Tuesday, December 14, 2021

                                                ਕਿਸਾਨ ਘੋਲ
                                 ਸ਼ਹੀਦਾਂ ਦੇ ਵਾਰਸ ਨੌਕਰੀ ਨੂੰ ਤਰਸੇ ! 
                                              ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਸਰਕਾਰ ਕਿਸਾਨ ਅੰਦੋਲਨ 'ਚ ਸ਼ਹੀਦ ਹੋਣ ਵਾਲੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਤੋਂ ਕਿਨਾਰਾ ਕਰਨ ਲੱਗੀ ਹੈ | ਘਰਾਂ ਦੇ ਕਮਾਊ ਜੀਆਂ ਨੂੰ ਗੁਆਉਣ ਵਾਲੇ ਪਰਿਵਾਰਾਂ 'ਚ ਬੇਚੈਨੀ ਹੈ ਅਤੇ ਉਹ ਸਰਕਾਰੀ ਦਫ਼ਤਰਾਂ 'ਚ ਖੱਜਲ ਹੋ ਰਹੇ ਹਨ | ਉਨ੍ਹਾਂ ਨੂੰ ਚੋਣ ਜ਼ਾਬਤਾ ਲੱਗਣ ਦਾ ਡਰ ਸਤਾ ਰਿਹਾ ਹੈ |  ਦਿੱਲੀ ਦੇ ਕਿਸਾਨ ਮੋਰਚੇ 'ਚ ਹੁਣ ਤੱਕ 720 ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਜਿਨ੍ਹਾਂ ਚੋਂ ਪੰਜਾਬ ਦੇ ਕਰੀਬ 605 ਕਿਸਾਨ ਤੇ ਮਜ਼ਦੂਰ ਹਨ | ਇਨ੍ਹਾਂ ਪਰਿਵਾਰਾਂ ਚੋਂ ਪੰਜਾਬ ਦੇ ਸਿਰਫ਼ 113 ਨੌਜਵਾਨਾਂ ਨੇ ਸਰਕਾਰੀ ਨੌਕਰੀ 'ਤੇ ਜੁਆਇੰਨ ਕੀਤਾ ਹੈ ਜੋ ਕਿ ਸਿਰਫ਼ 18.67 ਫੀਸਦੀ ਬਣਦੇ ਹਨ | ਵੇਰਵਿਆਂ ਅਨੁਸਾਰ ਮੌਜੂਦਾ ਸਰਕਾਰ ਨੇ ਪਹਿਲੇ ਪੜਾਅ 'ਤੇ 147 ਜਣਿਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਸਨ ਜਿਨ੍ਹਾਂ ਚੋਂ ਹੁਣ ਤੱਕ 113 ਜਣਿਆਂ ਨੇ ਨੌਕਰੀ ਜੁਆਇੰਨ ਕੀਤੀ ਹੈ | ਬਹੁਤੇ ਦਫ਼ਤਰਾਂ ਦੇ ਗੇੜ ਵਿਚ ਫਸੇ ਹੋਏ ਹਨ |

