Sunday, March 30, 2025

                                                      ਸਿਆਸੀ ਹਿਸਾਬ
                          ਤੋਹਮਤਾਂ ਦੀ ਝੜੀ ’ਚ ਭਿੱਜਦਾ ਰਿਹਾ ਸਦਨ !
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਕਰੀਬ ਹਫ਼ਤੇ ਭਰ ਦੇ ਬਜਟ ਸੈਸ਼ਨ ਦੌਰਾਨ ‘ਤੋਹਮਤਾਂ ਅਤੇ ਮਿਹਣੇ’ ਹੀ ਛਾਏ ਰਹੇ, ਜਦੋਂ ਕਿ ਗੰਭੀਰ ਤੇ ਭਖਦੇ ਮੁੱਦੇ ਹਾਸ਼ੀਏ ’ਤੇ ਧੱਕੇ ਰਹੇ। ‘ਆਪ’ ਵਿਧਾਇਕਾਂ ਨੇ ਲੋਕ ਮੁੱਦਿਆਂ ’ਤੇ ਆਪਣੀ ਹੀ ਸਰਕਾਰ ਦੇ ਪਾਜ ਖੋਲ੍ਹੇ ਅਤੇ ਵਿਰੋਧੀ ਧਿਰ ਦੀ ਆਪਸੀ ਧੜੇਬੰਦੀ ਵੀ ਸੈਸ਼ਨ ’ਚ ਗੁੱਝੀ ਨਹੀਂ ਰਹਿ ਸਕੀ। ਬਜਟ ਅਤੇ ਬਿੱਲਾਂ ’ਤੇ ਬਹਿਸ ਲਈ ਨਾ ਹਾਕਮ ਧਿਰ ਅਤੇ ਨਾ ਹੀ ਵਿਰੋਧੀ ਧਿਰ ਸੰਜੀਦਾ ਸੀ। ਜਦੋਂ ਜ਼ਮੀਨੀ ਪਾਣੀ ’ਤੇ ਸਦਨ ’ਚ ਬਹਿਸ ਹੋਈ ਤਾਂ ਕੁੱਲ 31 ਵਿਧਾਇਕ ਹਾਜ਼ਰ ਸਨ। ਉਂਜ ਤਾਂ ਸੂਬਾ ਸਰਕਾਰ ਜ਼ਮੀਨੀ ਪਾਣੀ ਨੂੰ ਲੈ ਕੇ ਫ਼ਿਕਰਮੰਦੀ ਜ਼ਾਹਰ ਕਰਦੀ ਹੈ ਪ੍ਰੰਤੂ ਮੁੱਖ ਮੰਤਰੀ ਇਸ ’ਤੇ ਬਹਿਸ ਮੌਕੇ ਗੈਰ-ਹਾਜ਼ਰ ਰਹੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤਾਂ ਜ਼ਮੀਨੀ ਪਾਣੀ ਤੋਂ ਇਲਾਵਾ ਬਜਟ ’ਤੇ ਬਹਿਸ ਮੌਕੇ ਵੀ ਗੈਰ-ਹਾਜ਼ਰ ਰਹੇ ਸਨ। ਵਿਰੋਧੀ ਧਿਰ ਦੇ ਮੈਂਬਰ ਸਦਨ ’ਚ ਘੱਟ ਤੇ ਸਦਨ ਦੇ ਬਾਹਰ ਜ਼ਿਆਦਾ ਬੋਲੇ। ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸੈਸ਼ਨ ਦਾ ਆਗਾਜ਼ ਹੋਇਆ ਅਤੇ ਇਸ ਮੌਕੇ ਸਰਕਾਰ ਤੇ ਰਾਜ ਭਵਨ ਵਿਚਾਲੇ ਬਿਹਤਰ ਰਿਸ਼ਤਾ ਤੇ ਤਾਲਮੇਲ ਦੇਖਣ ਨੂੰ ਮਿਲਿਆ। 

