Wednesday, July 31, 2024

                                                           ‘ਗੁੰਡਾ ਟੈਕਸ’ 
                                    ਮੁੱਖ ਮੰਤਰੀ ਦੇ ਦਰਬਾਰ ਪੁੱਜਾ
                                                          ਚਰਨਜੀਤ ਭੁੱਲਰ  

ਚੰਡੀਗੜ : ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ‘ਗੁੰਡਾ ਟੈਕਸ’ ਦਾ ਮਾਮਲਾ ਹੁਣ ਮੁੱਖ ਮੰਤਰੀ ਦੇ ਦਰਬਾਰ ’ਚ ਪੁੱਜ ਗਿਆ ਹੈ। ਪਹਿਲੀ ਜੁਲਾਈ ਤੋਂ ਰਿਫਾਈਨਰੀ ਦੇ ਗੁੰਡਾ ਟੈਕਸ ਦਾ ਰੌਲਾ ਪੈ ਰਿਹਾ ਹੈ ਪ੍ਰੰਤੂ ਸਿਆਸੀ ਤੁਆਲਕ ਰੱਖਣ ਵਾਲੇ ਲੋਕਾਂ ਨੇ ਨੌਬਤ ਗੁੰਡਾਗਰਦੀ ਤੱਕ ਲਿਆ ਕੇ ਖੜ੍ਹੀ ਕਰ ਦਿੱਤੀ। ਲੰਘੇ ਦਿਨੀਂ ਇੱਕ ਡਰਾਈਵਰ ਨੂੰ ਸੱਟਾਂ ਵੀ ਲੱਗੀਆਂ ਸਨ। ਹਾਲਾਂਕਿ ਮੁੱਖ ਮੰਤਰੀ ਦਫਤਰ ਨੇ ਪਿਛਲੇ ਦਿਨੀਂ ਬਠਿੰਡਾ ਪ੍ਰਸ਼ਾਸਨ ਤੇ ਪੁਲੀਸ ਨੂੰ ਤਾੜਨਾ ਵੀ ਕੀਤੀ ਸੀ ਜਿਸ ਦਾ ਅਸਰ ਸਿਰਫ ਇੱਕ ਦਿਨ ਹੀ ਰਿਹਾ ਸੀ। 

ਦੱਸਣਯੋਗ ਹੈ ਕਿ ‘ਗੁੰਡਾ ਟੈਕਸ’ ਦਾ ਮਾਮਲਾ ਪੰਜਾਬੀ ਟ੍ਰਿਬਿਊਨ ਵੱਲੋਂ ਪ੍ਰਮੁੱਖਤਾ ਨਾਲ ਉਭਾਰਿਆ ਜਾ ਰਿਹਾ ਹੈ। ਅਹਿਮ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਗੁੰਡਾ ਟੈਕਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਉਨ੍ਹਾਂ ਨੇ 29 ਜੁਲਾਈ ਨੂੰ ਇਸ ਮੁੱਦੇ ’ਤੇ ਰਿਫਾਈਨਰੀ ਪ੍ਰਬੰਧਕਾਂ ਦੀ ਇੱਕ ਮੀਟਿੰਗ ਸੱਦ ਲਈ ਹੈ। ਰਿਫਾਈਨਰੀ ਦੇ ਮੁੱਖ ਕਾਰਜਕਾਰੀ ਅਫਸਰ ਨੂੰ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਕਿਹਾ ਹੈ। 

        ਦੱਸਦੇ ਹਨ ਕਿ ਪ੍ਰਬੰਧਕਾਂ ਨੇ ਪਿਛਲੇ ਦਿਨਾਂ ਵਿਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਫਤਰ ਤੋਂ ਸਮਾਂ ਵੀ ਮੰਗਿਆ ਸੀ। ਪੰਜਾਬ ਸਰਕਾਰ ਇਸ ਕਰਕੇ ਵੀ ਹੁਣ ਗੰਭੀਰ ਹੋਈ ਹੈ ਕਿ ਰਿਫਾਈਨਰੀ ਦੇ ਉਤਪਾਦਾਂ ਦੀ ਸਪਲਾਈ ਦਾ ਕੰਮ ਪ੍ਰਭਾਵਿਤ ਹੋਣ ਲੱਗਾ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਰਿਫਾਈਨਰੀ ਤੋਂ ਵੱਡਾ ਟੈਕਸ ਵੀ ਆਉਂਦਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਮੁੱਖ ਮੰਤਰੀ ਦੀ ਰਿਫਾਈਨਰੀ  ਅਧਿਕਾਰੀਆਂ ਨਾਲ ਮੀਟਿੰਗ ਤੈਅ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਬਠਿੰਡਾ ਪ੍ਰਸ਼ਾਸਨ ਦੀ ਇਸ ਨਾਕਾਮੀ ਨੂੰ ਲੈ ਕੇ ਆਉਂਦੇ ਦਿਨਾਂ ਵਿਚ ਕੋਈ ਵੱਡਾ ਰੱਦੋਬਦਲ ਵੀ ਹੋ ਸਕਦਾ ਹੈ। 

      ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਬਠਿੰਡਾ ਪੁਲੀਸ ਦੀ ਭੂਮਿਕਾ ਪਹਿਲਾਂ ਹੀ ਸ਼ੱਕ ਦੇ ਘੇਰੇ ਵਿਚ ਹੈ ਅਤੇ ਪੁਲੀਸ ਨੇ ਬਠਿੰਡਾ ਰਿਫਾਈਨਰੀ ਵਿਚ ਕੰਮ ਕਰਦੇ 21 ਟਰਾਂਸਪੋਰਟ ਕੰਪਨੀਆਂ ਦੀ ਸ਼ਿਕਾਇਤ ਵੀ ਹਾਲੇ ਕਿਸੇ ਤਣ ਪਤਣ ਨਹੀਂ ਲਾਈ ਹੈ।

‘ਆਪ’ ਸਰਕਾਰ ਹੁਣ ਪਤਾ ਲਗਾ ਹੈ ਕਿ ਇਸ ਗੋਰਖਧੰਦੇ ਵਿਚ ਕਿਸ ਕਿਸ ਦੀ ਸ਼ਮੂਲੀਅਤ ਹੈ। ਉਨ੍ਹਾਂ ਪੁਲੀਸ ਅਫਸਰਾਂ ਦਾ ਪਿਛੋਕੜ ਵੀ ਫਰੋਲਿਆ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਇਸ ਗਤੀਵਿਧੀ ਨੂੰ ਸਹਿ ਦਿੱਤੀ ਜਾ ਰਹੀ ਸੀ। ਪਤਾ ਲੱਗਾ ਹੈ ਕਿ ਲੰਘੇ ਕੱਲ੍ਹ ਬਠਿੰਡਾ ਪੁਲੀਸ ਨੂੰ ਮੁੱਖ ਮੰਤਰੀ ਦਫਤਰ ਚੋਂ ਘੁਰਕੀ ਵੀ ਗਈ ਹੈ। ਬਠਿੰਡਾ ਪੁਲੀਸ ਨੇ ਇਸ ਘੁਰਕੀ ਮਗਰੋਂ  20 ਜੁਲਾਈ ਨੂੂੰ ਗੁੰਡਾ ਟੈਕਸ ਦੀ ਵਸੂਲੀ ਨੂੰ ਲੈ ਕੇ ਜ਼ਖਮੀ ਕੀਤੇ ਟਰੱਕ ਡਰਾਈਵਰ ਅਖਿਲੇਸ਼ ਯਾਦਵ ਦੇ ਮਾਮਲੇ ਵਿਚ ਲੰਘੀ ਰਾਤ ਪੁਲੀਸ ਕੇਸ ਦਰਜ ਕਰ ਲਿਆ ਹੈ। 

ਰਾਮਾਂ ਪੁਲੀਸ ਨੇ ਐੱਫਆਈਆਰ ਨੰਬਰ 51 ਤਹਿਤ ਸਥਾਨਿਕ ਲੋਕਲ ਟਰਾਂਸਪੋਰਟ ਯੂਨੀਅਨ ਦੇ ਅਣਪਛਾਤੇ ਲੋਕਾਂ ’ਤੇ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਤਲਵੰਡੀ ਸਾਬੋ ਦੇ ਪੁਲੀਸ ਅਧਿਕਾਰੀ ਪੱਲਾ ਝਾੜ ਰਹੇ ਸਨ। ਇਹ ਵੀ ਇਲਜ਼ਾਮ ਲੱਗ ਰਹੇ ਸਨ ਕਿ ਪੁਲੀਸ ਅਫਸਰਾਂ ਨੇ ਦਬਕੇ ਮਾਰ ਕੇ ਜ਼ਖਮੀ ਡਰਾਈਵਰ ਨੂੰ ਹਸਪਤਾਲ ਚੋਂ ਭਜਾ ਦਿੱਤਾ ਸੀ। ਮੁੱਖ ਮੰਤਰੀ ਦਫਤਰ ਤੋਂ ਹਿਲਜੁਲ ਕਰਨ ਮਗਰੋਂ ਇਹ ਮੁਕੱਦਮਾ ਦਰਜ ਹੋਇਆ ਹੈ। ਚੇਤੇ ਰਹੇ ਕਿ ਰਿਫਾਈਨਰੀ ਦੇ ਜਨਰਲ ਮੈਨੇਜਰ (ਸੁਰੱਖਿਆ) ਨੇ ਖੁਦ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਇੱਕ ਪੱਤਰ ਲਿਖ ਕੇ ਟਰਾਂਸਪੋਰਟਰਾਂ ਲਈ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਜਿਸ ਵਿਚ ਗੁੰਡਾਗਰਦੀ ਦੀ ਘਟਨਾ ਦਾ ਵੇਰਵਾ ਵੀ ਦਿੱਤਾ ਗਿਆ ਸੀ। 

        ਬਠਿੰਡਾ ਪੁਲੀਸ ਨੇ ਮੈਸਰਜ ਪ੍ਰੇਮ ਕੁਮਾਰ ਬਾਂਸਲ ਫਰਮ ਦੇ ਮੈਨੇਜਰ ਅਭਿਸ਼ੇਕ ਕੁਮਾਰ ਵੱਲੋਂ ਦੋ ਵਾਰ ਕੀਤੀ ਸ਼ਿਕਾਇਤ ’ਤੇ ਹਾਲੇ ਕੋਈ ਕਾਰਵਾਈ ਕੀਤੀ ਨਹੀਂ ਜਾਪਦੀ ਹੈ। ਦੱਸਣਯੋਗ ਹੈ ਕਿ ਅਮਰਿੰਦਰ ਹਕੂਮਤ ਸਮੇਂ ਵੀ ਰਿਫਾਈਨਰੀ ’ਚ ਗੁੰਡਾ ਟੈਕਸ ਦਾ ਬੋਲਬਾਲਾ ਰਿਹਾ ਸੀ ਅਤੇ ਉਸ ਵਕਤ ਆਮ ਆਦਮੀ ਪਾਰਟੀ ਨੇ ਮੁੱਦੇ ਨੂੰ ਚੁੱਕਿਆ ਸੀ। 

 


                                                          ਡੀਏਪੀ ਘੁਟਾਲਾ 
                                    ਗੇਂਦ ਮੁੱਖ ਮੰਤਰੀ ਦੇ ਪਾਲੇ ’ਚ 
                                                          ਚਰਨਜੀਤ ਭੁੱਲਰ  

ਚੰਡੀਗੜ : ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡੀਏਪੀ ਖਾਦ ਦੇ ਘੁਟਾਲੇ ਬਾਰੇ ਰਿਪੋਰਟ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ ਅਤੇ ਹੁਣ ਗੇਂਦ ਮੁੱਖ ਮੰਤਰੀ ਦਫਤਰ ਦੇ ਪਾਲੇ ਵਿਚ ਚਲੀ ਗਈ ਹੈ। ਖੇਤੀ ਮਹਿਕਮਾ ਹੁਣ ਖਾਦਾਂ ਆਦਿ ਦੀ ਗੁਣਵਤਾ ਅਤੇ ਵੰਡ ਨੂੰ ਲੈ ਕੇ ਹਰਕਤ ਵਿਚ ਆ ਗਿਆ ਹੈ। ਖੇਤੀ ਮੰਤਰੀ ਨੇ ਲੰਘੇ ਦਿਨੀਂ ਡੀਏਪੀ ਖਾਦ ਦੇ ਘੁਟਾਲੇ ਨੂੰ ਲੈ ਕੇ ਅਫਸਰਾਂ ਦੀ ਖਿਚਾਈ ਵੀ ਕੀਤੀ ਹੈ। ਡੀਏਪੀ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਵਿਚ ਜ਼ਿੰਕ ਦੇ ਨਮੂਨੇ ਵੀ ਫੇਲ੍ਹ ਹੋਏ ਹਨ।

        ਚੇਤੇ ਰਹੇ ਕਿ ਚੋਣ ਜ਼ਾਬਤੇ ਦੌਰਾਨ ਮਾਰਕਫੈਡ ਵੱਲੋਂ ਪੇਂਡੂ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤੀ ਇੱਕ ਕੰਪਨੀ ਦੀ ਖਾਦ ਦੇ ਕੁੱਲ ਲਏ ਨਮੂਨਿਆਂ ਚੋਂ 60 ਫੀਸਦੀ ਨਮੂਨੇ ਫੇਲ ਹੋ ਗਏ ਸਨ। ਪੰਜਾਬ ਸਰਕਾਰ ਦੇ ਇੱਕ ਅਹਿਮ ਅਹੁਦੇ ’ਤੇ ਬੈਠਾ ਆਈਏਐੱਸ ਅਧਿਕਾਰੀ ਵੀ ਇਸ ਘੁਟਾਲੇ ’ਤੇ ਮਿੱਟੀ ਪਾਉਣ ਦੀ ਭੂਮਿਕਾ ਵਿਚ ਸਰਗਰਮ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਖਾਦ ਘੁਟਾਲੇ ਨੂੰ ਲੈ ਕੇ ਕੀ ਐਕਸ਼ਨ ਲੈਂਦੇ ਹਨ, ਉਸ ’ਤੇ ਸਭ ਦੀ ਨਜ਼ਰ ਲੱਗ ਗਈ ਹੈ। 

