Monday, July 8, 2024

                                       ਪੀਹੜੀ ਆਪਣੀ, ਸੋਟਾ ਬਿਗਾਨਾ !          
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਨਿਹੰਗ ਸਿੰਘ ਜੀ ਨੂੰ ਤੈਰਨਾ ਆਉਂਦਾ ਨਹੀਂ ਸੀ, ਜੈਕਾਰਾ ਛੱਡ ਕੇ ਸਰੋਵਰ ’ਚ ਕੁੱਦ ਪਏ। ਲੱਗੇ ਹੱਥ ਪੈਰ ਮਾਰਨ, ਰੌਲਾ ਸੁਣ ਦੋ ਮਹਾਤੜ ਅੱਗੇ ਵਧੇ ਤਾਂ ਕਿਸੇ ਨੇ ਰੋਕ ਦਿੱਤਾ, ਅਖੇ!  ਸਿੰਘ ਜੀ ਜੂਝ ਰਹੇ ਨੇ। ਆਖ਼ਰ ਨਿਹੰਗ ਸਿੰਘ ਜੀ ਚੜ੍ਹਾਈ ਕਰ ਗਏ। ਅਸਾਂ ਨੂੰ ਡੁੱਬਣ ਵਾਲੇ ’ਚੋਂ ਸ਼੍ਰੋਮਣੀ ਅਕਾਲੀ ਦਲ ਦਾ ਝਉਲਾ ਪਿਆ। ਮਹਾਤੜਾਂ ’ਚੋਂ ਕਦੇ ਟੌਹੜੇ ਦਾ ਚਿਹਰਾ ਦਿਖੇ ਤੇ ਕਦੇ ਉਸ ਦੇ ਟਕਸਾਲੀ ਚੇਲੇ ਚੰਦੂਮਾਜਰੇ ਦਾ। ਸਿਆਸੀ ਹਮਾਮ ’ਚ ਭਾਈ ਸਭ ਨੰਗੇ ਨੇ, ਕੀ ਗੁਰੂ ਤੇ ਕੀ ਚੇਲਾ। ਫਿਰ ਕੌਣ ਅਸਾਡੇ ਪ੍ਰਧਾਨ ਜੀ ਨੂੰ ਕਹੇ, ਅੱਗਾ ਢਕੋ!

        ਪ੍ਰੋਫੈਸਰ ਸਾਹਿਬ ਉਰਫ਼ ਚੰਦੂਮਾਜਰਾ, ਪਹਿਲਾਂ ਜ਼ਮਾਨਤ ਉਦੋਂ ਜ਼ਬਤ ਕਰਾ ਬੈਠੇ ਜਦੋਂ ਟੌਹੜਾ ਧੜੇ ਵੱਲੋਂ ਸੁਨਾਮ ਦੀ ਜ਼ਿਮਨੀ ਚੋਣ ਲੜੀ। ਹੁਣ ਚੰਦੂਮਾਜਰਾ ’ਕੱਲਾ ਨਹੀਂ, ਉਨ੍ਹਾਂ ਦੇ ਹੋਰ ਨੌਂ ਜ਼ਮਾਨਤ ਗੁਆਊ ਸਾਂਢੂ ਵੀ ਨੇ। ਪ੍ਰਧਾਨ ਜੀ, ਬਠਿੰਡਾ ਦੀ ਜਿੱਤ ਦੇ ਜਸ਼ਨਾਂ ’ਚ ਮਸਤ ਸਨ, ਘਰ ਦੇ ਵਿਹੜੇ ਵਿਚ ਪੀਹੜੀ ਸੀ ਤੇ ਪੀਹੜੀ ’ਤੇ ਪ੍ਰਧਾਨ ਜੀ ਸਜੇ ਹੋਏ ਸਨ। ਇੱਧਰੋਂ ਚੰਦੂਮਾਜਰਾ ਐਂਡ ਕੰਪਨੀ ਪੁੱਜ ਗਈ, ਮੋਢਿਆਂ ’ਤੇ ਇੱਕ ਵੱਡਾ ਸੋਟਾ ਸੀ। ਆਖਣ ਲੱਗੇ, ਪ੍ਰਧਾਨ ਜੀ ਆਹ ਸੋਟਾ ਆਪਣੀ ਪੀੜ੍ਹੀ ਹੇਠ ਫੇਰੋ। ਚੇਲੇ ਬਾਲਕੇ ਪੀਹੜੀ ਨੂੰ ਵਲ ਕੇ ਖੜ੍ਹ ਗਏ।