        ‘ਆਪ’ ਵਿਧਾਇਕਾਂ ਨੇ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਸੂਬੇ ਦੇ ਸਿਹਤ ਅਤੇ ਸਿੱਖਿਆ ਢਾਂਚੇ ਦੇ ਹੀ ਬਖ਼ੀਏ ਉਧੇੜੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਬਾਰੇ ਸੰਕੋਚਵੀਂ ਗੱਲ ਕੀਤੀ ਪ੍ਰੰਤੂ ਬਹਿਸ ਦੌਰਾਨ ਬਾਜਵਾ ਸਮੇਤ ਸਮੁੱਚੀ ਕਾਂਗਰਸ ਨੂੰ ਨਿਸ਼ਾਨੇ ’ਤੇ ਵੱਧ ਲਿਆ। ਉਹ ਭਾਸ਼ਣ ’ਚ ਪਰਗਟ ਸਿੰਘ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਤਾਰੀਫ਼ ਕਰਦੇ ਵੀ ਨਜ਼ਰ ਆਏ। ਸੈਸ਼ਨ ਦੇ ਦੋ ਦਿਨ ’ਚੋਂ ਕਾਫ਼ੀ ਸਮਾਂ ਤਾਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਖ਼ਿਲਾਫ਼ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਟਿੱਪਣੀ ’ਚ ਆਜਾਈਂ ਚਲਾ ਗਿਆ। ਹਾਲਾਂਕਿ ਬਾਜਵਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਲਈ ਮਤੇ ਦੀ ਮੰਗ ਕੀਤੀ ਪ੍ਰੰਤੂ ਹਾਕਮ ਧਿਰ ਨੇ ਸੀਚੇਵਾਲ ਮੁੱਦੇ ਨੂੰ ਲੋੜੋਂ ਵੱਧ ਖ਼ੁਦ ਹੀ ਉਛਾਲਨ ’ਚ ਰੁਚੀ ਦਿਖਾਈ। ਹਰ ਕੋਈ ਇਹ ਮੁੱਦਾ ਉਛਾਲ ਕੇ ਨੰਬਰ ਗੇਮ ਵਿੱਚ ਉਲਝਿਆ ਰਿਹਾ। ਅਖੀਰ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ ਹੋਣ ਮਗਰੋਂ ਮਾਹੌਲ ਸ਼ਾਂਤ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਐਤਕੀਂ ਸਿੱਧਾ ਸ਼ਬਦੀ ਟਕਰਾਅ ਹੋਣ ਤੋਂ ਬਚਾਅ ਰਿਹਾ। 

         ਆਖ਼ਰੀ ਦਿਨ ਜਦੋਂ ਤਿੰਨ ਅਹਿਮ ਬਿੱਲ ਪਾਸ ਹੋ ਰਹੇ ਸਨ ਤਾਂ ਕਿਸੇ ਨੇ ਬਹਿਸ ਕਰਨ ਦੀ ਮੰਗ ਤੱਕ ਵੀ ਨਹੀਂ ਕੀਤੀ। ਬੇਸ਼ੱਕ ਸੈਸ਼ਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੂਪੇਸ਼ ਬਘੇਲ ਨੇ ਏਕਤਾ ਦੀਆਂ ਨਸੀਹਤਾਂ ਦਿੱਤੀਆਂ ਸਨ ਪ੍ਰੰਤੂ ਸਦਨ ਵਿੱਚ ਇਹ ਨਸੀਹਤਾਂ ਹਵਾਈ ਹੋ ਕੇ ਰਹਿ ਗਈਆਂ। ਇਸੇ ਕਰਕੇ ਸਦਨ ’ਚੋਂ ਵਾਕਆਊਟ ਸਮੇਂ ਕਾਂਗਰਸੀ ਮੈਂਬਰਾਂ ਦੇ ਨਾ ਤਾਂ ਨਾਅਰਿਆਂ ’ਚ ਜਾਨ ਦਿਖੀ ਅਤੇ ਨਾ ਹੀ ਇਕੱਠੀਆਂ ਬਾਹਾਂ ਉੱਠੀਆਂ। ਵੱਡਾ ਰੌਲਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸਦਨ ’ਚ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਤੋਂ ਵੀ ਪਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਰਹੇ ਪ੍ਰੰਤੂ ਸੰਧਵਾਂ ਨੇ ਖਹਿਰਾ ਦੀ ਕੋਈ ਵਾਹ ਨਹੀਂ ਚੱਲਣ ਦਿੱਤੀ। ਬਾਅਦ ’ਚ ਖਹਿਰਾ ਸੈਸ਼ਨ ’ਚ ਮੁੜ ਦਿਖਾਈ ਨਹੀਂ ਦਿੱਤੇ। ਰਾਣਾ ਗੁਰਜੀਤ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਇੱਕੋ ਸੁਰ ਵਿੱਚ ਨਜ਼ਰ ਆਏ। ਦੋਵਾਂ ਨੇ ਪਾਣੀਆਂ ਦੇ ਮੁੱਦੇ ’ਤੇ ਚੰਗੀ ਬਹਿਸ ਵੀ ਕੀਤੀ। ਕਾਂਗਰਸ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਸ਼ਬਦੀ ਮਰਯਾਦਾ ਵਿੱਚ ਵੀ ਰਹੇ ਅਤੇ ਉਨ੍ਹਾਂ ਦੀ ਮੁੱਦਿਆਂ ਪ੍ਰਤੀ ਪਹੁੰਚ ਵੀ ਉਸਾਰੂ ਰਹੀ।