ਖੇਤੀ ਮਹਿਕਮੇ ਦੇ ਮੁੱਖ ਦਫਤਰ ਵਿਚ ਕਈ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਦੀ ਪੂਰੀ ਨੌਕਰੀ ਹੀ ਉਸੇ ਅਹਿਮ ਸੀਟ ਦੀ ਰਹੀ ਹੈ ਜਿਸ ’ਤੇ ਉਹ ਤਾਇਨਾਤ ਹਨ। ਖੇਤੀ ਮਹਿਕਮੇ ਦੇ ਮੁੱਖ ਦਫਤਰ ਵਿਚ ਇੱਕ ਅਹਿਮ ਸੀਟ ’ਤੇ ਅਜਿਹਾ ਅਧਿਕਾਰੀ ਵੀ ਤਾਇਨਾਤ ਹੈ, ਜਿਸ ’ਤੇ ਪਹਿਲਾਂ ਵਿਜੀਲੈਂਸ ਦਾ ਇੱਕ ਮੁਕੱਦਮਾ ਦਰਜ ਹੈ। ਕਈ ਸੀਟਾਂ ਦਾ ਵਾਧੂ ਚਾਰਜ ਸੀਨੀਆਰਤਾ ਨੂੰ ਅੱਖੋਂ ਪਰੋਖੇ ਕਰਕੇ ਜੂਨੀਅਰ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਡੀਲਰਾਂ ਦੀਆਂ ਅਪੀਲਾਂ ਦੀ ਤਾਰੀਕ ਤੇ ਤਾਰੀਕ ਪਾਏ ਜਾਣ ਨੂੰ ਲੈ ਕੇ ਵੀ ਦਾਲ ਵਿਚ ਕੁੱਝ ਕਾਲਾ ਦੱਸਿਆ ਜਾ ਰਿਹਾ ਹੈ।  

ਜਾਣਕਾਰੀ ਅਨੁਸਾਰ ਖੇਤੀ ਮੰਤਰੀ ਖੁੱਡੀਆਂ ਨੇ ਲੰਘੇ ਦਿਨੀਂ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿਚ ਸਭ ਨੂੰ ਤਾੜਿਆ ਹੈ ਅਤੇ ਨਿਰਦੇਸ਼ ਦਿੱਤੇ ਹਨ ਕਿ ਮਾੜੀ ਡੀਏਪੀ ਖਾਦ ਸਪਲਾਈ ਕਰਨ ਵਾਲੀ ਕੰਪਨੀ ਦੀ ਕਿਸੇ ਅਪੀਲ ਵਿਚ ਕੋਈ ਲਿਹਾਜਦਾਰੀ ਨਾ ਕੀਤੀ ਜਾਵੇ। ਖੇਤੀ ਮੰਤਰੀ ਨੇ ਅਲਾਟ ਕੀਤੇ ਜਿਪਸਮ ਦੇ ਟੀਚੇ ਅਨੁਸਾਰ ਵਿਕਰੀ ਨਾ ਹੋਣ ਦਾ ਵੀ ਸਖ਼ਤ ਨੋਟਿਸ ਲਿਆ ਹੈ। 

ਖੇਤੀ ਮਹਿਕਮੇ ਦੇ ਡਾਇਰੈਕਟਰ ਨੇ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨੂੰ ਇੱਕ ਪੱਤਰ ਵੀ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਦਫਤਰ ਵੱਲੋਂ ਅਲਾਟ ਕੀਤੇ ਟੀਚੇ ਅਨੁਸਾਰ ਜਿਪਸਮ ਦੀ ਵਿਕਰੀ ਅਤੇ ਆਨ ਲਾਈਨ ਪੋਰਟਲ ’ਤੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਬਹੁਤ ਘੱਟ ਹੈ। ਉਨ੍ਹਾਂ ਨੂੰ ਜਿਪਸਮ ਦੀ ਵਿਕਰੀ ਟੀਚੇ ਅਨੁਸਾਰ ਕਰਾਉਣ ਲਈ ਕਿਹਾ ਹੈ। ਪਤਾ ਲੱਗਾ ਹੈ ਕਿ ਖੇਤੀ ਅਫਸਰਾਂ ਆਨ ਲਾਈਨ ਪੋਰਟਲ ’ਤੇ ਅਪਲੋਡ ਕਰਨ ਦੇ ਚੱਕਰਾਂ ਤੋਂ ਟਾਲਾ ਵੱਟਦੇ ਹਨ।

         ਜਿਨ੍ਹਾਂ ਜ਼ਿਲਿ੍ਹਆਂ ਵਿਚ ਧਰਤੀ ਹੇਠਲਾ ਪਾਣੀ ਜ਼ਿਆਦਾ ਮਾੜਾ ਹੈ ਅਤੇ ਜ਼ਮੀਨਾਂ ਨਰਮ ਹਨ, ਉਥੇ ਜਿਪਸਮ ਦੀ ਵਰਤੋਂ ਹੁੰਦੀ ਹੈ। ਆਲੂਆਂ ਦੀ ਕਾਸ਼ਤ ਵਾਲੇ ਰਕਬੇ ਵਿਚ ਵੀ ਜਿਪਸਮ ਪੈਂਦੀ ਹੈ। ਜਿਪਸਮ ਦੀ ਸਪਲਾਈ ਦਾ ਕੰਮ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਕੋਲ ਹੈ ਅਤੇ ਕਿਸਾਨਾਂ ਦੀ ਰਜਿਸਟੇ੍ਰਸ਼ਨ ਖੇਤੀ ਮਹਿਕਮੇ ਵੱਲੋਂ ਕੀਤੀ ਜਾਣੀ ਹੈ।  

         ਖੇਤੀ ਮੰਤਰੀ ਪਿਛਲੇ ਦਿਨਾਂ ਤੋਂ ਕਾਫੀ ਮੁਸਤੈਦ ਹੋਏ ਹਨ। ਖੁੱਡੀਆਂ ਵੱਲੋਂ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਾਂ ਨੂੰ ਦੇਖਣ ਲਈ 26 ਜੁਲਾਈ ਨੂੰ ਮੁਕਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ। ਖੁੱਡੀਆਂ ਨੇ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਉਸ ਮਗਰੋਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣ ਲਈ ਬਦਲਵੀਆਂ ਫਸਲਾਂ ਦੇ ਰਾਹ ਪੈਣ ਵਾਲੇ ਕਿਸਾਨਾਂ ਨੂੰ 17,500 ਰੁਪਏ ਪ੍ਰਤੀ ਹੈਕਟੇਅਰ ਦੀ ਵਿਤੀ ਮਦਦ ਦੇਣ ਦਾ ਐਲਾਨ ਕੀਤਾ ਸੀ। 

                                ਸਹਿਕਾਰਤਾ ਕਮੇਟੀ ਵੱਲੋਂ ਰਿਕਾਰਡ ਤਲਬ

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਹੋਰ ਗਤੀਵਿਧੀਆਂ ਬਾਰੇ ਕਮੇਟੀ ਨੇ ਡੀਏਪੀ ਖਾਦ ਦੇ ਘੁਟਾਲੇ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਕਮੇਟੀ ਨੇ ਮਾਰਕਫੈਡ ਤੋਂ ਡੀਏਪੀ ਖਾਦ ਦੀ ਸਪਲਾਈ ਦਾ ਰਿਕਾਰਡ ਤਲਬ ਕਰ ਲਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਵਣਾਂਵਾਲੀ ਨੇ ਮਾਰਕਫੈਡ ਦੇ ਮੈਨੇਜਿੰਗ ਡਾਇਰੈਕਟਰ ਨੂੰ 30 ਜੁਲਾਈ ਨੂੰ ਕਮੇਟੀ ਅੱਗੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਹੈ। 


                                           ਇੰਡੀਅਨ ‘ਅਵਤਾਰ’ ਸਰਵਿਸ            
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਸੌਲਾਂ ਆਨੇ ਸੱਚ ਹੈ ਕਿ ਆਈ.ਏ.ਐਸ. ਅਫ਼ਸਰ ਰੱਬ ਨਹੀਓਂ ਹੁੰਦੇ। ਰੱਤੀ ਭਰ ਝੂਠ ਵੀ ਨਹੀਂ ਕਿ ਓਹ ਰੱਬ ਤੋਂ ਘੱਟ ਵੀ ਨਹੀਂ ਹੁੰਦੇ। ਇੰਜ ਕਹਿ ਲਓ ਕਿ ਜਨਾਬ ਤਾਂ ਧਰਤੀ ’ਤੇ ਰੱਬ ਦੀ ਸਾਈਕਲੋ ਸਟਾਈਲ ਕਾਪੀ ਨੇ। ਕਾਸ਼! ਹਜ਼ੂਰ ਅੱਲ੍ਹਾ ਦਾ ਰੂਪ ਹੀ ਹੁੰਦੇ, ਕਾਇਆ ਪਲਟ ਜਾਣੀ ਸੀ। ਐਸੀ ਰੱਬ ਦੀ ਕਰਨੀ, ਕੀ ਓਹ ਤਾਂ ਰੱਬ ਦੇ ਹੀ ਸ਼ਰੀਕ ਨਿਕਲੇ। ਕਿੰਨਾ ਸਿੱਧਾ ਪੱਧਰਾ ਗੋਰਖਧੰਦਾ ਹੈ, ਰੱਬ ਬੰਦੇ ਬਣਾਉਂਦਾ ਹੈ ਤੇ ਮਸੂਰੀ ਆਲੀ ਅਕੈਡਮੀ ਬੰਦੇ ਨੂੰ ਰੱਬ। ਓਹ ਦਿਨ ਦੂਰ ਨਹੀਂ, ਜਦੋਂ ਪਰਲੋਕੀ ਰੱਬ ਨੂੰ ਫਲੈਕਸ ਲਾਉਣਾ ਪਊ, ਠੀਕ ਉਵੇਂ ਜਿਵੇਂ ਦਿੱਲੀ ਆਲੀ ਸੜਕ ’ਤੇ ‘ਅਸਲੀ ਪੂਰਨ ਦਾ ਢਾਬਾ’ ਲਿਖਿਆ ਹੁੰਦੈ।

       ਕਾਮਰੇਡ ਤਾਂ ਰੱਬ ਨੂੰ ਵੀ ਫੁੱਫੜ ਆਖ ਸਕਦੇ ਨੇ। ਮਾਰਕਸੀ ਸੰਸਦ ਮੈਂਬਰ ਪੀ. ਰਾਮਾਮੂਰਤੀ ਸੰਨ 1980 ’ਚ ਪਾਰਲੀਮੈਂਟ ’ਚ ਨੌਕਰਸ਼ਾਹੀ ਬਾਰੇ ਹਾਸੇ-ਹਾਸੇ ’ਚ ਇੰਜ ਫਰਮਾਏ, ‘ਬਈ! ਇਨ੍ਹਾਂ ਨੂੰ ‘ਇੰਡੀਅਨ ਐਡਮਨਿਸਟਰੇਟਿਵ ਸਰਵਿਸ’ (ਆਈ.ਏ.ਐਸ.) ਨਾ ਕਹੋ, ਇਨ੍ਹਾਂ ਨੂੰ ਤਾਂ ‘ਇੰਡੀਅਨ ਅਵਤਾਰ ਸਰਵਿਸ’ ਕਹੋ। ਆਪਣੇ ਆਪ ਨੂੰ ਬ੍ਰਹਮਾ, ਵਿਸ਼ਨੂੰ, ਮਹੇਸ਼ ਅਵਤਾਰਾਂ ਵਾਂਗ ਸਰਬਗਿਆਤਾ ਸਮਰੱਥ ਜੋ ਸਮਝਦੇ ਪਏ ਨੇ।’ ਅਫ਼ਸਰਾਂ ਦਾ ਵੇਦਨਾਵਾਦ ਰੱਬ ਨੂੰ ਵੀ ਟੱਬ ਸਮਝਦੈ। ਓਧਰ ਪ੍ਰਭਾਤ ਫੇਰੀ ’ਚ ਗੂੰਜ ਪਈ ਹੈ, ‘ਰੱਬ ਨਾਲ ਠੱਗੀਆਂ ਕਿਓ ਮਾਰੇ ਬੰਦਿਆ…।’

        ਪੂਜਾ ਖੇਡਕਰ, ਬੱਸ ਨਾਂ ਹੀ ਕਾਫ਼ੀ ਹੈ। ਜਦੋਂ ਨਵੀਂ ਬਣੀ ਆਈ.ਏ.ਐਸ. ਅਫ਼ਸਰ ਪੁਣੇ ਪੁੱਜੀ ਤਾਂ ਉਹਦਾ ਦਿਮਾਗ਼ ਸੱਤਵੇਂ ਆਸਮਾਨ ’ਤੇ ਸੀ। ਕਿਤੇ ਮਾਂ ਨੇ ਕੰਨ ਪੁੱਟੇ ਹੁੰਦੇ ਅਤੇ ਬਾਪ ਨੇ ਝੰਡ ਕੀਤੀ ਹੁੰਦੀ ਤਾਂ ਲੀਰਾਂ ਦੀ ਖਿੱਦੋ ਨੇ ਏਨੀ ਛੇਤੀ ਨਹੀਂ ਉੱਧੜਨਾ ਸੀ। ਭੇਤ ਬਣਿਆ ਹੈ ਕਿ ਪੂਜਾ ਖੇਡਕਰ ਨੇ ਕਿਸ ਕਿਸ ਦੀ ਪੂਜਾ ਕਰ ਕੇ ਖੇਡਾਂ ਖੇਡੀਆਂ। ਇਹ ਬੀਬੀ ਜਾਅਲਸਾਜ਼ੀ ਦਾ ਲੜ ਫੜ ਨੌਕਰਸ਼ਾਹੀ ਦੀ ਅਖੀਰਲੀ ਪੌੜੀ ਚੜ੍ਹੀ। ਅਗਲਿਆਂ ਨੇ ਹੁਣ ਪੌੜੀ ਹੀ ਖਿੱਚ ਦਿੱਤੀ, ਧੜੰਮ ਕਰਕੇ ਡਿੱਗੀ ਹੈ। ਕੱਚੀ ਖਿਡਾਰਨ ਨਿਕਲੀ, ਇਵੇਂ ਤਾਂ ਕੋਈ ਲੀਗ ਮੈਚ ਨਾ ਹਾਰੇ। ਕਿਤੇ ਆਪਣੇ ਭਾਈਚਾਰੇ ਤੋਂ ਗੁਰਮੰਤਰ ਲੈਂਦੀ, ਫਿਰ ਚਾਹੇ ਅਮਿਤ ਸ਼ਾਹ ਨੂੰ ਉਂਗਲਾਂ ’ਤੇ ਨਚਾ ਲੈਂਦੀ। ਗੌਣ ਪਾਣੀ ਬਿਨਾਂ ਤਾਂ ਨੱਚਿਆ ਵੀ ਨਹੀਂ ਜਾਂਦਾ, ‘ਪਾਪਾ ਕਹਿਤੇ ਥੇ ਬੜਾ ਨਾਮ ਕਰੇਗਾ…।’

