Wednesday, July 31, 2024

                                           ਇੰਡੀਅਨ ‘ਅਵਤਾਰ’ ਸਰਵਿਸ            
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਸੌਲਾਂ ਆਨੇ ਸੱਚ ਹੈ ਕਿ ਆਈ.ਏ.ਐਸ. ਅਫ਼ਸਰ ਰੱਬ ਨਹੀਓਂ ਹੁੰਦੇ। ਰੱਤੀ ਭਰ ਝੂਠ ਵੀ ਨਹੀਂ ਕਿ ਓਹ ਰੱਬ ਤੋਂ ਘੱਟ ਵੀ ਨਹੀਂ ਹੁੰਦੇ। ਇੰਜ ਕਹਿ ਲਓ ਕਿ ਜਨਾਬ ਤਾਂ ਧਰਤੀ ’ਤੇ ਰੱਬ ਦੀ ਸਾਈਕਲੋ ਸਟਾਈਲ ਕਾਪੀ ਨੇ। ਕਾਸ਼! ਹਜ਼ੂਰ ਅੱਲ੍ਹਾ ਦਾ ਰੂਪ ਹੀ ਹੁੰਦੇ, ਕਾਇਆ ਪਲਟ ਜਾਣੀ ਸੀ। ਐਸੀ ਰੱਬ ਦੀ ਕਰਨੀ, ਕੀ ਓਹ ਤਾਂ ਰੱਬ ਦੇ ਹੀ ਸ਼ਰੀਕ ਨਿਕਲੇ। ਕਿੰਨਾ ਸਿੱਧਾ ਪੱਧਰਾ ਗੋਰਖਧੰਦਾ ਹੈ, ਰੱਬ ਬੰਦੇ ਬਣਾਉਂਦਾ ਹੈ ਤੇ ਮਸੂਰੀ ਆਲੀ ਅਕੈਡਮੀ ਬੰਦੇ ਨੂੰ ਰੱਬ। ਓਹ ਦਿਨ ਦੂਰ ਨਹੀਂ, ਜਦੋਂ ਪਰਲੋਕੀ ਰੱਬ ਨੂੰ ਫਲੈਕਸ ਲਾਉਣਾ ਪਊ, ਠੀਕ ਉਵੇਂ ਜਿਵੇਂ ਦਿੱਲੀ ਆਲੀ ਸੜਕ ’ਤੇ ‘ਅਸਲੀ ਪੂਰਨ ਦਾ ਢਾਬਾ’ ਲਿਖਿਆ ਹੁੰਦੈ।

       ਕਾਮਰੇਡ ਤਾਂ ਰੱਬ ਨੂੰ ਵੀ ਫੁੱਫੜ ਆਖ ਸਕਦੇ ਨੇ। ਮਾਰਕਸੀ ਸੰਸਦ ਮੈਂਬਰ ਪੀ. ਰਾਮਾਮੂਰਤੀ ਸੰਨ 1980 ’ਚ ਪਾਰਲੀਮੈਂਟ ’ਚ ਨੌਕਰਸ਼ਾਹੀ ਬਾਰੇ ਹਾਸੇ-ਹਾਸੇ ’ਚ ਇੰਜ ਫਰਮਾਏ, ‘ਬਈ! ਇਨ੍ਹਾਂ ਨੂੰ ‘ਇੰਡੀਅਨ ਐਡਮਨਿਸਟਰੇਟਿਵ ਸਰਵਿਸ’ (ਆਈ.ਏ.ਐਸ.) ਨਾ ਕਹੋ, ਇਨ੍ਹਾਂ ਨੂੰ ਤਾਂ ‘ਇੰਡੀਅਨ ਅਵਤਾਰ ਸਰਵਿਸ’ ਕਹੋ। ਆਪਣੇ ਆਪ ਨੂੰ ਬ੍ਰਹਮਾ, ਵਿਸ਼ਨੂੰ, ਮਹੇਸ਼ ਅਵਤਾਰਾਂ ਵਾਂਗ ਸਰਬਗਿਆਤਾ ਸਮਰੱਥ ਜੋ ਸਮਝਦੇ ਪਏ ਨੇ।’ ਅਫ਼ਸਰਾਂ ਦਾ ਵੇਦਨਾਵਾਦ ਰੱਬ ਨੂੰ ਵੀ ਟੱਬ ਸਮਝਦੈ। ਓਧਰ ਪ੍ਰਭਾਤ ਫੇਰੀ ’ਚ ਗੂੰਜ ਪਈ ਹੈ, ‘ਰੱਬ ਨਾਲ ਠੱਗੀਆਂ ਕਿਓ ਮਾਰੇ ਬੰਦਿਆ…।’

