ਗਵਾਰਾਂ
ਦਾ ਹਾਸਾ
ਚਰਨਜੀਤ ਭੁੱਲਰ
ਚੰਡੀਗੜ੍ਹ
: ਅੱਜ ਸ਼ੁਰੂਆਤ ‘ਦੀਵਾਰ’ ਫਿਲਮ ਦੇ ਮਸ਼ਹੂਰ ਡਾਇਲਾਗ ਨਾਲ, ‘ਮੇਰੇ
ਪਾਸ ਬੰਗਲਾ ਹੈ, ਗਾਡੀ ਹੈ, ਤੁਮਹਾਰੇ ਪਾਸ ਕਿਆ ਹੈ ? ...ਮੇਰੇ ਪਾਸ ਮਾਂ ਹੈ’। ਮਨ
ਹੌਲਾ ਨਾ ਕਰੋ ਸੱਜਣੋ! ਰੁੱਤਾਂ ਕੋਲ ਜੇ ਇੰਦਰ ਦੇਵਤਾ ਹੈ ਤਾਂ ਪੰਜਾਬ ਕੋਲ ਵੀ ਮਹਾਰਾਜਾ ਅਮਰਿੰਦਰ
ਹਨ, ਬੀਬੀ ਰਜਿੰਦਰ ਕੌਰ ਭੱਠਲ ਹਨ। ਪਾਣੀ ਸਿਰੋਂ
ਲੰਘਦਾ ਦਿਖੇ ਤਾਂ ਮਹਾਰਾਣੀ ਪ੍ਰਨੀਤ ਕੌਰ ਵੀ ਹਨ। ਏਨੇ ਪ੍ਰਤਾਪੀ ਚਿਹਰੇ ਹੋਣ, ਫਿਰ ਘੱਗਰਾਂ ਦੀ ਕੀ ਮਜਾਲ। ‘ਚੰਗੇ ਮਲਾਹ ਦੀ ਪਛਾਣ ਤੂਫਾਨ ਆਏ ਤੋਂ ਹੀ
ਹੁੰਦੀ ਹੈ।’ ਇਕੱਲੇ ਪਾਣੀਆਂ ਦੇ ਰਾਖੇ ਨਹੀਂ, ਮਲਾਹਾਂ ਦੇ ਵੀ ਬਾਦਸ਼ਾਹ ਨੇ ਅਮਰਿੰਦਰ। ਨਹੀਂ
ਯਕੀਨ ਤਾਂ ਗੁਟਕਾ ਸਾਹਿਬ ਦੀ ਸਹੁੰ ਚੁਕਵਾ ਦਿੰਦੇ ਹਾਂ। ਭਲਿਓ! ਪੰਜਾਬ ਖਾਤਰ ਤਾਂ ਅਮਰਿੰਦਰ
ਭਾਜਪਾ ਦੇ ਘਰ ਤੱਕ ਚਲੇ ਗਏ ਨੇ। ਹੋਰ ਕੀ ਭਾਲਦੇ ਹੋ..!