             ਅੱਜ ਦੂਸਰੇ ਪੜਾਅ ਦੀ ਮੀਟਿੰਗ ਵਿਚ ਸਰਕਾਰ ਨੇ 33 ਹੋਰ ਨੌਜਵਾਨਾਂ ਨੂੰ ਨੌਕਰੀ ਲਈ ਹਰੀ ਝੰਡੀ ਦਿੱਤੀ ਹੈ | ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 381 ਸ਼ਹੀਦਾਂ ਦੇ ਪਰਿਵਾਰਾਂ ਦੀ ਸੂਚੀ ਹੈ | ਇਸ ਲਿਹਾਜ਼ ਨਾਲ ਵੀ ਕਰੀਬ 200 ਪਰਿਵਾਰਾਂ ਨੂੰ ਨੌਕਰੀ ਦੇਣ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ |ਮੋਰਚੇ 'ਚ ਸ਼ਹੀਦਾਂ ਦਾ ਵੇਰਵਾ ਇਕੱਠਾ ਕਰਨ ਵਾਲੇ ਸਕਾਲਰ ਹਰਿੰਦਰ ਹੈਪੀ ਨੇ ਦੱਸਿਆ ਕਿ ਕਿਸਾਨ ਘੋਲ ਦੌਰਾਨ ਪੰਜਾਬ ਦੇ 605 ਅਤੇ ਹਰਿਆਣਾ ਦੇ 85 ਕਿਸਾਨ/ਮਜ਼ਦੂਰ ਸ਼ਹੀਦ ਹੋਏ ਹਨ ਅਤੇ ਹਾਲੇ ਇਨ੍ਹਾਂ ਵਿਚ ਕੁਝ ਵੇਰਵੇ ਸ਼ਾਮਿਲ ਕਰਨੇ ਬਾਕੀ ਹੈ | ਇਸ ਅੰਕੜੇ ਨੂੰ ਅਧਾਰ ਮੰਨੀਏ ਤਾਂ ਸਰਕਾਰ ਨੇ ਹੁਣ ਤੱਕ ਪੰਜਾਬ ਦੇ ਸਿਰਫ਼ 29.75 ਫੀਸਦੀ ਪਰਿਵਾਰ ਹੀ ਨੌਕਰੀ ਲਈ ਯੋਗ ਮੰਨੇ ਹਨ | ਬਹੁਤੇ ਕੇਸਾਂ ਵਿਚ ਪੇਚ ਫਸਿਆ ਹੈ ਕਿ ਸ਼ਹੀਦ ਕਿਸਾਨਾਂ ਦੇ ਲੜਕੇ ਅਨਪੜ੍ਹ ਹਨ ਜਦੋਂ ਕਿ ਪੋਤਰੇ ਪੜੇ ਲਿਖੇ ਹਨ | ਇਸੇ ਤਰ੍ਹਾਂ ਕਈ ਕੇਸਾਂ ਵਿਚ ਸ਼ਹੀਦ ਕਿਸਾਨ ਬੇਔਲਾਦ ਵੀ ਹਨ |

           ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੌਰਾਨ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦਾ ਅੰਕੜਾ ਸਦਨ ਵਿਚ ਰੱਖਿਆ ਹੈ | ਇੱਧਰ, ਪੰਜਾਬ ਸਰਕਾਰ ਕੋਲ ਸਿਰਫ਼ 381 ਸ਼ਹੀਦ ਕਿਸਾਨਾਂ/ਮਜ਼ਦੂਰਾਂ ਦਾ ਵੇਰਵਾ ਪੁੱਜਾ ਹੈ | ਦੇਖਿਆ ਜਾਵੇ ਤਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵੀ ਸੰਸਦ ਵਿਚ ਆਖ ਚੁੱਕੇ ਹਨ ਕਿ ਉਨ੍ਹਾਂ ਕੋਲ ਸ਼ਹੀਦ ਕਿਸਾਨਾਂ ਦਾ ਕੋਈ ਵੇਰਵਾ ਨਹੀਂ ਹੈ | ਕਿਸਾਨ ਆਗੂ ਆਖਦੇ ਹਨ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਜ ਭਰ ਵਿਚ ਨੌਕਰੀ ਦੇਣ ਦੇ ਵੱਡੇ ਫਲੈਕਸ ਤਾਂ ਲਗਾ ਦਿੱਤੇ ਹਨ ਪਰ ਬਹੁਤੇ ਪਰਿਵਾਰਾਂ ਕੋਲ ਆਫਰ ਲੈਟਰ ਵੀ ਨਹੀਂ ਪੁੱਜੇ ਹਨ |

            ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਆਖਦੇ ਹਨ ਕਿ ਜਿਨ੍ਹਾਂ ਕੇਸਾਂ ਵਿਚ ਸ਼ਹੀਦ ਪਰਿਵਾਰਾਂ ਦੇ ਵਾਰਸ ਓਵਰਏਜ ਹੋ ਚੁੱਕੇ ਹਨ ਜਾਂ ਬੇਔਲਾਦ ਹਨ, ਉਨ੍ਹਾਂ ਨੂੰ ਕੈਬਨਿਟ ਵਿਚ ਛੋਟਾਂ ਦਿੱਤੀਆਂ ਜਾਣ | ਜਾਣਕਾਰੀ ਅਨੁਸਾਰ ਇਨ੍ਹਾਂ ਪਰਿਵਾਰਾਂ ਵਿਚ ਸਰਕਾਰ ਪ੍ਰਤੀ ਕਾਫ਼ੀ ਰੋਸ ਫੈਲ ਗਿਆ ਹੈ ਅਤੇ ਕਿਸਾਨ ਧਿਰਾਂ ਨੇ ਇਸ ਦਾ ਨੋਟਿਸ ਲਿਆ ਹੈ | ਬੀ.ਕੇ.ਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਆਖਦੇ ਹਨ ਕਿ ਸਰਕਾਰ ਫੌਰੀ ਨਿਯੁਕਤੀ ਪੱਤਰ ਜਾਰੀ ਕਰੇ ਅਤੇ ਕੀਤੇ ਐਲਾਨਾਂ 'ਤੇ ਪਹਿਰਾ ਦੇਵੇ | 

