Friday, May 6, 2022

                                                       ਟੌਹਰ ਵੱਖਰੀ
                            ਪੰਜਾਬ ਦੇ ਹਰ 13ਵੇਂ ਘਰ ਵਿੱਚ ‘ਬੁਲੇਟ’ ਖੜ੍ਹੈ..!
                                                      ਚਰਨਜੀਤ ਭੁੱਲਰ      

ਚੰਡੀਗੜ੍ਹ : ਪੰਜਾਬ ਵਿੱਚ ਔਸਤਨ ਹਰ 13ਵੇਂ ਘਰ ’ਚ ‘ਬੁਲੇਟ’ ਮੋਟਰਸਾਈਕਲ ਖੜ੍ਹਾ ਹੈ। ‘ਬੁਲੇਟ’ ਨਾਲ ਪੰਜਾਬ ਦਾ ਵੱਖਰਾ ਨਾਤਾ ਹੈ। ਜਿਵੇਂ ਪੰਜਾਬ ਜੋਸ਼ ਤੇ ਤਾਕਤ ਦਾ ਪ੍ਰਤੀਕ ਹੈ, ਉਵੇਂ ਦੀ ਭੱਲ ‘ਬੁਲੇਟ’ ਰੱਖਦਾ ਹੈ। ਪੰਜਾਬ ’ਚ ਇਸ ਵੇਲੇ 4.23 ਲੱਖ ‘ਬੁਲੇਟ’ ਮੋਟਰਸਾਈਕਲ ਰਜਿਸਟਰਡ ਹਨ। ਲੰਘੇ ਚਾਰ ਵਰ੍ਹਿਆਂ ਵਿੱਚ ਕਰੀਬ ਡੇਢ ਲੱਖ ‘ਬੁਲੇਟ’ ਵਿਕੇ ਹਨ। ਨੋਟਬੰਦੀ, ਕੋਵਿਡ ਤੇ ਤੇਲ ਕੀਮਤਾਂ ਦਾ ਸਿਖਰ ‘ਬੁਲੇਟ’ ਦੀ ਮੜਕ ਨਹੀਂ ਭੰਨ੍ਹ ਸਕਿਆ। ਬੇਸ਼ੱਕ ਪੰਜਾਬ ਨੂੰ ਹਰ ਅਲਾਮਤ ਨੇ ਝੰਬਿਆ ਹੈ ਪਰ ਸਰਦੇ ਪੁੱਜਦੇ ਤਬਕੇ ਨੇ ‘ਬੁਲੇਟ’ ਨੂੰ ਸਟੇਟਸ ਸਿੰਬਲ ਸਮਝਿਆ ਹੈ। ਟਰਾਂਸਪੋਰਟ ਵਿਭਾਗ ਕੋਲ ਹੁਣ ਤੱਕ ਦੇ ਰਜਿਸਟ੍ਰੇਸ਼ਨ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 53.18 ਲੱਖ ‘ਬੁਲੇਟ’ ਮੋਟਰਸਾਈਕਲ (ਰਾਇਲ ਐਨਫੀਲਡ ਕੰਪਨੀ) ਰਜਿਸਟਰਡ ਹਨ। 