         ਫਿਰ ਗਾਣਾ ਤਾਂ ਵੱਜਣਾ ਹੀ ਸੀ, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।’ ਬਾਬਾ ਸ਼ੇਕਸਪੀਅਰ ਆਖਦਾ ਹੈ, ਕਿ ਜਿਸ ਦੇ ਸਿਰ ’ਤੇ ਤਾਜ, ਉਸ ਦੇ ਸਿਰ ’ਤੇ ਖਾਜ। ਔਖ ਸੌਖ ਦੇ ਬੇਲੀਆਂ ਨੇ ਚੰਦੂਮਾਜਰਾ ਤੋਂ ਸੋਟਾ ਖੋਹ ਲਿਆ ਤੇ ਪ੍ਰਧਾਨ ਜੀ ਨੂੰ ਫੜਾ ਦਿੱਤਾ। ਨਜ਼ਾਰਾ ਉਦੋਂ ਬੱਝਾ ਜਦੋਂ ਪ੍ਰਧਾਨ ਜੀ, ਓਹੀ ਸੋਟਾ ਲੈ ਕੇ ਚੰਦੂਮਾਜਰਾ ਐਂਡ ਕੰਪਨੀ ਦੇ ਪਿੱਛੇ ਪੈ ਗਏ। ਰੱਖੜਾ ਐਕਸਪ੍ਰੈੱਸ ਸਿੱਧੀ ਜਲੰਧਰ ਜਾ ਕੇ ਰੁਕੀ ਜਿੱਥੇ ਪਹਿਲਾਂ ਹੀ ਯਾਤਰੀ ਤਿਆਰ ਖੜ੍ਹੇ ਸਨ। ‘ਤੇਰੇ ਸਾਹਮਣੇ ਬੈਠ ਕੇ ਰੋਣਾ, ਦੁੱਖ ਤੈਨੂੰ ਨਹੀਂਓ ਦੱਸਣਾ।’ ਬਾਗ਼ੀ ਖੇਮੇ ਨੇ ਜਲੰਧਰ ’ਚ ਪੋਤੜੇ ਫਰੋਲ ਦਿੱਤੇ। ਬਾਗ਼ੀਆਂ ਦੀ ਪੈੜਚਾਲ ਸੁਣ ਪ੍ਰਧਾਨ ਜੀ ਥੋੜ੍ਹਾ ਘਬਰਾਏ। ਭੂੰਦੜ ਸਾਬ੍ਹ ਨੇ ਪ੍ਰਧਾਨ ਜੀ ਨੂੰ ਇੰਜ ਹੌਸਲਾ ਦਿੱਤਾ, ‘ ਕੁਛ ਤੋ ਲੋਗ ਕਹੇਂਗੇ, ਲੋਗੋਂ ਦਾ ਕਾਮ ਹੈ ਕਹਿਨਾ..।’

         ਮਾਹੀਏ ਨਾਲ ਰੋਸਾ ’ਕੱਲਾ ਇਸ਼ਕ ’ਚ ਹੀ ਨਹੀਂ, ਸਿਆਸਤ ’ਚ ਵੀ ਹੁੰਦਾ। ਸਿਆਣੇ ਅਕਾਲੀਆਂ ਨੇ ਵੱਡੇ ਬਾਦਲ ਨੂੰ ਧਿਆ ਕੇ ਮਨ ’ਚ ਜ਼ਰੂਰ ਕਿਹਾ ਹੋਊ, ‘ਮਿਸ ਯੂ ਬਾਦਲ ਸਾਹਬ’। ਸਭ ਚਾਹੁੰਦੇ ਨੇ ਕਿ ਅਕਾਲੀ ਬੋਹੜ ਵਧੇ ਫੁੱਲੇ। ਇਸ ਬੋਹੜ ਦਾ ਏਡਾ ਵੱਡਾ ਇਤਿਹਾਸ ਤੇ ਉਸ ਤੋਂ ਵੱਡੀ ਕੁਰਬਾਨੀ।  ਜਦੋਂ ਦਲ 2022 ’ਚ ਹਾਰਿਆ ਸੀ ਤਾਂ ਉਦੋਂ ਇਕਬਾਲ ਝੂੰਦਾ ਨੇ ਪ੍ਰਧਾਨ ਜੀ ਨੂੰ ਹੱਥ ਵਿਚ ਸੋਟਾ ਫੜਾ ਆਖਿਆ ਸੀ, ‘ਜਰਾ ਪੀਹੜੀ ਹੇਠ ਮਾਰ ਲੋ।’ ਹੁਣ ਸੋਟਾ ਤੇ ਪੀਹੜੀ ਪ੍ਰਧਾਨ ਜੀ ਕੋਲ ਹਨ। ਗੋਵਿੰਦਾ ਦੇ ਬੋਲ ਚੇਤਿਆਂ ’ਚ ਵੱਜੇ ਨੇ,‘ ਮੈਂ ਚਾਹੇ ਯੇ ਕਰੂੰ, ਮੈਂ ਚਾਹੇ ਵੋ ਕਰੂੰ, ਮੇਰੀ ਮਰਜ਼ੀ..।’

