Friday, April 12, 2024

                                                ਤੇਰੀ ਲੀਲਾ ਨਿਆਰੀ..!
                                                         ਚਰਨਜੀਤ ਭੁੱਲਰ   

ਚੰਡੀਗੜ੍ਹ: ‘ਸੌ ਹੱਥ ਰੱਸਾ, ਸਿਰੇ ’ਤੇ ਗੰਢ’, ਓਸ ਰੱਬ ਦੇ ਹੁਕਮ ਬਿਨਾਂ ਪੱਤਾ ਨਹੀਓਂ ਹਿੱਲਦਾ। ਰੱਬ ਦੇ ਹੁਕਮ ਅੱਗੇ ਫੇਰ ਰਵਨੀਤ ਬਿੱਟੂ ਕਿਹੜੇ ਬਾਗ਼ ਦੀ ਮੂਲੀ ਹੈ! ਤੁਸੀਂ ਹੁਣ ਪਲਟੂ ਲੁਧਿਆਣਵੀ ਕਹੋ, ਚਾਹੇ ਖ਼ਾਕੀ ਨਾਥ; ਅਗਲਾ ਰੱਬ ਤੋਂ ਐਨਓਸੀ ਲੈ, ਸਿੱਧਾ ਭਾਜਪਾ ਨਗਰੀ ਵੱਲ ਇੰਜ ਦੌੜਿਆ ਜਿਵੇਂ ਮਿਲਖਾ ਸਿੰਘ ਹੋਵੇ। ਨਗਰੀ ਦੇ ਗੱਠੜੀ ਘਰ ’ਚ ਪਹਿਲੋਂ ਹਯਾ-ਸ਼ਰਮ ਨੂੰ ਜਮ੍ਹਾਂ ਕਰਾਇਆ, ਫਿਰ ਅਕਲ ਨੂੰ ਖੀਸੇ ਪਾਇਆ। ਕਾਕਾ ਰਵਨੀਤ ਬਿੱਟੂ ਨੇ ਸਿਰ ਨਿਵਾਇਆ, ਅਗਲਿਆਂ ਪਰਨਾ ਪਾਇਆ। ਰੌਲਾ ਦਾਸੋ! ਚੁੱਪ ਕਰੋ ਏਹ ਤਾਂ ਕਾਕਾ ਜੀ ਨੇ ਰੱਬ ਦਾ ਹੁਕਮ ਵਜਾਇਐ।

         ਪ੍ਰਭਾਤ ਫੇਰੀ ’ਚ ਜਥੇ ਗਾ ਰਹੇ ਨੇ, ‘ਤੇਰੇ ਸੰਦਾਂ ਦਾ ਭੇਤ ਨਾ ਆਇਆ, ਦੁਨੀਆਂ ਬਣਾਉਣ ਵਾਲਿਆ।’ ਓਧਰ ਸੁਰਗਪੁਰੀ ’ਚ ਦਾਦਾ ਬੇਅੰਤ ਸਿੰਘ ਸਿਰ ਫੜੀ ਬੈਠਾ ਹੈ। ਦਲ-ਬਦਲੂ ਰੈਜੀਮੈਂਟ ਦੇ ਰੰਗਰੂਟਾਂ ਨੂੰ ਵੇਖ, ਬ੍ਰਹਿਮੰਡ ਦੇ ਏਲੀਅਨਾਂ ਨੇ ਵੀ ਮੱਥੇ ’ਤੇ ਹੱਥ ਮਾਰਿਆ, ‘‘ਬਈ! ਏਨੇ ਸਸਤੇ ਤਾਂ ਜਾਖੜਾਂ ਦੇ ਪਿੰਡਾਂ ’ਚ ਕਿੰਨੂ ਨ੍ਹੀਂ ਵਿਕੇ ਹੋਣੇ, ਜਿੰਨੇ ’ਚ ਚੁਫੇਰ-ਗੜ੍ਹੀਏ ਵਿਕ ਗਏ।’’ ਭੈਣ ਪ੍ਰਿਅੰਕਾ ਗਾਂਧੀ ਨੇ ਜਦੋਂ ਖ਼ਾਲੀ ਘੋੜੀ ਦੇਖੀ ਤਾਂ ਬੀਬਾ ਰਣਜੀਤ ਕੌਰ ਤੋਂ ਰਿਹਾ ਨਾ ਗਿਆ, ‘ਖ਼ਾਲੀ ਘੋੜੀ ਹਿਣਕਦੀ, ਉੱਤੇ ਨਾ ਦੀਂਹਦਾ ਵੀਰ…’