        ਚੋਣਾਂ ਮੌਕੇ ਕਿਸੇ ਪਿੰਡ ’ਚ ਸਿਆਸੀ ਜਲਸਾ ਹੋਇਆ। ਪੇਂਡੂ ਚਾਚੇ ਨੇ ਘਰੋਂ ਭਤੀਜ ਨੂੰ ’ਵਾਜ ਮਾਰੀ, ‘ਆ ਤੈਨੂੰ ਭਗਵੰਤ ਮਾਨ ਨੂੰ ਮਿਲਾਵਾਂ।’ ਅੱਗਿਓਂ ਭਤੀਜ ਕਹਿੰਦਾ, ‘ਭਗਵੰਤ ਮਾਨ ਕਿਹੜਾ ਡੀਸੀ ਲੱਗਿਐ।’ ਲੋਕ ਮਨਾਂ ’ਚ ਡੀਸੀ ਦੇ ਰੁਤਬੇ ਨੇ ਇੰਜ ਠਾਠ-ਬਾਠ ਨਾਲ ਕੁਰਸੀ ਡਾਹੀ ਹੋਈ ਹੈ ਜਿਵੇਂ ਧਰਮਰਾਜ ਹੋਵੇ। ਸਰਕਾਰਾਂ ਬਣਦੀਆਂ ਨੇ ਟੁੱਟਦੀਆਂ ਨੇ, ਇਨ੍ਹਾਂ ਭਲੇ ਲੋਕਾਂ ਦਾ ਵਾਲ ਵਿੰਗਾ ਨਹੀਂ ਹੁੰਦਾ। ‘ਸਦਾ ਦੀਵਾਲੀ ਸਾਧ ਦੀ, ਚੱਤੋ ਪਹਿਰ ਬਸੰਤ’। ਆਰ.ਬੀ.ਆਈ. ਦੇ ਸਾਬਕਾ ਗਵਰਨਰ ਡੀ. ਸੁਬਾਰਾਓ ਆਖਦੇ ਨੇ ਕਿ ਕੇਵਲ 25 ਫ਼ੀਸਦ ਆਈ.ਏ.ਐਸ. ਅਫ਼ਸਰ ਲੋਕ ਉਮੀਦਾਂ ’ਤੇ ਖਰੇ ਉਤਰਦੇ ਨੇ।

        ਕੋਈ ਸ਼ੱਕ ਨਹੀਂ ਕਿ ਆਈ.ਏ.ਐਸ. ਬਣਨਾ ਖਾਲਾ ਜੀ ਦਾ ਵਾੜਾ ਨਹੀਂ। ਜਿਨ੍ਹਾਂ ਦੀ ਬੁੱਧੀ ਡੁੱਲ੍ਹ ਡੁੱਲ੍ਹ ਪੈਂਦੀ ਹੈ, ਉਨ੍ਹਾਂ ਨੂੰ ਹੀ ਮਸੂਰੀ ਆਲੀ ਅਕੈਡਮੀ ’ਚ ਜਾਣਾ ਨਸੀਬ ਹੁੰਦੈ। ਰਾਜ ਪ੍ਰਬੰਧ ਇਨ੍ਹਾਂ ਨਿਪੁੰਨ ਅਫ਼ਸਰਾਂ ਆਸਰੇ ਚੱਲਦੈ। ਜਿਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਉਵੇਂ ਆਈ.ਏ.ਐਸ. ਅਫ਼ਸਰਾਂ ਦੀ ਸੋਚ ਅਤੇ ਵਿਹਾਰ ’ਚ ਵੀ ਵਖਰੇਵਾਂ ਹੁੰਦੈ। ਪੰਜਾਬ ਦੇ ਪੁਰਾਣੇ ਆਈ.ਏ.ਐਸ. ਅਫ਼ਸਰਾਂ ’ਚੋਂ ਦਰਜਨਾਂ ਲੱਭ ਜਾਣਗੇ ਜਿਨ੍ਹਾਂ ਦੀ ਜ਼ਮੀਰ ਵੀ ਜਾਗੀ ਤੇ ਖ਼ੁਦ ਵੀ ਸੂਬੇ ਲਈ ਦਿਨ ਰਾਤ ਜਾਗੇ। ਉਨ੍ਹਾਂ ਭਲਿਆਂ ਕਰਕੇ ਪੰਜਾਬ ਨਗੌਰੀ ਬੱਲਦ ਵਰਗਾ ਸੀ, ਅੱਜ ਵਾਲਿਆਂ ਨੇ ਤੋਕੜ ਮੱਝ ਬਣਾ ਕੇ ਰੱਖ’ਤਾ। ਜਵਾਨੀ ਪੰਜਾਬ ਛੱਡ ਕੇ ਭੱਜਣ ਲੱਗੀ ਹੈ।

       ‘ਵਾਰਿਸ ਸ਼ਾਹ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੇ, ਸਭ ਖਲਕਤਾਂ ਉਨ੍ਹਾਂ ਤੋਂ ਨਸਦੀਆਂ ਨੇ।’ ਜਦ ਤੋਂ ਲੀਡਰਾਂ ’ਚੋਂ ਗਿਆਨ, ਅਫ਼ਸਰਾਂ ’ਚੋਂ ਜਾਨ ਖ਼ਤਮ ਹੋਈ ਹੈ, ਉਦੋਂ ਤੋਂ ਚੋਰ ਤੇ ਕੁੱਤੀ ਇੱਕੋ ਬਾਟੇ ਛਕ ਰਹੇ ਨੇ। ਸਿਆਣੇ ਆਖਦੇ ਹਨ ਕਿ ਜਦੋਂ ਬਿੱਲੀ ਤੇ ਚੂਹੇ ’ਚ ਸਮਝੌਤਾ ਹੋ ਜਾਵੇ ਤਾਂ ਹੱਟੀ ਵਾਲੇ ਦੀ ਸ਼ਾਮਤ ਆਈ ਸਮਝੋ। ਹੁਣ ਵੱਡੇ ਦਫ਼ਤਰ ਚੰਬਲ ਦੀ ਘਾਟੀ ਜਾਪਦੇ ਨੇ, ਵੱਡੀਆਂ ਕੁਰਸੀਆਂ ਵਾਲਿਆਂ ’ਚੋਂ ਵੀਰੱਪਨ ਦਾ ਝਉਲਾ ਪੈਂਦੈ। ਪੰਜਾਬ ’ਚ ਭਲੇ ਤੇ ਈਮਾਨੀ ਅਫ਼ਸਰਾਂ ਦੀ ਕਮੀ ਨਹੀਂ ਪਰ ਉਹ ‘ਖੁੱਡਾ ਲਾਈਨਜ਼’ ਦੇ ਵਾਸੀ ਬਣੇ ਹੋਏ ਨੇ। ਮੁਹੰਮਦ ਰਫ਼ੀ ਨੇ ਟੇਵਾ ਠੀਕ ਹੀ ਲਾਇਐ, ‘ਹੰਸ ਚੁਗੇਗਾ ਦਾਨਾ-ਦੁਨਕਾ, ਕਊਆ ਮੋਤੀ ਖਾਏਗਾ।’

       ਈਮਾਨੀ ਅਫ਼ਸਰ ਪੋਟਿਆਂ ’ਤੇ ਗਿਣਨ ਜੋਗੇ ਨੇ। ਬਹੁਤੇ ਤਾਂ ਹੋਮਿਓਪੈਥੀ ਵਰਗੇ ਨੇ। ਪੁਰਾਣੇ ਵੇਲਿਆਂ ’ਚ ਖਰੇ ਤੇ ਦਾਨੇ ਅਫ਼ਸਰ ਹੁੰਦੇ ਸਨ। ਓਹ ਵੀ ਦੇਖੇ ਜਿਹੜੇ ਨੌਕਰੀ ਦੇ ਜਵਾਨ ਹੋਣ ਮਗਰੋਂ ਈਮਾਨੀ ਕਾਂਟਾ ਬਦਲ ਲੈਂਦੇ ਸਨ। ਹੁਣ ਮਸੂਰੀ ਅਕੈਡਮੀ ਤੋਂ ਹੀ ਕਮਾਈ ਦੇ ਟੀਚੇ ਤੈਅ ਹੁੰਦੇ ਨੇ। ਆਈ.ਪੀ.ਐਸ. ਅਫ਼ਸਰ, ਇਨ੍ਹਾਂ ਸਿਵਲ ਵਾਲਿਆਂ ਤੋਂ ਕਈ ਮੀਲ ਅੱਗੇ ਨੇ। ਜਨਤਾ ਜਨਾਰਧਨ ਕੋਲ ਕੇਵਲ ਹੱਥ ਹਨ ਜਿਹੜੇ ਅਰਜ਼ੋਈ ਕਰਨ ਜੋਗੇ ਰਹਿ ਗਏ ਨੇ।

         ਅਲਬਰਟ ਕਾਮੂ ਆਖਦਾ ਪਿਐ ਕਿ ‘ਡਰ ਵਿਚੋਂ ਉਪਜੇ ਆਦਰ ਸਤਿਕਾਰ ਨਾਲੋਂ ਘਟੀਆ ਹੋਰ ਚੀਜ਼ ਕੋਈ ਨਹੀਂ ਹੁੰਦੀ।’ ਸਿਆਸਤ ਅਤੇ ਪ੍ਰਸ਼ਾਸਨ ’ਚ ਹੁਣ ‘ਗੂੰਗੇ ਭਲਵਾਨ’ ਜ਼ਿਆਦਾ ਨੇ। ਵਰਿ੍ਹਆਂ ਤੋਂ ਪੰਜਾਬ ਦੇ ‘ਵਿਕਾਸ’ ਦਾ ਨਾਟਕ ਚੱਲ ਰਿਹਾ ਹੈ, ਪਾਤਰਾਂ ਨੂੰ ਸਿਰਫ਼ ਅਬਦਾਲੀ ਦਾ ਰੋਲ ਹੀ ਕਰਨਾ ਆਉਂਦੈ। ਅਫ਼ਸਰ ਨਹੀਂ, ਇਹ ਤਾਂ ਮਸ਼ੀਨੀ ਪੁਰਜ਼ੇ ਨੇ, ਜਿਨ੍ਹਾਂ ’ਚ ਨਾ ਇਖ਼ਲਾਕ ਤੇ ਨਾ ਹੀ ਕੋਈ ਸਾਖ ਹੈ। ਪੰਜਾਬ ਤੋਂ ਵੱਧ ਇਨ੍ਹਾਂ ਨੂੰ ਗੋਲਫ਼ ਕਲੱਬ ਚੰਗਾ ਲੱਗਦੈ। ਜਦੋਂ ਕਦੇ ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖੀ ਜਾਵੇਗੀ ਤਾਂ ਨੌਕਰਸ਼ਾਹੀ ਵੀ ਕਟਹਿਰੇ ’ਚ ਖੜ੍ਹੇਗੀ। ‘ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ।’ ਵਕਤ ਦੀ ਲੋੜ ਹੈ ਕਿ ਅਫ਼ਸਰ ਪਾਤਸ਼ਾਹ ਅਦਾਕਾਰ ਰਾਜ ਕੁਮਾਰ ਦਾ ਪ੍ਰਵਚਨ ਜ਼ਰੂਰ ਧਿਆਉਣ, ‘ਜਿਸ ਦਿਨ ਹਮ ਇਸ ਕੁਰਸੀ ਪਰ ਬੈਠ ਕਰ ਇਨਸਾਫ਼ ਨਾ ਕਰੇ ਸਕੇ, ਕੁਰਸੀ ਛੋੜ ਦੇਂਗੇ।’

           ਅਕਲ, ਨਾ ਬਦਾਮ ਖਾਣ ਨਾਲ ਤੇ ਨਾ ਹੀ ਕੁਰਸੀ ਨਾਲ ਆਉਂਦੀ ਹੈ। ਨਾ ਰੱਬ ਅਕਲ ਦਿੰਦੈ, ਨਾ ਹੀ ਉਮਰ। ਅਕਲ ਆਉਂਦੀ ਹੈ ‘ਜ਼ਿੰਮੇਵਾਰੀ’ ਨਾਲ। ਨੇਤਾ ਆਪਣੇ ਆਪ ਨੂੰ ਸੇਵਕ ਦੱਸਦੇ ਨੇ ਅਤੇ ਅਫ਼ਸਰ ‘ਪਬਲਿਕ ਸਰਵੈਂਟ’, ਮਤਲਬ ਕਿ ਨੌਕਰ। ਪੰਜਾਬ ’ਚ ‘ਸੇਵਕ ਤੇ ਨੌਕਰ’ ਘਿਓ ਖਿਚੜੀ ਨੇ। ਦੋਵਾਂ ਦੀ ਜੋੜੀ ਇਹੋ ਗਾਉਂਦੀ ਪਈ ਹੈ, ‘ਹਮ ਬਨੇ ਤੁਮ ਬਨੇ, ਏਕ ਦੂਜੇ ਕੇ ਲੀਏ।’ ਦੂਜੇ ਬੰਨੇ ਲੋਕ ਰਾਜ ਦੇ ਅਸਲੀ ਮਾਲਕ ਭਾਵ ਮਹਾਤੜਾਂ ਦੀ ਜ਼ਿੰਦਗੀ ‘ਆਊਟ ਆਫ਼ ਰੇਂਜ’ ਹੋਈ ਪਈ ਹੈ। ਜਨਤਾ ਨੂੰ ਸਰਕਾਰ ਦੇ ਘਰੋਂ ਗਾਲ੍ਹਾਂ ਦਾ ਪਰਸ਼ਾਦਾ ਹੀ ਮਿਲਦੈ, ਫਿਰ ਹੂਕ ਤਾਂ ਨਿਕਲਦੀ ਹੀ ਹੈ, ‘ਕੋਈ ਨ ਕੋਈ ਚਾਹੀਏ, ਪਿਆਰ ਕਰਨੇ ਵਾਲਾ।’