           ਕੋਵਿਡ ਮਗਰੋਂ ‘ਬੁਲੇਟ’ ਦੀ ਵਿਕਰੀ ਪ੍ਰਭਾਵਿਤ ਹੋਈ ਹੈ ਪਰ ਬਹੁਤੀ ਨਹੀਂ ਘਟੀ। ਇੰਨਾ ਜ਼ਰੂਰ ਹੈ ਕਿ ਪਹਿਲਾਂ ‘ਬੁਲੇਟ’ ਦੀ ਬੁਕਿੰਗ ਲਈ ਲੰਮੀ ਕਤਾਰ ਹੁੰਦੀ ਸੀ, ਹੁਣ ਬਿਨਾਂ ਬੁਕਿੰਗ ਤੋਂ ਵੀ ਵਾਹਨ ਮਿਲ ਰਿਹਾ ਹੈ। ਸਰਕਾਰੀ ਅੰਕੜਾ ਹੈ ਕਿ ਜਨਵਰੀ 2018 ਤੋਂ ਦਸੰਬਰ 2021 ਤੱਕ ਪੰਜਾਬ ਵਿਚ 1,50,448 ‘ਬੁਲੇਟ’’ ਮੋਟਰਸਾਈਕਲ ਰਜਿਸਟਰਡ ਹੋਏ ਹਨ। ਇਨ੍ਹਾਂ ਚਾਰ ਵਰ੍ਹਿਆਂ ਦੀ ਔਸਤਨ ਦੇਖੀਏ ਤਾਂ ਪੰਜਾਬ ਵਿੱਚ ਹਰ ਦਿਨ 103 ‘ਬੁਲੇਟ’ ਮੋਟਰਸਾਈਕਲ ਰਜਿਸਟਰਡ ਹੋਏ ਹਨ। ਵਰ੍ਹਾ 2022 ਦੌਰਾਨ 10,507 ‘ਬੁਲੇਟ’ ਰਜਿਸਟਰਡ ਹੋਏ ਹਨ। ਲੁਧਿਆਣਾ ਦੇ ਸੰਤ ਮੋਟਰਜ਼ ਦੇ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਭ ਤੋਂ ਵੱਧ ‘ਬੁਲੇਟ’ ਦਾ ਸਟੈਂਡਰਡ ਮਾਡਲ ਵਿਕਦਾ ਹੈ, ਜਿਸ ਦੀ ਕੀਮਤ ਕਰੀਬ 1.54 ਲੱਖ ਰੁਪਏ ਹੈ। 

          ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ 20 ਸਾਲ ਤੋਂ 35 ਸਾਲ ਤੱਕ ਦਾ ਵਰਗ ਸਭ ਤੋਂ ਵੱਧ ਖ਼ਰੀਦਦਾ ਹੈ। ਇਸ ਦੀ ਰੀਸੇਲ ਵੈਲਿਊ ਵੀ ਜ਼ਿਆਦਾ ਹੈ। ਦੂਜੇ ਪਾਸੇ ਹਰਿਆਣਾ ’ਤੇ ਝਾਤ ਮਾਰੀਏ ਤਾਂ ਗੁਆਂਢੀ ਸੂਬੇ ਵਿੱਚ ਕੁੱਲ 2.37 ਲੱਖ ‘ਬੁਲੇਟ’ ਰਜਿਸਟਰਡ ਹਨ, ਜਦੋਂ ਕਿ ਚੰਡੀਗੜ੍ਹ ਵਿਚ 24,680 ਬੁਲੇਟ ਮੋਟਰਸਾਈਕਲ ਰਜਿਸਟਰਡ ਹਨ। ਇਸੇ ਤਰ੍ਹਾਂ ਯੂਪੀ ਵਿੱਚ 6.48 ਲੱਖ, ਪੱਛਮੀ ਬੰਗਾਲ ਵਿੱਚ 2.22 ਲੱਖ, ਰਾਜਸਥਾਨ ਵਿਚ 1.62 ਲੱਖ , ਮਹਾਰਾਸ਼ਟਰ ਵਿਚ 5.72 ਲੱਖ ਅਤੇ ਦਿੱਲੀ ਵਿਚ 3.05 ਲੱਖ ਬੁਲੇਟ ਮੋਟਰਸਾਈਕਲ ਰਜਿਸਟਰਡ ਹਨ। ਪੰਜਾਬ ਵਿੱਚ ਕਰੀਬ 55 ਲੱਖ ਘਰ ਹਨ ਜਦੋਂ ਕਿ 4.23 ਲੱਖ ਬੁਲੇਟ ਹਨ। ਇਸ ਲਿਹਾਜ਼ ਨਾਲ ਹਰ 13ਵੇਂ ਘਰ ਵਿੱਚ ‘ਬੁਲੇਟ’ ਹੈ। 