        ਲੁਧਿਆਣੇ ’ਚ ਨਾਅਰਾ ਗੂੰਜਿਆ, ‘ਦੇਸ਼ ਕਾ ਨੇਤਾ ਕੈਸਾ ਹੋ’, ਭਾਜਪਾਈ ਬੋਲੇ, ਰਵਨੀਤ ਬਿੱਟੂ ਜੈਸਾ ਹੋ।’ ਆਸ਼ੂ ਲੁਧਿਆਣਵੀ ਆਖਦੇ ਪਏ ਹੋਣਗੇ ‘ਸਜਾਈ ਥੀ ਹਮਨੇ ਮਹਿਫ਼ਲ, ਲੂਟ ਲੇ ਗਯਾ ਕੋਈ।’ ਪ੍ਰਤਾਪ ਬਾਜਵਾ ਜੀ! ਦਿਲ ਹੌਲਾ ਨਾ ਕਰੋ, ਆਹ ਗਾਣੇ ’ਤੇ ਧਿਆਨ ਧਰੋ, ‘ਅਬ ਤੇਰੇ ਬਿਨ ਜੀ ਲੇਂਗੇ ਹਮ…।’ ਕੈਪਟਨ ਅਮਰਿੰਦਰ ਸਿਓਂ ਬਾਰਡਰਾਂ ’ਤੇ ਵੀ ਲੜੇ, ਕੰਦੂਖੇੜੇ ’ਚ ਵੀ ਲੜੇ। ਅੱਜ ਕੱਲ੍ਹ ਦਲ-ਬਦਲੂ ਬ੍ਰਿਗੇਡ ਦੇ ਜਰਨੈਲ ਨੇ। ਬੀਬੀ ਪਰਨੀਤ ਕੌਰ ਸੁਭਾਅ ਦੇ ਏਨੇ ਸੁਸ਼ੀਲ ਨੇ, ਜਿਨ੍ਹਾਂ ਨੇ ਚੋਣ ਜਲਸੇ ’ਚ ਭਗਵਾ ਝੰਡਾ ਆਪਣੇ ਪੁਰਾਣੇ ਵਰਕਰ ਦੇ ਹੱਥ ਫੜਾ ਦਿੱਤਾ, ਓਸ ਭਲੇ ਨੇ ਹੱਥ ’ਚ ਭਾਜਪਾਈ ਝੰਡਾ ਫੜ ਆਹ ਚੰਦ ਚੜ੍ਹਾ ਦਿੱਤਾ, ‘ਜਿੱਤੂਗਾ ਬਈ ਜਿੱਤੂਗਾ, ਮੇਰਾ ਪੰਜੇ ਵਾਲਾ ਜਿੱਤੂਗਾ।’

