Monday, March 1, 2021

                                                           ਵਿਚਲੀ ਗੱਲ
                                              ਕਬੀਰਾ ਖੜ੍ਹਾ ਬਾਜ਼ਾਰ ਮੇ...!
                                                          ਚਰਨਜੀਤ ਭੁੱਲਰ

ਚੰਡੀਗੜ੍ਹ : ਕੋਈ ਵੱਡਾ ਹੀ ਯੱਭ ਹੈ। ਛੇਤੀ ਕਿਤੇ ਛੱਜੂ ਰਾਮ ਬੁਰੇ ਦੇ ਘਰ ਨਹੀਂ ਜਾਂਦਾ। ਕੋਲ ਅਣਘੜ ਡਾਂਗ ਐ। ਲੱਭ ਪ੍ਰਸ਼ਾਂਤ ਕਿਸ਼ੋਰ ਨੂੰ ਰਿਹੈ। ਚੰਦਰਾ ਕਿਸ਼ੋਰ! ਸੱਤ ਵਰ੍ਹੇ ਪਹਿਲਾਂ ਅਸ਼ਾਂਤ ਕਰ ਗਿਆ। ਭਾਰਤ ਮਾਤਾ ਦੇ ਕੰਨਾਂ ’ਚ ਅੱਜ ਵੀ ਨਾਅਰਾ ਗੂੰਜਦੈ ‘ਬਹੁਤ ਹੁਈ ਮਹਿੰਗਾਈ ਕੀ ਮਾਰ, ਅਬਕੀ ਬਾਰ ਮੋਦੀ ਸਰਕਾਰ’। ‘ਮੋਦੀ ਬਰਾਂਡ’ ਦੀ ਭੱਲ ਬਣਾਈ, ਮਾਇਆ ਦੀ ਪੋਟਲੀ ਚੁੱਕ, ਕਿਸ਼ੋਰ ਨਾਥ ਤੁਰਦੇ ਬਣੇ। ਝੋਲੇ ਵਾਲਾ ‘ਫਕੀਰ’ ਆਇਐ, ਹੁਣ ਸੁਣ ਲਓ ਜੁਮਲੇ, ਚਾਹੇ ‘ਮਨ ਕੀ ਬਾਤ’।ਦਸੌਂਧਾ ਸਿੰਘ ਨੇ ਗੁਰੂ ਘਰੋਂ ਹੋਕਾ ਦਿੱਤੈ। ਮਾਈ ਭਾਈ! ਧਿਆਨ ਧਰੋ, ਕਿਤੇ ਰਾਮਦੇਵ ਟੱਕਰੇ ਤਾਂ ਦੱਸਣਾ। 2014 ਚੋਣਾਂ ਵੇਲੇ ਦਾ ‘ਰਾਮਦੇਵੀ ਟੇਵਾ’ ਸੁਣੋ, ‘ਤੇਲ ਮਿਲੇਗਾ ਪੈਂਤੀ ਰੁਪਏ, ਜੇ ‘ਕਮਲ’ ਨੂੰ ਲਿਆਓਗੇ’। ਅੱਖ ਤਾਂ ਫਰਕੀ, ਸੱਤ ਵਚਨ ਆਖ, ਸਭਨਾਂ ‘ਪਤੰਜਲੀ’ ਦੇ ਬੋਲ ਪੁਗਾਏ, ਗੱਦੀ ’ਤੇ ‘ਫਕੀਰ-ਏ-ਮੋਦੀ’ ਲੈ ਆਏ। ‘ਅਬ ਪਛਤਾਏ ਕਿਆ ਹੋਤ..!’ ਦੇਸ਼ ‘ਕਪਾਲ ਭਾਤੀ’ ਕਰ ਰਿਹੈ, ਰਾਮਦੇਵ ਗੁਣ-ਗਾਣ, ‘ਵਤਨ ਲਈ ਕੁਰਬਾਨੀ ਕਰੋ’। ਇੱਕੜ ਦੁੱਕੜ ਭੰਬਾ ਭੌ..! ਤੇਲ ਕਰਤਾ ਪੂਰੇ 100। ਜ਼ੋਰ ਸੇ ਬੋਲੋੋ, ਭਾਰਤ ਮਾਤਾ ਕੀ ਜੈ!