                                  ਮੰਡੀ ਕਲਾਂ ਦੇ ਛੇ ਜੀਅ ਘੋਲ ਦੇ ਲੇਖੇ  ਲੱਗੇ

ਪੰਜਾਬ ਦਾ ਪਿੰਡ ਮੰਡੀ ਕਲਾਂ (ਬਠਿੰਡਾ) ਇਕਲੌਤਾ ਪਿੰਡ ਹੈ ਜਿਥੋਂ ਦੇ ਕਿਸਾਨ ਘੋਲ ਦੌਰਾਨ ਸਭ ਤੋਂ ਵੱਧ ਕਿਸਾਨ/ਮਜ਼ਦੂਰ ਸ਼ਹੀਦ ਹੋਏ ਹਨ | ਇਸ ਇਕੱਲੇ ਪਿੰਡ ਦੇ ਅੱਧੀ ਦਰਜਨ ਪਰਿਵਾਰਾਂ ਦੇ ਜੀਅ ਕਿਸਾਨ ਘੋਲ ਦੇ ਲੇਖੇ ਲੱਗੇ ਹਨ ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਿਲ ਹਨ | ਸ਼ਹੀਦ ਜਸਪਾਲ ਕੌਰ, ਸ਼ਹੀਦ ਮਨਪ੍ਰੀਤ ਸਿੰਘ ਅਤੇ ਸ਼ਹੀਦ ਨਛੱਤਰ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੇਣੀ ਤਾਂ ਦੂਰ ਦੀ ਗੱਲ, ਸਰਕਾਰ ਨੇ ਬਾਤ ਵੀ ਨਹੀਂ ਪੁੱਛੀ | ਬਾਕੀ ਤਿੰਨ ਪਰਿਵਾਰਾਂ ਨੂੰ ਨਿਯੁਕਤੀ ਮਿਲ ਚੁੱਕੇ ਹਨ | ਨੌਕਰੀ ਤੋਂ ਵਾਂਝੇ ਪਰਿਵਾਰ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੇ ਹਨ | 

              ਸਭ ਯੋਗ ਵਾਰਸਾਂ ਨੂੰ ਨੌਕਰੀ ਦਿਆਂਗੇ: ਖੇਤੀ ਮੰਤਰੀ

ਖੇਤੀ ਮੰਤਰੀ ਪੰਜਾਬ ਰਣਦੀਪ ਸਿੰਘ ਨਾਭਾ ਦਾ ਕਹਿਣਾ ਸੀ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਭਨਾਂ ਸ਼ਹੀਦਾਂ ਦੇ ਯੋਗ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇਗੀ | ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਹਨ, ਉਨ੍ਹਾਂ ਲਈ ਨੌਕਰੀ ਦੇਣਾ ਮੁਸ਼ਕਲ ਹੋਵੇਗਾ | ਉਨ੍ਹਾਂ ਦੱਸਿਆ ਕਿ ਹੁਣ ਤੱਕ 168 ਪਰਿਵਾਰਾਂ ਨੂੰ ਨੌਕਰੀ ਦੇਣ ਦੇ ਕੇਸ ਕਲੀਅਰ ਹੋ ਚੁੱਕੇ ਹਨ ਅਤੇ ਜਿਆਦਾ ਗਿਣਤੀ ਵਿਚ ਨੌਕਰੀ ਜੁਆਇੰਨ ਵੀ ਕਰ ਚੁੱਕੇ ਹਨ | ਖੇਤੀ ਮੰਤਰੀ ਨੇ ਕਿਹਾ ਕਿ ਸਿਰਫ਼ ਖੂਨ ਦੇ ਰਿਸ਼ਤੇ ਹੀ ਨੌਕਰੀ ਦਿੱਤੀ ਜਾ ਸਕਦੀ ਹੈ | ਜੋ ਮੋਰਚਾ ਸਮਾਪਤੀ ਮਗਰੋਂ ਕਿਸਾਨ ਰਸਤੇ ਵਿਚ ਸ਼ਹੀਦ ਹੋਏ ਹਨ, ਉਨ੍ਹਾਂ ਬਾਰੇ ਮੁੱਖ ਮੰਤਰੀ ਦੇ ਪੱਧਰ 'ਤੇ ਫੈਸਲਾ ਹੋਵੇਗਾ |

  


No comments:

Post a Comment