         ਵਿਧਾਇਕਾ ਅਰੁਣਾ ਚੌਧਰੀ ਨੇ ਮੁੱਦਿਆਂ ’ਤੇ ਗੱਲ ਸੀਮਿਤ ਰੱਖੀ। ਇੱਕ ਸਰਕਾਰੀ ਮਤੇ ਦਾ ਵਿਰੋਧ ਕਰਨ ਵਾਲੇ ਇਕੱਲੇ ਹੈਨਰੀ ਹੀ ਸਨ। ਵਿਰੋਧੀ ਧਿਰ ਦੇ ਨੇਤਾ ਬਾਜਵਾ ’ਤੇ ਹਾਕਮ ਧਿਰ ’ਚੋਂ ਸਭ ਤੋਂ ਤਿੱਖੇ ਹਮਲੇ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਨੇ ਕੀਤੇ। ਖ਼ਾਸ ਗੱਲ ਦੇਖਣ ਨੂੰ ਮਿਲੀ ਕਿ ਮੁੱਖ ਮੰਤਰੀ ਨੇ ਖ਼ੁਫ਼ੀਆ ਰਿਪੋਰਟ ਦੇ ਹਵਾਲੇ ਨਾਲ ਬਾਜਵਾ ਤੇ ਪਰਗਟ ਸਿੰਘ ਦੀ ਦਿੱਲੀ ਵਿਖੇ ਭੂਪੇਸ਼ ਬਘੇਲ ਦੀ ਮੀਟਿੰਗ ਵਿੱਚ ਹੋਈ ਤਲਖ਼ੀ ਦੀ ਗੱਲ ਕੀਤੀ ਅਤੇ ਕਿਹਾ ਕਿ ‘ਪਰਗਟ ਸਿੰਘ ਨੇ ਮੀਟਿੰਗ ’ਚ ਕਿਹਾ ਸੀ ਕਿ ਮੈਂ ਕਪਤਾਨੀ ਕੀਤੀ ਹੈ, ਤਸਕਰੀ ਨਹੀਂ।’ ਮੁੱਖ ਮੰਤਰੀ ਦੇ ਇਸ ਨੁਕਤੇ ਦਾ ਪਰਗਟ ਸਿੰਘ ਨੇ ਖੜ੍ਹੇ ਹੋ ਕੇ ਵਿਰੋਧ ਕਰਨ ਦੀ ਥਾਂ ਇਸ ਨੂੰ ਸਵੀਕਾਰ ਕਰ ਲਿਆ। ਇਹ ਮੌਕਾ ਕਾਂਗਰਸੀ ਵਿਧਾਇਕਾਂ ਦੀ ਆਪਸੀ ਅੰਦਰੂਨੀ ਫੁੱਟ ਨੂੰ ਦਰਸਾਉਂਦਾ ਹੈ। ਵਿਰੋਧੀ ਧਿਰ ਦੇ ਆਗੂ ਉਂਜ ਤਾਂ ਸਦਨ ਦੇ ਬਾਹਰ ਪੰਜਾਬ ਸਰਕਾਰ ਵਿੱਚ ਦਿੱਲੀ ਦੇ ਦਖ਼ਲ ਬਾਰੇ ਹੁੱਬ-ਹੁੱਬ ਕੇ ਗੱਲਾਂ ਕਰਦੇ ਰਹੇ ਪ੍ਰੰਤੂ ਸਦਨ ਵਿੱਚ ਕੋਈ ਆਗੂ ਇਹ ਮੁੱਦਾ ਚੁੱਕਣ ਦੀ ਹਿੰਮਤ ਨਹੀਂ ਦਿਖਾ ਸਕਿਆ।

        ਸਿਫ਼ਰ ਕਾਲ ’ਚ ਪਰਗਟ ਸਿੰਘ ਨੇ ਮਲਵੀ ਜੀਭ ਨਾਲ ਸਿਰਫ਼ ਏਨਾ ਪੁੱਛਿਆ ਸੀ ਕਿ ਜੋ ਦਿੱਲੀ ਸਰਕਾਰ ਨਾਲ ਨੌਲੇਜ ਸ਼ੇਅਰਿੰਗ ਸਮਝੌਤਾ ਹੋਇਆ ਸੀ, ਉਸ ਦਾ ਕੀ ਬਣਿਆ ਜਾਂ ਫਿਰ ਝੋਨੇ ਦੀ ਖ਼ਰੀਦ ’ਚ ਹੋਈ ਲੁੱਟ ਦੇ ਪੈਸੇ ਦਿੱਲੀ ਜਾਣ ਦੀ ਗੱਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਲਕੇ ਸੁਰ ਵਿੱਚ ਛੇੜੀ ਸੀ। ਦਿਲਚਸਪ ਗੱਲ ਇਹ ਵੀ ਸੀ ਕਿ ਵਿਰੋਧੀ ਵਿਧਾਇਕਾਂ ਨੇ ਸੈਸ਼ਨ ਦਾ ਸਮਾਂ ਵਧਾਏ ਜਾਣ ਦੀ ਮੰਗ ਕੋਈ ਉੱਭਰਵੇਂ ਰੂਪ ਵਿੱਚ ਨਹੀਂ ਕੀਤੀ। ਹਾਕਮ ਧਿਰ ’ਚੋਂ ਇੰਦਰਬੀਰ ਸਿੰਘ ਨਿੱਝਰ, ਗੁਰਪ੍ਰੀਤ ਸਿੰਘ ਵਣਾਂਵਾਲੀ, ਪ੍ਰਿੰਸੀਪਲ ਬੁੱਧ ਰਾਮ, ਅੰਮ੍ਰਿਤਪਾਲ ਸੁੱਖਾਨੰਦ ਆਦਿ ਦੀ ਸਦਨ ’ਚ ਭੂਮਿਕਾ ਵਧੀਆ ਰਹੀ।

No comments:

Post a Comment