Sunday, February 16, 2020

                         ਵਿਚਲੀ ਗੱਲ
              ਸਾਢੂ ਨੂੰ ਮੰਦਾ ਨਾ ਬੋਲੀਂ..!
                         ਚਰਨਜੀਤ ਭੁੱਲਰ
ਬਠਿੰਡਾ: ਟੇਸ਼ਨ ’ਤੇ ਟਕਸਾਲੀ ਖੜ੍ਹੇ ਰਹਿ ਗਏ। ਗੱਡੀ ਬੋਨੀ ਅਜਨਾਲਾ ਚੜ੍ਹ ਗਿਆ। ਜਹਾਂ ਦਾਣੇ, ਤਹਾਂ ਖਾਣੇ। ਤਿੱਤਰ ਸੱਤ ਬਿਗਾਨੇ ਵੀ ਹੋਣ, ਤਲੀਆਂ ’ਤੇ ਚੋਗ ਚੁਗਾਉਣਾ ਪੈਂਦੈ। ਹਰੀਕੇ ਜਲਗਾਹ, ਅਜਨਾਲੇ ਤੋਂ ਬਹੁਤੀ ਦੂਰ ਨਹੀਂ। ਪਰਵਾਸੀ ਪੰਛੀ ਆਉਂਦੇ ਨੇ, ਤਿੱਤਰਾਂ ਦਾ ਪਤਾ ਨਹੀਂ। ਮੌਸਮ ਬਦਲਿਆ, ਟਿਕਾਣਾ ਬਦਲਿਆ। ਸਾਇਬੇਰੀਆ ਤੋਂ ਕੂੰਜਾਂ ਆਉਂਦੀਆਂ ਨੇ, ਘਰਾਂ ਨੂੰ ਮੁੜ ਜਾਣਾ ਦਸਤੂਰ ਪੁਰਾਣਾ ਹੈ। ਪੰਛੀਆਂ ਦੀ ਕਾਹਦੀ ਪੱਕੀ ਠਾਹਰ। ਇਕ ਅੰਦਾਜ਼ਾ ਹੈ, ਜਦੋਂ ਬੋਨੀ ਨਿੱਕਾ ਹੁੰਦਾ ਸੀ, ਹਰੀਕੇ ਜਲਗਾਹ ’ਤੇ ਜ਼ਰੂਰ ਗਿਆ ਹੋਊ, ਸਾਇਬੇਰੀਅਨ ਕੂੰਜਾਂ ਵੇਖਣ। ’ਡਾਰ ਨਾਲੋਂ ਕੂੰਜ ਵਿੱਛੜੀ’। ਢੀਂਡਸਾ ਕਹਿੰਦਾ, ਕੋਈ ਫ਼ਰਕ ਨਹੀਂ ਪੈਂਦਾ। ਸੇਖਵਾਂ ਬੋਲਿਆ, ‘‘ਪੈਂਦਾ ਕਿਉਂ ਨਹੀਂ, ਇਕੱਠਿਆਂ ਸਹੁੰ ਖਾਧੀ ਸੀ। ਲੇਖਾ ਤਾਂ ਦਰਗਾਹਾਂ ’ਚ ਹੋਊ।’’ ਅਗਲੇ ਜਨਮਾਂ ਨੂੰ ਛੱਡੋ ਜੀ, ਲੇਖਾ ਮਾਂਵਾਂ ਧੀਆਂ ਦਾ। ਮਾਂ ਪਾਰਟੀ ’ਚ ਬੋਨੀ ਗਿਐ। ਢਿੱਡ ਪੀੜ ਲੋਕਾਂ ਦੇ ਹੋਈ ਜਾਂਦੀ ਐ। ਅਜਨਾਲਾ ਪਿਓ ਪੁੱਤ, ਟਕਸਾਲੀ ਤੋਂ ਅਕਾਲੀ, ਹੁਣੇ ਬਣੇ ਨੇ। ਚੋਣਾਂ ਦਾ ਮੌਸਮ ਦੂਰ ਨਹੀਂ। ਅੱਜ ਟਿਕਾਣਾ ਇੱਥੇ, ਮਗਰੋਂ ਸਾਧੂ ਚੱਲਦੇ ਭਲੇ। ਸਿਆਸੀ ਪੰਛੀ ਵੀ ਇਹੋ ਫਿਤਰਤ ਰੱਖਦੇ ਨੇ। ਬਾਦਲਾਂ ਦੇ ਕੋਠੇ ’ਤੇ ਲੱਗੀ ਛੱਤਰੀ ਵੱਲ ਵੇਖੋ। ਕਿੰਨੇ ਕੁ ਕਬੂਤਰ ਬੈਠਦੇ ਨੇ, ਛੇਤੀ ਪਤਾ ਲੱਗੂ। ਜਵਾਨੀ ਉਮਰੇ ਟਕਸਾਲੀ, ਕਬੂਤਰਾਂ ਦੀ ਬਾਜ਼ੀ ਵੇਖਦੇ ਰਹੇ ਨੇ, ਕੋਈ ਪੱਕਾ ਪਤਾ ਨਹੀਂ। ਅਕਾਲੀਆਂ ਦੇ ਵਿਹੜੇ ’ਚ ਜੋ ਕੰਧ ਨਿਕਲੀ ਹੈ, ਉਸ ਨੂੰ ਜੱਗ ਜਾਣਦੈ। ਦਿੱਲੀ ’ਚ ਹੁਣੇ ਨਫ਼ਰਤੀ ਕੰਧ ਡਿੱਗੀ ਐ। ਕਾਮਰੇਡਾਂ ਦੇ ‘ਦਾਤੀ ਹਥੌੜੇ’ ਨਾਲੋਂ ਤਕੜੇ ਨਿਕਲੇ ਦਿੱਲੀ ਵਾਲੇ। ਕੰਧਾਂ ਹਿਲਾ ਦਿੱਤੀਆਂ। ਮਹਾਰਾਜੇ ਨੂੰ ਜ਼ਰੂਰ ਭੁਲੇਖਾ ਪਿਆ ਹੋਊ, ਦੇਖਿਓ ਕਿਤੇ ਕੋਈ ਭੂਚਾਲ ਤਾਂ ਨਹੀਂ ਆਇਆ।
                ਭਾਜਪਾ ਨੂੰ ਹਾਈ ਵੋਲਟੇਜ ਦਾ ਕਰੰਟ ਲੱਗਿਐ। ਅਮਿਤ ਸ਼ਾਹ ਜੀ ਹੁਣੇ ਬੋਲੇ ਨੇ, ਮੂੰਹ ਖੋਲ੍ਹੇ ਨੇ, ਅਖੇ ਨਫ਼ਰਤੀ ਬੋਲ ਬਾਣੀ ਲੈ ਬੈਠੀ। ਬੇਸ਼ਰਮਾਂ ਦੀ ਡੁੱਲ ਗਈ ਦਾਲ..। ਮਨੋਜ ਤਿਵਾੜੀ ਕਹਿੰਦਾ, ਭਾਜਪਾਈ ਵੋਟ ਫ਼ੀਸਦ ਤਾਂ ਵਧਿਆ ਹੈ। ਮੰਤਰੀ ਅਨੁਰਾਗ ਠਾਕੁਰ ਦੇ ਕੰਨ ਜ਼ਰੂਰ ਮਾਂ ਨੇ ਪੁੱਟੇ ਹੋਣਗੇ। ਚੋਣ ਨਤੀਜੇ ਦਿੱਲੀ ਦੇ ਆਏ ਨੇ। ਥਰ- ਥਰ ਪੰਜਾਬ ਕੰਬੀਂ ਜਾ ਰਿਹੈ। ਸ੍ਰੀਮਤੀ ਜਸ਼ੋਦਾਬੇਨ, ਪ੍ਰਧਾਨ ਮੰਤਰੀ ਮੋਦੀ ਦੀ ਪਤਨੀ, ਢਿੱਡੋਂ- ਢਿੱਡ ਹੱਸੀ ਹੋਵੇਗੀ। ਢਿੱਡ ਕਿਸ ਕੋਲ ਫਰੋਲੇ। ਭੈਣ ਜੀ, ਥੋੜ੍ਹੀ ਉਡੀਕ ਕਰੋ। ਮਿਲੇਨੀਆ ਟਰੰਪ, ਆਪਣੇ ਅਮਰੀਕਾ ਵਾਲੇ ਟਰੰਪ ਦੀ ਬੀਵੀ, ਗੁਜਰਾਤ ਆ ਰਹੀ ਹੈ। ਕਿਸੇ ਕੰਧ ਓਹਲੇ ਬੈਠ ਕੇ ਕਰ ਲਿਓ, ਖੁੱਲ੍ਹੀਆਂ ਗੱਲਾਂ। ਏਨਾਂ ਕੁ ਖਿਆਲ ਰੱਖਿਓ, ਕੰਧਾਂ ਦੇ ਕੰਨ ਵੀ ਹੁੰਦੇ ਨੇ। ਸ਼ਿਵ ਕੁਮਾਰ ਬਟਾਲਵੀ, ਗੁਣਗਾਉਂਦਾ ਮਰ ਗਿਆ, ‘ਮੈਨੂੰ ਜਗ ਨੇ ਕੰਧਾਂ ਦਿੱਤੀਆਂ, ਮੈਂ ਕੀ ਜੱਗ ਨੂੰ ਵੰਡਾਂ’। ਸ਼ਾਹੀਨ ਬਾਗ਼ ਵਿਚੋਂ ਆਵਾਜ਼ ਆਈ, ਮੋਦੀ ਜੀ ਆਓ, ਪਿਆਰ ਵਾਲੇ ਦਿਨ (ਵੈਲੇਨਟਾਈਨ ਡੇਅ), ਗੱਲ ਕਰੋ ਸਾਡੇ ਨਾਲ, ਤੋਹਫ਼ੇ ਵੀ ਦਿਆਂਗੇ। ਫਰਾਹ ਨਕਵੀ ਦੇ ਬੋਲ ਵੀ ਗੂੰਜੇ ਨੇ, ‘ਦਰਿਆ ਤੋ ਭਰ ਗਿਆ, ਮੈਂ ਅਬ ਸੈਲਾਬ ਹੂੰ… ਨਜ਼ਰ ਘੁਮਾ, ਮੈਂ ਹਰ ਸ਼ਹਿਰ ਕਾ ਸ਼ਾਹੀਨ ਬਾਗ਼ ਹੂੰ।’ ਇਕੱਲਾ ਮਾਨਸਾ-ਲੁਧਿਆਣਾ ਕੀ, ਮਾਲੇਰਕੋਟਲਾ ਵੀ ਅੱਜ ਸ਼ਾਹੀਨ ਬਾਗ਼ ਬਣੇਗਾ। ਤੌੜੀ ਵਾਲਾ ਦੁੱਧ ਪੀਤਾ ਹੁੰਦਾ। ਪ੍ਰੇਮ ਦੇ ਬਾਗਾਂ ਦੇ ਮਾਲੀ ਬਣਦੇ। ਨੇਕੀ ਦੀ ਦੀਵਾਰ ਖੜ੍ਹੀ ਕਰਦੇ। ਚੌਂਤਰੇ ’ਤੇ ਮੁਹੱਬਤੀ ਗਾਰਾ ਫੇਰਦੇ। ਕੰਧੋਲ਼ੀਆਂ ’ਤੇ ਪੈਲਾਂ ਪਾਉਂਦੇ ਮੋਰ ਵਾਹੁੰਦੇ। ਸ਼ਾਇਦ ਘਰ ਦੀ ਸੁਆਣੀ ਹੁਣ ਜਾਗ ਪਵੇ।