        ਪੂਜਾ ਖੇਡਕਰ, ਬੱਸ ਨਾਂ ਹੀ ਕਾਫ਼ੀ ਹੈ। ਜਦੋਂ ਨਵੀਂ ਬਣੀ ਆਈ.ਏ.ਐਸ. ਅਫ਼ਸਰ ਪੁਣੇ ਪੁੱਜੀ ਤਾਂ ਉਹਦਾ ਦਿਮਾਗ਼ ਸੱਤਵੇਂ ਆਸਮਾਨ ’ਤੇ ਸੀ। ਕਿਤੇ ਮਾਂ ਨੇ ਕੰਨ ਪੁੱਟੇ ਹੁੰਦੇ ਅਤੇ ਬਾਪ ਨੇ ਝੰਡ ਕੀਤੀ ਹੁੰਦੀ ਤਾਂ ਲੀਰਾਂ ਦੀ ਖਿੱਦੋ ਨੇ ਏਨੀ ਛੇਤੀ ਨਹੀਂ ਉੱਧੜਨਾ ਸੀ। ਭੇਤ ਬਣਿਆ ਹੈ ਕਿ ਪੂਜਾ ਖੇਡਕਰ ਨੇ ਕਿਸ ਕਿਸ ਦੀ ਪੂਜਾ ਕਰ ਕੇ ਖੇਡਾਂ ਖੇਡੀਆਂ। ਇਹ ਬੀਬੀ ਜਾਅਲਸਾਜ਼ੀ ਦਾ ਲੜ ਫੜ ਨੌਕਰਸ਼ਾਹੀ ਦੀ ਅਖੀਰਲੀ ਪੌੜੀ ਚੜ੍ਹੀ। ਅਗਲਿਆਂ ਨੇ ਹੁਣ ਪੌੜੀ ਹੀ ਖਿੱਚ ਦਿੱਤੀ, ਧੜੰਮ ਕਰਕੇ ਡਿੱਗੀ ਹੈ। ਕੱਚੀ ਖਿਡਾਰਨ ਨਿਕਲੀ, ਇਵੇਂ ਤਾਂ ਕੋਈ ਲੀਗ ਮੈਚ ਨਾ ਹਾਰੇ। ਕਿਤੇ ਆਪਣੇ ਭਾਈਚਾਰੇ ਤੋਂ ਗੁਰਮੰਤਰ ਲੈਂਦੀ, ਫਿਰ ਚਾਹੇ ਅਮਿਤ ਸ਼ਾਹ ਨੂੰ ਉਂਗਲਾਂ ’ਤੇ ਨਚਾ ਲੈਂਦੀ। ਗੌਣ ਪਾਣੀ ਬਿਨਾਂ ਤਾਂ ਨੱਚਿਆ ਵੀ ਨਹੀਂ ਜਾਂਦਾ, ‘ਪਾਪਾ ਕਹਿਤੇ ਥੇ ਬੜਾ ਨਾਮ ਕਰੇਗਾ…।’

