੱਲ ਖਾਣ ਲਈ ਮਜਬੂਰ ਕੀਤਾ। ਬਾਕੀ ਕਸ਼ਮੀਰ ਨੂੰ ਪੁੱਛ ਕੇ ਦੇਖ ਲਓ। ਬਾਪੂ ਦੇ ਬਾਂਦਰ ਟਪੂਸੀ ’ਤੇ ਟਪੂਸੀ ਮਾਰ ਰਹੇ ਨੇ। ਕੋਈ ਵਾਹ ਨਹੀਂ ਚੱਲਦੀ। ਤਿੰਨੋਂ ਡਰੇ ਨੇ, ਅਖੇ ਉਪਰ ਬਾਪੂ ਨੂੰ ਕੀ ਮੂੰਹ ਵਿਖਾਵਾਂਗੇ। ਮੂੰਹ ਦਿਖਾਉਣ ਜੋਗਾ ਤਾਂ ਮੀਡੀਆ ਵੀ ਨਹੀਂ। ਬਹੁਤੇ ਨਵੇਂ ਬਾਪੂ ਦੇ ਉਪਾਸ਼ਕ ਬਣ ਗਏ, ਜੋ ਬਚ ਗਏ ਨੇ, ਉਹ ਸ਼ਿਕਾਰ ਬਣ ਗਏ। ਹੁਣੇ ਦਿੱਲੀ ਵਿਚ ‘ਭਾਰਤ ਦੇ ਖਾਮੋਸ਼ ਪੱਤਰਕਾਰ’ ਕਿਤਾਬ ਰਿਲੀਜ਼ ਹੋਈ ਹੈ। ਪੰਨੇ ਬੋਲਦੇ ਨੇ ਕਿ ਅਠਾਰਾਂ ਵਰ੍ਹਿਆਂ ’ਚ 65 ਪੱਤਰਕਾਰਾਂ ਦੀ ਹੱਤਿਆ ਹੋਈ। ਐੱਨਡੀਏ (ਵਾਜਪਾਈ ਤੇ ਮੋਦੀ ਕਾਰਜਕਾਲ) ਦੇ ਨੌਂ ਸਾਲਾਂ ’ਚ 37 ਮੀਡੀਆ ਕਰਮੀ ਮਾਰੇ ਗਏ। ਯੂਪੀਏ ਦੇ ਦਸ ਵਰ੍ਹਿਆਂ ’ਚ 28 ਪੱਤਰਕਾਰ ਮਾਰੇ ਗਏ।
               ਤਿੰਨੋਂ ਬਾਂਦਰ ਰਵੀਸ਼ ਕੁਮਾਰ ਦੀ ਸੁੱਖ ਮੰਗ ਰਹੇ ਹਨ, ਜਿਵੇਂ ਪੂਰਾ ਦੇਸ਼ ਡੋਲ ਰਹੇ ਅਰਥਚਾਰੇ ਦੀ। ਉਮਾ ਭਾਰਤੀ ਕੀ ਬੋਲੀ, ਸੁਣੋ ‘ਅਰਥ ਵਿਵਸਥਾ ਸਾਹ ਦੀ ਤਰ੍ਹਾਂ ਹੈ। ਉਪਰ ਹੇਠਾਂ ਹੁੰਦੀ ਰਹਿੰਦੀ ਹੈ, ਸਰੀਰ ਤਾਂ ਚੱਲ ਰਿਹੈ।’ਪੰਜਾਬ ਕਿਵੇਂ ਚੱਲ ਰਿਹੈ। ਕੋਈ ਆਖਦੈ, ਰੱਬ ਆਸਰੇ। ਬਾਪੂ ਨੇ ਸੋਟੀ ਚੁੱਕੀ ਤੇ ਫਿਰ ਉੱਠਿਐ। ਯਮਰਾਜ ਨੇ ਰੋਕਿਐ। ਤੇਰੇ ਵੱਸ ਦੀ ਗੱਲ ਨਹੀਂ। ਕਿਤੇ ਭੀੜ ਦੇ ਅੜਿੱਕੇ ਆ ਗਿਆ..! ਤਿੰਨੋਂ ਬਾਂਦਰ ਪਹਿਲਾਂ ਗੁਆ ਬੈਠੈ, ਚਸ਼ਮਾ ਵੀ ਨਹੀਂ ਲੱਭਣਾ। ਪਿਆਰੇ ਬਾਪੂ, ਅੌਹ ਸਾਹਮਣੇ ਥੜ੍ਹੇ ’ਤੇ ਬੈਠ ਜਾ, ਉਥੋਂ ਪੂਰਾ ਪੰਜਾਬ ਦਿਖਦੈ। ਧੰਨ ਨੇ ਕਿਰਤ ਦੇ ਬਾਪੂ। ਜਰਦੇ ਵੀ ਨੇ ਤੇ ਮਰਦੇ ਵੀ। ਪਿੰਡ ਬੂਲਾ ਰਾਏ (ਫਾਜ਼ਿਲਕਾ) ਦਾ ਬਾਪੂ ਸੰਤਾ ਸਿੰਘ। ਕਦੇ ਪਿਓ ਦਾਦੇ ਨੇ ਥਾਣੇ ਦਾ ਮੂੰਹ ਨਹੀਂ ਵੇਖਿਆ ਸੀ। ਕਰਜ਼ੇ ਨੇ ਜੇਲ੍ਹ ਵਿਖਾ ਦਿੱਤੀ। ਜੇਲ੍ਹ ਦੀ ਰੋਟੀ ਪਾਣੀ ਦਾ ਖਰਚਾ ਵੀ ਸੰਤਾ ਸਿੰਘ ਦੇ ਬੈਂਕ ਖਾਤੇ ’ਚ ਜੋੜ ਦਿੱਤਾ। ਖੁਦ ਨਜ਼ਰਾਂ ’ਚ ਡਿੱਗਿਆ। ਹੁਣ ਖੇਤਾਂ ’ਚ ਝੱਖੜ ਨਾਲ ਝੋਨਾ। ਏਹ ਅਨੋਖਾ ਦਸਤੂਰ ਹੈ। ਕਾਤਲ ਜੇਲ੍ਹ ਜਾਣ, ਰੋਟੀ ਦਾ ਖਰਚਾ ਸਰਕਾਰੀ। ਕਿਸਾਨ ਕਰਜ਼ੇ ’ਚ ਜੇਲ੍ਹ ਜਾਵੇ, ਮੁੱਲ ਦੀ ਰੋਟੀ ਮਿਲਦੀ ਹੈ। ਕਰਜ਼ੇ ਦਾ ਕੇਸ ਅਦਾਲਤ ਚਲਾ ਜਾਵੇ। ਕਿਸਾਨ ਆਪਣੇ ਵਕੀਲ ਦਾ ਹੀ ਨਹੀਂ, ਬੈਂਕ ਦੇ ਵਕੀਲ ਦਾ ਖਰਚਾ ਵੀ ਚੁੱਕਦੈ। ਖੇਤਾਂ ਦੇ ਬਾਪੂ ਦਾ ਸਿਰ ਐਵੇਂ ਗੰਜਾ ਨਹੀਂ ਹੋਇਆ।
                 ਉਸ ਬਾਪੂ ਦਾ ਵੀ ਧੰਨ ਜਿਗਰਾ, ਜਿਸ ਦੀ ਧੀ ਹਿੱਸੇ ਵਿਧਵਾ ਹੋਣਾ ਆਇਐ। ਗਿੱਦੜ (ਬਠਿੰਡਾ) ਦੀ ਵੀਰਾਂ ਕੌਰ, ਕਰਜ਼ ’ਚ ਪਤੀ ਖੁਦਕੁਸ਼ੀ ਕਰ ਗਿਆ। ਦਿਉਰ ਦੇ ਲੜ ਲਾਈ, ਉਹ ਵੀ ਖ਼ੁਦਕੁਸ਼ੀ ਕਰ ਗਿਆ। ਅਪਾਹਜ ਪੁੱਤ ਸਿਕੰਦਰ ਬੋਲਿਆ, ਮਾਂ ਹੁਣ ਝੱਲ ਨਹੀਂ ਹੋਣਾ। ਮਾਂ ਵੀਰਾਂ ਨੇ ਹੌਸਲਾ ਦਿੱਤਾ, ਨਾ ਪੁੱਤ ਨਾ, ਸਿਕੰਦਰ ਕਦੇ ਹਾਰਦੇ ਨਹੀਂ। ਪਿੰਡ ਸੈਦੇਵਾਲਾ (ਮਾਨਸਾ) ਦਾ ਬਾਪੂ ਦਾਰਾ ਸਿੰਘ। ਉਮਰ ਪੂਰੇ 86 ਸਾਲ। ਨਰੇਗਾ ਦੀ ਟੋਕਰੀ ਚੁੱਕੀ ਫਿਰਦੈ। ਇਵੇਂ ਦੇ ਪੰਜਾਬ ਦੇ 26 ਹਜ਼ਾਰ ਬਾਪੂ ਹਨ। ਅੱਸੀ ਸਾਲ ਤੋਂ ਵੱਡੇ। ਅਰਾਮ ਦੀ ਉਮਰੇ ਬੇਅਰਾਮ ਹਨ। ਮਚਾਕੀ ਕਲਾਂ (ਫਰੀਦਕੋਟ) ਦਾ 83 ਸਾਲ ਦਾ ਬਾਪੂ ਗੁਰਦੇਵ ਸਿੰਘ। ਉਮਰ ਦੇ ਆਖ਼ਰੀ ਮੋੜ ’ਤੇ ਕੈਂਸਰ ਨੇ ਢਾਹ ਲਿਆ। ਮੌੜ ਚੜ੍ਹਤ ਸਿੰਘ (ਬਠਿੰਡਾ) ਦਾ ਬਾਪੂ ਬਿਹਾਰਾ ਸਿੰਘ ਵੀ ਜਹਾਨੋਂ ਚਲਾ ਗਿਆ। ਪਹਿਲੋਂ ਪੈਲੀ ਦੇ ਰੋਸੇ ’ਚ ਦੋ ਪੁੱਤ ਚਲੇ, ਇੱਕ ਪੋਤਾ। ਮਾਲਵੇ ਦੇ ਕਿੰਨੇ ਬਾਪੂ ਭਾਖੜਾ ’ਤੇ ਜਾ ਬੈਠਦੇ ਨੇ। ਗੁਆਚੇ ਲਾਲ ਕੋਈ ਤਾਂ ਲੱਭੇ। ‘ਬੇਦਖਲੀ ਨੋਟਿਸ’ ਵੀ ਕੋਈ ਮਜਬੂਰ ਬਾਪ ਹੀ ਦੇ ਸਕਦੈ।