         ਨੌਕਰਸ਼ਾਹੀ ‘ਐਨ.ਪੀ.ਡੀ.’ (ਨਾਰਸੀਸਿਸਟਿਕ ਪਰਸਨੈਲਟੀ ਡਿਸਆਰਡਰ) ਦਾ ਸ਼ਿਕਾਰ ਜਾਪਦੀ ਹੈ। ਐਨ.ਪੀ.ਡੀ. ਬੀਮਾਰੀ ਵਾਲਾ ਹੰਕਾਰ ਨਾਲ ਭਰ ਜਾਂਦਾ ਹੈ, ਉਸ ਨੂੰ ਜਾਪਦੈ ਕਿ ਜਿੰਨੀ ਅਕਲ ਮੈਨੂੰ ਐ, ਹੋਰ ਕਿਸੇ ਨੂੰ ਨਹੀਂ।’ ਇੰਜ ਕਹਿ ਲਓ ਕਿ ਇਹ ਬੀਮਾਰੀ ਵਾਲੇ ਆਪਣੇ ਆਪ ਨੂੰ ਰੱਬ ਸਮਝਦੇ ਨੇ। ਆਹ ਗਾਣਾ ਬੜਾ ਢੁਕਵੈਂ, ‘ਜਾਏ ਵੱਢੀ ਦਾ ਦਾਰੂ ਪੀ ਕੇ, ਧਰਮਰਾਜ ਬਣ ਬਹਿੰਦਾ ਸੀ।’ ਦਾਰੂ ਨਾਲੋਂ ਵੱਧ ਭੈੜਾ ਸੱਤਾ ਦਾ ਨਸ਼ਾ ਹੈ, ਤਾਹੀਂ ਤਾਂ ਪੰਜਾਬ ਦਾ ਲੀਵਰ ਖ਼ਰਾਬ ਹੋਇਐ। 1997 ਵਿਚ ਬਾਦਲ ਸਰਕਾਰ ਨੇ ਐਲਾਨ ਕੀਤਾ ਕਿ ਹਰ ਵਰ੍ਹੇ ਈਮਾਨਦਾਰ ਅਫ਼ਸਰ ਨੂੰ ਲੱਖ ਰੁਪਏ ਦਾ ਇਨਾਮ ਦਿਆਂਗੇ। ਕੋਈ ਲੱਭਾ ਹੀ ਨਹੀਂ, ਖ਼ਜ਼ਾਨੇ ਦੇ ਕੰਨ ਪਏ ਹੱਸਣ। ਹੁਣ ‘ਆਪ’ ਦੇ ਭਮੱਕੜਾਂ ਨੂੰ ਅਫ਼ਸਰ ‘ਟੁੱਕ ’ਤੇ ਡੇਲਾ’ ਹੀ ਸਮਝਦੇ ਨੇ।  ਜਦੋਂ ਇਹ ਵੱਡੀ ਕੁਰਸੀ ’ਤੇ ਸਜਦੇ ਨੇ ਤਾਂ ਉਨ੍ਹਾਂ ਦੇ ਅੰਦਰਲਾ ਬਾਘੀਆਂ ਪਾਉਂਦੈ, ‘ਸਾਲਾ ਮੈਂ ਤੋ ਸਾਹਬ ਬਣ ਗਿਆ।’

          ਨੰਦ ਲਾਲ ਨੂਰਪੁਰੀ ਨਸੀਹਤਾਂ ਦੇ ਰਿਹੈ, ‘ਇਹ ਦੁਨੀਆ ਤਿਲ੍ਹਕਣ ਬਾਜ਼ੀ ਏ, ਤੂੰ ਪੈਰ ਸਮਝ ਕੇ ਧਰਿਆ ਕਰ, ਕਿਸੇ ਨਿਰਧਨ ਆਤੁਰ ਦੁਖੀਏ ਦਾ, ਕੁਝ ਭਾਰ ਵੀ ਹੌਲਾ ਕਰਿਆ ਕਰ।’ ਆਈ.ਏ.ਐਸ. ਅਫ਼ਸਰ ਤਾਂ ਸੂਰਜਮੁਖੀ ਦੇ ਫੁੱਲ ਵਰਗੇ ਹੁੰਦੇ ਨੇ, ਚੜ੍ਹਦੇ ਸੂਰਜ ਵੱਲ ਹੀ ਊਰੀ ਵਾਂਗੂ ਘੁੰਮਦੇ ਨੇ। ਛੱਜੂ ਰਾਮ ਨੇ ਅਸਾਂ ਦੇ ਹੁੱਝ ਮਾਰੀ ਐ, ‘ਅਫ਼ਸਰਾਂ ਨਾਲ ਪੰਗੇ ਨਹੀਂ ਲਈਦੇ, ਇਨ੍ਹਾਂ ਦੇ ਹੱਥ ਵੀ ਲੰਬੇ ਹੁੰਦੇ ਨੇ ਤੇ ਖੀਸੇ ਵੀ।’ ਛੱਜੂ ਰਾਮਾ! ਅਸਾਂ ਦਾ ਇੱਕੋ ਫ਼ਾਰਮੂਲਾ ਏ, ‘ਈਮਾਨੀਆਂ ਦੀ ਜੈ ਤੇ ਭ੍ਰਿਸ਼ਟਾਂ ਦੀ ਖੈ। ਓਧਰ ਅਫ਼ਸਰਾਂ ਦੇ ‘ਮਨ ਕੀ ਬਾਤ’ ਮੁਹੰਮਦ ਸਦੀਕ ਕਰ ਰਿਹੈ, ‘ਹਾਂਜੀ ਹਾਂਜੀ ਕਹਿਣਾ, ਸਦਾ ਸੁੱਖੀ ਰਹਿਣਾ…।’

          ਜਦੋਂ ਬਾਦਲਾਂ ਨੂੰ 2012 ’ਚ ਦੁਬਾਰਾ ਕੁਰਸੀ ਮਿਲੀ ਤਾਂ ਵੱਡੇ ਬਾਦਲ ਨੇ ਚਟਕਾਰੇ ਲੈ ਗੱਲ ਸੁਣਾਈ। ‘ਭਾਈ, ਵੱਡੇ ਵੱਡੇ ਅਫ਼ਸਰ, ਵੱਡੇ ਵੱਡੇ ਗੁਲਦਸਤੇ, ਹੱਥਾਂ ’ਚ ਮਠਿਆਈ ਵਾਲੇ ਡੱਬੇ, ਲੈ ਕੇ ਮਹਿਲਾਂ ’ਚ ਪੁੱਜ ਗਏ। ਚੋਣ ਨਤੀਜੇ ਪੁੱਠੇ ਪੈ ਗਏ। ਉਹੀ ਅਫ਼ਸਰ ਭੱਜੇ ਭੱਜੇ ਪਿੰਡ ਬਾਦਲ ਆ’ਗੇ, ਕਾਹਲੀ ’ਚ ਸੌਹਰੀ ਦੇ, ਡੱਬਿਆਂ ਤੋਂ ਸਟਿੱਕਰ ਪੁੱਟਣੇ ਵੀ ਭੁੱਲ ਗਏ।’ ਅਖੀਰ ’ਚ ‘ਰੋਟੀ’ ਫ਼ਿਲਮ ਦਾ ਗਾਣਾ, ‘ਯੇ ਜੋ ਪਬਲਿਕ ਹੈ, ਯੇਹ ਸਬ ਜਾਨਤੀ ਹੈ।’

(26 ਜੁਲਾਈ 2024)

Monday, July 15, 2024

                                                        ਪਾਸਪੋਰਟ ਯੁੱਗ
                                  ਸ਼ਾਹ ਮੁਹੰਮਦਾ ਕਰਨਾ ਪੰਜਾਬ ਖ਼ਾਲੀ..! 
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਨਵੇਂ ਪਾਸਪੋਰਟਾਂ ਦੀ ਗੁੱਡੀ ਅਸਮਾਨੀ ਚੜ੍ਹਨ ਲੱਗੀ ਹੈ। ਵਰ੍ਹਾ 2023 ’ਚ ਬਣੇ ਪਾਸਪੋਰਟਾਂ ਨੇ ਪੁਰਾਣੇ ਸਭ ਰਿਕਾਰਡ ਤੋੜ ਦਿੱਤੇ ਹਨ। ਜਦੋਂ ‘ਵਤਨ ਵਾਪਸੀ’ ਦੀ ਨਾਅਰਾ ਗੂੰਜ ਰਿਹਾ ਹੈ ਤਾਂ ਉਸ ਵਕਤ ਨਵੇਂ ਪਾਸਪੋਰਟ ਬਣਾਉਣ ਵਾਲੇ ਕਤਾਰਾਂ ਬੰਨ੍ਹ ਖੜ੍ਹੇ ਹਨ। ਕਾਰਨ ਕੁੱਝ ਵੀ ਰਹੇ ਹੋਣ ਪ੍ਰੰਤੂ ਇਸ ਰੁਝਾਨ ਤੋਂ ਪੰਜਾਬੀ ਜਹਾਜ਼ ਚੜ੍ਹਨ ਲਈ ਕਾਹਲੇ ਜਾਪਦੇ ਹਨ। ਸਾਲ 2023 ਵਿਚ ਪੰਜਾਬ ਵਿਚ 11.94 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ 2024 ਦੇ ਪਹਿਲੇ ਛੇ ਮਹੀਨਿਆਂ ’ਚ ਹੀ ( ਜੂਨ ਮਹੀਨੇ ਤੱਕ) ਪੰਜਾਬ ਵਿਚ 5.82 ਲੱਖ ਪਾਸਪੋਰਟ ਬਣ ਚੁੱਕੇ ਹਨ।  ਜਦੋਂ ਕਰੋਨਾ ਮਹਾਂਮਾਰੀ ਦਾ ਦੌਰ ਸੀ ਤਾਂ ਉਦੋਂ ਪਾਸਪੋਰਟਾਂ ਨੂੰ ਠੱਲ੍ਹ ਪਈ ਸੀ। ਇਸ ਬਿਪਤਾ ਮਗਰੋਂ ਹੀ ਪਾਸਪੋਰਟ ਬਣਾਉਣ ਵਾਲਿਆਂ ਨੇ ਹਨ੍ਹੇਰੀ ਲਿਆ ਦਿੱਤੀ। ਪਹਿਲੀ ਜਨਵਰੀ 2014 ਤੋਂ ਜੂਨ 2024 (ਕਰੀਬ ਸਾਢੇ ਦਸ ਵਰ੍ਹਿਆਂ) ਵਿਚ ਪੰਜਾਬ ਵਿਚ 87.02 ਲੱਖ ਪਾਸਪੋਰਟ ਬਣ ਚੁੱਕੇ ਹਨ। 

          ਸਾਲ 2023 ’ਚ ਪੰਜਾਬ ਵਿਚ ਰੋਜ਼ਾਨਾ ਔਸਤਨ 3271 ਪਾਸਪੋਰਟ ਬਣੇ ਹਨ ਅਤੇ ਇਸ ਲਿਹਾਜ਼ ਨਾਲ ਹਰ ਘੰਟੇ ਪੰਜਾਬ ਵਿਚ ਔਸਤਨ 136 ਪਾਸਪੋਰਟ ਬਣ ਰਹੇ ਹਨ। ਹਰ ਮਹੀਨੇ ਇੱਕ ਲੱਖ ਪਾਸਪੋਰਟ ਬਣਦਾ ਹੈ। ਲੰਘੇ ਦਸ ਵਰ੍ਹਿਆਂ ਦੌਰਾਨ ਇਕੱਲਾ 2017 ਦਾ ਵਰ੍ਹਾ ਅਜਿਹਾ ਸੀ ਜਦੋਂ ਸਭ ਤੋਂ ਵੱਧ 9.73 ਲੱਖ ਪਾਸਪੋਰਟ ਬਣੇ ਸਨ ਅਤੇ ਇਹ ਰਿਕਾਰਡ ਹੁਣ ਸਾਲ 2023 ਨੇ ਤੋੜਿਆ ਹੈ। ਪੰਜਾਬ ਸਰਕਾਰ ਨੇ ‘ਵਤਨ ਵਾਪਸੀ’ ਦਾ ਹੋਕਾ ਦਿੱਤਾ ਹੈ। ਇਹ ਰੁਝਾਨ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ। ਸਟੱਡੀ ਵੀਜ਼ੇ ਨੂੰ ਹੁਣ ਠੱਲ੍ਹ ਪਈ ਹੈ ਅਤੇ ਆਈਲੈੱਟਸ ਕੇਂਦਰਾਂ ਵਾਲਿਆਂ ਦਾ ਕਾਰੋਬਾਰ ਵੀ ਮੱਠਾ ਪਿਆ ਹੈ। ਕਈ ਮੁਲਕਾਂ ਵਿਚ ਨਿਯਮਾਂ ਦੀ ਸਖ਼ਤੀ ਨੇ ਪੰਜਾਬੀਆਂ ਨੂੰ ਪੰਜਾਬ ’ਚ ਟਿਕਣ ਲਈ ਕਿਹਾ ਹੈ। ‘ਸਟੱਡੀ ਵੀਜ਼ੇ’ ਨੇ ਹੀ ਸਭ ਤੋਂ ਵੱਧ ਪੰਜਾਬ ਨੂੰ ਖਿੱਚਿਆ ਸੀ। ਗੁਆਂਢੀ ਸੂਬੇ ਹਰਿਆਣਾ ਵਿਚ ਸਾਲ 2023 ਵਿਚ 5.82 ਲੱਖ ਪਾਸਪੋਰਟ ਬਣੇ ਹਨ ਜੋ ਕਿ ਪੰਜਾਬ ਨਾਲੋਂ ਅੱਧੇ ਹਨ।

