Monday, January 29, 2024

                                                         ਨੌਕਰੀ ਦੀ ਝਾਕ
                                  ਜਿਨ੍ਹਾਂ ਉਮਰਾਂ ਲੰਘਾ ਲਈਆਂ..!
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਦੇ ਹਜ਼ਾਰਾਂ ਨੌਜਵਾਨ ਅਜਿਹੇ ਹਨ ਜਿਹੜੇ ਰੁਜ਼ਗਾਰ ਦੀ ਝਾਕ ਵਿੱਚ ਉਮਰਾਂ ਲੰਘਾ ਚੁੱਕੇ ਹਨ। ਉਮਰ ਹੱਦ ਹੁਣ ਲੰਘ ਜਾਣ ਵਾਲਿਆਂ ’ਚੋਂ ਬਹੁਤੇ ਉਨ੍ਹਾਂ ਉਮੀਦਵਾਰਾਂ ਖਾਤਰ ਸੰਘਰਸ਼ ਦੇ ਮੈਦਾਨ ਵਿੱਚ ਹਨ ਜਿਹੜੇ ਹਾਲੇ ਨੌਕਰੀ ਲਈ ਯੋਗ ਹਨ। ਚਾਰ-ਚਾਰ ਸਰਕਾਰਾਂ ਦੇਖਣ ਦੇ ਬਾਵਜੂਦ ਜਿਨ੍ਹਾਂ ਨੂੰ ਨੌਕਰੀ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਉਨ੍ਹਾਂ ਇਕੱਠੇ ਹੋ ਕੇ ‘ਓਵਰਏਜ ਨੌਜਵਾਨ ਯੂਨੀਅਨ’ ਵੀ ਬਣਾਈ ਸੀ। ਬਰਨਾਲਾ ਦੇ ਪਿੰਡ ਢਿੱਲਵਾਂ ਦਾ ਸੁਖਵਿੰਦਰ ਸਿੰਘ ਹੁਣ ਕਿਸੇ ਪਾਸੇ ਦਾ ਨਹੀਂ ਰਿਹਾ। ਬੀ.ਐਡ ਟੈੱਟ ਪਾਸ ਸੁਖਵਿੰਦਰ ਨੇ ਮਲਟੀਪਰਪਜ਼ ਹੈਲਥ ਵਰਕਰ ਦਾ ਡਿਪਲੋਮਾ ਵੀ ਕੀਤਾ ਹੋਇਆ ਹੈ। ਉਹ 2005 ਤੋਂ ਸੰਘਰਸ਼ੀ ਰਾਹ ’ਤੇ ਹੈ। ਹਵਾਲਾਤ ਵੀ ਦੇਖ ਲਏ, ਲਾਠੀਚਾਰਜ ਵੀ ਝੱਲ ਲਏ ਪਰ ਹੱਥ ਫਿਰ ਵੀ ਖਾਲੀ ਹਨ। ਸੁਖਵਿੰਦਰ ਸਿੰਘ ਆਖਦਾ ਹੈ ਕਿ ਉਹ ਤਾਂ ਉਮਰ ਲੰਘਾ ਚੁੱਕਾ ਹੈ ਪਰ ਹੁਣ ਉਹ ਨੌਕਰੀ ਲਈ ਯੋਗ ਉਮੀਦਵਾਰਾਂ ਖਾਤਰ ਸੰਘਰਸ਼ ਕਰ ਰਿਹਾ ਹੈ। ਸੁਖਵਿੰਦਰ ਦਾ ਲਾਠੀਚਾਰਜ ਵਿੱਚ ਇੱਕ ਵਾਰ ਮੋਢਾ ਵੀ ਉਤਰ ਚੁੱਕਾ ਹੈ।