              ਗੁਰਨਾਮ ਸਿੰਘ ਤੀਰ (ਚਾਚਾ ਚੰਡੀਗੜ੍ਹੀਆ) ਅੱਜ ਸਾਡੇ ’ਚ ਹੁੰਦੇ। ਰੀਝ ਨਾਲ ਲਿਖਦੇ, ‘ਰਾਂਝੇ ਤਾਂ ਮੱਝਾਂ ਚਾਰੀਆਂ ਸੀ, ਬੰਦਿਆ! ਤੂੰ ਦੇਸ਼ ਹੀ ਚਾਰਤਾ।’ ਪ੍ਰਸ਼ਾਂਤ ਕਿਸ਼ੋਰ ਨੂੰ ਵੇਖ ਜਮ ਨਗਰੀ’ ਵੀ ਕੰਬੀ ਹੋਊ। ਰਾਮਦੇਵੀ ਸਕੀਮ ’ਤੇ ਰੱਬ ਹੱਸਿਆ, ਜਦੋਂ ਬਨਾਰਸ (ਵਾਰਾਨਸੀ) ’ਚ ਢੋਲ ਵੱਜਿਆ, ਨਰੇਂਦਰ ਬਾਬੂ ਫੁੱਲੇ ਨਾ ਸਮਾਏੇ, ਹਮਾਤੜਾਂ ਨੇ ਭੰਗੜੇ ਪਾਏ। ‘ਆਪਣੀ ਲੱਸੀ ਨੂੰ ਕੌਣ ਖੱਟੀ ਆਖਦੈ।’ਬਰੇਕਿੰਗ ਨਿਊਜ਼! ਨਾਰਦ ਮੁਨੀ ਤੋਂ ਸੁਣੋ। ‘ਬਨਾਰਸ ’ਚ ਖਾਣ ਵਾਲੇ ਤੇਲ 150 ਰੁਪਏ ਲਿਟਰ, ਘਰੇਲੂ ਗੈਸ ਸੌ ਰੁਪਏ ਵਧੀ, ਪਿਆਜ਼ ਸੱਤਰ ਤੋਂ ਟੱਪਿਆ, ਪੈਟਰੋਲ ਦੀ ਕੀਮਤ ਸੌ ਨੂੰ ਢੁੱਕੀ, ਦਾਲਾਂ ’ਚ ਤੀਹ ਫੀਸਦ ਦਾ ਉਛਾਲ।’ ਬਾਕੀ ਰਵੀਸ਼ ਕੁਮਾਰ ਤੋਂ ਸੁਣੋ, ‘ਏਹ ਹੈ ਚਮਤਕਾਰ, ਤੇਜਸਵੀ ਯਾਦਵ ਸਾਈਕਲ ’ਤੇ, ਈ-ਸਕੂਟੀ ’ਤੇ ਮਮਤਾ ਸਰਕਾਰ।’ ਕੋਈ ਦਰਸ਼ਕ ਬੋਲਿਐ, ‘ਭੰਡਾਂ ਭੰਡਾਰੀਆ ਕਿੰਨਾ ਕੁ ਭਾਰ..!’ ਗੁੱਸੇ ’ਚ ਵਾਰਾਨਸੀ ਔਰਤਾਂ ਨੇ ਸਿਲੰਡਰ ਕੂੜੇਦਾਨਾਂ ’ਚ ਵਗਾਹ ਸੁੱਟੇੇ। ਵਪਾਰੀ ਨਾਅਰੇ ਮਾਰਦੇ ਅੱਗੇ ਵਧੇ..!