         ਇਨ੍ਹਾਂ ਜਰਨੈਲਾਂ-ਕਰਨੈਲਾਂ ਨੂੰ ਬਿਨ ਮੰਗੀ ਸਲਾਹ ਹੈ ਕਿ ਇੱਕ ਮੈਡੀਟੇਸ਼ਨ ਕੈਂਪ ਲਾ ਕੇ ਹਿਰਦੇ-ਪ੍ਰਵਰਤਨ ਕਰਾਓ, ਨਵੇਂ ਨਾਅਰੇ ਸਿਖਾਓ। ‘ਅਸਾਡੇ ਮਾਹੀ ਦੀ ਇਹੋ ਨਿਸ਼ਾਨੀ, ਕੰਨ ਵਿਚ ਮੁੰਦਰਾਂ ਗਲ ਵਿਚ ਗਾਨੀ’। ਜਿੰਨੇ ਵੀ ਲਿੱਬੜੇ ਤਿਬੜੇ ਨੇ, ਭਾਜਪਾ ਆਲੇ ਕੱਪੜਿਆਂ ਤੋਂ ਪਛਾਣ ਲੈਂਦੇ ਨੇ। ਈਡੀ ਲਿਆਉਂਦੇ ਨੇ, ਭਾਜਪਾ ਨਗਰੀ ਦੀ ਸੀੜੀ ਚੜ੍ਹਾਉਂਦੇ ਨੇ, ਨਵਿਆਂ ਦੇ ਗਲ ਪਰਨਾ ਪਾਉਂਦੇ ਨੇ, ਪੀੜੀ ’ਤੇ ਬਿਠਾਉਂਦੇ ਨੇ, ਫਿਰ ਗੰਗਾ ਜਲ ਨਾਲ ਨੁਹਾਉਂਦੇ ਨੇ। ਏਨੇ ਤਾਂ ਭੱਪੀ ਲਹਿਰੀ ਨੇ ਰਿਕਾਰਡ ਲਾਂਚ ਨ੍ਹੀਂ ਕੀਤੇ ਹੋਣੇ, ਜਿੰਨੇ ਭਾਜਪਾ ਨੇ ਕਾਂਗਰਸੀ ਪ੍ਰਿੰਟ ਰਿਲੀਜ਼ ਕੀਤੇ ਨੇ।

        ਜਿਹੜੇ ਆਏ ਹੀ ਰੱਬ ਦੇ ਹੁਕਮਾਂ ’ਤੇ ਨੇ, ਉਨ੍ਹਾਂ ’ਚੋਂ ਭਾਜਪਾ ਨੂੰ ਰੱਬ ਤਾਂ ਦਿਖੂਗਾ ਹੀ... ‘ਤੁਝਮੇਂ ਰੱਬ ਦਿਖਤਾ ਹੈ, ਯਾਰਾ ਮੈਂ ਕਯਾ ਕਰੂੰ।’  ਜ਼ਰੂਰ ਈਡੀ ਰੱਬ ਦੇ ਘਰ ਗੇੜਾ ਮਾਰ ਕੇ ਆਈ ਹੋਊ, ਤਾਹੀਂ ਰੱਬ ਦੇ ਬੰਦੇ ਭਾਜਪਾ ਦੇ ਚਰਨੀਂ ਲੱਗ ਰਹੇ ਨੇ। ਜਨ-ਸੰਘ ਵਾਲੇ ਕਿਸੇ ਵੇਲੇ ਪੰਜਾਬੀ ਦੇ ਵਿਰੋਧ ’ਚ ਉਚਾਰਣ ਵਿਗਾੜ ਕੇ ਨਾਅਰੇ ਮਾਰਦੇ ਹੁੰਦੇ ਸਨ, ‘ਊਡਾ-ਈਡੀ ਨਹੀਂ ਪੜ੍ਹਾਂਗੇ’। ਸਮੇਂ ਦੇ ਰੰਗ ਵੇਖੋ, ਅੱਜ ਉਹੀ ਈਡੀ ਭਾਜਪਾ ਦੇ ਕੰਮ ਆ ਰਹੀ ਹੈ।