          ਤਰਨ ਤਾਰਨ ਦੇ ਪਿੰਡ ਮਾੜੀ ਉਦੋਕੇ ਦਾ ਬਖਸ਼ੀਸ਼ ਸਿੰਘ ਐੱਮਏ, ਬੀਐਡ ਪਾਸ ਹੈ। ਉਹ 2008 ਤੋਂ ਸੜਕਾਂ ’ਤੇ ਕੂਕ ਰਿਹਾ ਹੈ। ਰੁਜ਼ਗਾਰ ਖ਼ਾਤਰ ਉਹ ਜੇਲ੍ਹ ਵੀ ਗਿਆ ਅਤੇ ਥਾਣੇ ਵੀ ਦੇਖ ਚੁੱਕਾ ਹੈ। ਉਹ ਆਖਦਾ ਹੈ, ‘‘ਸਾਡੀ ਤਾਂ ਉਮਰ ਹੱਦ ਲੰਘ ਗਈ, ਦੂਸਰਿਆਂ ਨੂੰ ਆਹ ਦਿਨ ਨਾ ਦੇਖਣੇ ਪੈਣ ਇਸ ਲਈ ਉਨ੍ਹਾਂ ਖਾਤਰ ਲੜ ਰਹੇ ਹਾਂ।’’ ਪੰਜਾਬ ਵਿੱਚ ਇਕੱਲੀ ਟੀਚਿੰਗ ਕੈਟਾਗਰੀ ਦੇ 1800 ਉਮੀਦਵਾਰ ਨੌਕਰੀ ਲਈ ਤੈਅ ਉਮਰ ਹੱਦ ਲੰਘਾ ਚੁੱਕੇ ਹਨ। ਪੰਜਾਬ ਸਰਕਾਰ ਨੇ ਜਨਰਲ ਵਰਗ ਲਈ ਉਮਰ ਹੱਦ 37 ਸਾਲ ਅਤੇ ਐੱਸਸੀ ਵਰਗ ਲਈ ਉਮਰ ਹੱਦ 42 ਸਾਲ ਕੀਤੀ ਹੋਈ ਹੈ। ਸਾਝਾਂ ਮੋਰਚਾ ਪੰਜਾਬ ਉਮਰ ਹੱਦ ਵਿੱਚ ਪੰਜ ਸਾਲ ਦੀ ਛੋਟ ਲਈ ਲੜ ਰਿਹਾ ਹੈ। ਮੌਜੂਦਾ ‘ਆਪ’ ਸਰਕਾਰ ਤੋਂ ਵੀ ਇਹ ਝਾਕ ਲਾਈ ਬੈਠੇ ਹਨ। ਕੈਬਨਿਟ ਸਬ-ਕਮੇਟੀ ਨਾਲ ਇਨ੍ਹਾਂ ਦੀ 31 ਜਨਵਰੀ ਨੂੰ ਇੱਕ ਮੀਟਿੰਗ ਵੀ ਹੋ ਰਹੀ ਹੈ। ਸੰਗਰੂਰ ਦੇ ਨਿਦਾਮਪੁਰ ਦਾ ਰਣਬੀਰ ਸਿੰਘ ਵੀ ਐੱਮਏ, ਬੀਐਡ ਹੈ ਅਤੇ ਉਹ ਵੀ ਉਮਰ ਹੱਦ ਲੰਘਾ ਚੁੱਕਾ ਹੈ।

          ਕਈ ਉਮੀਦਵਾਰਾਂ ਨੇ ਆਪੋ-ਆਪਣੀ ਦਾਸਤਾਨ ਦੱਸੀ ਕਿ ਸਰਕਾਰ ਨੇ ਨੌਕਰੀ ਨਹੀਂ ਦਿੱਤੀ ਅਤੇ ਇਸੇ ਝਾਕ ਵਿੱਚ ਉਹ ਵਿਆਹ ਕਰਾਉਣ ਤੋਂ ਵੀ ਖੁੰਝ ਗਏ। ਗੁਰਦਾਸਪੁਰ ਦੇ ਪਿੰਡ ਸੰਘੇੜਾ ਦਾ ਸੰਦੀਪ ਵੀ 2005 ਤੋਂ ਧਰਨੇ ਮੁਜ਼ਾਹਰਿਆਂ ਵਿੱਚ ਜਾ ਰਿਹਾ ਸੀ। ਉਹ ਵੀ ਨੌਕਰੀ ਵਾਲੀ ਉਮਰ ਲੰਘਾ ਚੁੱਕਾ ਹੈ। ਕਈ ਬੇਰੁਜ਼ਗਾਰ ਅਧਿਆਪਕਾਂ ਦੇ ਬੱਚੇ ਵੀ ਕਾਲਜਾਂ ਵਿੱਚ ਪੜ੍ਹ ਰਹੇ ਹਨ। ਹੁਸ਼ਿਆਰਪੁਰ ਦੇ ਪਿੰਡ ਖਾਨਪੁਰ ਦੇ ਅਮਨਦੀਪ ਸਿੰਘ ਨੇ ਉਮਰ ਹੱਦ ਲੰਘਾਉਣ ਮਗਰੋਂ ਹੁਣ ਨੌਕਰੀ ਦੀ ਝਾਕ ਹੀ ਛੱਡ ਦਿੱਤੀ ਹੈ। ਉਹ ਆਖਦਾ ਹੈ ਕਿ ਜਵਾਨੀ ਦੀ ਉਮਰ ਤਾਂ ਸੰਘਰਸ਼ਾਂ ਵਿੱਚ ਨਿਕਲ ਗਈ। ਨੌਕਰੀ ਲਈ ਉਮਰਾਂ ਲੰਘਾ ਚੁੱਕੇ ਉਮੀਦਵਾਰਾਂ ਦੀ ਇੱਕ ਹੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਉਮਰ ਹੱਦ ਵਿੱਚ ਪੰਜ ਸਾਲ ਦੀ ਛੋਟ ਦੇਵੇ ਤਾਂ ਹੀ ਉਹ ਕੁੱਝ ਵਰ੍ਹਿਆਂ ਦੀ ਨੌਕਰੀ ਦਾ ਸੁਫਨਾ ਪੂਰਾ ਹੁੰਦਾ ਦੇਖ ਸਕਦੇ ਹਨ।