          ਸਾਲ 2023 ਵਿਚ ਦੇਸ਼ ਭਰ ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਰਿਹਾ ਹੈ ਜਿੱਥੇ 15.10 ਲੱਖ ਪਾਸਪੋਰਟ ਬਣੇ ਹਨ ਅਤੇ ਦੂਜੇ ਨੰਬਰ ’ਤੇ ਉੱਤਰ ਪ੍ਰਦੇਸ਼ ਵਿਚ 13.68 ਲੱਖ ਪਾਸਪੋਰਟ ਬਣੇ ਹਨ। ਤੀਜਾ ਨੰਬਰ ਪੰਜਾਬ ਦਾ ਹੈ ਜਿੱਥੇ 11.94 ਲੱਖ ਪਾਸਪੋਰਟ ਬਣੇ ਹਨ। ਇਸ ਰੁਝਾਨ ਨੂੰ ਦੇਖਦਿਆਂ ਪੰਜਾਬ ਵਿਚ ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ 14 ਪਾਸਪੋਰਟ ਸੇਵਾ ਕੇਂਦਰ ਵੀ ਕੰਮ ਕਰ ਰਹੇ ਹਨ ਜਿਨ੍ਹਾਂ ਦਾ ਵਰਕਲੋਡ ਪੰਜਾਬ ਨੇ ਵਧਾ ਰੱਖਿਆ ਹੈ। ਪਾਸਪੋਰਟ ਦਫ਼ਤਰਾਂ ਨੂੰ ਪੰਜਾਬ ਤੋਂ ਚੋਖੀ ਕਮਾਈ ਹੋ ਰਹੀ ਹੈ। ਕੇਰਲਾ ਵੀ ਇਸ ਮਾਮਲੇ ਵਿਚ ਕਾਫ਼ੀ ਅੱਗੇ ਹੈ ਅਤੇ ਕੇਰਲਾ ਵਿਚ ਲੰਘੇ ਸਾਢੇ ਦਸ ਸਾਲਾਂ ਵਿਚ 1.22 ਕਰੋੜ ਪਾਸਪੋਰਟ ਬਣੇ ਹਨ ਅਤੇ ਜਦੋਂ ਕਿ ਮਹਾਰਾਸ਼ਟਰ ਵਿਚ 1.19 ਕਰੋੜ, ਉੱਤਰ ਪ੍ਰਦੇਸ਼ ਵਿਚ 1.02 ਕਰੋੜ ਅਤੇ ਤਾਮਿਲਨਾਡੂ ਵਿਚ ਇੱਕ ਕਰੋੜ ਪਾਸਪੋਰਟ ਬਣੇ ਹਨ। ਪੰਜਾਬ ਵਿਚ 87.02 ਲੱਖ ਪਾਸਪੋਰਟ ਬਣੇ ਹਨ। 

          ਪੰਜਾਬ ਸਰਕਾਰ ਨੇ ਇੱਧਰ ਸੂਬੇ ਵਿਚ ਸਰਕਾਰੀ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਹਨ ਕਿ ਰੈਗੂਲਰ ਨੌਕਰੀਆਂ ਮਿਲਣ ਕਰਕੇ ਪੰਜਾਬ ਦਾ ਨੌਜਵਾਨ ਵਿਦੇਸ਼ ਜਾਣ ਤੋਂ ਰੁਕਿਆ ਹੈ। ਪੰਜਾਬ ਦਾ ਜੋ ਨੌਜਵਾਨ ਕੈਨੇਡਾ ਵਗ਼ੈਰਾ ਵਿਚ ਪੀਆਰ ਹੋ ਗਏ ਹਨ, ਉਨ੍ਹਾਂ ਦੇ ਮਾਪੇ ਵੀ ਪਿੱਛੇ ਜਾਣ ਲੱਗੇ ਹਨ। ਪੰਜਾਬ ਵਿਚ ਕਰੀਬ 55 ਲੱਖ ਘਰ ਹਨ ਜਦੋਂ ਕਿ ਸਾਢੇ ਦਸ ਵਰ੍ਹਿਆਂ ਵਿਚ ਪਾਸਪੋਰਟ 87.02 ਲੱਖ ਬਣ ਗਏ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਦੇ ਕਰੀਬ 28 ਹਜ਼ਾਰ ਬਾਸ਼ਿੰਦੇ ਲੰਘੇ ਨੌ ਸਾਲਾਂ ਵਿਚ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਹਨ। ਇਸ ਤਰ੍ਹਾਂ ਦੇ ਰੁਝਾਨ ਤੋਂ ਲੱਗਦਾ ਹੈ ਕਿ ਆਉਂਦੇ ਵਰ੍ਹਿਆਂ ਵਿਚ ਪੰਜਾਬ ਦੇ ਪਿੰਡ ਖ਼ਾਲੀ ਹੋ ਜਾਣਗੇ। ਬਹੁਤੇ ਪਿੰਡਾਂ ਵਿਚ ਤਾਂ ਅਜਿਹੇ ਹਾਲਾਤ ਬਣ ਵੀ ਚੁੱਕੇ ਹਨ।

                                                         ਡੀਏਪੀ ਘੁਟਾਲਾ 
                                  ਖਾਦ ਦੇ 60 ਫ਼ੀਸਦੀ ਨਮੂਨੇ ਫ਼ੇਲ੍ਹ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਚ ਹੁਣ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤੀ ਡੀਏਪੀ ਖਾਦ ’ਚ ਘੁਟਾਲਾ ਹੋਣ ਦੀ ਜਾਣਕਾਰੀ ਮਿਲੀ ਹੈ। ਦੋ ਫ਼ਰਮਾਂ ਵੱਲੋਂ ਸਪਲਾਈ ਕੀਤੀ ਡੀਏਪੀ ਖਾਦ ਦੇ 60 ਫ਼ੀਸਦੀ ਨਮੂਨੇ ਫ਼ੇਲ੍ਹ ਹੋ ਗਏ ਹਨ। ਮਾਰਕਫੈੱਡ ਵੱਲੋਂ ਚੋਣ ਜ਼ਾਬਤੇ ਦੌਰਾਨ ਡੀਏਪੀ ਖਾਦ ਦੀ ਖ਼ਰੀਦ ਕੀਤੀ ਗਈ ਸੀ ਜੋ ਅੱਗੇ ਪੇਂਡੂ ਸਹਿਕਾਰੀ ਸਭਾਵਾਂ ਵਿਚ ਭੇਜੀ ਗਈ ਸੀ। ਮੁੱਢਲੇ ਪੜਾਅ ’ਤੇ ਜ਼ਿਲ੍ਹਾ ਮੁਹਾਲੀ ਦੀਆਂ ਪੇਂਡੂ ਸਹਿਕਾਰੀ ਸਭਾਵਾਂ ਵਿਚ ਸਪਲਾਈ ਕੀਤੀ ਡੀਏਪੀ ਖਾਦ ’ਤੇ ਉਂਗਲ ਉੱਠੀ ਸੀ ਅਤੇ ਇਸ ਜ਼ਿਲ੍ਹੇ ਵਿਚੋਂ ਖਾਦ ਦੇ ਅੱਠ ਨਮੂਨੇ ਭਰੇ ਗਏ ਸਨ ਜੋ ਸਾਰੇ ਫ਼ੇਲ੍ਹ ਹੋ ਗਏ ਸਨ। ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਗੈਰਮਿਆਰੀ ਖਾਦ ਸਪਲਾਈ ਕਰਨ ਵਾਲੀ ਕੰਪਨੀ ਮੱਧਿਆ ਭਾਰਤ ਐਗਰੋ ਪ੍ਰੋਡਕਟਸ ਲਿਮਟਿਡ ਅਤੇ ਮੈਸਰਜ਼ ਕ੍ਰਿਸ਼ਨਾ ਫਾਸਕੈੱਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

         ਖੇਤੀ ਮਹਿਕਮੇ ਦੇ ਕੁੱਝ ਉੱਚ ਅਧਿਕਾਰੀ ਇਸ ਖਾਦ ਸਕੈਂਡਲ ਨੂੰ ਅੰਦਰੋਂ ਅੰਦਰੀਂ ਦਬਾਉਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਚਾਰ ਹੋਰਨਾਂ ਜ਼ਿਲ੍ਹਿਆਂ ਵਿਚੋਂ ਨਮੂਨੇ ਲੈ ਕੇ ਪੱਲਾ ਝਾੜ ਲਿਆ ਸੀ। ਜਦੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇਨ੍ਹਾਂ ਅਫ਼ਸਰਾਂ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਸਮੁੱਚੇ ਪੰਜਾਬ ਵਿਚ ਦੋ ਫ਼ਰਮਾਂ ਵੱਲੋਂ ਸਪਲਾਈ ਖਾਦ ਦੇ ਨਮੂਨੇ ਭਰਨ ਦੇ ਹੁਕਮ ਦਿੱਤੇ ਸਨ। ਇਨ੍ਹਾਂ ਨਿਰਦੇਸ਼ਾਂ ਮਗਰੋਂ ਕੁੱਲ 11 ਜ਼ਿਲ੍ਹਿਆਂ ਵਿਚੋਂ ਡੀਏਪੀ ਖਾਦ ਦੇ 40 ਨਮੂਨੇ ਭਰੇ ਗਏ ਜਿਨ੍ਹਾਂ ਵਿਚੋਂ 24 ਨਮੂਨੇ ਫ਼ੇਲ੍ਹ ਹੋ ਗਏ ਹਨ। ਛੇ ਜ਼ਿਲ੍ਹਿਆਂ ਵਿਚ ਨਮੂਨੇ ਫ਼ੇਲ੍ਹ ਹੋਏ ਹਨ ਜਿੱਥੇ ਡੀਏਪੀ ਖਾਦ ਗੈਰਮਿਆਰੀ ਹੋਣ ਦੀ ਪੁਸ਼ਟੀ ਹੋਈ ਹੈ। ਮੱਧਿਆ ਭਾਰਤ ਐਗਰੋ ਪ੍ਰੋਡਕਟਸ ਲਿਮਟਿਡ ਅਤੇ ਮੈਸਰਜ਼ ਕ੍ਰਿਸ਼ਨਾ ਫਾਸਕੈੱਮ ਵੱਲੋਂ ਖਾਦ ਸਪਲਾਈ ਕੀਤੀ ਗਈ ਸੀ। ਜ਼ਿਲ੍ਹਾ ਲੁਧਿਆਣਾ ਵਿਚ ਲਏ 9 ਵਿਚੋਂ 7 ਨਮੂਨੇ ਫ਼ੇਲ੍ਹ ਹੋ ਗਏ ਹਨ। 

        ਪਟਿਆਲਾ ਵਿਚੋਂ ਦੋ, ਤਰਨ ਤਾਰਨ ਵਿਚੋਂ ਤਿੰਨ ਅਤੇ ਨਵਾਂ ਸ਼ਹਿਰ ਜ਼ਿਲ੍ਹੇ ਵਿਚੋਂ ਤਿੰਨ ਨਮੂਨੇ ਲਏ ਗਏ ਸਨ ਅਤੇ ਇਹ ਸਾਰੇ ਨਮੂਨੇ ਹੀ ਫ਼ੇਲ੍ਹ ਹੋ ਗਏ ਹਨ। ਸੰਗਰੂਰ ਜ਼ਿਲ੍ਹੇ ਵਿਚ ਪੰਜ ਵਿਚੋਂ ਇੱਕ ਨਮੂਨਾ ਫ਼ੇਲ੍ਹ ਆਇਆ ਹੈ। ਹੁਸ਼ਿਆਰਪੁਰ ਵਿਚੋਂ ਲਏ ਦੋ ਸੈਂਪਲਾਂ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਤਰਨ ਤਾਰਨ ਜ਼ਿਲ੍ਹੇ ਵਿਚ ਪਿੰਡ ਪੂਹਲਾ, ਪਿੰਡ ਡੱਲ ਅਤੇ ਮਾੜੀ ਕੰਬੋਕੇ ਦੀ ਸਹਿਕਾਰੀ ਸਭਾ ਨੂੰ ਸਪਲਾਈ ਕੀਤੀ ਡੀਏਪੀ ਖਾਦ ਦੇ ਨਮੂਨੇ ਫ਼ੇਲ੍ਹ ਹੋ ਗਏ ਹਨ। ਹੋਰਨਾਂ ਕੰਪਨੀਆਂ ਵੱਲੋਂ ਜੈਤੋ ਦੀ ਸੰਤ ਸਿੰਘ ਐਂਡ ਸੰਨਜ਼ ਅਤੇ ਪਿੰਡ ਡੋਡ ਦੀ ਕੌਰ ਸਿੰਘ ਪੁੱਤਰ ਸੰਤ ਸਿੰਘ ਫ਼ਰਮ ਦੇ ਨਮੂਨੇ ਵੀ ਫ਼ੇਲ੍ਹ ਹੋਏ ਹਨ। ਫ਼ਰੀਦਕੋਟ ਦੀ ਓਮ ਪ੍ਰਕਾਸ਼ ਐਂਡ ਸੰਨਜ਼ ਅਤੇ ਆਸ਼ੂ ਅਗਰਵਾਲ ਫ਼ਰਮ ਦੇ ਨਮੂਨੇ ਵੀ ਗੈਰਮਿਆਰੀ ਪਾਏ ਗਏ ਹਨ। ਖੇਤੀ ਮਹਿਕਮੇ ਵੱਲੋਂ ਇਨ੍ਹਾਂ ਫ਼ਰਮਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। 

         ਇਹ ਖਾਦ ਝੋਨੇ ਦੀ ਲੁਆਈ ਵਾਸਤੇ ਆਈ ਸੀ ਅਤੇ ਝੋਨੇ ਲਈ ਕਰੀਬ 1.25 ਲੱਖ ਮੀਟਰਿਕ ਟਨ ਡੀਏਪੀ ਦੀ ਲੋੜ ਸੀ। ਇਨ੍ਹਾਂ ਨਮੂਨਿਆਂ ਦੀ ਟੈਸਟਿੰਗ ਪੰਜਾਬ ਅਤੇ ਬਾਹਰੋਂ ਹੋਈ ਹੈ। ਬਹੁਤੇ ਫ਼ੇਲ੍ਹ ਨਮੂਨਿਆਂ ਵਿਚ ਡੀਏਪੀ ਵਿੱਚ ਫਾਸਫੋਰਸ ਦੇ ਤੱਤ 46 ਫ਼ੀਸਦੀ ਦੀ ਥਾਂ 20.95 ਫ਼ੀਸਦੀ ਹੀ ਨਿਕਲੇ ਹਨ। ਮੱਧਿਆ ਭਾਰਤ ਐਗਰੋ ਪ੍ਰੋਡਕਟਸ ਕੰਪਨੀ ਨੇ ਮਾਰਕਫੈੱਡ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਕੰਪਨੀ ਵੱਲੋਂ ਕਿਸੇ ਤਰ੍ਹਾਂ ਦੀ ਗੈਰਮਿਆਰੀ ਡੀਏਪੀ ਖਾਦ ਦੀ ਸਪਲਾਈ ਨਹੀਂ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਖੇਤੀ ਮਹਿਕਮੇ ਦੇ ਉੱਚ ਅਹੁਦਿਆਂ ’ਤੇ ਬੈਠੇ ਕਈ ਅਧਿਕਾਰੀਆਂ ਨੇ ਨਮੂਨੇ ਭਰਨ ਵਿਚ ਅੜਿੱਕੇ ਵੀ ਖੜ੍ਹੇ ਕੀਤੇ ਸਨ।

                                ਕਸੂਰਵਾਰਾਂ ’ਤੇ ਸਖ਼ਤ ਕਾਰਵਾਈ ਕਰਾਂਗੇ: ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਚੋਣ ਜ਼ਾਬਤੇ ਦੌਰਾਨ ਮਾਰਕਫੈੱਡ ਵੱਲੋਂ ਇਹ ਖਾਦ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ਰਮਾਂ ਦੀ ਖਾਦ ਦੀ ਸਪਲਾਈ ਤਾਂ ਪਹਿਲਾਂ ਹੀ ਰੋਕ ਦਿੱਤੀ ਗਈ ਸੀ ਅਤੇ ਹੁਣ ਨਮੂਨਿਆਂ ਦੀ ਰਿਪੋਰਟ ਦੇ ਅਧਾਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ।

                                          ਆਈਏਐੱਸ ਅਫ਼ਸਰ ਦੀ ਭੂਮਿਕਾ ਸ਼ੱਕੀ

ਸੂਤਰਾਂ ਨੇ ਦੱਸਿਆ ਕਿ ਪੰਜਾਬ ਵਿਚ ਇੱਕ ਅਹਿਮ ਅਹੁਦੇ ’ਤੇ ਤਾਇਨਾਤ ਇੱਕ ਆਈਏਐਸ ਅਧਿਕਾਰੀ ਅੰਦਰੋਂ ਅੰਦਰੀਂ ਇੱਕ ਖਾਦ ਕੰਪਨੀ ਦੀ ਪਿੱਠ ’ਤੇ ਆ ਗਿਆ ਹੈ ਜੋ ਕੰਪਨੀ ਦੇ ਪ੍ਰਬੰਧਕਾਂ ਦੀ ਸਰਕਾਰ ਤੱਕ ਪਹੁੰਚ ਬਣਾਉਣ ਵਿਚ ਜੁਟ ਗਿਆ ਹੈ ਕਿਉਂਕਿ ਕੰਪਨੀ ਦੇ ਮਾਲਕ ਅਤੇ ਇਹ ਅਧਿਕਾਰੀ ਇੱਕੋ ਭਾਈਚਾਰੇ ਨਾਲ ਸਬੰਧਿਤ ਹਨ।

Friday, July 12, 2024

                                                        ਮੁਫ਼ਤ ਦੀ ਗੋਲੀ
                      ਸਾਢੇ ਪੰਜ ਸੌ ਕਰੋੜ ਦੀ ਦਵਾਈ ਛਕ ਗਏ ਨਸ਼ੇੜੀ !
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਚ ਨਸ਼ੇੜੀ ਹੁਣ ‘ਮੁਫ਼ਤ ਦੀ ਗੋਲੀ’ ਦੀ ਚਾਟ ’ਤੇ ਲੱਗ ਗਏ ਹਨ। ਸਿਹਤ ਵਿਭਾਗ ਵੱਲੋਂ ਖੋਲ੍ਹੇ ਓਟ ਕਲੀਨਿਕਾਂ ’ਚ ਲੱਖਾਂ ਨੌਜਵਾਨ ਆ ਰਹੇ ਹਨ ਪਰ ਉਨ੍ਹਾਂ ਵਿੱਚੋਂ ਨਸ਼ਾ ਛੱਡਣ ਵਾਲੇ ਟਾਵੇਂ ਹੀ ਹਨ। ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕੇਂਦਰਾਂ ਵਿੱਚੋਂ ਲੰਘੇ ਸਾਢੇ ਪੰਜ ਵਰ੍ਹਿਆਂ ਵਿੱਚ 127.64 ਕਰੋੜ ਗੋਲੀਆਂ ਨਸ਼ੇੜੀਆਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ ਜਿਸ ’ਤੇ ਕਰੀਬ 550 ਕਰੋੜ ਰੁਪਏ ਖ਼ਰਚੇ ਗਏ ਹਨ। ਪੰਜਾਬ ਸਰਕਾਰ ਵੱਲੋਂ 282.51 ਕਰੋੜ ਰੁਪਏ ਪੰਜ ਵਰ੍ਹਿਆਂ ਵਿਚ ਬੁਪਰੋਨੋਰਫਿਨ ਜੋ ਮੁਫ਼ਤ ਦੀ ਗੋਲੀ ਵਜੋਂ ਮਸ਼ਹੂਰ ਹੈ, ’ਤੇ ਖ਼ਜ਼ਾਨੇ ਵਿੱਚੋਂ ਖ਼ਰਚ ਕੀਤੇ ਜਾ ਚੁੱਕੇ ਹਨ। ਪੰਜਾਬ ’ਚ ਨਸ਼ੇੜੀਆਂ ਵੱਲੋਂ ਟੀਕੇ ਲਗਾ ਕੇ ਨਸ਼ਾ ਲਏ ਜਾਣ ਨਾਲ ਹੋਈਆਂ ਮੌਤਾਂ ਦੇ ਕੇਸ ਸਾਹਮਣੇ ਆਏ ਤਾਂ ਸਰਕਾਰ ਨੇ ਓਟ ਕਲੀਨਿਕਾਂ ਵਿੱਚ ਨਸ਼ਾ ਛੱਡਣ ਵਾਲੀ ਦਵਾਈ ਮੁਫ਼ਤ ਦੇਣੀ ਸ਼ੁਰੂ ਕੀਤੀ ਸੀ ਜਿਸ ਵਿਚ ਬੁਪਰੋਨੋਰਫਿਨ ਗੋਲੀ ਮੁੱਖ ਹੈ।

      ਸ਼ੁਰੂ ਵਿੱਚ ਓਟ ਕਲੀਨਿਕਾਂ ਵਿੱਚ ਇਹ ਗੋਲੀ ਡਾਕਟਰਾਂ ਦੀ ਹਾਜ਼ਰੀ ਵਿੱਚ ਨਸ਼ੇੜੀ ਨੂੰ ਦਿੱਤੀ ਜਾਂਦੀ ਸੀ। ਮਗਰੋਂ ਹਫ਼ਤੇ-ਹਫ਼ਤੇ ਦੀ ਦਵਾਈ ਇਕੱਠੀ ਦਿੱਤੀ ਜਾਣ ਲੱਗੀ। ਫੇਰ ਨਸ਼ੇੜੀ ਗੋਲੀ ਨੂੰ ਅੱਗੇ ਬਲੈਕ ਵਿੱਚ ਵੇਚਣ ਲੱਗੇ। ਪ੍ਰਾਈਵੇਟ ਕੇਂਦਰਾਂ ਦਾ ਇਹ ਵਪਾਰ ਚੰਗਾ ਨਿਖਰਨ ਲੱਗਿਆ ਹੈ।ਪੰਜਾਬ ਵਿੱਚ ਇਸ ਵੇਲੇ 529 ਸਰਕਾਰੀ ਓਟ ਕਲੀਨਿਕ, ਨਸ਼ਾ ਛੁਡਾਊ ਕੇਂਦਰ ਹਨ ਜਦੋਂਕਿ 2019 ਵਿੱਚ ਇਨ੍ਹਾਂ ਦੀ ਗਿਣਤੀ 193 ਸੀ। 2019 ਵਿੱਚ ਪ੍ਰਾਈਵੇਟ ਕੇਂਦਰ 105 ਸਨ, ਜਿਹੜੇ ਹੁਣ 177 ਹੋ ਗਏ ਹਨ। ਓਟ ਕਲੀਨਿਕਾਂ ਦੇ ਬਾਹਰ ਹਫ਼ਤੇ ਵਿੱਚੋਂ ਛੇ ਦਿਨ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਸੂਤਰ ਦੱਸਦੇ ਹਨ ਕਿ ਨਸ਼ੇੜੀ ਹੁਣ ਇਸ ਗੋਲੀ ਦੀ ਚਾਟ ’ਤੇ ਲੱਗ ਗਏ ਹਨ ਅਤੇ ਮੁਫ਼ਤ ਦੀ ਗੋਲੀ ਹੁਣ ਮਾਰਕੀਟ ਵਿੱਚ ਵੇਚੀ ਵੀ ਜਾਣ ਲੱਗੀ ਹੈ। 

       ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ’ਚ ਅੰਕੜਾ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ’ਚ ਲੰਘੇ ਸਵਾ ਛੇ ਵਰ੍ਹਿਆਂ ’ਚ 8.82 ਲੱਖ ਮਰੀਜ਼ ਪੁੱਜੇ ਪਰ ਇਨ੍ਹਾਂ ਵਿੱਚੋਂ ਸਿਰਫ਼ 4106 ਨਸ਼ੇੜੀਆਂ ਨੇ ਹੀ ਨਸ਼ਾ ਛੱਡਿਆ।26 ਅਕਤੂਬਰ 2017 ਤੋਂ ਨਸ਼ਾ ਛੁਡਾਊ ਕੇਂਦਰਾਂ ’ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਰੱਖਿਆ ਜਾਣ ਲੱਗਿਆ ਹੈ। ਤਾਜ਼ਾ ਵੇਰਵਿਆਂ ਅਨੁਸਾਰ ਸਰਕਾਰ ਵੱਲੋਂ ਇਨ੍ਹਾਂ ਗੋਲੀਆਂ ’ਤੇ 2019 ਵਿੱਚ 20.97 ਕਰੋੜ, ਜਦੋਂਕਿ 2023 ਵਿੱਚ 85.95 ਕਰੋੜ ਰੁਪਏ ਖਰਚੇ ਗਏ। ਸਰਕਾਰ ਔਸਤਨ ਰੋਜ਼ਾਨਾ 23.54 ਲੱਖ ਰੁਪਏ ਨਸ਼ੇੜੀਆਂ ’ਤੇ ਖ਼ਰਚ ਰਹੀ ਹੈ। ਸਰਕਾਰ ਜਨਵਰੀ 2019 ਤੋਂ ਜੂਨ 2024 ਤੱਕ 46.73 ਕਰੋੜ ਬੁਪਰੋਨੋਰਫਿਨ ਗੋਲੀ ਦੀ ਸਪਲਾਈ ਕਰ ਚੁੱਕੀ ਹੈ। ਉਧਰ, ਪ੍ਰਾਈਵੇਟ ਕੇਂਦਰਾਂ ਵੱਲੋਂ ਇਨ੍ਹਾਂ ਸਾਢੇ ਪੰਜ ਵਰ੍ਹਿਆਂ ਵਿੱਚ 80.91 ਕਰੋੜ ਗੋਲੀਆਂ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ। 

      ਲੁਧਿਆਣਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦਾ ਕਹਿਣਾ ਸੀ ਕਿ ਓਟ ਕਲੀਨਿਕਾਂ ਦੀ ਦਵਾਈ ਨਾਲ ਟੀਕਿਆਂ ਜ਼ਰੀਏ ਨਸ਼ਾ ਲੈਣ ਨੂੰ ਠੱਲ੍ਹ ਪਈ ਹੈ ਅਤੇ ਜਾਨੀ ਨੁਕਸਾਨ ਘਟਿਆ ਹੈ। ਇਸ ਨਾਲ ਕਾਲਾ ਪੀਲੀਆ ਵਗ਼ੈਰਾ ਦਾ ਪਸਾਰ ਵੀ ਘਟਿਆ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਸੂਬੇ ਵਿੱਚ ਓਟ ਕਲੀਨਿਕਾਂ ਦੀ ਦਵਾਈ ਦੇ ਬਾਵਜੂਦ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕਮੀ ਨਹੀਂ ਆਈ ਹੈ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰਜੀਤ ਸਿੰਘ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਓਟ ਕਲੀਨਿਕਾਂ ਵਿੱਚ ਮਿਲਦੀ ਗੋਲੀ ਦੀ ਦੁਰਵਰਤੋਂ ਵਧ ਗਈ ਹੈ ਅਤੇ ਇਸ ਗੋਲੀ ਦੀ ਵਿਕਰੀ ਹੋਣ ਲੱਗੀ ਹੈ। ਬਹੁਤੇ ਨਸ਼ੇੜੀ ਤਾਂ ਹੁਣ ਗੋਲੀ ਨੂੰ ਟੀਕੇ ਨਾਲ ਲੈਣ ਲੱਗੇ ਹਨ। 