ਪਹਿਲਾਂ ਲਹਿਰਾਗਾਗਾ ਚੱਲਦੇ ਹਾਂ। ਬੀਬੀ ਭੱਠਲ
ਕਿਤੇ ਲੰਡਨ ਨਾ ਗਏ ਹੁੰਦੇ, ਘੱਗਰ ਦੀ ਸਾਰ ਲੈਣ ’ਚ ਉਨ੍ਹਾਂ ਅੱਗੇ ਹੋਣਾ ਸੀ। ਚੇਤੇ ਕਰੋ ਉਹ
ਦਿਨ, ਜਦੋਂ ਇੰਦਰ ਦੇਵਤਾ ਜੁਆਕਾਂ ਵਾਂਗੂ ਰੁੱਸੇ
ਸਨ। ਸੋਕੇ ਨੇ ਬੱਸ ਕਰਵਾ ਦਿੱਤੀ ਸੀ। ਉਦੋਂ ਘੱਗਰ ਐਨ ਸੁੱਕਾ ਸੀ, ਚੰਡੀਗੜ੍ਹ ’ਚ ਹਾਰ ਸ਼ਿੰਗਾਰ ਲਾ ਕੇ, ਘੱਗਰੇ ਪਾ ਕੇ ਬੀਬੀਆਂ ਕੱਠੀਆਂ ਹੋਈਆਂ, ਤੀਆਂ ਮਨਾਉਣ ਲਈ ਨਹੀਂ, ਇੰਦਰ ਦੇਵਤਾ ਨੂੰ ਮਨਾਉਣ ਵਾਸਤੇ। ਅਗਵਾਈ
ਉਦੋਂ ਦੀ ਮੰਤਰੀ ਬੀਬੀ ਭੱਠਲ ਨੇ ਕੀਤੀ ਸੀ। ਸਖ਼ੀਆਂ ਰਲ ਮਿਲ ਗੁੱਡੀ ਫੂਕੀ। ਗੁਲਜ਼ਾਰ ਵੀ ਸ਼ਰਧਾ ’ਚ ਗੁਣਗਣਾਏ ਸਨ.. ‘ਅੱਲਾ ਮੇਘ ਦੇ..’।
ਨਵੀਂ ਪੀੜੀ ਨੂੰ ਨਹੀਂ ਪਤਾ ਕਿ ਸੋਕਾ ਪੈਣ ’ਤੇ ਕੁੜੀਆਂ ਗੁੱਡੀ ਫੂਕਦੀਆਂ ਨੇ। ਇੰਦਰ
ਦੇਵਤਾ ਵੀ ਪਟਿਆਲਵੀ ਰਾਜੇ ਵਾਂਗੂ ਥੋੜਾ ਮਿਜਾਜ਼ੀ ਰੰਗ ਦੇ ਨੇ, ਰੰਗੀਨਪੁਣੇ ਦੇਖ ਪ੍ਰਸੰਨ ਹੁੰਦੇ ਨੇ । ਬਲਵੰਤ
ਗਾਰਗੀ ਨੇ ਕੇਰਾਂ ਬਠਿੰਡੇ ਥਰਮਲ ਦੀਆਂ ਚਿਮਨੀਆਂ ਦੇਖ ਕਿਹਾ ਸੀ, ‘ਬਈ! ਏਹ ਤਾਂ ਰੱਬ ਦਾ ਘੱਗਰਾ ਐ।’ ਗਾਰਗੀ ਅੱਜ ਸਾਡੇ ’ਚ ਹੁੰਦੇ ਤਾਂ ਉਨ੍ਹਾਂ ਘੱਗਰ ਨੂੰ ਰੱਬ ਦੀ
ਘੱਗਰੀ ਆਖ ਦੇਣਾ ਸੀ। ਪਰਲੋਕਪੁਰੀ ’ਚ
ਗੂੰਜ ਪਈ ਹੋਣੀ ਐ, ‘ਤੇਰੇ ਘੱਗਰੇ ਦੀ ਨੀਂ ਲੌਣ ਭਿੱਜ ਗਈ।’ ਸਿਆਸਤਦਾਨ ਲੋੜ ਵੇਲੇ ਗਧੇ ਨੂੰ ਬਾਪ ਤੇ ਬਾਪ
ਨੂੰ ਗਧਾ ਕਹਿਣੋ ਨਹੀਂ ਝਿਜਕਦੇ,