         ਹਕੂਮਤਾਂ ਦੇ ਖ਼ੂਨ ’ਚ ਇੱਲ੍ਹਪੁਣਾ ਹੈ, ਤਾਹੀਓਂ ਭਾਜਪਾਈ ਪੰਜਿਆਂ ’ਚ ਕਿਤੇ ਬਿੱਟੂ ਫਸ ਜਾਂਦੈ ਤੇ ਕਿਤੇ ਸੁਸ਼ੀਲ ਰਿੰਕੂ। ਨਾਲੇ ਆਪਣਾ ਸੁਸ਼ੀਲ ਰਿੰਕੂ ਤਾਂ ਹੈ ਹੀ ਉਸ ਸੁਸ਼ੀਲ ਕੰਨਿਆ ਵਰਗੈ ਜਿਹੜੀ ਅਣਜਾਣੇ ’ਚ ਕਿਸੇ ਦੋਸਤ ਨਾਲ ਰੰਝੇਟੜੇ ਚਲੀ ਜਾਂਦੀ ਹੈ। ਜ਼ਰਾ ਯਾਦ ਕਰੋ, ਕੇਜਰੀਵਾਲ ਨੇ ਇਸ ਅਕਬਰੀ ਰਤਨ ਨੂੰ ਕਿਵੇਂ ਪਾਲ ਪਲੋਸ ਇਨਕਲਾਬੀ ਬਣਾਇਆ। ਭਾਜਪਾ ਨੇ ‘ਇਨਕਲਾਬ’ ਹੀ ਲੁੱਟ ਲਿਆ। ਪਾਰਲੀਮੈਂਟ ਅੱਗੇ ਆਪਣੇ ਆਪ ਨੂੰ ਸੰਗਲਾਂ ’ਚ ਜਕੜ ਰਿੰਕੂ ਨੇ ਇਸ਼ਾਰਾ ਵੀ ਕੀਤਾ ਪਰ ‘ਆਪ’ ਦਾ ਪਾਠਕ ਪੜ੍ਹ ਨਾ ਸਕਿਆ। ਕਿਧਰੋਂ ਚਮਕੀਲਾ ਜੋੜੀ ਦਾ ਗੀਤ ਵੱਜਿਐ, ‘ਰੋਦੀਂ ਕੁਰਲਾਉਂਦੀ ਨੂੰ, ਵੇ ਕੋਈ ਲੈ ਚੱਲਿਆ ਮੁਕਲਾਵੇ।’ 

        ਸੁਸ਼ੀਲ ਰਿੰਕੂ ਜਦੋਂ ਅਯੁੱਧਿਆ ਦਰਸ਼ਨ ਮਗਰੋਂ ਵਾਪਸ ਜਲੰਧਰ ਪਰਤੇ ਸੀ, ਉਦੋਂ ਭਗਵੰਤ ਮਾਨ ਨੇ ਬਥੇਰਾ ਸਮਝਾਇਆ, ਪਰ ਵੇਲਾ ਹੱਥ ਨਾ ਆਇਆ ਜਦੋਂ ਬੁੜ ਬੁੜ ਕਰਦੇ ਰਿੰਕੂ ਭਾਜਪਾ ਦੇ ਟਰੱਕ ਜਾ ਚੜ੍ਹੇ। ਟਰੱਕ ਡਰਾਈਵਰ ਜਾਖੜ ਨੇ ਰਿੰਕੂ ਨੂੰ ਤਾੜਿਆ ਤੇ ਗਾਣਾ ਵਜਾ ਦਿੱਤਾ, ‘ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ ਬਹਿ’ਜਾ।’ ਰਿੰਕੂ ਜਲੰਧਰੀ ਏਨੇ ਸੁਸ਼ੀਲ ਨੇ, ਕੱੱਛੇ ਵਾਂਗੂ ਪਾਰਟੀ ਬਦਲ ਦਿੰਦੇ ਨੇ। ਹੁਣ ਪੰਜਾਬ ਤਰਫ਼ੋਂ ਆਸਾ ਸਿੰਘ ਮਸਤਾਨਾ ਪੁੱਛ ਰਹੇ ਨੇ, ‘ਪੇਕੇ ਜਾਣ ਵਾਲੀਏ, ਮਖਾ ਨੀ ਕਿੰਨਾ ਚਿਰ ਲਾਏਗੀ’। 