                ਮਾਂ-ਭੈਣ ਦੀ ਲੋਰੀ ਦਾ ਤਾਂ ਚੇਤਾ ਹੋਊ। ‘ਪਿਓ ਤੇਰਾ ਰਾਜਾ, ਸੋਨੇ ਦਾ ਦਰਵਾਜ਼ਾ, ਚਾਂਦੀ ਦੀਆਂ ਪੌੜੀਆਂ, ਸੱਤੇ ਭੈਣਾਂ ਗੋਰੀਆਂ।’ ਵੱਡੇ ਹੋਏ ਤਾਂ ਸੁਰਜੀਤ ਪਾਤਰ ਦੀ ਨਜ਼ਮ ਪ੍ਰਗਟ ਹੋ ਗਈ ‘ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ।’ ਬਾਪੂ ਨੂੰ ਆਪਣੇ ਬਾਂਦਰਾਂ ਦੀ ਚਿੰਤਾ ਹੈ। ‘ਪਰਲੋਕ ਮੁੜ ਆਉਣ, ਮੁੜ ਮਾਤ ਲੋਕ ਨਹੀਂ ਭੇਜਦਾ।’ ਸੂਹ ਮਿਲੀ ਹੈ ਕਿ ਤਿੰਨੋਂ ਬਾਂਦਰ ਕਸ਼ਮੀਰ ਚਲੇ ਗਏ ਨੇ। ਅੱਲਾ ਖੈਰ ਕਰੇ। ਛੱਜੂ ਰਾਮ ਬੁੜ ਬੁੜ ਕਰੀ ਜਾਂਦੈ, ਅਖੇ ਮੇਰੀ ਕੋਈ ਸੁਣਦੈ, ‘ਬਾਂਦਰ ਹੱਥ ਬੰਦੂਕ’ ਦਿਓਗੇ, ਫਿਰ ਇਵੇਂ ਹੋਊ। ਖੂੰਡਾ ਚੁੱਕੇ ਬਿਨਾਂ ਗੱਲ ਨਹੀਂ ਬਣਨੀ, ਦੇਸ਼ ਦੇ ਬਾਪੂ ਏਨੇ ਗਏ ਗੁਜ਼ਰੇ ਤਾਂ ਨਹੀਂ। ਯਮਰਾਜ ਦੇ ਰੇਡੀਓ ’ਤੇ ਗੀਤ ਵੱਜ ਰਿਹੈ, ‘ਕੱਢ ਦੇਊ ਤੇਰੀਆਂ ਰੜਕਾਂ, ਬਾਪੂ ਦਾ ਖੂੰਡਾ।’


4 comments:

  1. Modi ਦੀ Public relations (pr) ਟੀਮ ਨੀ ਉਸ ਦੇ ਨਾਮ ਤੇ New York Times ਵਿਚ OP -ED ਲਿਖਿਆ 2 ਤਾਰੀਕ ਨੂ ਸ਼੍ਪਿਆ. ਅਖੇ ਇੰਡੀਆ ਤੇ ਸਾਰੀ ਦੁਨੀਆ ਨੂ ਗਾਂਧੀ ਦੀ ਲੋੜ੍ਹ ਹੈ ਅਜ - ਹਰੇਕ ਬੰਦੇ ਨੂ ਰੋਟੀ ਕਪੜਾ ਮਕਾਨ ਚਾਹੀਦਾ ਹੈ - ਬਾਹਰ ਤਾ ਮੋਦੀ ਨੂ ਗਾਂਧੀ ਦੇ ਨਾਮ ਨਾਲ ਜੋੜ ਕੇ ਗਾਂਧੀ ਦਾ ਨਾਮ ਵਰਤ ਲਿਆ - ਘਰੇ ਗੋਡਸੇ ਨੂ ਹੀ ਗੁਰੂ ਮਨ ਲਿਆ - ਘਰੇ ਮੋਦੀ ਸਰਵਾਕਰ ਦੀ ਫੋਟੋ ਪਾਰਲੀਆਮੇਟ ਵਿਚ ਪੂਜਦਾ ਹੈ
    Freedom fighters, historians oppose move