        ਚੋਣਾਂ ਮੌਕੇ ਕਿਸੇ ਪਿੰਡ ’ਚ ਸਿਆਸੀ ਜਲਸਾ ਹੋਇਆ। ਪੇਂਡੂ ਚਾਚੇ ਨੇ ਘਰੋਂ ਭਤੀਜ ਨੂੰ ’ਵਾਜ ਮਾਰੀ, ‘ਆ ਤੈਨੂੰ ਭਗਵੰਤ ਮਾਨ ਨੂੰ ਮਿਲਾਵਾਂ।’ ਅੱਗਿਓਂ ਭਤੀਜ ਕਹਿੰਦਾ, ‘ਭਗਵੰਤ ਮਾਨ ਕਿਹੜਾ ਡੀਸੀ ਲੱਗਿਐ।’ ਲੋਕ ਮਨਾਂ ’ਚ ਡੀਸੀ ਦੇ ਰੁਤਬੇ ਨੇ ਇੰਜ ਠਾਠ-ਬਾਠ ਨਾਲ ਕੁਰਸੀ ਡਾਹੀ ਹੋਈ ਹੈ ਜਿਵੇਂ ਧਰਮਰਾਜ ਹੋਵੇ। ਸਰਕਾਰਾਂ ਬਣਦੀਆਂ ਨੇ ਟੁੱਟਦੀਆਂ ਨੇ, ਇਨ੍ਹਾਂ ਭਲੇ ਲੋਕਾਂ ਦਾ ਵਾਲ ਵਿੰਗਾ ਨਹੀਂ ਹੁੰਦਾ। ‘ਸਦਾ ਦੀਵਾਲੀ ਸਾਧ ਦੀ, ਚੱਤੋ ਪਹਿਰ ਬਸੰਤ’। ਆਰ.ਬੀ.ਆਈ. ਦੇ ਸਾਬਕਾ ਗਵਰਨਰ ਡੀ. ਸੁਬਾਰਾਓ ਆਖਦੇ ਨੇ ਕਿ ਕੇਵਲ 25 ਫ਼ੀਸਦ ਆਈ.ਏ.ਐਸ. ਅਫ਼ਸਰ ਲੋਕ ਉਮੀਦਾਂ ’ਤੇ ਖਰੇ ਉਤਰਦੇ ਨੇ।

        ਕੋਈ ਸ਼ੱਕ ਨਹੀਂ ਕਿ ਆਈ.ਏ.ਐਸ. ਬਣਨਾ ਖਾਲਾ ਜੀ ਦਾ ਵਾੜਾ ਨਹੀਂ। ਜਿਨ੍ਹਾਂ ਦੀ ਬੁੱਧੀ ਡੁੱਲ੍ਹ ਡੁੱਲ੍ਹ ਪੈਂਦੀ ਹੈ, ਉਨ੍ਹਾਂ ਨੂੰ ਹੀ ਮਸੂਰੀ ਆਲੀ ਅਕੈਡਮੀ ’ਚ ਜਾਣਾ ਨਸੀਬ ਹੁੰਦੈ। ਰਾਜ ਪ੍ਰਬੰਧ ਇਨ੍ਹਾਂ ਨਿਪੁੰਨ ਅਫ਼ਸਰਾਂ ਆਸਰੇ ਚੱਲਦੈ। ਜਿਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਉਵੇਂ ਆਈ.ਏ.ਐਸ. ਅਫ਼ਸਰਾਂ ਦੀ ਸੋਚ ਅਤੇ ਵਿਹਾਰ ’ਚ ਵੀ ਵਖਰੇਵਾਂ ਹੁੰਦੈ। ਪੰਜਾਬ ਦੇ ਪੁਰਾਣੇ ਆਈ.ਏ.ਐਸ. ਅਫ਼ਸਰਾਂ ’ਚੋਂ ਦਰਜਨਾਂ ਲੱਭ ਜਾਣਗੇ ਜਿਨ੍ਹਾਂ ਦੀ ਜ਼ਮੀਰ ਵੀ ਜਾਗੀ ਤੇ ਖ਼ੁਦ ਵੀ ਸੂਬੇ ਲਈ ਦਿਨ ਰਾਤ ਜਾਗੇ। ਉਨ੍ਹਾਂ ਭਲਿਆਂ ਕਰਕੇ ਪੰਜਾਬ ਨਗੌਰੀ ਬੱਲਦ ਵਰਗਾ ਸੀ, ਅੱਜ ਵਾਲਿਆਂ ਨੇ ਤੋਕੜ ਮੱਝ ਬਣਾ ਕੇ ਰੱਖ’ਤਾ। ਜਵਾਨੀ ਪੰਜਾਬ ਛੱਡ ਕੇ ਭੱਜਣ ਲੱਗੀ ਹੈ।