ਘੱਗਰੀਆਂ ਪਾਉਣਾ ਇਨ੍ਹਾਂ ਲਈ ਕੀ ਔਖੈ।
ਕਿਸਾਨਾਂ ਨੇ ਜ਼ਰੂਰ ਰੱਬ ਦੇ ਮਾਂਹ ਵਾਹੇ ਹੋਣੇ ਨੇ, ਤਾਹੀਓਂ
ਰੱਬ ਦਾ ਅੱਡਾ ਇੰਚਾਰਜ ਅੱਜ ਪੰਜਾਬ ਨਾਲ ਰੁੱਸਿਐ। ‘ਕਦੇ
ਡੋਬਾ, ਕਦੇ ਸੋਕਾ’ ।
‘ਬੱਦਲ ਚੜਿਆ ਚੰਬਲੋਂ, ਡੰਗਰ ਵੱਛੇ ਸਾਂਭਲੋ’। ਸਤਲੁਜ ਤੇ ਘੱਗਰ ਕਿਥੋਂ ਸਾਂਭਣ ਦਿੰਦੇ ਆ।
ਜੀਅ ਕਰਦੈ ਅਮਰਿੰਦਰ ਦੇ ਚਰਨ ਧੋ ਧੋ ਪੀਵਾਂ, ਜਿਨ੍ਹਾਂ
ਤੋਂ ਪਰਜਾ ਦਾ ਦੁੱਖ ਝੱਲ ਨਹੀਓਂ ਹੁੰਦਾ। 1993 ’ਚ ਹੜ੍ਹ ਆਏ ਤਾਂ ਅਮਰਿੰਦਰ ਲੰਡਨੋਂ ਸਿੱਧੇ ਪਟਿਆਲੇ ਪੁੱਜੇ। ਪੁਰਾਣੀ ਮਿੱਥ ਹੈ ਕਿ
ਜਦੋਂ ਪਟਿਆਲਾ ਨਦੀ ਚੜ੍ਹਦੀ ਹੈ,
ਮਹਾਰਾਜਾ ਨਦੀ ’ਚ ਨੱਥ ਚੂੜਾ ਚੜਾਉਂਦੈ, ਨਦੀ ਉਤਰ ਜਾਂਦੀ ਹੈ।
ਕਹਿੰਦੇ ਕਿਸੇ ਫਕੀਰ ਨੇ ਸਰਾਪ ਦਿੱਤਾ ਸੀ।
ਤਾਹੀਂ ਪਟਿਆਲਾ ਡੁੱਬਦੈ। ‘ਔਖੇ ਵੇਲੇ ਸਾਥ ਜੋ ਦੇਵੇ, ਸੋਈ ਮੀਤ ਪਛਾਣੀਏ’। ਲੋਕ ਅਮਰਿੰਦਰ ਦੇ ਪੁਰਖਿਆਂ ਦੇ ਨਾਮ ਨਹੀਂ
ਲੈਂਦੇ ਸਨ, ਉਨ੍ਹਾਂ ਨੂੰ ਸਰਕਾਰ ਆਖ ਬੁਲਾਉਂਦੇ ਸਨ।
ਐਤਕੀਂ ਦੋਖੀਆਂ ਨੇ ਕੂੜ ਪ੍ਰਚਾਰ ਕੀਤਾ ਕਿ ਨਦੀ ਉਤਾਰਨ ਮਹਾਰਾਜਾ ਨਹੀਂ ਆਇਆ। ਇਨ੍ਹਾਂ ਬੁੱਧੂਆਂ
ਨੂੰ ਕੌਣ ਸਮਝਾਏ ਕਿ ਉਹ ਦੁੱਖਾਂ ਦਾ ਦਰਦੀ, ਤੁਹਾਡੇ
ਖਾਤਰ ਜ਼ਰੂਰ ਸਿਸਵਾਂ ਵਾਲੇ ਧੂਣੇ ’ਤੇ
ਬੈਠ ਤਪੱਸਿਆ ਪਿਆ ਕਰਦਾ ਹੋਵੇਗਾ। ਮਹਾਰਾਣੀ ਪ੍ਰਨੀਤ ਕੌਰ ਕਿੰਨੀ ਖੈਰਖਵਾਹ ਹੈ ਜਿਨ੍ਹਾਂ ਪਟਿਆਲਾ
ਨੂੰ ਹੱਥ ਦੇ ਕੇ ਰੱਖ ਲਿਆ। ਜੇ ਮਹਾਰਾਣੀ ਨਦੀ ’ਚ
ਨੱਥ ਚੂੜਾ ਨਾ ਚੜਾਉਂਦੀ, ਸਭ ਵੋਟਾਂ ਨੇ ਰੁੜ੍ਹ ਜਾਣਾ ਸੀ। ਹਾਲੇ
ਮੂੜ੍ਹਮੱਤੀਏ ਆਖਦੇ ਪਏ ਨੇ, ਏਹ ਤਾਂ ਅੰਧ ਵਿਸ਼ਵਾਸ ਐ।
ਮੂਰਖਦਾਸੋ ! ਜੇ ਧੰਨਾ ਭਗਤ ਪੱਥਰਾਂ ਚੋਂ ਰੱਬ ਨੂੰ ਪਾ
ਸਕਦੈ, ਗਊ ਮੂਤਰ ਕਰੋਨਾ ਨੂੰ ਭਜਾ ਸਕਦੈ, ਮੋਦੀ ਦੇ ਜਹਾਜ਼ ਬੱਦਲਾਂ ਵਿਚ ਲੁਕ ਸਕਦੇ ਨੇ
ਤਾਂ ਨੱਥ ਚੂੜਾ ਨਦੀ ਨੂੰ ਕਿਉਂ ਨਹੀਂ ਉਤਾਰ ਸਕਦਾ। ਇਤਿਹਾਸਿਕ ਤੇ ਮਿਥਹਾਸਿਕ ਤਜਰਬੇ ਨੇ ਇਸ ’ਤੇ ਵੱਡੀ ਮੋਹਰ ਲਾਈ ਹੈ। ਕੁਦਰਤ ਦਾ ਮਹਾਰਾਜੇ
ਨਾਲ ਅਜੀਬ ਨੱਥ-ਜੋੜ ਹੈ, ਤਾਹੀਂ ਜਜਮਾਨ ਵੀ ਬਚਾਅ ਲਏ। ਭਗਵੰਤ ਮਾਨ ਤਾਂ ਐਵੇਂ ਟੱਕਰਾਂ ਮਾਰਦੈ ਫਿਰਦੈ, ਚੰਗਾ ਹੁੰਦਾ ਉਹ ਰਾਣੀ ਸਾਹਿਬਾਂ ਨੂੰ ਦੂਸਰੇ
ਦਰਿਆਵਾਂ ’ਤੇ ਵੇਲੇ ਸਿਰ ਲੈ ਜਾਂਦਾ। ਘੱਟੋ ਘੱਟ ਪੰਜਾਬ
ਤਾਂ ਬਚ ਜਾਂਦਾ। ਉਲਟਾ ਆਖਦਾ ਫਿਰਦੈ, ਇਨ੍ਹਾਂ
ਨੇ ਤਾਂ ਪੰਜਾਬ ਡੋਬਿਐ। ਕਿਸੇ ਨੇ ਇਨ੍ਹਾਂ ਨੂੰ ਦੇਖ ਹੀ ਕਲਮ ਝਰੀਟੀ ਹੋਊ, ‘ਕੁਛ ਤੋਂ ਲੋਗ ਕਹੇਗੇਂ, ਲੋਗੋਂ ਕਾ ਕਾਮ ਹੈ ਕਹਿਨਾ।’
ਕੌਣ ਕਹੇ ਰਾਣੀਏ ਅੱਗਾ ਢੱਕ । ਅੱਗੇ ਤਾਂ ਭਾਈ ਲੋਕ ਸਭਾ ਚੋਣਾਂ ਨੇ। ਰੰਜ ਤੇ
ਤਨਜ਼ ਛੱਡੋ, ਦਾਸ ਦੀ ਮੰਨੋ ਤਾਂ ਮਹਾਰਾਣੀ ਨੂੰ ਉਨ੍ਹਾਂ
ਟੈਕੀਆਂ ਕੋਲ ਵੀ ਲੈ ਕੇ ਜਾਓ,
ਜਿਥੇ ਹੱਕ ਮੰਗਣ ਵਾਲੇ ਚੜ੍ਹੇ ਨੇ, ਸ਼ਾਇਦ ਨੱਥ ਚੂੜੇ ਨਾਲ ਹੀ ਉਤਰ ਜਾਣ। ਮੋਤੀ
ਮਹਿਲ ਦੇ ਤਜਰਬੇ ਦਾ ਛਿੱਟਾ ਪੂਰੇ ਪੰਜਾਬ ’ਤੇ