                                 ਪੰਜਾਬ ਛੱਡਣ ਦੀ ਸਲਾਹ ਦੇਣ ਤੱਕ ਆਈ ਨੌਬਤ

ਬਰਨਾਲਾ ਦੇ ਪਿੰਡ ਦਾਨਗੜ੍ਹ ਦੀ ਕਰਮਜੀਤ ਕੌਰ ਬੀਐਡ ਟੈੱਟ ਪਾਸ ਹੈ। ਉਸ ਨੇ ਕਦੇ ਮੰਤਰੀ ਦੀ ਕੋਠੀ ਅਤੇ ਕਦੇ ਮੁੱਖ ਮੰਤਰੀ ਦਾ ਕੋਠੀ ਦਾ ਘਿਰਾਓ ਵੀ ਕੀਤਾ। ਕਰਮਜੀਤ ਕੌਰ ਆਖਦੀ ਹੈ ਕਿ ਉਹ ਤਾਂ ਨੌਕਰੀ ਲਈ ਉਮਰ ਲੰਘਾ ਚੁੱਕੀ ਹੈ ਪ੍ਰੰਤੂ ਹੁਣ ਉਹ ਯੋਗ ਉਮੀਦਵਾਰਾਂ ਲਈ ਸੰਘਰਸ਼ ਕਰ ਰਹੀ ਹੈ। ਹੁਸ਼ਿਆਰਪੁਰ ਦੇ ਪਿੰਡ ਦੌਲੋਵਾਲ ਦੇ ਪਲਵਿੰਦਰ ਸਿੰਘ ਨੇ ਸਾਲ 2002 ਵਿੱਚ ਮਲਟੀਪਰਪਜ਼ ਹੈਲਥ ਵਰਕਰ ਦਾ ਡਿਪਲੋਮਾ ਕੀਤਾ ਸੀ। ਉਸ ਨੇ 2006 ਤੋਂ ਸੰਘਰਸ਼ ਕਰਨਾ ਸ਼ੁਰੂ ਕੀਤਾ ਅਤੇ ਹਰੇਕ ਸਰਕਾਰ ਤੋਂ ਉਸ ਨੂੰ ਡਾਗਾਂ ਹੀ ਮਿਲੀਆਂ। ਉਸ ਨੇ ਹਰੇਕ ਸਰਕਾਰ ਦੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ। ਅੱਜ ਜ਼ਿੰਦਗੀ ਨੇ ਪਲਵਿੰਦਰ ਸਿੰਘ ਨੂੰ ਘੇਰ ਲਿਆ ਹੈ। ਦੋ ਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ। ਉਹ ਆਪਣੇ ਤਜਰਬੇ ਨਾਲ ਕਹਿੰਦਾ ਹੈ ਕਿ ਹੁਣ ਤਾਂ ਪੰਜਾਬ ਛੱਡਣ ਵਿੱਚ ਹੀ ਭਲਾਈ ਹੈ।

No comments:

Post a Comment