             ਰੁਕੋ! ਅੱਗੇ ਨਹੀਂ, ਤੁਸੀਂ ਪਿਛਾਂਹ ਚੱਲੋ। ਵਾਰਾਨਸੀ ਭਗਤ ਕਬੀਰ ਦੀ ਨਗਰੀ ਐ। ਆੜ ਧਰਮ ਦੀ, ਬਦਲ ਕੇ ਭੇਸ, ਬਨਾਰਸੀ ਠੱਗ ਜਲਵਾ ਦਿਖਾਉਂਦੈ, ਭਗਤ ਕਬੀਰ ਸਭ ਨੂੰ ਰਾਹ ਦਿਖਾਉਂਦੈ। ਆਓ ’ਵਾਜ਼ਾਂ ਮਾਰੀਏ, ਕਬੀਰਾ! ਘਰ ਮੁੜ ਆ। ਕਿਤੇ ਸਿਆਸੀ ਲੁੰਗ-ਲਾਣਾ ਵੇਖਦੇ, ਕਬੀਰ ਹੱਸਣੋਂ ਨਾ ਹਟਦੇ। ਲਖਵਿੰਦਰ ਜੌਹਲ ਵੀ ਨਹੀਂ ਹਟੇ, ‘ਕਿਥੋਂ ਆਉਂਦੇ ਦੁੱਖ ਦਲਿੱਦਰ, ਜਾਗਰੂਕ ਮੈਂ ਦੇਸ਼ ਕਰਾਂਗਾ/ ਜਾਗਣਗੇ ਜਦ ਵਾਰਿਸ ਇਸਦੇ, ਦੇਖੀ ਚਾਨਣ ਹੋਇਆ ਹੋਇਆ, ਮੰਜ਼ਰ ਦੇਖ ਕਬੀਰਾ ਰੋਇਆ।’ਡਗਰੂ (ਮੋਗਾ) ਵਾਲਾ ਸੰਦੀਪ ਵੀ ਪ੍ਰਸ਼ਾਂਤ ਕਿਸ਼ੋਰ ਦਾ ਐਡਰੈੱਸ ਪੁੱਛ ਰਿਹੈ। ਆਖਦੈ, ‘ਘਰ ਘਰ ਰੁਜ਼ਗਾਰ’ ਨੂੰ ਮਾਰੋ ਗੋਲੀ, ਬੇਕਾਰੀ ਭੱਤਾ ਵੀ ਬੰਦ ਕਰਤਾ। ਅਮਰਿੰਦਰ ਆਖਦੈ, ਕਾਕਾ! ਨੌਕਰੀ ਦਿਆਂਗੇ ਤਾਂ ਬੰਦ ਕੀਤੈ। ਸਿਆਸੀ ਪੀਚੋ-ਬੱਕਰੀ ਬੰਦ ਨਾ ਹੋਈ, ਫੇਰ ਲੋਕਾਂ ਨੂੰ ਗਤਕਾ ਸਿੱਖਣਾ ਪੈਣਾ। ਕਿੰਨਾ ਕੁ ਚਿਰ ਤੇਲ ਦੀ ਧਾਰ ਵੇਖਣਗੇ। ਲੋਕਾਂ ਨੇ ਭਾਜਪਾਈ ਟਰੱਕ ’ਚ 303 ਐੱਮਪੀ ਚਾੜ੍ਹੇ। ਮਗਰੋਂ ਪੜ੍ਹਿਆ, ਟਰੱਕ ਪਿੱਛੇ ਲਿਖਿਆ ਸੀ, ‘ਮਿਲੇਗਾ ਮੁਕੱਦਰ’। ‘ਅਨੋਖੇ ਪਾਪਾਂ ਦੀ ਸਜ਼ਾ ਵੀ ਅਨੋਖੀ ਹੁੰਦੀ ਹੈ।’