        ਚੰਡੀਗੜ੍ਹ ’ਚ ਨਿੱਤ ਦਿਨ ਪ੍ਰਧਾਨ ਜੀ ਦੇ ਹੱਕ ’ਚ ਦੋਵੇਂ ਹੱਥ ਖੜ੍ਹੇ ਕਰ ਕੇ ਜੈਕਾਰੇ ਲੱਗਦੇ ਹਨ। ਆਹ ਬੇਮੌਕੇ ’ਤੇ ਚਮਕੀਲੇ ਦਾ ਗੀਤ ਕਿਉਂ ਵਜਾ’ਤਾ ਭਾਈ।‘  ਮੈਂ ਤਾਂ ਚੱਕਦੂੰ ਘੜੇ ਉੱਤੋਂ ਕੌਲਾ, ਕਰਾਦੂੰ ਹੱਥ ਖੜ੍ਹੇ ਬੱਲੀਏ।’  ਪ੍ਰਧਾਨ ਜੀ ਆਖਦੇ ਪਏ ਨੇ ਕਿ ਪ੍ਰਧਾਨਗੀ ਦਾ ਕੰਬਲ ਤਾਂ ਮੈਂ ਛੱਡਣ ਨੂੰ ਤਿਆਰ ਹਾਂ ਪਰ ਇਹ ਕੰਬਲ ਵੀ ਤਾਂ ਮੈਨੂੰ ਛੱਡੇ। ਮੂੰਹ, ਇਕੱਲਾ ਕੁਲਚੇ ਖਾਣ ਵਾਸਤੇ ਨਹੀਂ ਹੁੰਦਾ, ਬੋਲਣ ਵਾਸਤੇ ਵੀ ਹੁੰਦੈ। ਜੋ ਨਹੀਂ ਬੋਲਦੇ, ਉਹ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਬਾਗ਼ੀਆਂ ਦੀ ਭਾਵਨਾ ਨੂੰ ਆਪਣਾ ਸਲਮਾਨ ਖ਼ਾਨ ਜ਼ੁਬਾਨ ਦੇ ਰਿਹਾ ਹੈ, ‘ਮੇਰੇ ਸਵਾਲੋਂ ਕਾ ਜਵਾਬ ਦੋ..।’

         ਕੇਰਾਂ ਪ੍ਰਧਾਨ ਮੰਤਰੀ ਨਹਿਰੂ ਨੇ ਚੋਗ਼ਾ ਪਾਉਣ ਵਾਸਤੇ ਮਾਸਟਰ ਤਾਰਾ ਸਿੰਘ ਨੂੰ ਉਪ ਰਾਸ਼ਟਰਪਤੀ ਬਣਾਉਣ ਦੀ ਪੇਸ਼ਕਸ਼ ਕੀਤੀ। ਮਾਸਟਰ ਜੀ ਚਾਰ ਟੰਗੀ ਨੂੰ ਲੱਤ ਮਾਰ ਕੇ ਸਿੱਧੇ ਗੁਰੂ ਰਾਮ ਦਾਸ ਜੀ ਦੀ ਨਗਰੀ ਆ ਵੜੇ। ‘ਰੱਬ ਬਣਾਏ ਬੰਦੇ, ਕੋਈ ਚੰਗੇ ਕੋਈ ਮੰਦੇ।’ ਅਕਾਲੀ ਹੁਣ ਆਪਸ ਵਿਚ ਰੁੱਸੇ ਫਿਰਦੇ ਨੇ। ਪ੍ਰੇਮ ਐਂਡ ਪਾਰਟੀ ਆਖ ਰਹੀ ਹੈ,‘ ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।’ ਓਧਰ ਪ੍ਰਧਾਨ ਜੀ ਪੀਹੜੀ ਨੂੰ ਚਿੰਬੜੇ ਬੈਠੇ ਨੇ, ਦੇਖਿਓ ਕਿਤੇ ਫੈਵੀਕੋਲ ਵਾਲੇ ਆਪਣਾ ਬਰੈਂਡ ਅੰਬੈਸਡਰ ਹੀ ਨਾ ਬਣਾ ਲੈਣ। ਢੱਠੇ ਭਿੜਦੇ ਹੋਣ ਤਾਂ ਵਿਚ ਨਹੀਂ ਆਉਣਾ ਚਾਹੀਦਾ।