ਦੇਵੋ। ਮੁਫਤ ਦੀ ਸਲਾਹ ਮੰਨੋ ਤਾਂ ਪ੍ਰਨੀਤ ਕੌਰ ਨੂੰ ‘ਨੌਲੇਜ
ਸ਼ੇਅਰਿੰਗ ਪ੍ਰੋਗਰਾਮ’ ਤਹਿਤ ਦਿੱਲੀ ਵੀ ਭੇਜੋ, ਯਮੁਨਾ ਦਾ ਪਾਣੀ ਤਾਂ ਉਤਰੂ। ਫਿਰ ਕੀ ਪਤੈ, ਮੋਦੀ ਸਰਕਾਰ ਕੋਈ ਨਵਾਂ ‘ਨੱਥ ਮੰਤਰਾਲਾ’ ਹੀ ਬਣਾ ਦੇਵੇ। ਪ੍ਰਨੀਤ ਕੌਰ ਦੀ ਵਜ਼ੀਰੀ
ਪੱਕੀ।
ਦਾਨ ਪੁੰਨ ’ਚ ਮੋਤੀ ਮਹਿਲ ਦਾ ਕੋਈ ਸਾਨੀ ਨਹੀਂ। ਬਹੁਤਾ ਦੂਰ ਨਾ ਜਾਵੋ, 2022 ਦੀਆਂ ਚੋਣਾਂ ਤੋਂ ਐਨ ਪਹਿਲਾਂ ਅਮਰਿੰਦਰ ਨੇ
ਪੰਡਤ ਬੁਲਾਏ, ਸਿਆਸੀ ਗੁਮਾਸ਼ਤੇ ਕਾਲਾ ਕੱਟਾ ਲੈ ਆਏ, ਪੰਡਤਾਂ ਨੇ ਮੰਤਰਾਂ ਦੀ ਝੜੀ ਲਾਈ, ਮਹਾਰਾਜੇ ਨੇ ਆਪਣੇ ਕਰ ਕਮਲਾਂ ਨਾਲ ਕੱਟਾ ਦਾਨ
ਕੀਤਾ। ਮਹਾਰਾਜਵੀ ਹੱਥਾਂ ਦੀ ਛੋਹ ਪ੍ਰਾਪਤ ਹੋਣ ਨਾਲ ਕੱਟਾ ਸਾਹਿਬ ਧੰਨ ਹੋ ਗਏ। ਕੱਟਾ ਕੀ ਜਾਣੇ
ਕਿ ਇਨ੍ਹਾਂ ਹੱਥਾਂ ਦੀ ਛੋਹ ਦਾ ਵਿਰਲਿਆਂ ਨੂੰ ਸੁਭਾਗ ਪ੍ਰਾਪਤ ਹੁੰਦੈ। ਮਰਹੂਮ ਕਾਂਗਰਸੀ ਨੇਤਾ
ਰਤਨ ਦੇਵ ਭੰਡਾਰੀ ਦਾ ਸ਼ੇਅਰ ਹੈ,
‘ਹਮ ਮਿਠਾਈ ਬਾਂਟਤੇ
ਫਿਰਤੇ ਹੈਂ ਆਜ, ਹੈ ਹਮਾਰੀ ਭੈਂਸ ਨੇ ਕੱਟਾ ਦੀਆ’। ਸ਼ਾਇਦ ਇਹ ਭੰਡਾਰੀਆਂ ਦਾ ਹੀ ਕੱਟਾ ਹੋਵੇਗਾ
ਜਿਹੜਾ ਰਾਜੇ ਦੀਆਂ ਅੱਖਾਂ ’ਚ ਅੱਖਾਂ ਗੱਡੀ ਖੜ੍ਹਾ ਸੀ। ਨਹੀਂ ਕਿਸੇ
ਮਹਾਤੜ ਦੀ ਏਨੀ ਮਜ਼ਾਲ ਕਿਥੇ।
ਖੈਰ ਕਿਤੇ ਅਮਰਿੰਦਰ ਚੋਣ ਜਿੱਤ ਜਾਂਦੇ ਤਾਂ ਕੱਟਾ
ਜਾਤੀ ਦਾ ਸਿਰ ਮਾਣ ’ਚ ਉੱਚਾ ਹੋਣਾ ਸੀ। ਹਾਰਪੁਣਾ ਇਕੱਲਾ ਮਹਾਰਾਜੇ