    https://www.thehindu.com/todays-paper/tp-national/freedom-fighters-historians-oppose-move/article27747903.ece

    ReplyDelete
  2. ਇਸ article ਵਿਚ ਮੋਦੀ ਸਰਵਾਕਰ ਨੂ ਪੂਜਦਾ ਹੈ ਪਰ੍ਲਿਆਮੇਨਟ ਵਿਚ - ਤੇ ਉਸ ਨੇ ਗਾਂਧੀ ਨਾਲ ਕੀ ਕੀਤਾ ਸੀ
    How Savarkar Escaped Conviction For Gandhi’s Assassination

    Vinayak Damodar Savarkar turned his back on his lieutenants in order to escape charges in Gandhi's murder. But a commission established his guilt posthumously.
    https://thewire.in/history/savarkar-gandhi-assassination

    ReplyDelete
  3. ਪੰਜਾਬ ਵਿਚ ਜੋ corruption ਹੈ NRIS ਦੀਆਂ properties ਹੜਪ ਕਰਨ ਦੀਆਂ ਸਕੀਮਾ - ਓਹ ਤਾ ਪਗਾ ਵਾਲੇ ਤੇ ਬਿਨਾ ਪਗਾ ਵਾਲੇ ਦੋਨੇ ਹੀ ਲੁਟੀ ਜਾਂਦੇ ਹਨ - ਵਕੀਲ ਫੀਸਾ ਖਾਈ ਜਾਂਦੇ ਹਨ ਸਾਲਾ ਬ੍ਧੀ - ਅਖੇ ਫਲਾਨਾ ਤਾ ਹਾਲੇ ਆਵਦੇ office ਵਿਚ ਬੈਠਾ ਨਹੀ - ਅਜ ਬਾਦਲ ਨੇ ਫਲਾਣੇ ਪਿੰਡ ਆਓਣਾ ਸੀ - ਹੁਣ ਤਾ ਨਹੀ ਬਾਦਲ ਆਓਦਾ - ਸਾਰਾ ਢਾਂਚਾ ਹੀ ਸਾਓਕ ਲਗੀ ਵਾਲਾ ਹੈ ਉੱਪਰੋ ਥਲੇ ਤਕ - ਉਪਰ ਵਾਲੇ ਮਲਾਈ ਖਾਈ ਜਾਂਦੇ ਹਨ ਥਲੇ ਵਾਲੇ ਲਸੀ - ਜਿਨਾ ਨੇ ਪਗਾ ਬਨੀਆ ਹਨ ਓਹਨਾ ਨੂ ਪੁਛਣ ਵਾਲਾ ਹੋਵੇ - ਹੁਣ ਤਾ ਇੰਦਿਰਾ ਤੇ ਮੋਦੀ ਤਾ ਆ ਕੇ ਤੁਹਾਡਾ ਬੇੜਾ ਬਠਾਓਦੇ - ਹੁਣ ਤਾ ਤੁਸੀਂ ਆਪ ਹੀ ਆਵਦੀ ਕੋਮ ਦੀਆਂ ਜੜਾ ਵਿਚ ਤੇਲ ਦੇ ਰਹੇ ਹੋ!!! ਸ਼ਰਮ ਕਰੋ -

    ReplyDelete