          ਭਾਜਪਾ ਕਿਥੇ ਟਲਦੀ ਹੈ। ਪਹਿਲਾਂ ਮਹਾਰਾਸ਼ਟਰ ’ਚ ਸ਼ਿਵ ਸੈਨਾ ਦੇ ਵਿਹੜੇ ਵਿਚ ਕੰਧ ਕਢਾ’ਤੀ। ਫਿਰ ਹਰਿਆਣਾ ’ਚ ਚੌਟਾਲਿਆਂ ਦੇ ਵਿਹੜੇ ’ਚ ਕੰਧ ਕਢਾ ਕੇ ਸਾਹ ਲਿਆ। ਭਾਜਪਾ ਦੀ ਅੱਖ ਹੁਣ ਅਕਾਲੀਆਂ ਦੀ ਪੀਹੜੀ ’ਤੇ ਹੈ। ਪੰਜਾਬ ਦੇ ਖੇਤਾਂ ’ਚ ਮਹੇਂਦਰ ਕਪੂਰ ਹੇਕਾਂ ਲਾ ਹੱਲਾਸ਼ੇਰੀ ਦੇ ਰਿਹਾ ਹੈ, ‘ਨਾ ਮੂੰਹ ਛਿਪਾ ਕੇ ਜੀਓ, ਨਾ ਸਿਰ ਝੁਕਾ ਕੇ ਜੀਓ।’ ਇੱਕ ਵਾਰੀ ਟੌਹੜਾ ਆਖ ਬੈਠੇ, ‘ ਬਾਦਲ ਸਾਹਬ, ਪਾਰਟੀ ਦਾ ਐਕਟਿੰਗ ਪ੍ਰਧਾਨ ਕਿਸੇ ਹੋਰ ਨੂੰ ਬਣਾ ਦਿਓ।’ 14 ਮਈ, 1999 ਨੂੰ ਕੋਰ ਕਮੇਟੀ ਨੇ ਐਨ ਕੋਰਾ ਫ਼ੈਸਲਾ ਸੁਣਾ ਦਿੱਤਾ, ‘ਟੌਹੜਾ ਪਾਰਟੀ ’ਚੋਂ ਆਊਟ’ ।

          ਟੌਹੜੇ ਨੇ ਸਰਬ ਹਿੰਦ ਅਕਾਲੀ ਦਲ ਬਣਾਇਆ, ਜਿਸ ’ਤੇ ਬਾਦਲ ਨੇ ਟੈਗ ਲਾਇਆ, ਏਹ ਤਾਂ ਕਾਂਗਰਸ ਦੀ ’ਬੀ’ ਟੀਮ ਹੈ। ਟੌਹੜਾ ਦਲੀਆਂ ਨੇ 2002 ਦੀਆਂ ਚੋਣਾਂ ਵਿਚ ਅੜ ਭੰਨ ਦਿੱਤੀ। ‘ਸਭ ਕੁਛ ਗਵਾ ਕੇ ਹੋਸ਼ ਮੇਂ ਆਏ ਤੋ ਕੀਆ ਆਏ’, 13 ਜੂਨ, 2003 ਨੂੰ ਬਾਦਲ-ਟੌਹੜਾ ਦੀ ਮੁੜ ਜੱਫੀ ਪੈ ਗਈ। ਜੱਫੀ ਪਾਉਣ ਵੇਲੇ ਵੱਡੇ ਬਾਦਲ ਨੇ ਅੱਖ ਬਚਾ ਕੇ ਟੌਹੜਾ ਦੇ ਮੋਢੇ ’ਤੇ ਲੱਗਿਆ ਬੀ-ਟੀਮ ਵਾਲਾ ਟੈਗ ਵਗਾਹ ਮਾਰਿਆ। ਟੈਗ ਮੁੜ ਕੇ ਲੱਭਿਆ ਨਹੀਂ, ਤਾਹੀਂ ਛੋਟੇ ਬਾਦਲ ਨੂੰ ਹੁਣ ਚੰਦੂਮਾਜਰਾ ਐਂਡ ਕੰਪਨੀ ਦੇ ਮੋਢੇ ’ਤੇ ਭਾਜਪਾ ਦੀ ਬੀ-ਟੀਮ ਵਾਲਾ ਨਵਾਂ ਟੈਗ ਲਾਉਣਾ ਪਿਆ।