       ਉਨ੍ਹਾਂ ਮੰਗ ਕੀਤੀ ਕਿ ਇਸ ਦੀ ਦੁਰਵਰਤੋਂ ਫ਼ੌਰੀ ਰੋਕੀ ਜਾਣੀ ਚਾਹੀਦੀ ਹੈ। ਪੰਜਾਬ ’ਚ 26 ਸਰਕਾਰੀ ਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ’ਚ ਦਿੱਤੀ ਜਾਂਦੀ ਹੈ ਦਵਾਈ ਪੰਜਾਬ ’ਚ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ। ਇਸ ਤੋਂ ਬਿਨਾਂ 19 ਸਰਕਾਰੀ ਅਤੇ 75 ਪ੍ਰਾਈਵੇਟ ਮੁੜ ਵਸੇਬਾ ਸੈਂਟਰ ਹਨ। ਓਟ ਕਲੀਨਿਕਾਂ ਅਤੇ ਕੇਂਦਰਾਂ ’ਚ ਨਸ਼ੇੜੀਆਂ ਨੂੰ ਬੁਪਰੋਨੋਰਫਿਨ, ਨਾਲੇਕਸਨ, ਟਰਾਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਮਾਹਿਰ ਆਖਦੇ ਹਨ ਕਿ ਨਸ਼ੇੜੀਆਂ ਦੇ ਇਲਾਜ ਲਈ ਜੋ ਬੁਪਰੋਨੋਰਫਿਨ ਦਿੱਤੀ ਜਾਂਦੀ ਹੈ ਉਸ ਨਾਲ ਨਸ਼ੇੜੀ ਨਸ਼ਿਆਂ ਵਿੱਚੋਂ ਬਾਹਰ ਤਾਂ ਆਉਂਦੇ ਹਨ ਪਰ ਕਈ ਵਾਰ ਨਸ਼ੇੜੀ ਇਸ ਗੋਲੀ ਦੀ ਚਾਟ ’ਤੇ ਲੱਗ ਜਾਂਦੇ ਹਨ।

Monday, July 8, 2024

                                       ਪੀਹੜੀ ਆਪਣੀ, ਸੋਟਾ ਬਿਗਾਨਾ !          
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਨਿਹੰਗ ਸਿੰਘ ਜੀ ਨੂੰ ਤੈਰਨਾ ਆਉਂਦਾ ਨਹੀਂ ਸੀ, ਜੈਕਾਰਾ ਛੱਡ ਕੇ ਸਰੋਵਰ ’ਚ ਕੁੱਦ ਪਏ। ਲੱਗੇ ਹੱਥ ਪੈਰ ਮਾਰਨ, ਰੌਲਾ ਸੁਣ ਦੋ ਮਹਾਤੜ ਅੱਗੇ ਵਧੇ ਤਾਂ ਕਿਸੇ ਨੇ ਰੋਕ ਦਿੱਤਾ, ਅਖੇ!  ਸਿੰਘ ਜੀ ਜੂਝ ਰਹੇ ਨੇ। ਆਖ਼ਰ ਨਿਹੰਗ ਸਿੰਘ ਜੀ ਚੜ੍ਹਾਈ ਕਰ ਗਏ। ਅਸਾਂ ਨੂੰ ਡੁੱਬਣ ਵਾਲੇ ’ਚੋਂ ਸ਼੍ਰੋਮਣੀ ਅਕਾਲੀ ਦਲ ਦਾ ਝਉਲਾ ਪਿਆ। ਮਹਾਤੜਾਂ ’ਚੋਂ ਕਦੇ ਟੌਹੜੇ ਦਾ ਚਿਹਰਾ ਦਿਖੇ ਤੇ ਕਦੇ ਉਸ ਦੇ ਟਕਸਾਲੀ ਚੇਲੇ ਚੰਦੂਮਾਜਰੇ ਦਾ। ਸਿਆਸੀ ਹਮਾਮ ’ਚ ਭਾਈ ਸਭ ਨੰਗੇ ਨੇ, ਕੀ ਗੁਰੂ ਤੇ ਕੀ ਚੇਲਾ। ਫਿਰ ਕੌਣ ਅਸਾਡੇ ਪ੍ਰਧਾਨ ਜੀ ਨੂੰ ਕਹੇ, ਅੱਗਾ ਢਕੋ!

        ਪ੍ਰੋਫੈਸਰ ਸਾਹਿਬ ਉਰਫ਼ ਚੰਦੂਮਾਜਰਾ, ਪਹਿਲਾਂ ਜ਼ਮਾਨਤ ਉਦੋਂ ਜ਼ਬਤ ਕਰਾ ਬੈਠੇ ਜਦੋਂ ਟੌਹੜਾ ਧੜੇ ਵੱਲੋਂ ਸੁਨਾਮ ਦੀ ਜ਼ਿਮਨੀ ਚੋਣ ਲੜੀ। ਹੁਣ ਚੰਦੂਮਾਜਰਾ ’ਕੱਲਾ ਨਹੀਂ, ਉਨ੍ਹਾਂ ਦੇ ਹੋਰ ਨੌਂ ਜ਼ਮਾਨਤ ਗੁਆਊ ਸਾਂਢੂ ਵੀ ਨੇ। ਪ੍ਰਧਾਨ ਜੀ, ਬਠਿੰਡਾ ਦੀ ਜਿੱਤ ਦੇ ਜਸ਼ਨਾਂ ’ਚ ਮਸਤ ਸਨ, ਘਰ ਦੇ ਵਿਹੜੇ ਵਿਚ ਪੀਹੜੀ ਸੀ ਤੇ ਪੀਹੜੀ ’ਤੇ ਪ੍ਰਧਾਨ ਜੀ ਸਜੇ ਹੋਏ ਸਨ। ਇੱਧਰੋਂ ਚੰਦੂਮਾਜਰਾ ਐਂਡ ਕੰਪਨੀ ਪੁੱਜ ਗਈ, ਮੋਢਿਆਂ ’ਤੇ ਇੱਕ ਵੱਡਾ ਸੋਟਾ ਸੀ। ਆਖਣ ਲੱਗੇ, ਪ੍ਰਧਾਨ ਜੀ ਆਹ ਸੋਟਾ ਆਪਣੀ ਪੀੜ੍ਹੀ ਹੇਠ ਫੇਰੋ। ਚੇਲੇ ਬਾਲਕੇ ਪੀਹੜੀ ਨੂੰ ਵਲ ਕੇ ਖੜ੍ਹ ਗਏ।

         ਫਿਰ ਗਾਣਾ ਤਾਂ ਵੱਜਣਾ ਹੀ ਸੀ, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।’ ਬਾਬਾ ਸ਼ੇਕਸਪੀਅਰ ਆਖਦਾ ਹੈ, ਕਿ ਜਿਸ ਦੇ ਸਿਰ ’ਤੇ ਤਾਜ, ਉਸ ਦੇ ਸਿਰ ’ਤੇ ਖਾਜ। ਔਖ ਸੌਖ ਦੇ ਬੇਲੀਆਂ ਨੇ ਚੰਦੂਮਾਜਰਾ ਤੋਂ ਸੋਟਾ ਖੋਹ ਲਿਆ ਤੇ ਪ੍ਰਧਾਨ ਜੀ ਨੂੰ ਫੜਾ ਦਿੱਤਾ। ਨਜ਼ਾਰਾ ਉਦੋਂ ਬੱਝਾ ਜਦੋਂ ਪ੍ਰਧਾਨ ਜੀ, ਓਹੀ ਸੋਟਾ ਲੈ ਕੇ ਚੰਦੂਮਾਜਰਾ ਐਂਡ ਕੰਪਨੀ ਦੇ ਪਿੱਛੇ ਪੈ ਗਏ। ਰੱਖੜਾ ਐਕਸਪ੍ਰੈੱਸ ਸਿੱਧੀ ਜਲੰਧਰ ਜਾ ਕੇ ਰੁਕੀ ਜਿੱਥੇ ਪਹਿਲਾਂ ਹੀ ਯਾਤਰੀ ਤਿਆਰ ਖੜ੍ਹੇ ਸਨ। ‘ਤੇਰੇ ਸਾਹਮਣੇ ਬੈਠ ਕੇ ਰੋਣਾ, ਦੁੱਖ ਤੈਨੂੰ ਨਹੀਂਓ ਦੱਸਣਾ।’ ਬਾਗ਼ੀ ਖੇਮੇ ਨੇ ਜਲੰਧਰ ’ਚ ਪੋਤੜੇ ਫਰੋਲ ਦਿੱਤੇ। ਬਾਗ਼ੀਆਂ ਦੀ ਪੈੜਚਾਲ ਸੁਣ ਪ੍ਰਧਾਨ ਜੀ ਥੋੜ੍ਹਾ ਘਬਰਾਏ। ਭੂੰਦੜ ਸਾਬ੍ਹ ਨੇ ਪ੍ਰਧਾਨ ਜੀ ਨੂੰ ਇੰਜ ਹੌਸਲਾ ਦਿੱਤਾ, ‘ ਕੁਛ ਤੋ ਲੋਗ ਕਹੇਂਗੇ, ਲੋਗੋਂ ਦਾ ਕਾਮ ਹੈ ਕਹਿਨਾ..।’

         ਮਾਹੀਏ ਨਾਲ ਰੋਸਾ ’ਕੱਲਾ ਇਸ਼ਕ ’ਚ ਹੀ ਨਹੀਂ, ਸਿਆਸਤ ’ਚ ਵੀ ਹੁੰਦਾ। ਸਿਆਣੇ ਅਕਾਲੀਆਂ ਨੇ ਵੱਡੇ ਬਾਦਲ ਨੂੰ ਧਿਆ ਕੇ ਮਨ ’ਚ ਜ਼ਰੂਰ ਕਿਹਾ ਹੋਊ, ‘ਮਿਸ ਯੂ ਬਾਦਲ ਸਾਹਬ’। ਸਭ ਚਾਹੁੰਦੇ ਨੇ ਕਿ ਅਕਾਲੀ ਬੋਹੜ ਵਧੇ ਫੁੱਲੇ। ਇਸ ਬੋਹੜ ਦਾ ਏਡਾ ਵੱਡਾ ਇਤਿਹਾਸ ਤੇ ਉਸ ਤੋਂ ਵੱਡੀ ਕੁਰਬਾਨੀ।  ਜਦੋਂ ਦਲ 2022 ’ਚ ਹਾਰਿਆ ਸੀ ਤਾਂ ਉਦੋਂ ਇਕਬਾਲ ਝੂੰਦਾ ਨੇ ਪ੍ਰਧਾਨ ਜੀ ਨੂੰ ਹੱਥ ਵਿਚ ਸੋਟਾ ਫੜਾ ਆਖਿਆ ਸੀ, ‘ਜਰਾ ਪੀਹੜੀ ਹੇਠ ਮਾਰ ਲੋ।’ ਹੁਣ ਸੋਟਾ ਤੇ ਪੀਹੜੀ ਪ੍ਰਧਾਨ ਜੀ ਕੋਲ ਹਨ। ਗੋਵਿੰਦਾ ਦੇ ਬੋਲ ਚੇਤਿਆਂ ’ਚ ਵੱਜੇ ਨੇ,‘ ਮੈਂ ਚਾਹੇ ਯੇ ਕਰੂੰ, ਮੈਂ ਚਾਹੇ ਵੋ ਕਰੂੰ, ਮੇਰੀ ਮਰਜ਼ੀ..।’

        ਚੰਡੀਗੜ੍ਹ ’ਚ ਨਿੱਤ ਦਿਨ ਪ੍ਰਧਾਨ ਜੀ ਦੇ ਹੱਕ ’ਚ ਦੋਵੇਂ ਹੱਥ ਖੜ੍ਹੇ ਕਰ ਕੇ ਜੈਕਾਰੇ ਲੱਗਦੇ ਹਨ। ਆਹ ਬੇਮੌਕੇ ’ਤੇ ਚਮਕੀਲੇ ਦਾ ਗੀਤ ਕਿਉਂ ਵਜਾ’ਤਾ ਭਾਈ।‘  ਮੈਂ ਤਾਂ ਚੱਕਦੂੰ ਘੜੇ ਉੱਤੋਂ ਕੌਲਾ, ਕਰਾਦੂੰ ਹੱਥ ਖੜ੍ਹੇ ਬੱਲੀਏ।’  ਪ੍ਰਧਾਨ ਜੀ ਆਖਦੇ ਪਏ ਨੇ ਕਿ ਪ੍ਰਧਾਨਗੀ ਦਾ ਕੰਬਲ ਤਾਂ ਮੈਂ ਛੱਡਣ ਨੂੰ ਤਿਆਰ ਹਾਂ ਪਰ ਇਹ ਕੰਬਲ ਵੀ ਤਾਂ ਮੈਨੂੰ ਛੱਡੇ। ਮੂੰਹ, ਇਕੱਲਾ ਕੁਲਚੇ ਖਾਣ ਵਾਸਤੇ ਨਹੀਂ ਹੁੰਦਾ, ਬੋਲਣ ਵਾਸਤੇ ਵੀ ਹੁੰਦੈ। ਜੋ ਨਹੀਂ ਬੋਲਦੇ, ਉਹ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਬਾਗ਼ੀਆਂ ਦੀ ਭਾਵਨਾ ਨੂੰ ਆਪਣਾ ਸਲਮਾਨ ਖ਼ਾਨ ਜ਼ੁਬਾਨ ਦੇ ਰਿਹਾ ਹੈ, ‘ਮੇਰੇ ਸਵਾਲੋਂ ਕਾ ਜਵਾਬ ਦੋ..।’