                 ਪ੍ਰੇਮ ਦੀਆਂ ਇੱਟਾਂ ’ਚ ਕਿਵੇਂ ਚਿਣਾਈ ਕਰੀਏ, ਦੂਰ ਜਾਣ ਦੀ ਲੋੜ ਨਹੀਂ, ਕੇਜਰੀਵਾਲ ਨੂੰ ਹੀ ਪੁੱਛ ਲਓ। ਚੰਗਾ ਕਾਰੀਗਰ ਹੈ, ਬਸ ਅੱਜ ਸਹੁੰ ਚੁੱਕ ਲੈਣ ਦਿਓ। ਬਿਹਾਰ ਜਾਓਗੇ, ਪਹਿਲਾਂ ਕੰਧ ’ਤੇ ਲਿਖਿਆ ਪੜ੍ਹਿਓ। ਈਰਖਾ ਦੀ ਦੀਵਾਰ ਦੇ ਦਿਨ ਲੱਦੇ ਨੇ। ਟੈਲੀਵਿਜ਼ਨ ’ਤੇ ਇਕ ਮਸ਼ਹੂਰੀ ਵੇਖੀ ਹੋਵੇਗੀ, ‘ਭਈਆ, ਯੇ ਦੀਵਾਰ ਟੂਟਤੀ ਕਿਉਂ ਨਹੀਂ।’ ਦਿੱਲੀ ’ਚ ਤਾਂ ਟੁੱਟ ਗਈ। ਭਰਮਾਂ ਦੀ ਕੰਧ ਤੇ ਈਰਖਾ ਦਾ ਬਨੇਰਾ। ਪੀਲੂ ਦਾ ਕਿੱਸਾ ‘ਮਿਰਜ਼ਾ ਸਾਹਿਬਾਂ’ ਪੜ੍ਹੋਗੇ। ਚਾਨਣ ਹੋ ਜਾਏਗਾ, ਵੀਰ ਸ਼ਮੀਰ ਹਰ ਯੁੱਗ ’ਚ ਰਹੇ ਨੇ। ਕੋਈ ਜ਼ਮਾਨਾ ਨਹੀਂ ਬਚਿਆ। ਕਿਤੇ ਮੁਹੱਬਤ ਦਾ ਪਹਿਰਾ ਰਿਹੈ। ਕਿਤੇ ਨਫ਼ਰਤ ਦੇ ਚੌਕੀਦਾਰ ਬੁੱਕੇ ਨੇ। ਜਸਬੀਰ ਭੁੱਲਰ ਦੀ ਕਹਾਣੀ ਹੈ, ‘ਤਿੰਨ ਕੰਧਾਂ ਵਾਲਾ ਘਰ’, ਪ੍ਰਤੱਖ ਦਰਸ਼ਨ ਕਰਾਉਂਦੀ ਐ। ਦਰਸ਼ਨ ‘ਡਿਜੀਟਲ ਇੰਡੀਆ’ ਦੇ ਵੀ ਕਰੋ, ਜੋ ਘਰ ਨਹੀਂ ਬਣਾਉਂਦਾ, ਕੰਧਾਂ ਕੱਢਦਾ ਹੈ। ਡੋਨਲਡ ਟਰੰਪ ਕਸੂਤਾ ਫਸਿਆ। ਭਾਰਤ ਆਉਣ ਤੋਂ ਪਹਿਲਾਂ ਹੀ ਘਰ ਵਾਲੀ ਕੋਲ ਫੜ ਮਾਰ ਬੈਠਾ, ਅਖੇ ਗੁਜਰਾਤ ’ਚ 40 ਲੱਖ ਬੰਦਾ ਮੇਰਾ ਸਵਾਗਤ ਕਰੂ। ਸਦਕੇ ਜਾਵਾਂ ਸ਼ੇਰ ਬੱਚੀ ਦੇ। ਕਹਿੰਦੀ.. ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ..। ਨਰਿੰਦਰ ਮੋਦੀ ਨੂੰ ਧੁੜਕੂ ਲੱਗਿਐ, ਕਿਤੇ ’ਕੱਠ ਘੱਟ ਨਾ ਰਹਿ ਜਾਏ। ਟਰੰਪ ਅਗਲੇ ਹਫ਼ਤੇ ਆਊ ਭਾਰਤ। ਅਹਿਮਦਾਬਾਦ ਸ਼ਹਿਰ ਵੀ ਜਾਣਾ ਹੈ। ਤਾਹੀਓਂ ਏਅਰਪੋਰਟ ਰੋਡ ’ਤੇ ਨਵੀਂ ਕੰਧ ਕੱਢੀ ਜਾ ਰਹੀ ਹੈ। ਇਸ ਸੜਕ ’ਤੇ ਝੁੱਗੀ ਝੌਂਪੜੀ ਹੈ। ਕਿਤੇ ਟਰੰਪ ਝੌਂਪੜੀਆਂ ਨਾ ਦੇਖ ਲਵੇ, ਝੌਂਪੜੀਆਂ ਵਾਲੇ ਪਾਸੇ ਉੱਚੀ ਕੰਧ ਹੀ ਕੱਢ ਦਿੱਤੀ। ਨਾ ਰਹੇਗਾ ਬਾਂਸ..।
               ਭਲੇਮਾਣਸੋ, ਡੋਨਲਡ ਟਰੰਪ ਨੂੰ ਤਾਂ ਕੰਧ ਵੇਖ ਚਾਅ ਚੜ੍ਹੇਗਾ। ਗ਼ਰੀਬ ਬਸਤੀ ਕਿੱਥੋਂ ਦਿਖਣੀ ਐ। ਸ਼ਾਇਦ ਕੰਧ ਵੇਖ ਤਾਂ ਟਰੰਪ ਰੁਕ ਵੀ ਜਾਵੇ। ਮੋਦੀ ਦਾ ਮੱਥਾ ਠਣਕੇਗਾ, ਜੇ ਕਿਤੇ ਟਰੰਪ ਨੇ ਕੰਧ ਉੱਤੋਂ ਦੀ ਝਾਤੀ ਮਾਰ ਲਈ। ਛਪੰਜਾ ਇੰਚ ਦੀ ਛਾਤੀ ਸੁੰਗੜਨ ਲੱਗੇਗੀ ਤਾਂ ਅਮਿਤ ਸ਼ਾਹ ਮੁਸਕਰਾਏਗਾ। ‘ਮੈਂ ਹੂੰ ਨਾ’। ਟਰੰਪ ਨੇ ਬਾਗੋ ਬਾਗ ਹੋਣੈ। ਮੋਦੀ ਦੀ ਕੰਧ ’ਚੋਂ ਉਸ ਨੂੰ ਮੈਕਸਿਕੋ ਦੀ ਕੰਧ ਦਾ ਝਉਲਾ ਪੈਣੈ। ਹੋ ਸਕਦੈ ਕੰਧ ਕੋਲ ਯਾਦਗਾਰੀ ਫੋਟੋ ਵੀ ਕਰਾਏ। ਰਾਸ਼ੀ ਦਾ ਤਾਂ ਪਤਾ ਨਹੀਂ, ਸੁਭਾਅ ਟਰੰਪ ਤੇ ਮੋਦੀ ਦਾ ਇੰਨ-ਬਿੰਨ ਇਕੋ ਹੈ। ਨਾਲੇ ਸੋਚ ਵੀ। ਉਪਰੋਂ ਹੁਣ ‘ਕੰਧ ਸਾਢੂ’ ਵੀ ਬਣ ਜਾਣਗੇ। ਲਓ ਜੀ, ਬਾਕੀ ਗੱਲਾਂ ਮਗਰੋਂ, ‘ਪੌੜੀ ਸਾਢੂ’ ਚੇਤੇ ਆਏ ਨੇ। ਪਹਿਲਾਂ ਉਨ੍ਹਾਂ ਦੀ ਵੀ ਸੁਣੋ। ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ‘ਅਸਾਂ ਮਰਨਾ ਨਾਹੀਂ’ ਫਰੋਲੀ। ਵਿਚੋਂ ‘ਪੌੜੀ ਸਾਢੂ’ ਲੱਭ ਪਏ। ਦਵਿੰਦਰ ਸਤਿਆਰਥੀ ਦੇ ਰੇਖਾ ਚਿੱਤਰ ਦਾ ਇਕ ਸੰਖੇਪ ਬਿਰਤਾਂਤ। ‘ਸਤਿਆਰਥੀ ‘ਆਰਸੀ’ ਵਿਚ ਅੰਮ੍ਰਿਤਾ ਪ੍ਰੀਤਮ ਬਾਰੇ ਨਾਖੁਸ਼ੀ ਵਾਲਾ ਕੁਛ ਲਿਖ ਬੈਠੇ। ਅੰਮ੍ਰਿਤਾ ਨਾਰਾਜ਼ ਹੋ ਗਈ, ਸਤਿਆਰਥੀ ਮੁਆਫ਼ੀ ਮੰਗਣ ਤੁਰ ਪਏ। ਅੰਮ੍ਰਿਤਾ ਨੇ ਪੌੜੀਆਂ ’ਚੋਂ ਮੋੜ ਦਿੱਤਾ। ਇਵੇਂ ਭੁੱਲਰ ਦੀ ਕਹਾਣੀ ‘ਕਸਵੱਟੀ’ ਤੋਂ ਅੰਮ੍ਰਿਤਾ ਗੁੱਸੇ ਹੋ ਗਈ। ਸਤਿਆਰਥੀ ਨੂੰ ਵੀ ਇਸ ਰੁਸੇਵੇਂ ਦੀ ਭਿਣਕ ਪੈ ਗਈ। ਪਹਿਲੀ ਦਫ਼ਾ ਜਦੋਂ ਕੋਈ ਭੁੱਲਰ ਦੀ ਸਤਿਆਰਥੀ ਨਾਲ ਜਾਣ-ਪਛਾਣ ਕਰਾਉਣ ਲੱਗਾ। ਅੱਗਿਓਂ ਸਤਿਆਰਥੀ ਜੀ ਬੋਲ ਪਏ, ਲਓ ਜੀ ਏਹ ਤਾਂ ਮੇਰੇ ‘ਪੌੜੀ ਸਾਢੂ’ ਨੇ। ਉਹ ਕਿਵੇਂ..‘ਇੱਕੋ ਪੌੜੀਆਂ ਨੇ ਜੋ ਸਾਡੇ ਦੋਵਾਂ ਲਈ ਵਰਜਿਤ ਨੇ।’
               ਗੱਲ ਕਦੋਂ ਤਿਲਕ ਜਾਏ, ਪਤਾ ਨਹੀਂ ਲੱਗਦਾ। ਟਰੰਪ ਨੂੰ ਕੰਧ ਕੋਲ ’ਕੱਲਾ ਛੱਡ ਆਏ। ਹੋਰ ਪਾਸੇ ਹੀ ਘੋੜਾ ਭਜਾ ਲਿਆ। ਟਰੰਪ ਨੇ ਚਾਹੇ ਕੰਧ ਨਾਲ ਪੌੜੀ ਲਾ ਲਈ ਹੋਵੇ। ਬਸਤੀ ਵਾਲੇ ਆਖਦੇ ਨੇ, ਕੰਧ ਦੀ ਥਾਂ ਮੋਦੀ ਸਾਡੇ ਘਰ ਹੀ ਬਣਾ ਦਿੰਦਾ। ਅਡਵਾਨੀ ਦੀ ਕੋਈ ਪੇਸ਼ ਨਹੀਂ ਜਾ ਰਹੀ। ਦਿੱਲੀ ਦੀ ਹਾਰ ਨੇ ਕਾਲਜੇ ਠੰਢ ਪਾਈ ਹੋਊ। ਦੱਸਦੇ ਨੇ, ਜਦੋਂ ਦਿੱਲੀ ਚੋਣਾਂ ਸਨ, ਉਦੋਂ ਕਰੋਨਾਵਾਇਰਸ ਵੀ ਪੁੱਠਾ ਮੁੜ ਗਿਆ। ਚੀਨ ਦੀ ਦੀਵਾਰ ਉੱਪਰੋਂ ਕਰੋਨਾਵਾਇਰਸ ਝਾਕਿਆ। ਇਹ ਸੋਚ ਕੇ ਪਿਛਾਂਹ ਪੌੜੀ ਉਤਰ ਗਿਆ। ਅਖੇ, ਉਥੇ ਤਾਂ ਮੈਥੋਂ ਵੱਡੇ ਵਾਇਰਸ ਬੈਠੇ ਨੇ। ਵੇਲਾ ਹੁਣ ਬੈਠਣ ਦਾ ਨਹੀਂ, ਦਿੱਲੀ ਦੀ ਜਿੱਤ ਨੇ ਪੈਰਾਂ ਹੇਠ ਅੱਗ ਮਚਾ ਦਿੱਤੀ ਐ। ਬਿਹਾਰ ਤੇ ਬੰਗਾਲ ਜਿੱਤਣੇ ਨੇ। ਕੰਧ ਢਾਹੁਣੀ ਪਊ, ਸਮਾਜੀ ਪਾੜੇ ਦੀ। ਇਨ੍ਹਾਂ ਕੰਧਾਂ ਨੇ ਦਿਲਾਂ ਨੂੰ ਵੰਡ ਦਿੱਤਾ ਹੈ।ਭਾਰਤ ਦੇ ਵਿਹੜੇ ‘ਚ ਕੋਈ ਬੋਧੀ ਰੁੱਖ ਲਾਉਣਾ ਪੈਣੈ। ਕੰਧਾਂ ਦੀ ਥਾਂ ਹੁਣ ਹੱਲ ਕੱਢਣੇ ਪੈਣੇ ਨੇ। ਮੁਲਕ ’ਚੋਂ ਨਾ ਕੱਢੋ, ਵਾਸੇ ਲਈ ਸਮਾਂ ਕੱਢੋ। ਹੰਸ ਰਾਜ ਗਾ ਰਿਹੈ.. ‘ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ..।’ ਰੇਡੀਓ ‘ਤੇ ਬੋਲ ਗੂੰਜ ਰਹੇ ਹਨ..‘ਰਾਮ ਚੰਦਰ ਕਹਿ ਗਏ ਸੀਆ ਸੇ, ਐਸਾ ਕਲਯੁਗ ਆਏਗਾ/ਹੰਸ ਚੁਗੇਗਾ ਦਾਨਾ ਦੁਨਕਾ, ਕਊਆ ਮੋਤੀ ਖਾਏਗਾ’। ਕੋਠੇ ’ਤੇ ਛੱਜੂ ਰਾਮ ਚੜ੍ਹਿਐ। ਇਕ ਹੱਥ ’ਚ ਗੁਲੇਲ ਐ, ਦੂਜੇ ਹੱਥ ’ਚ ਇਕ ਮਰਿਆ ਕਾਂ। ਬਨੇਰੇ ’ਤੇ ਜਗ੍ਹਾ ਲੱਭ ਰਿਹੈ, ਟੰਗਣ ਲਈ…।

No comments:

Post a Comment