             ਬੋਦੀ ਵਾਲਾ ਤਾਰਾ ਚੜ੍ਹਿਐ। ਇੱਜ਼ਤ ਵਧੀ ਨਹੀਂ, ਮਹਿੰਗਾਈ ਘਟੀ ਨਹੀਂ। ਦੂਸਰੀ ਵਾਰ, ਫੇਰ ਜ਼ੋਰ ਨਾਲ ਬਟਨ ਦਬਾਏ, ਹਾਰ ਪਾਏ, ਨਾਅਰੇ ਲਾਏ। ਫਕੀਰ ਝੋਲਾ ਚੁੱਕ ‘ਆਨੀ ਬਾਨੀ’ ਦੇ ਚੁਬਾਰੇ ਚੜ੍ਹ ਗਏ। ਲੋਕ ਰਾਜ ਦਾ ਭਗਤ ਪੌੜੀਆਂ ’ਚ ਖੜ੍ਹੈ। ਪਿਸ਼ੌਰੀ ਮੱਲ ਥੜ੍ਹੇ ’ਤੇ ਨਹੀਂ ਚੜ੍ਹਨ ਦਿੰਦਾ। ਕੀਮਤਾਂ ਐਵਰੈਸਟ ’ਤੇ ਚੜ੍ਹੀਆਂ ਨੇ। ਅਸੀਂ ਤਾਂ ਚਟਣੀ ਤੋਂ ਵੀ ਗਏ, ਇੱਕ ਪਿਆਜ਼ ਪੰਜ ਰੁਪਏ ’ਚ ਮਿਲਦੈ, ਦਾਲ ਫੁਲਕਾ ਕਰਮਾਂ ਨਾਲ। ਮੁਦਰਾ ਸਫੀਤੀ ਦੇ ‘ਸੌਦਾਗਰ’ ਵਾਕ ਸੁਣਾ ਰਹੇ ਨੇ, ਭਗਤੋ ! ਦੋ ਟਾਈਮ ਯੋਗ, ਸਵੇਰ ਵੇਲੇ ਸੈਰ, ਸ਼ਾਮ ਨੂੰ ਜਾਪ ਕਰੋ, ਰਾਮ ਭਲੀ ਕਰੇਗਾ।’‘ਕੁੱਲੀ-ਗੁੱਲੀ-ਜੁਲੀ’ ਦਾ ਗੇੜ ਪੁਰਾਣੈ। ਗਰੀਬ ਬੰਦੇ ਦਾ ਇਹੋ ਰਾਸ਼ਟਰ ਹੈ, ‘ਭੁੱਲ ਗਏ ਨੇ ਰੰਗ-ਰਾਗ, ਭੁੱਲ ਗਈਆਂ ਯੱਕੜਾਂ/ ਤਿੰਨੋਂ ਗੱਲਾਂ ਚੇਤੇ ਰਹੀਆਂ, ਲੂਣ-ਤੇਲ-ਲੱਕੜਾਂ। ਉਪਰੋਂ ਅਮਿਤਾਭ ਬਚਨ ਦੀ ਫਿਲਮ ‘ਰੋਟੀ ਕੱਪੜਾ ਔਰ ਮਕਾਨ’ ਨੇ ਮੋਹਰ ਲਾਤੀ। ਅਮਿਤਾਭ ਜੀ! ਹੁਣ ਕਿਉਂ ਬਚਨੋਂ ਥਿੜਕ ਗਏ। ‘ਸਾਰੇ ਜਹਾਂ ਸੇ ਮਹਿੰਗਾ’, ਏਹ ਕਾਮੇਡੀ ਫ਼ਿਲਮ ਸੀ। ‘ਪਿਪਲੀ ਲਾਈਵ’ ਦਾ ਗਾਣਾ ਸੰਜੀਦਾ ਸੀ, ‘ਮਹਿੰਗਾਈ ਡਾਇਨ ਖਾਏ ਜਾਤ ਹੈ..।’ ਖੇਤਾਂ ’ਤੇ ਸਾੜ੍ਹਸਤੀ ਦਾ ਪਹਿਰੈ, ਟਰੈਕਟਰ ਦਿੱਲੀ ਨੂੰ ਹਥੌਲ਼ਾ ਪਾਉਣ ਗਏ ਨੇ। ਖੇਤੀ ਕਾਨੂੰਨ ਕਿਸਾਨਾਂ ਦੀ ਜਾਨ ਲੈਣ ਲੱਗੇ ਨੇ..!