       ‘ਵਾਰਿਸ ਸ਼ਾਹ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੇ, ਸਭ ਖਲਕਤਾਂ ਉਨ੍ਹਾਂ ਤੋਂ ਨਸਦੀਆਂ ਨੇ।’ ਜਦ ਤੋਂ ਲੀਡਰਾਂ ’ਚੋਂ ਗਿਆਨ, ਅਫ਼ਸਰਾਂ ’ਚੋਂ ਜਾਨ ਖ਼ਤਮ ਹੋਈ ਹੈ, ਉਦੋਂ ਤੋਂ ਚੋਰ ਤੇ ਕੁੱਤੀ ਇੱਕੋ ਬਾਟੇ ਛਕ ਰਹੇ ਨੇ। ਸਿਆਣੇ ਆਖਦੇ ਹਨ ਕਿ ਜਦੋਂ ਬਿੱਲੀ ਤੇ ਚੂਹੇ ’ਚ ਸਮਝੌਤਾ ਹੋ ਜਾਵੇ ਤਾਂ ਹੱਟੀ ਵਾਲੇ ਦੀ ਸ਼ਾਮਤ ਆਈ ਸਮਝੋ। ਹੁਣ ਵੱਡੇ ਦਫ਼ਤਰ ਚੰਬਲ ਦੀ ਘਾਟੀ ਜਾਪਦੇ ਨੇ, ਵੱਡੀਆਂ ਕੁਰਸੀਆਂ ਵਾਲਿਆਂ ’ਚੋਂ ਵੀਰੱਪਨ ਦਾ ਝਉਲਾ ਪੈਂਦੈ। ਪੰਜਾਬ ’ਚ ਭਲੇ ਤੇ ਈਮਾਨੀ ਅਫ਼ਸਰਾਂ ਦੀ ਕਮੀ ਨਹੀਂ ਪਰ ਉਹ ‘ਖੁੱਡਾ ਲਾਈਨਜ਼’ ਦੇ ਵਾਸੀ ਬਣੇ ਹੋਏ ਨੇ। ਮੁਹੰਮਦ ਰਫ਼ੀ ਨੇ ਟੇਵਾ ਠੀਕ ਹੀ ਲਾਇਐ, ‘ਹੰਸ ਚੁਗੇਗਾ ਦਾਨਾ-ਦੁਨਕਾ, ਕਊਆ ਮੋਤੀ ਖਾਏਗਾ।’

       ਈਮਾਨੀ ਅਫ਼ਸਰ ਪੋਟਿਆਂ ’ਤੇ ਗਿਣਨ ਜੋਗੇ ਨੇ। ਬਹੁਤੇ ਤਾਂ ਹੋਮਿਓਪੈਥੀ ਵਰਗੇ ਨੇ। ਪੁਰਾਣੇ ਵੇਲਿਆਂ ’ਚ ਖਰੇ ਤੇ ਦਾਨੇ ਅਫ਼ਸਰ ਹੁੰਦੇ ਸਨ। ਓਹ ਵੀ ਦੇਖੇ ਜਿਹੜੇ ਨੌਕਰੀ ਦੇ ਜਵਾਨ ਹੋਣ ਮਗਰੋਂ ਈਮਾਨੀ ਕਾਂਟਾ ਬਦਲ ਲੈਂਦੇ ਸਨ। ਹੁਣ ਮਸੂਰੀ ਅਕੈਡਮੀ ਤੋਂ ਹੀ ਕਮਾਈ ਦੇ ਟੀਚੇ ਤੈਅ ਹੁੰਦੇ ਨੇ। ਆਈ.ਪੀ.ਐਸ. ਅਫ਼ਸਰ, ਇਨ੍ਹਾਂ ਸਿਵਲ ਵਾਲਿਆਂ ਤੋਂ ਕਈ ਮੀਲ ਅੱਗੇ ਨੇ। ਜਨਤਾ ਜਨਾਰਧਨ ਕੋਲ ਕੇਵਲ ਹੱਥ ਹਨ ਜਿਹੜੇ ਅਰਜ਼ੋਈ ਕਰਨ ਜੋਗੇ ਰਹਿ ਗਏ ਨੇ।