        ਨਾਟਕ ‘ਬਾਬਾ ਬੋਲਦਾ ਹੈ’ ’ਚ ਬਾਬਾ ਬੋਲਦਾ ਹੈ, ‘ਸਰਕਾਰ ਆਖਦੀ ਹੈ ਕਿ ਦੇਸ਼ ਨੂੰ ਖਤਰੈ, ਜਥੇਦਾਰ ਆਖਦੇ ਨੇ ਕਿ ਪੰਥ ਨੂੰ ਖਤਰੈ।’ ਵੱਡੇ ਬਾਦਲ ਖ਼ੁਦ ਇਹ ਗੱਲ ਸੁਣਾਉਂਦੇ ਸਨ ਕਿ ਨਵੀਂ ਨਵੀਂ ਅਕਾਲੀ ਸਰਕਾਰ ਬਣੀ ਤਾਂ ਇੱਕ ਪਿੰਡ ਤੋਂ ਪੁਰਾਣਾ ਜਥੇਦਾਰ ਆਣ ਬਹੁੜਿਆ ਤੇ ਕਹਿਣ ਲੱਗਾ, ‘ਮੋਰਚਾ ਕਦੋਂ ਲਾਉਣੈ’। ਅੱਗਿਓਂ ਬਾਦਲ ਨੇ ਕਿਹਾ ਕਿ ਬਜ਼ੁਰਗੋ ਹਾਲੇ ਤਾਂ ਆਪਣੀ ਸਰਕਾਰ ਹੈ। ਹੁਣ ਅਕਾਲੀ ਦਲ ’ਤੇ ਭੀੜ ਪਈ ਹੈ। ਪ੍ਰਧਾਨ ਜੀ ਦੇ ਨਾਲ ਵਾਲੀ ਭੀੜ ਆਖ ਰਹੀ ਹੈ ਕਿ ਮਲਾਈਆਂ ਖਾਣ ਵਾਲੇ ਹੁਣ ਅੱਖਾਂ ਦਿਖਾਉਣ ਲੱਗੇ ਨੇ।

          ਬਾਗੀਪੁਣੇ ਦੀ ਮਧਾਣੀ ਨੇ ਅਕਾਲੀ ਦਲ ਦੇ ਰਿੜਕਣੇ ’ਚੋਂ ਕਦੇ ਮਲਾਈ ਤਾਂ ਕੱਢੀ ਨਹੀਂ। ਅਨੇਕਾਂ ਵਾਰ ਨਵੇਂ ਨਵੇਂ ਅਕਾਲੀ ਦਲ ਬਣੇ, ਨਵੇਂ ਨਵੇਂ ਧੜੇ ਬਣੇ, ਉਹ ਵੀ ਨਵੇਂ ਨਵੇਂ ਨਾਵਾਂ ’ਤੇ। ਇਨ੍ਹਾਂ ਨਾਵਾਂ ਨੂੰ ਦੇਖ ਲੱਗਦਾ ਹੈ ਕਿ ਕਿਤੇ ਜਥੇਦਾਰ ਸਾਰੀ ਪੈਂਤੀ ਹੀ ਨਾ ਮੁਕਾ ਦੇਣ। ਕਦੇ ਅਕਾਲੀ ਦਲ (ਡੱਡਾ), ਕਦੇ ਅਕਾਲੀ ਦਲ (ਸੱਸਾ) ਤੇ ਕਦੇ ਅਕਾਲੀ ਦਲ (ਐੜਾ)। ਵੈਸੇ ਲੱਤਾਂ ਕਿਵੇਂ ਖਿੱਚਣੀਆਂ ਨੇ, ਇਹ ਕਲਾ ਕੋਈ ਪੰਜਾਬੀਆਂ ਤੋਂ ਸਿੱਖੇ। ਨਵੇਂ ਪੁਰਾਣੇ ਅਕਾਲੀਆਂ ਕੋਲ ਆਪੋ ਆਪਣੀ ਡਿਕਸ਼ਨਰੀ ਹੈ। ਪਿੰਡ ਚੰਦੂਮਾਜਰਾ ਦਾ ਪ੍ਰੇਮ ਆਖਦਾ ਪਿਐ ਕਿ ਪ੍ਰਧਾਨ ਜੀ ਨੂੰ ਵਿਆਕਰਣ ਪੜ੍ਹਾ ਕੇ ਛੱਡੂੰ।