            ਅਚਾਰੀਆ ਰਜਨੀਸ਼ ਫ਼ਰਮਾਉਂਦੇ ਨੇ, ‘ਪਿਆਰ ਉਦੋਂ ਖੁਸ਼ ਹੁੰਦਾ ਹੈ, ਜਦੋਂ ਕੁਝ ਦਿੰਦਾ ਹੈ, ਹਉਮੇ ਉਦੋਂ ਖੁਸ਼ ਹੁੰਦੀ ਹੈ, ਜਦੋਂ ਕੁਝ ਲੈਂਦੀ ਹੈ।’ ਜਨਤਾ ਜਨਾਰਦਨ ਵੋਟ ਦਿੰਦੀ ਐ, ਹਕੂਮਤ ਚੂਲਾ ਤੋੜ ਮਹਿੰਗਾਈ। ਹੁਣ ਹਕੀਮ ਵੀ ਕੀ ਕਰਨ। ਮਰਹੂਮ ਜਸਪਾਲ ਭੱਟੀ ਦਾ ‘ਨਾਨਸੈਂਸ ਕਲੱਬ’ ਹਮੇਸ਼ਾ ਰੌਲਾ ਪਾਉਂਦੈ, ਏਥੇ ਸੁਣਦਾ ਕੌਣ ਐ! ਸਰਬਜੀਤ ਕੌਰ ਜੱਸ ਤਾਂ ਸੱਚ ਸੁਣਾ ਗਈ..‘ਦੇਸ਼ ਛੋਲਿਆਂ ਦੀ ਲੱਪ ਵਾਂਗੂ ਚੱਬਿਆ, ਵੇ ਹਾਕਮਾਂ ਬਦਾਮ ਰੰਗਿਆ।’ਆਓ, ਗੋਰੇ ਬਦਾਮਾਂ ਦੀ ਪੈਲੀ ’ਚ ਗੇੜਾ ਮਾਰੀਏ। ਈਸਟ ਇੰਡੀਆ ਕੰਪਨੀ ਦੇ ਰਾਜ ’ਚ ਕੋਈ ਗਿਆਰਾਂ ਵਾਰ ਅਕਾਲ ਪਿਆ, ਚਾਰ ਦਫ਼ਾ ਮਹਿੰਗਾਈ ਵਧੀ। ਇੰਗਲੈਂਡ ਦੀ ਰਾਣੀ ਨੇ ਰਾਜ ਸਾਂਭਿਆ, ਅੱਠ ਵਾਰ ਅਕਾਲ ਪਿਆ, ਇੱਕ ਵਾਰੀ ਮਹਿੰਗਾਈ ਵਧੀ। ਗੋਰੇ ਇੱਥੋਂ ਅਨਾਜ ਵਿਦੇਸ਼ ਭੇਜਦੇ ਰਹੇ। ਲੱਖਾਂ ਲੋਕ ਬਣੇ ਭੁੱਖਮਰੀ ਦੇ ‘ਸ਼ਹੀਦ’। ਅੰਗਰੇਜ਼ ਦੇ ‘ਅਕਾਲ ਕਮਿਸ਼ਨ’ ਨੇ ਦੋ ਟੁੱਕ ਫੈਸਲਾ ਦਿੱਤਾ ਸੀ, ‘ਅਕਾਲ ’ਚ ਲੋੜਵੰਦਾਂ ਦੀ ਮਦਦ ਕਰਨਾ ਸਰਕਾਰ ਦਾ ਧਰਮ ਹੈ।’ ਭੁੱਖੇ ਨੂੰ ਅੰਨ, ਤਨ ਨੂੰ ਕੱਪੜੇ ਦਿਓ। ਉਦੋਂਂ ਇੱਕ ਰੁਪਏ ’ਚ 22 ਸੇਰ ਕਣਕ ਆਉਂਦੀ ਸੀ। ਟਕੇ-ਆਨੇ ਦੇ ਜ਼ਮਾਨੇ ਤੋਂ ‘ਡਿਜੀਟਲ ਯੁੱਗ’ ਦੇ ਖ਼ਾਨੇ ’ਚ ਆ ਗਏ। ਮਹਿੰਗਾਈ ਗੋਦੀਓਂ ਨਹੀਂ ਉਤਰ ਰਹੀ।