          ਪੰਜਾਬੀ ਗੀਤਾਂ ਵਿੱਚ ਵੀ ‘ਬੁਲੇਟ’ ਦੀ ਸਰਦਾਰੀ ਹੈ। ਪੰਜਾਬ ’ਚ ਇੱਕ ਦੌਰ ਉਹ ਵੀ ਆਇਆ ਜਦੋਂ ਬੁਲੇਟ ’ਤੇ ਡਬਲ ਸਵਾਰੀ ਦੀ ਮਨਾਹੀ ਸੀ। ਪੰਜਾਬ ਪੁਲੀਸ ਅਤੇ ਭਾਰਤੀ ਫ਼ੌਜ ਲਈ ਵੀ ‘ਬੁਲੇਟ’ ਤਰਜੀਹੀ ਰਿਹਾ ਹੈ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵਿੰਦਰ ਰਵੀ ਨੇ ਕਿਹਾ ਕਿ ਅਸਲ ਵਿੱਚ ‘ਬੁਲੇਟ’ ਪੰਜਾਬੀ ਸੁਭਾਅ ਤੇ ਸੱਭਿਆਚਾਰ ਨਾਲ ਮੇਲ ਖਾਂਦਾ ਹੈ ਅਤੇ ਇਹ ਮਾਣ ਦਾ ਪ੍ਰਤੀਕ ਵੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਹੱਦ ਤੱਕ ‘ਬੁਲੇਟ’ ਨੂੰ ਬਗ਼ਾਵਤ ਚਿੰਨ੍ਹ ਵਜੋਂ ਵੀ ਦੇਖਿਆ ਜਾਂਦਾ ਹੈ। ਹਾਲਾਂਕਿ ਇਸ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ ਪਰ ਇਸ ਦਾ ਮਾਲਕ ਹੋਣਾ ਪੰਜਾਬ ਦੇ ਇੱਕ ਤਬਕੇ ਨੂੰ ਸਕੂਨ ਦਿੰਦਾ ਹੈ।

                                         ‘ਹਾਰਲੇ’ ਦੇ ਵੀ ਸ਼ੌਕੀਨ ਨੇ ਪੰਜਾਬੀ

ਪੰਜਾਬੀ ‘ਹਾਰਲੇ ਡੇਵਿਡਸਨ’ ਮੋਟਰਸਾਈਕਲ ਦੇ ਵੀ ਸ਼ੌਕੀਨ ਹਨ। ਇਸ ਮੋਟਰਸਾਈਕਲ ਦੇ ਸਭ ਤੋਂ ਹੇਠਲੇ ਮਾਡਲ ਦੀ ਕੀਮਤ 11.75 ਲੱਖ ਤੋਂ ਸ਼ੁਰੂ ਹੁੰਦੀ ਹੈ। ਪੰਜਾਬ ਵਿੱਚ ਇਸ ਵੇਲੇ 21 ‘ਹਾਰਲੇ ਡੇਵਿਡਸਨ’ ਮੋਟਰ ਸਾਈਕਲ ਰਜਿਸਟਰਡ ਹਨ ਜਦਕਿ ਸਮੁੱਚੇ ਦੇਸ਼ ਵਿਚ ਇਹ ਗਿਣਤੀ 277 ਹੈ। ਚੰਡੀਗੜ੍ਹ ਵਿਚ ਇਨ੍ਹਾਂ ਦੀ ਗਿਣਤੀ 14 ਹੈ। ਪੰਜਾਬ ਦੇ ਲੁਧਿਆਣਾ ਵਿੱਚ ਛੇ, ਜਲੰਧਰ ਵਿੱਚ ਤਿੰਨ ਅਤੇ ਮੋਹਾਲੀ ਵਿੱਚ ਦੋ ਮੋਟਰਸਾਈਕਲ ਰਜਿਸਟਰਡ ਹਨ।

No comments:

Post a Comment