ਪੱਲੇ ਨਹੀਂ ਪਿਆ ਬਲਕਿ ਕੱਟਾ ਜਾਤੀ ਵੀ ਮੂੰਹ ਦਿਖਾਉਣ ਜੋਗੀ ਨਹੀਂ ਰਹੀ। ਜਿੱਤ ਬਖਸ਼ਿਸ਼ ਹੁੰਦੀ ਤਾਂ
ਸ਼ਾਹੀ ਸ਼ਹਿਰ ਨੇ ‘ਕੱਟਿਆਂ ਵਾਲੇ ਪਟਿਆਲੇ’ਵਜੋਂ ਮਸ਼ਹੂਰ ਹੋਣਾ ਸੀ। ਮਹਾਰਾਜੇ ਨੂੰ ਗੱਦੀ ਮਿਲਦੀ
ਤਾਂ ਕੱਟਾ ਜਾਤੀ’ ਨੂੰ ਵੀ ਇੱਜ਼ਤ ਮਿਲਣੀ ਤੈਅ ਸੀ। ਹੋ ਸਕਦੈ
ਸਰਕਾਰ ਕੱਟੇ ਨੂੰ ‘ਰਾਜ ਪਸ਼ੂ’ ਐਲਾਨ ਦਿੰਦੀ। ਲੋਕਾਂ ਨੇ ਫੇਰ ਸ਼ਾਹੀ ਸ਼ਹਿਰ ਨੂੰ ਪਟਿਆਲਾ ਨਹੀਂ, ‘ਕਟਿਆਲਾ’ ਕਹਿਣਾ ਸੀ।
ਮੋਦੀ ਬੰਦਿਆ! ਤੁਸੀਂ ਵੀ ਕੁਰਬਾਨੀ ਦਾ ਮੁੱਲ
ਨਹੀਂ ਪਾਇਆ। ਤੁਹਾਨੂੰ ਡਰ ਮਾਰ ਗਿਆ ਹੋਊ ਕਿ ਜੇ ਅਮਰਿੰਦਰ ਨੂੰ ਗਵਰਨਰ ਲਾ’ਤਾ ਤਾਂ ਰਾਜ ਭਵਨ ਵਿਚ ਗਊ ਦੀ ਥਾਂ ਕੱਟੇ ਨੇ
ਲੈ ਲੈਣੀ ਹੈ। ਚਲੋ ਕੱਟਾ ਬਾਣੀ ਛੱਡੀਏ, ਉਨ੍ਹਾਂ
ਕੋਲ ਚੱਲੀਏ ਜਿਨ੍ਹਾਂ ਨੂੰ ਹੜ੍ਹਾਂ ਅੱਗੇ ਗੋਡੇ ਟੇਕਣੇ ਪਏ ਨੇ, ਜਿਨ੍ਹਾਂ ਨੂੰ ਨਿੱਤ ਨਵੀਂ ਜੰਗ ਲੜਣੀ ਪੈ ਰਹੀ
ਹੈ। ਲਤਾ ਮੰਗੇਸ਼ਕਰ ਠੀਕ ਫਰਮਾ ਰਹੀ ਹੈ.. ‘ਜ਼ਿੰਦਗੀ
ਹਰ ਕਦਮ ਇੱਕ ਨਵੀਂ ਜੰਗ ਐ।’ ਨੇਤਾਵਾਂ ਦਾ ਢਿੱਡ ਅਤੇ ਗਰੀਬ ਦਾ ਭੜੋਲਾ ਕਦੇ
ਨਹੀਂ ਭਰਦੇ। ‘ਚਿੜ੍ਹੀਆਂ ਦਾ ਮਰਨ, ਗਵਾਰਾਂ ਦਾ ਹਾਸਾ’। ਸੱਚਮੁੱਚ ਨੇਤਾਵਾਂ ਨੇ ਹੜਾਂ ਨੂੰ ਤਮਾਸ਼ਾ ਬਣਾ
ਰੱਖਿਆ ਹੈ। ਕਿਤੇ ਕਾਮਰੇਡ ਗੁੱਸਾ ਨਾ ਕਰ ਜਾਣ, ਹੜ੍ਹ
ਝੱਲਣ ਵਾਲਿਓ! ਨੇਤਾਵਾਂ ਤੋਂ ਨਹੀਂ, ਉਸ
ਮਾਲਕ ਤੋਂ ਮੰਗੋ..‘ਐਸੀ ਸ਼ਕਤੀ ਹਮੇ ਦੇ ਦਾਤਾ..’।
No comments:
Post a Comment