         ਅਲਬਰਟ ਕਾਮੂ ਆਖਦਾ ਪਿਐ ਕਿ ‘ਡਰ ਵਿਚੋਂ ਉਪਜੇ ਆਦਰ ਸਤਿਕਾਰ ਨਾਲੋਂ ਘਟੀਆ ਹੋਰ ਚੀਜ਼ ਕੋਈ ਨਹੀਂ ਹੁੰਦੀ।’ ਸਿਆਸਤ ਅਤੇ ਪ੍ਰਸ਼ਾਸਨ ’ਚ ਹੁਣ ‘ਗੂੰਗੇ ਭਲਵਾਨ’ ਜ਼ਿਆਦਾ ਨੇ। ਵਰਿ੍ਹਆਂ ਤੋਂ ਪੰਜਾਬ ਦੇ ‘ਵਿਕਾਸ’ ਦਾ ਨਾਟਕ ਚੱਲ ਰਿਹਾ ਹੈ, ਪਾਤਰਾਂ ਨੂੰ ਸਿਰਫ਼ ਅਬਦਾਲੀ ਦਾ ਰੋਲ ਹੀ ਕਰਨਾ ਆਉਂਦੈ। ਅਫ਼ਸਰ ਨਹੀਂ, ਇਹ ਤਾਂ ਮਸ਼ੀਨੀ ਪੁਰਜ਼ੇ ਨੇ, ਜਿਨ੍ਹਾਂ ’ਚ ਨਾ ਇਖ਼ਲਾਕ ਤੇ ਨਾ ਹੀ ਕੋਈ ਸਾਖ ਹੈ। ਪੰਜਾਬ ਤੋਂ ਵੱਧ ਇਨ੍ਹਾਂ ਨੂੰ ਗੋਲਫ਼ ਕਲੱਬ ਚੰਗਾ ਲੱਗਦੈ। ਜਦੋਂ ਕਦੇ ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖੀ ਜਾਵੇਗੀ ਤਾਂ ਨੌਕਰਸ਼ਾਹੀ ਵੀ ਕਟਹਿਰੇ ’ਚ ਖੜ੍ਹੇਗੀ। ‘ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ।’ ਵਕਤ ਦੀ ਲੋੜ ਹੈ ਕਿ ਅਫ਼ਸਰ ਪਾਤਸ਼ਾਹ ਅਦਾਕਾਰ ਰਾਜ ਕੁਮਾਰ ਦਾ ਪ੍ਰਵਚਨ ਜ਼ਰੂਰ ਧਿਆਉਣ, ‘ਜਿਸ ਦਿਨ ਹਮ ਇਸ ਕੁਰਸੀ ਪਰ ਬੈਠ ਕਰ ਇਨਸਾਫ਼ ਨਾ ਕਰੇ ਸਕੇ, ਕੁਰਸੀ ਛੋੜ ਦੇਂਗੇ।’

           ਅਕਲ, ਨਾ ਬਦਾਮ ਖਾਣ ਨਾਲ ਤੇ ਨਾ ਹੀ ਕੁਰਸੀ ਨਾਲ ਆਉਂਦੀ ਹੈ। ਨਾ ਰੱਬ ਅਕਲ ਦਿੰਦੈ, ਨਾ ਹੀ ਉਮਰ। ਅਕਲ ਆਉਂਦੀ ਹੈ ‘ਜ਼ਿੰਮੇਵਾਰੀ’ ਨਾਲ। ਨੇਤਾ ਆਪਣੇ ਆਪ ਨੂੰ ਸੇਵਕ ਦੱਸਦੇ ਨੇ ਅਤੇ ਅਫ਼ਸਰ ‘ਪਬਲਿਕ ਸਰਵੈਂਟ’, ਮਤਲਬ ਕਿ ਨੌਕਰ। ਪੰਜਾਬ ’ਚ ‘ਸੇਵਕ ਤੇ ਨੌਕਰ’ ਘਿਓ ਖਿਚੜੀ ਨੇ। ਦੋਵਾਂ ਦੀ ਜੋੜੀ ਇਹੋ ਗਾਉਂਦੀ ਪਈ ਹੈ, ‘ਹਮ ਬਨੇ ਤੁਮ ਬਨੇ, ਏਕ ਦੂਜੇ ਕੇ ਲੀਏ।’ ਦੂਜੇ ਬੰਨੇ ਲੋਕ ਰਾਜ ਦੇ ਅਸਲੀ ਮਾਲਕ ਭਾਵ ਮਹਾਤੜਾਂ ਦੀ ਜ਼ਿੰਦਗੀ ‘ਆਊਟ ਆਫ਼ ਰੇਂਜ’ ਹੋਈ ਪਈ ਹੈ। ਜਨਤਾ ਨੂੰ ਸਰਕਾਰ ਦੇ ਘਰੋਂ ਗਾਲ੍ਹਾਂ ਦਾ ਪਰਸ਼ਾਦਾ ਹੀ ਮਿਲਦੈ, ਫਿਰ ਹੂਕ ਤਾਂ ਨਿਕਲਦੀ ਹੀ ਹੈ, ‘ਕੋਈ ਨ ਕੋਈ ਚਾਹੀਏ, ਪਿਆਰ ਕਰਨੇ ਵਾਲਾ।’