       ਇਨਕਲਾਬੀ ਐੱਮਐੱਲਏ ਸ਼ੀਤਲ ਅੰਗੁਰਾਲ ਵੀ ਸਿੱਧਾ ਭਾਜਪਾ ਦੀ ਫ਼ਰਿੱਜ ’ਚ ਜਾ ਲੱਗਿਆ। ਅੰਗੁਰਾਲ ਨੇ ਕਿਤੇ ਸੋਹਣ ਸਿੰਘ ਸੀਤਲ ਦਾ ਨਾਵਲ ‘ਤੂਤਾਂ ਵਾਲਾ ਖੂਹ’ ਪੜ੍ਹਿਆ ਹੁੰਦਾ ਤਾਂ ਭਾਜਪਾ ਦਾ ਕਾਰਪੋਰੇਟੀ ਚਿਹਰਾ ਪੜ੍ਹ ਪਾਉਂਦਾ। ਚੋਣਾਂ ਵੇਲੇ ਮੁਸ਼ਕਲਾਂ ਜਥਿਆਂ ’ਚ ਆਉਂਦੀਆਂ ਨੇ। ਪੰਜਾਬੀ ਕਿੰਨੇ ਕਿਸਮਤ ਆਲੇ ਨੇ, ਸਿੰਗਲ ਵਿੰਡੋ ’ਚੋਂ ਹੀ ਹੁਣ ਸਭ ਸੁਵਿਧਾ ਮਿਲੂ। ਪੰਜਾਬੀ ਜਣੋ! ਰਵਨੀਤ ਬਿੱਟੂ ਦਾ ਬਾਹਰੋਂ ਲਿਬਾਸ ਦੇਖ ਭਾਜਪਾ ਆਲਾ ਸੁਆਦ ਲਓ, ਅੰਦਰੋਂ ਕਾਂਗਰਸੀ ਰੂਹ ਦੇ ਦਰਸ਼ਨ ਵੀ ਕਰੋ। ਸਿਆਸੀ ਭੰਵਰੇ ਨੇ, ਕਾਂਗਰਸ ਦੇ ਫੁੱਲ ’ਤੇ ਬੈਠਦੇ ਨੇ, ਕਦੇ ਕਮਲ ਦੇ ਫੁੱਲ ’ਤੇ। 

        ਕਾਂਗਰਸੀ ਰਾਜ ਕੁਮਾਰ ਚੱਬੇਵਾਲ, ਵਿਚਾਰੇ ਵਿਧਾਨ ਸਭਾ ’ਚ ਸੰਗਲੀ ਲੈ ਕੇ ਪੁੱਜੇ ਸਨ, ਸਮੇਤ ਸੰਗਲੀ ਹੁਣ ‘ਬਦਲਾਅ’ ਦੇ ਤਾਂਗੇ ’ਤੇ ਚੜ੍ਹ ਗਏ। ਗੁਰਪ੍ਰੀਤ ਜੀਪੀ ਤਾਂਗਾ ਸਵਾਰ ਬਣ ਗਏ ਨੇ। ਰਾਜਾ ਵੜਿੰਗ ਕੰਨ ’ਤੇ ਹੱਥ ਰੱਖ ਹੇਕ ਲਾ ਰਹੇ ਸਨ, ‘ਪਰਦੇਸੀ! ਪਰਦੇਸੀ!! ਜਾਨਾ ਨਹੀਂ, ਮੁਝੇ ਛੋੜ ਕੇ…।’ ਪ੍ਰਭੂ ਦੀ ਲੀਲ੍ਹਾ ਨਿਆਰੀ ਹੈ, ਵਿਰੋਧੀ ਧਿਰਾਂ ਨੂੰ ਜਨਮ ਪੱਤਰੀ ਦਿਖਾ ਲੈਣੀ ਚਾਹੀਦੀ ਹੈ। ਜ਼ਰੂਰ ਸਾੜ੍ਹਸਤੀ ਚੱਲ ਰਹੀ ਹੋਊ, ’ਕੱਲੀ ਤਿੱਲ ਚੌਲੀ ਪਾ ਕੇ ਨਹੀਂ ਸਰਨਾ।