             ਸੰਤਾਲੀ ’ਚ ਆਜ਼ਾਦੀ ਤਾਂ ਮਿਲੀ, ਭੁੱਖਮਰੀ ਗੋਰਿਆਂ ਤੋਂ ਵੀ ਭੈੜੀ ਨਿਕਲੀ। ਤੇੜ ਲੰਗੋਟੀ ਬੰਨ੍ਹ, ਬਾਪ-ਦਾਦੇ ਹਰੀ ਕਰਾਂਤੀ ਤੋਂ ਬੱਚੇ ਵਾਰ ਗਏ। ਇਹੋ ਵਾਰਿਸ ਹੁਣ ਦਿੱਲੀ ਬੈਠੇ ਨੇ। ਮਹਿੰਗਾਈ ਤੋਂ ਆਜ਼ਾਦੀ ਦੀ ਗੱਲ ਕਰੋਗੇ, ਤਿਹਾੜ ਜਾਣਾ ਪਏਗਾ। ਇੰਦਰਾ ਗਾਂਧੀ ‘ਗਰੀਬੀ ਹਟਾਓ’ ਨਾਅਰੇ ਦੇ ਕੰਧਾੜੇ ਚੜ੍ਹ ਆਈ। ਜਮ੍ਹਾਂਖੋਰੀ ਦੇਸ਼ ਦੇ ਜੜ੍ਹੀਂ ਬੈਠ ਗਈ, ਸਿਆਸੀ ਬਲੈਕੀਏ ਪਿੱਠ ’ਤੇ ਖੜ੍ਹੇ। ਤੇਲ ਵੀ ਬਲੈਕ ’ਚ ਵਿਕਦਾ। ਉਦੋਂ ਨਾਅਰੇ ਗੂੰਜੇ ਸਨ, ‘ਇੰਦਰਾ ਤੇਰੀ ਸੜਕ ’ਤੇ, ਖਾਲੀ ਢੋਲ ਖੜਕਦੇ।’ ਖਾਦ ਕੀਮਤਾਂ ’ਚ ਵਾਧਾ ਨਿੱਤਨੇਮ ਬਣਿਐ। ਪੇਂਡੂ ਮੇਲਿਆਂ ’ਚ ਸ਼ਾਮ ਸਿੰਘ ਸਿਕੰਦਰ ਚਿੱਠੇ ਵੇਚਦਾ ਗਾਉਂਦਾ, ‘ਖਾਦ ਦੀ ਬੋਰੀ ਜੇਹੜੀ ਸੀ ਸੱਠ ਨੂੰ, ਥੋੜ੍ਹੇ ਦਿਨਾਂ ’ਚ ਕਰਤੀ ਇੱਕ ਸੌ ਅੱਠ ਨੂੰ।’ ਕੇਰਾਂ ਗੁਰਦੇਵ ਬਾਦਲ ਨੇ ਮਸ਼ਕਰੀ ਸੁਣਾਈ। ਜਨਤਾ ਸਰਕਾਰ ਵੇਲੇ ਖੰਡ ਢਾਈ ਰੁਪਏ ਕਿਲੋ ਸੀ। ਮਗਰੋਂ 1980 ’ਚ ਇੰਦਰਾ ਸਰਕਾਰ ’ਚ ਖੰਡ ਅੱਠ ਰੁਪਏ ਕਿਲੋ ਹੋਗੀ। ਭਤੀਜਾ ਬੋਲਿਆ, ‘ਚਾਚਾ! ਮੈਂ ਤਕੜਾ ਹੋ ਗਿਆ, ਹੁਣ ਤਾਂ ਮੈਂ ਰੁਪਏ ਦੀ ਖੰਡ ਇੱਕੋ ਵਾਰੀ ’ਚ ਮੂੰਹ ’ਚ ਪਾ ਲੈਨੈ। ਅੱਗਿਓਂ ਗੁਰਦੇਵ ਬਾਦਲ ਬੋਲੇ, ਭਤੀਜ! ਤਕੜਾ ਤਾਂ ਤੈਨੂੰ ਮੰਨਦੇ, ਜੇ ਤੂੰ ਜਨਤਾ ਸਰਕਾਰ ਵੇਲੇ ਪਾ ਕੇ ਵਿਖਾਉਂਦਾ। ਉਦੋਂ ਇੱਕ ਰੁਪਏ ਦੀ ਅੱਧਾ ਕਿਲੋ ਖੰਡ ਸੀ। ਭਾਜਪਾਈ ਯੁੱਗ ’ਚ ਵੀ ਖੰਡ ਮਹਿੰਗੀ ਐ, ਨਾਲੇ ਬੋਲ ਵੀ ਕੌੜੇ ਨੇ। ਫਰਿਆਦੀ ਹੱਥ ਜੋੋੜ ਖੜ੍ਹੇ ਨੇ। ਅਲਬਰਟ ਕਾਮੂ ਦੀ ਵੀ ਕੌੜੀ ਸੁਣ ਲਓ, ‘ਡਰ ਚੋਂ ਉਪਜੇ ਆਦਰ-ਸਤਿਕਾਰ ਨਾਲੋਂ ਘਟੀਆ ਚੀਜ਼ ਹੋਰ ਕੋਈ ਨਹੀਂ ਹੁੰਦੀ।’

             ਪਹਿਲਾਂ ਅਕਾਲ ਨੇ ਪਰਖੇ, ਫੇਰ ਪਲੇਗ ਨੇ, ਮੁਗਲ ਤੇ ਅੰਗਰੇਜ਼ ਨੇ ਵੀ ਪਰਖੇ। ਮੰਜੇ ਦੀ ਦੌਣ ਵਾਂਗੂ ਜ਼ਿੰਦਗੀ ਕਸਤੀ। ਟਲਦੇ ਫੇਰ ਨਹੀਂ, ਅਖ਼ੇ.. ਥੋਡੇ ਹਾਜ਼ਮੇ ਬੜੇ ਸਖ਼ਤ ਨੇ। ਪਿਆਰੇ ਦੇਸ਼ ਵਾਸੀਓ! ਢਿੱਡ ਨਹੀਂ, ਦੇਸ਼ ਵੱਡਾ ਹੁੰਦੈ। ‘ਭੁੱਖੇ ਪੇਟ ਨਾ ਭਗਤੀ ਹੋਵੇ।’ ਬਨਾਰਸੀ ਜੇਤੂਆਂ ਨੂੰ ਵੇਖ ਭਗਤ ਕਬੀਰ ਦੀ ਰੂਹ ਅੰਦਰੋਂ ਹੱਸੇ ਨਾ.., ਤਾਂ ਹੋਰ ਕੀ ਕਰੇ..!

No comments:

Post a Comment