         ਨੌਕਰਸ਼ਾਹੀ ‘ਐਨ.ਪੀ.ਡੀ.’ (ਨਾਰਸੀਸਿਸਟਿਕ ਪਰਸਨੈਲਟੀ ਡਿਸਆਰਡਰ) ਦਾ ਸ਼ਿਕਾਰ ਜਾਪਦੀ ਹੈ। ਐਨ.ਪੀ.ਡੀ. ਬੀਮਾਰੀ ਵਾਲਾ ਹੰਕਾਰ ਨਾਲ ਭਰ ਜਾਂਦਾ ਹੈ, ਉਸ ਨੂੰ ਜਾਪਦੈ ਕਿ ਜਿੰਨੀ ਅਕਲ ਮੈਨੂੰ ਐ, ਹੋਰ ਕਿਸੇ ਨੂੰ ਨਹੀਂ।’ ਇੰਜ ਕਹਿ ਲਓ ਕਿ ਇਹ ਬੀਮਾਰੀ ਵਾਲੇ ਆਪਣੇ ਆਪ ਨੂੰ ਰੱਬ ਸਮਝਦੇ ਨੇ। ਆਹ ਗਾਣਾ ਬੜਾ ਢੁਕਵੈਂ, ‘ਜਾਏ ਵੱਢੀ ਦਾ ਦਾਰੂ ਪੀ ਕੇ, ਧਰਮਰਾਜ ਬਣ ਬਹਿੰਦਾ ਸੀ।’ ਦਾਰੂ ਨਾਲੋਂ ਵੱਧ ਭੈੜਾ ਸੱਤਾ ਦਾ ਨਸ਼ਾ ਹੈ, ਤਾਹੀਂ ਤਾਂ ਪੰਜਾਬ ਦਾ ਲੀਵਰ ਖ਼ਰਾਬ ਹੋਇਐ। 1997 ਵਿਚ ਬਾਦਲ ਸਰਕਾਰ ਨੇ ਐਲਾਨ ਕੀਤਾ ਕਿ ਹਰ ਵਰ੍ਹੇ ਈਮਾਨਦਾਰ ਅਫ਼ਸਰ ਨੂੰ ਲੱਖ ਰੁਪਏ ਦਾ ਇਨਾਮ ਦਿਆਂਗੇ। ਕੋਈ ਲੱਭਾ ਹੀ ਨਹੀਂ, ਖ਼ਜ਼ਾਨੇ ਦੇ ਕੰਨ ਪਏ ਹੱਸਣ। ਹੁਣ ‘ਆਪ’ ਦੇ ਭਮੱਕੜਾਂ ਨੂੰ ਅਫ਼ਸਰ ‘ਟੁੱਕ ’ਤੇ ਡੇਲਾ’ ਹੀ ਸਮਝਦੇ ਨੇ।  ਜਦੋਂ ਇਹ ਵੱਡੀ ਕੁਰਸੀ ’ਤੇ ਸਜਦੇ ਨੇ ਤਾਂ ਉਨ੍ਹਾਂ ਦੇ ਅੰਦਰਲਾ ਬਾਘੀਆਂ ਪਾਉਂਦੈ, ‘ਸਾਲਾ ਮੈਂ ਤੋ ਸਾਹਬ ਬਣ ਗਿਆ।’