         ਭਾਜਪਾ ਆਪਣਾ ‘ਮਹਾਨਕੋਸ਼’ ਕੁੱਛੜ ਲਈ ਫਿਰਦੀ ਹੈ। ਜਿਸ ਦਲ ਲਈ ਸੰਤ ਫ਼ਤਿਹ ਸਿੰਘ ਕਈ ਵਾਰ ਅਗਨਕੁੰਡ ’ਚ ਬੈਠਿਆ, ਉਸ ਦਲ ਦੀ ਰਾਖੀ ਲਈ ਹੁਣ ਨਵੇਂ ਯੁੱਗ ਦੇ ਜਥੇਦਾਰ ਸਜੇ ਨੇ। ਕੋਈ ਮੁਕਤਸਰੋਂ ਹੈ, ਕੋਈ ਫਰੀਦਕੋਟੋਂ, ਤੇ ਕੋਈ ਫ਼ਿਰੋਜ਼ਪੁਰੋਂ। ਤੁਸੀਂ ਸੋਚਦੇ ਹੋਵੋਗੇ ਕਿ ਫਾਰਚੂਨਰ ਗੱਡੀਆਂ ਵਾਲੇ, ਟੀਨੋਪਾਲ ਵਾਲੇ ਕੱਪੜੇ ਤੇ ਕਿਆਨੋ ਦੇ ਬੂਟਾਂ ਵਾਲੇ ਜੇਲ੍ਹਾਂ ਤਾਂ ਛੱਡੋ, ਧੁੱਪ ਕੱਟਣ ਵਾਲੇ ਵੀ ਨਹੀਂ। ਬਿਨ ਮੰਗੀ ਸਲਾਹ ਹੈ, ਪ੍ਰਧਾਨ ਜੀ ਪਾਰਟੀ ਦੀ ਪਿੱਠ ’ਤੇ ਢਾਲ ਪਾ ਕੇ ਰੱਖਿਆ ਕਰੋ, ਫਿਰ ਕਿਸੇ ਦੀ ਕੀ ਮਜਾਲ ਕਿ ਕੋਈ ਪਿੱਠ ’ਚ ਛੁਰਾ ਮਾਰ ਜਾਵੇ।            

        ਨਾਲੇ ਗੱਡੀ ’ਚ ਆਹ ਗਾਣਾ ਸੁਣਦੇ ਰਿਹਾ ਕਰੋ, ‘ਬਾਬੂ ਜੀ ਧੀਰੇ ਚਲਨਾ..।’  ਆਖ਼ਰ ਵਿਚ ਪ੍ਰਧਾਨ ਜੀ ਅਤੇ ਉਨ੍ਹਾਂ ਦੇ ਸੱਜਰੇ ਸ਼ਰੀਕਾਂ ਨੂੰ ਹੱਥ ਜੋੜ ਅਰਜੋਈ ਹੈ ਕਿ ਸ਼ਿਵ ਬਟਾਲਵੀ ਦੇ ਇਨ੍ਹਾਂ ਵਚਨਾਂ ’ਤੇ ਜ਼ਰੂਰ ਗ਼ੌਰ ਕਰਨਾ,‘ ਸਾਂਝਾ ਦੇ ਵਿਚ ਬਰਕਤ ਵੱਸੇ, ਸਾਂਝਾ ਦੇ ਵਿਚ ਖੇੜਾ, ਸਾਂਝਾ ਵਿਚ ਪਰਮੇਸ਼ਰ ਵੱਸਦਾ, ਸਾਂਝਾ ਸਭਦਾ ਜਿਹੜਾ।’

(8 ਜੁਲਾਈ, 2024)


No comments:

Post a Comment