         ਕੇਰਾਂ ਪ੍ਰਧਾਨ ਮੰਤਰੀ ਨਹਿਰੂ ਨੇ ਚੋਗ਼ਾ ਪਾਉਣ ਵਾਸਤੇ ਮਾਸਟਰ ਤਾਰਾ ਸਿੰਘ ਨੂੰ ਉਪ ਰਾਸ਼ਟਰਪਤੀ ਬਣਾਉਣ ਦੀ ਪੇਸ਼ਕਸ਼ ਕੀਤੀ। ਮਾਸਟਰ ਜੀ ਚਾਰ ਟੰਗੀ ਨੂੰ ਲੱਤ ਮਾਰ ਕੇ ਸਿੱਧੇ ਗੁਰੂ ਰਾਮ ਦਾਸ ਜੀ ਦੀ ਨਗਰੀ ਆ ਵੜੇ। ‘ਰੱਬ ਬਣਾਏ ਬੰਦੇ, ਕੋਈ ਚੰਗੇ ਕੋਈ ਮੰਦੇ।’ ਅਕਾਲੀ ਹੁਣ ਆਪਸ ਵਿਚ ਰੁੱਸੇ ਫਿਰਦੇ ਨੇ। ਪ੍ਰੇਮ ਐਂਡ ਪਾਰਟੀ ਆਖ ਰਹੀ ਹੈ,‘ ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।’ ਓਧਰ ਪ੍ਰਧਾਨ ਜੀ ਪੀਹੜੀ ਨੂੰ ਚਿੰਬੜੇ ਬੈਠੇ ਨੇ, ਦੇਖਿਓ ਕਿਤੇ ਫੈਵੀਕੋਲ ਵਾਲੇ ਆਪਣਾ ਬਰੈਂਡ ਅੰਬੈਸਡਰ ਹੀ ਨਾ ਬਣਾ ਲੈਣ। ਢੱਠੇ ਭਿੜਦੇ ਹੋਣ ਤਾਂ ਵਿਚ ਨਹੀਂ ਆਉਣਾ ਚਾਹੀਦਾ।

          ਭਾਜਪਾ ਕਿਥੇ ਟਲਦੀ ਹੈ। ਪਹਿਲਾਂ ਮਹਾਰਾਸ਼ਟਰ ’ਚ ਸ਼ਿਵ ਸੈਨਾ ਦੇ ਵਿਹੜੇ ਵਿਚ ਕੰਧ ਕਢਾ’ਤੀ। ਫਿਰ ਹਰਿਆਣਾ ’ਚ ਚੌਟਾਲਿਆਂ ਦੇ ਵਿਹੜੇ ’ਚ ਕੰਧ ਕਢਾ ਕੇ ਸਾਹ ਲਿਆ। ਭਾਜਪਾ ਦੀ ਅੱਖ ਹੁਣ ਅਕਾਲੀਆਂ ਦੀ ਪੀਹੜੀ ’ਤੇ ਹੈ। ਪੰਜਾਬ ਦੇ ਖੇਤਾਂ ’ਚ ਮਹੇਂਦਰ ਕਪੂਰ ਹੇਕਾਂ ਲਾ ਹੱਲਾਸ਼ੇਰੀ ਦੇ ਰਿਹਾ ਹੈ, ‘ਨਾ ਮੂੰਹ ਛਿਪਾ ਕੇ ਜੀਓ, ਨਾ ਸਿਰ ਝੁਕਾ ਕੇ ਜੀਓ।’ ਇੱਕ ਵਾਰੀ ਟੌਹੜਾ ਆਖ ਬੈਠੇ, ‘ ਬਾਦਲ ਸਾਹਬ, ਪਾਰਟੀ ਦਾ ਐਕਟਿੰਗ ਪ੍ਰਧਾਨ ਕਿਸੇ ਹੋਰ ਨੂੰ ਬਣਾ ਦਿਓ।’ 14 ਮਈ, 1999 ਨੂੰ ਕੋਰ ਕਮੇਟੀ ਨੇ ਐਨ ਕੋਰਾ ਫ਼ੈਸਲਾ ਸੁਣਾ ਦਿੱਤਾ, ‘ਟੌਹੜਾ ਪਾਰਟੀ ’ਚੋਂ ਆਊਟ’ ।

          ਟੌਹੜੇ ਨੇ ਸਰਬ ਹਿੰਦ ਅਕਾਲੀ ਦਲ ਬਣਾਇਆ, ਜਿਸ ’ਤੇ ਬਾਦਲ ਨੇ ਟੈਗ ਲਾਇਆ, ਏਹ ਤਾਂ ਕਾਂਗਰਸ ਦੀ ’ਬੀ’ ਟੀਮ ਹੈ। ਟੌਹੜਾ ਦਲੀਆਂ ਨੇ 2002 ਦੀਆਂ ਚੋਣਾਂ ਵਿਚ ਅੜ ਭੰਨ ਦਿੱਤੀ। ‘ਸਭ ਕੁਛ ਗਵਾ ਕੇ ਹੋਸ਼ ਮੇਂ ਆਏ ਤੋ ਕੀਆ ਆਏ’, 13 ਜੂਨ, 2003 ਨੂੰ ਬਾਦਲ-ਟੌਹੜਾ ਦੀ ਮੁੜ ਜੱਫੀ ਪੈ ਗਈ। ਜੱਫੀ ਪਾਉਣ ਵੇਲੇ ਵੱਡੇ ਬਾਦਲ ਨੇ ਅੱਖ ਬਚਾ ਕੇ ਟੌਹੜਾ ਦੇ ਮੋਢੇ ’ਤੇ ਲੱਗਿਆ ਬੀ-ਟੀਮ ਵਾਲਾ ਟੈਗ ਵਗਾਹ ਮਾਰਿਆ। ਟੈਗ ਮੁੜ ਕੇ ਲੱਭਿਆ ਨਹੀਂ, ਤਾਹੀਂ ਛੋਟੇ ਬਾਦਲ ਨੂੰ ਹੁਣ ਚੰਦੂਮਾਜਰਾ ਐਂਡ ਕੰਪਨੀ ਦੇ ਮੋਢੇ ’ਤੇ ਭਾਜਪਾ ਦੀ ਬੀ-ਟੀਮ ਵਾਲਾ ਨਵਾਂ ਟੈਗ ਲਾਉਣਾ ਪਿਆ।

        ਨਾਟਕ ‘ਬਾਬਾ ਬੋਲਦਾ ਹੈ’ ’ਚ ਬਾਬਾ ਬੋਲਦਾ ਹੈ, ‘ਸਰਕਾਰ ਆਖਦੀ ਹੈ ਕਿ ਦੇਸ਼ ਨੂੰ ਖਤਰੈ, ਜਥੇਦਾਰ ਆਖਦੇ ਨੇ ਕਿ ਪੰਥ ਨੂੰ ਖਤਰੈ।’ ਵੱਡੇ ਬਾਦਲ ਖ਼ੁਦ ਇਹ ਗੱਲ ਸੁਣਾਉਂਦੇ ਸਨ ਕਿ ਨਵੀਂ ਨਵੀਂ ਅਕਾਲੀ ਸਰਕਾਰ ਬਣੀ ਤਾਂ ਇੱਕ ਪਿੰਡ ਤੋਂ ਪੁਰਾਣਾ ਜਥੇਦਾਰ ਆਣ ਬਹੁੜਿਆ ਤੇ ਕਹਿਣ ਲੱਗਾ, ‘ਮੋਰਚਾ ਕਦੋਂ ਲਾਉਣੈ’। ਅੱਗਿਓਂ ਬਾਦਲ ਨੇ ਕਿਹਾ ਕਿ ਬਜ਼ੁਰਗੋ ਹਾਲੇ ਤਾਂ ਆਪਣੀ ਸਰਕਾਰ ਹੈ। ਹੁਣ ਅਕਾਲੀ ਦਲ ’ਤੇ ਭੀੜ ਪਈ ਹੈ। ਪ੍ਰਧਾਨ ਜੀ ਦੇ ਨਾਲ ਵਾਲੀ ਭੀੜ ਆਖ ਰਹੀ ਹੈ ਕਿ ਮਲਾਈਆਂ ਖਾਣ ਵਾਲੇ ਹੁਣ ਅੱਖਾਂ ਦਿਖਾਉਣ ਲੱਗੇ ਨੇ।

          ਬਾਗੀਪੁਣੇ ਦੀ ਮਧਾਣੀ ਨੇ ਅਕਾਲੀ ਦਲ ਦੇ ਰਿੜਕਣੇ ’ਚੋਂ ਕਦੇ ਮਲਾਈ ਤਾਂ ਕੱਢੀ ਨਹੀਂ। ਅਨੇਕਾਂ ਵਾਰ ਨਵੇਂ ਨਵੇਂ ਅਕਾਲੀ ਦਲ ਬਣੇ, ਨਵੇਂ ਨਵੇਂ ਧੜੇ ਬਣੇ, ਉਹ ਵੀ ਨਵੇਂ ਨਵੇਂ ਨਾਵਾਂ ’ਤੇ। ਇਨ੍ਹਾਂ ਨਾਵਾਂ ਨੂੰ ਦੇਖ ਲੱਗਦਾ ਹੈ ਕਿ ਕਿਤੇ ਜਥੇਦਾਰ ਸਾਰੀ ਪੈਂਤੀ ਹੀ ਨਾ ਮੁਕਾ ਦੇਣ। ਕਦੇ ਅਕਾਲੀ ਦਲ (ਡੱਡਾ), ਕਦੇ ਅਕਾਲੀ ਦਲ (ਸੱਸਾ) ਤੇ ਕਦੇ ਅਕਾਲੀ ਦਲ (ਐੜਾ)। ਵੈਸੇ ਲੱਤਾਂ ਕਿਵੇਂ ਖਿੱਚਣੀਆਂ ਨੇ, ਇਹ ਕਲਾ ਕੋਈ ਪੰਜਾਬੀਆਂ ਤੋਂ ਸਿੱਖੇ। ਨਵੇਂ ਪੁਰਾਣੇ ਅਕਾਲੀਆਂ ਕੋਲ ਆਪੋ ਆਪਣੀ ਡਿਕਸ਼ਨਰੀ ਹੈ। ਪਿੰਡ ਚੰਦੂਮਾਜਰਾ ਦਾ ਪ੍ਰੇਮ ਆਖਦਾ ਪਿਐ ਕਿ ਪ੍ਰਧਾਨ ਜੀ ਨੂੰ ਵਿਆਕਰਣ ਪੜ੍ਹਾ ਕੇ ਛੱਡੂੰ।

         ਭਾਜਪਾ ਆਪਣਾ ‘ਮਹਾਨਕੋਸ਼’ ਕੁੱਛੜ ਲਈ ਫਿਰਦੀ ਹੈ। ਜਿਸ ਦਲ ਲਈ ਸੰਤ ਫ਼ਤਿਹ ਸਿੰਘ ਕਈ ਵਾਰ ਅਗਨਕੁੰਡ ’ਚ ਬੈਠਿਆ, ਉਸ ਦਲ ਦੀ ਰਾਖੀ ਲਈ ਹੁਣ ਨਵੇਂ ਯੁੱਗ ਦੇ ਜਥੇਦਾਰ ਸਜੇ ਨੇ। ਕੋਈ ਮੁਕਤਸਰੋਂ ਹੈ, ਕੋਈ ਫਰੀਦਕੋਟੋਂ, ਤੇ ਕੋਈ ਫ਼ਿਰੋਜ਼ਪੁਰੋਂ। ਤੁਸੀਂ ਸੋਚਦੇ ਹੋਵੋਗੇ ਕਿ ਫਾਰਚੂਨਰ ਗੱਡੀਆਂ ਵਾਲੇ, ਟੀਨੋਪਾਲ ਵਾਲੇ ਕੱਪੜੇ ਤੇ ਕਿਆਨੋ ਦੇ ਬੂਟਾਂ ਵਾਲੇ ਜੇਲ੍ਹਾਂ ਤਾਂ ਛੱਡੋ, ਧੁੱਪ ਕੱਟਣ ਵਾਲੇ ਵੀ ਨਹੀਂ। ਬਿਨ ਮੰਗੀ ਸਲਾਹ ਹੈ, ਪ੍ਰਧਾਨ ਜੀ ਪਾਰਟੀ ਦੀ ਪਿੱਠ ’ਤੇ ਢਾਲ ਪਾ ਕੇ ਰੱਖਿਆ ਕਰੋ, ਫਿਰ ਕਿਸੇ ਦੀ ਕੀ ਮਜਾਲ ਕਿ ਕੋਈ ਪਿੱਠ ’ਚ ਛੁਰਾ ਮਾਰ ਜਾਵੇ।            

        ਨਾਲੇ ਗੱਡੀ ’ਚ ਆਹ ਗਾਣਾ ਸੁਣਦੇ ਰਿਹਾ ਕਰੋ, ‘ਬਾਬੂ ਜੀ ਧੀਰੇ ਚਲਨਾ..।’  ਆਖ਼ਰ ਵਿਚ ਪ੍ਰਧਾਨ ਜੀ ਅਤੇ ਉਨ੍ਹਾਂ ਦੇ ਸੱਜਰੇ ਸ਼ਰੀਕਾਂ ਨੂੰ ਹੱਥ ਜੋੜ ਅਰਜੋਈ ਹੈ ਕਿ ਸ਼ਿਵ ਬਟਾਲਵੀ ਦੇ ਇਨ੍ਹਾਂ ਵਚਨਾਂ ’ਤੇ ਜ਼ਰੂਰ ਗ਼ੌਰ ਕਰਨਾ,‘ ਸਾਂਝਾ ਦੇ ਵਿਚ ਬਰਕਤ ਵੱਸੇ, ਸਾਂਝਾ ਦੇ ਵਿਚ ਖੇੜਾ, ਸਾਂਝਾ ਵਿਚ ਪਰਮੇਸ਼ਰ ਵੱਸਦਾ, ਸਾਂਝਾ ਸਭਦਾ ਜਿਹੜਾ।’

(8 ਜੁਲਾਈ, 2024)