          ਨੰਦ ਲਾਲ ਨੂਰਪੁਰੀ ਨਸੀਹਤਾਂ ਦੇ ਰਿਹੈ, ‘ਇਹ ਦੁਨੀਆ ਤਿਲ੍ਹਕਣ ਬਾਜ਼ੀ ਏ, ਤੂੰ ਪੈਰ ਸਮਝ ਕੇ ਧਰਿਆ ਕਰ, ਕਿਸੇ ਨਿਰਧਨ ਆਤੁਰ ਦੁਖੀਏ ਦਾ, ਕੁਝ ਭਾਰ ਵੀ ਹੌਲਾ ਕਰਿਆ ਕਰ।’ ਆਈ.ਏ.ਐਸ. ਅਫ਼ਸਰ ਤਾਂ ਸੂਰਜਮੁਖੀ ਦੇ ਫੁੱਲ ਵਰਗੇ ਹੁੰਦੇ ਨੇ, ਚੜ੍ਹਦੇ ਸੂਰਜ ਵੱਲ ਹੀ ਊਰੀ ਵਾਂਗੂ ਘੁੰਮਦੇ ਨੇ। ਛੱਜੂ ਰਾਮ ਨੇ ਅਸਾਂ ਦੇ ਹੁੱਝ ਮਾਰੀ ਐ, ‘ਅਫ਼ਸਰਾਂ ਨਾਲ ਪੰਗੇ ਨਹੀਂ ਲਈਦੇ, ਇਨ੍ਹਾਂ ਦੇ ਹੱਥ ਵੀ ਲੰਬੇ ਹੁੰਦੇ ਨੇ ਤੇ ਖੀਸੇ ਵੀ।’ ਛੱਜੂ ਰਾਮਾ! ਅਸਾਂ ਦਾ ਇੱਕੋ ਫ਼ਾਰਮੂਲਾ ਏ, ‘ਈਮਾਨੀਆਂ ਦੀ ਜੈ ਤੇ ਭ੍ਰਿਸ਼ਟਾਂ ਦੀ ਖੈ। ਓਧਰ ਅਫ਼ਸਰਾਂ ਦੇ ‘ਮਨ ਕੀ ਬਾਤ’ ਮੁਹੰਮਦ ਸਦੀਕ ਕਰ ਰਿਹੈ, ‘ਹਾਂਜੀ ਹਾਂਜੀ ਕਹਿਣਾ, ਸਦਾ ਸੁੱਖੀ ਰਹਿਣਾ…।’

          ਜਦੋਂ ਬਾਦਲਾਂ ਨੂੰ 2012 ’ਚ ਦੁਬਾਰਾ ਕੁਰਸੀ ਮਿਲੀ ਤਾਂ ਵੱਡੇ ਬਾਦਲ ਨੇ ਚਟਕਾਰੇ ਲੈ ਗੱਲ ਸੁਣਾਈ। ‘ਭਾਈ, ਵੱਡੇ ਵੱਡੇ ਅਫ਼ਸਰ, ਵੱਡੇ ਵੱਡੇ ਗੁਲਦਸਤੇ, ਹੱਥਾਂ ’ਚ ਮਠਿਆਈ ਵਾਲੇ ਡੱਬੇ, ਲੈ ਕੇ ਮਹਿਲਾਂ ’ਚ ਪੁੱਜ ਗਏ। ਚੋਣ ਨਤੀਜੇ ਪੁੱਠੇ ਪੈ ਗਏ। ਉਹੀ ਅਫ਼ਸਰ ਭੱਜੇ ਭੱਜੇ ਪਿੰਡ ਬਾਦਲ ਆ’ਗੇ, ਕਾਹਲੀ ’ਚ ਸੌਹਰੀ ਦੇ, ਡੱਬਿਆਂ ਤੋਂ ਸਟਿੱਕਰ ਪੁੱਟਣੇ ਵੀ ਭੁੱਲ ਗਏ।’ ਅਖੀਰ ’ਚ ‘ਰੋਟੀ’ ਫ਼ਿਲਮ ਦਾ ਗਾਣਾ, ‘ਯੇ ਜੋ ਪਬਲਿਕ ਹੈ, ਯੇਹ ਸਬ ਜਾਨਤੀ ਹੈ।’

(26 ਜੁਲਾਈ 2024)

No comments:

Post a Comment