        ਜਿਵੇਂ ਪੰਜਾਬ ਭਾਜਪਾ ਦਾ ਹੁਣ ਕਾਂਗਰਸੀਕਰਨ ਹੋਇਆ ਹੈ, ਉਸ ਨੂੰ ਦੇਖ ਲੱਗਦਾ ਹੈ ਕਿ ਮਨੋਰੰਜਨ ਕਾਲੀਆ ਨੂੰ ਕੌੜਾ ਘੁੱਟ ਭਰਨਾ ਪਊ ਤੇ ਹਰਜੀਤ ਗਰੇਵਾਲ ਨੂੰ ਸਬਰ ਦਾ ਘੁੱਟ। ਅਸਾਂ ਦੇ ਸੁਪਨੇ ’ਚ ਇੱਕ ਦਿਨ ਕਾਲੀਆ ਤੇ ਗਰੇਵਾਲ ਆਏ। ਪੁੱਛਣ ਲੱਗੇ ਕਿ ਬਈ! ਅਸੀਂ ਤਾਂ ਵਿਹਲੇ ਹੋ ਗਏ, ਹੁਣ ਕੀ ਕਰੀਏ। ਅਸਾਂ ਲੱਖਣ ਲਾ ਸਮਝਾਇਆ ਕਿ ਜਿਉਂਦੇ ਜੀਅ ਕੋਈ ਕੰਮਾਂ ਦਾ ਘਾਟੈ। ਗੱਲ ਲੜ ਬੰਨ੍ਹੋ, ਹੁਣ ਚੋਣ ਜਲਸੇ ਹੋਣਗੇ। ਗਰੇਵਾਲ ਸਾਹਿਬ! ਜਿੱਥੇ ਬੀਬੀ ਪਰਨੀਤ ਕੌਰ ਚੋਣ ਜਲਸਾ ਕਰਨ, ਉੱਥੇ ਪਹਿਲਾਂ ਜਾਓ, ਝਾੜੂ ਲਾਓ, ਦਰੀਆਂ ਵਿਛਾਓ, ਟੈਂਟ ਲਗਾਓ, ਵਰਕਰਾਂ ਨੂੰ ਪਾਣੀ ਪਿਲਾਓ।

        ਕਾਲੀਆ ਜੀ ਅੱਗੇ ਹੋ ਕੇ ਪੁੱਛਣ ਲੱਗੇ, ਦਾਸ ਨੂੰ ਕੀ ਹੁਕਮ। ਕਾਲੀਆ ਬਾਬੂ! ਜਿੱਥੇ ਸੁਸ਼ੀਲ ਰਿੰਕੂ ਜਾਣ, ਉੱਥੇ ਉਨ੍ਹਾਂ ਦੇ ਗੁਣ ਗਾਓ, ਸੰਗਤਾਂ ਨੂੰ ਹੱਥੀਂ ਲੰਗਰ ਪਾਣੀ ਛਕਾਓ। ਅਸਾਡੇ ਸੁਪਨੇ ’ਚ ਐਨ ਪੂਰਾ ਰੰਗ ਬੱਝਿਆ, ਕਿਤੇ ਟਕਸਾਲੀ ਭਾਜਪਾਈ ਨਵੇਂ ਸਜਿਆ ਦੇ ਅੱਗੇ ਝਾੜੂ ਮਾਰਦੇ ਪਏ ਸਨ, ਕਿਤੇ ਦਰੀਆਂ ਵਿਛਾਉਂਦੇ ਪਏ ਸਨ। ਜਹਾਂ ਚਾਹ, ਵਹਾ ਰਾਹ। ਨਾਲੇ ਵਾਜਪਾਈ ਨੂੰ ਧਿਆ ਗਾਣਾ ਗਾਉਂਦੇ ਪਏ ਸਨ, ‘ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ।’ ਲੱਗਦਾ ਹੈ ਕਿ ਭਾਜਪਾ ਆਲੀ ਦਲ-ਬਦਲੂ ਰੈਜੀਮੈਂਟ ਦਾ ਮਾਣ ਸਤਿਕਾਰ ਐਤਕੀਂ ਪੂਰਾ ਪੰਜਾਬ ਕਰੂ। ਜਿਵੇਂ ਭਾਜਪਾ ਨੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਨੂੰ ਬਿਠਾਇਆ ਸੀ, ਉਵੇਂ ਹੁਣ ਕਿਸਾਨ ਭਾਜਪਾਈਆਂ ਨੂੰ ਪਲਕਾਂ ’ਤੇ ਬਿਠਾਉਣਗੇ, ਕੋਈ ਸ਼ੱਕ ਹੋਵੇ ਤਾਂ ਹੰਸ ਰਾਜ ਹੰਸ ਨੂੰ ਪੁੱਛ ਲੈਣਾ। 

       ਰਵਨੀਤ ਬਿੱਟੂ ਆਖਦੇ ਪਏ ਨੇ ਕਿ ਪੰਜਾਬ ਦੀ ਤਰੱਕੀ ਲਈ ਭਾਜਪਾ ਦੇ ਘਰ ਤਕ ਗਏ ਹਾਂ। ਸੁਸ਼ੀਲ ਰਿੰਕੂ ਆਖਦਾ ਪਿਐ ਕਿ ਨਵਾਂ ਜਲੰਧਰ ਬਣਾਉਣ ਲਈ ਅੱਕ ਚੱਬਿਐ। ਮੰਨ ਗਏ ਥੋਡੀ ਨਿਸ਼ਕਾਮ ਸੇਵਾ ਨੂੰ। ਪੁਰਾਣੀ ਕਹਾਵਤ ਹੈ, ‘ਤੂੜੀ ਵੀ ਗਲੀ ਪਈ ਸੀ, ਬਲਦ ਵੀ ਭੁੱਖਾ ਸੀ, ਦੋਵਾਂ ਦਾ ਸਰ ਗਿਆ।’ ਪੁਰਾਣੇ ਸਮਿਆਂ ’ਚ ਜਦੋਂ ਕੋਈ ਜਹਾਨੋਂ ਚਲਾ ਜਾਂਦਾ ਤਾਂ ਭਟਕਦੀ ਰੂਹ ਦੀ ਪੰਡਤ ਗਤੀ ਕਰਦੇ। ਭਟਕਦੀ ਰੂਹ ਆਪਣਾ ਹਿੱਸਾ ਮੰਗਦੀ। ਨਾਟਕ ‘ਦੇਵ ਪੁਰਸ਼ ਹਾਰ ਗਏ...’ ਵਿੱਚ ਭਟਕਦੀ ਰੂਹ ਖੀਰ ਮੰਗਦੀ ਹੈ। ਭਟਕਦੀ ਰੂਹ ਨੂੰ ਪੰਡਤ ਆਖਦੇ, ਲਾਣੇਦਾਰਾ! ਆ ਚੱਲੀਏ, ਬੈਠ ਗੱਡੀ ’ਚ।

          ਦਲ-ਬਦਲੀ ਦੀ ਦਲਦਲ ਦੇਖ ਜਾਪਦਾ ਹੈ ਕਿ ਜ਼ਰੂਰੀ ਨਹੀਂ ਮੌਤ ਮਗਰੋਂ ਹੀ ਰੂਹ ਭਟਕੇ। ਜੇ ਜਿਉਂਦੇ ਜੀਅ ਜ਼ਮੀਰ ਮਰ ਜਾਵੇ ਤਾਂ ਉਹਦੀ ਭਟਕਣਾ ਵੀ ਘੱਟ ਨਹੀਂ ਹੁੰਦੀ। ਫੇਰ ਸਿਆਸੀ ਰੂਹਾਂ ਵੀ ਆਪਣਾ ਹਿੱਸਾ ਮੰਗਦੀਆਂ ਨੇ। ਕੁਰਸੀ ਖ਼ਾਤਰ ਇਖ਼ਲਾਕ ਨੂੰ ਸੂਲੀ ’ਤੇ ਚੜ੍ਹਾ ਦਿੰਦੀਆਂ ਨੇ। ਦੀਨ ਈਮਾਨ ਨੂੰ ਉਮਰ ਕੈਦ ਕਰਾ ਦਿੰਦੀਆਂ ਨੇ। ਬੱਸ ਆਹ ਚਾਰ-ਟੰਗੀ ਕੁਰਸੀ ਖ਼ਾਤਰ। ਅਖੀਰ ਵਿਚ ਮੁਹੰਮਦ ਰਫ਼ੀ ਤੋਂ ਇਹ ਧਰਵਾਸਾ ਲੈਂਦੇ ਜਾਓ- ‘‘ਆਦਮੀ ਮੁਸਾਫ਼ਿਰ ਹੈ, ਆਤਾ ਹੈ ਜਾਤਾ ਹੈ…’’

(7 ਅਪਰੈਲ 2024)

No comments:

Post a Comment