Wednesday, March 19, 2025

                                    ਭਾਈਆ ਜੀ ! ਥੋਡੀ ਖ਼ੈਰ ਹੋਵੇ..
                                                         ਚਰਨਜੀਤ ਭੁੱਲਰ

ਚੰਡੀਗੜ੍ਹ : ਜੱਟਾਂ ਆਲੇ ਘਾਲੇ-ਮਾਲੇ ’ਚ ਜਿਵੇਂ ‘ਭਾਈਆ ਜੀ’ ਉਲਝੇ ਪਏ ਨੇ, ਠੀਕ ਉਵੇਂ ਪੰਥ ਵੀ ਗੁੰਝਲਾਂ ’ਚ ਫਸਿਆ ਪਿਐ। ਹਰਦਿਲ ਅਜ਼ੀਜ਼, ਸੰਗਤ ਦੇ ਚਰਨਾਂ ਦੀ ਧੂੜ, ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਜੇ ਕਿਤੇ ਪੁਰਾਣੇ ਕਾਵਿ-ਕਿੱਸੇ ਪੜ੍ਹੇ ਹੁੰਦੇ ਤਾਂ ਆਹ ਨੌਬਤ ਨਾ ਆਉਂਦੀ। ਪੰਜਾਬੀ ਪਰੰਪਰਾ ’ਚ ਮਕਬੂਲ ਕਿੱਸੇ ‘ਜੀਜਾ-ਸਾਲੀ’ ਦੀ ਮੋਹ-ਮੁਹੱਬਤ ਨਾਲ ਭਰੇ ਪਏ ਨੇ। ਕੋਈ ਵੀ ਕਿੱਸਾ ‘ਜੀਜੇ-ਸਾਲੇ’ ਦੇ ਪਿਆਰ ਦੀ ਬਾਤ ਨਹੀਂ ਪਾਉਂਦਾ। ਗੁਰਮੁਖੋ! ਸੋ ਇਹੋ ਸਿੱਖਿਆ ਮਿਲਦੀ ਹੈ ਕਿ ‘ਜੀਜੇ-ਸਾਲੇ’ ਦੇ ਰਿਸ਼ਤੇ ’ਚ ਮੁੱਢ ਕਦੀਮ ਤੋਂ ਹੀ ਕੌੜ ਬਣਿਆ ਹੋਇਆ ਹੈ।

        ਯਮਲਾ ਜੱਟ ਠੀਕ ਫ਼ਰਮਾ ਰਿਹੈ, ‘ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ...’ ਆਓ ਮਾਜਰਾ ਸਮਝੀਏ! ਅਸਾਂ ਜਥੇਦਾਰ ਕੀ ਹਟਾਏ, ਤੁਸਾਂ ਪੰਥ ਦੀ ਛੱਤ ਹੀ ਸਿਰ ’ਤੇ ਚੁੱਕ ਲਈ। ਵੱਡੇ ਬਾਦਲ ਨੂੰ ਅੱਜ ਪੰਥ ‘ਮਿਸ ਯੂ’ ਆਖ ਰਿਹੈ। ਰੌਲਾਪੁਰੀਓ, ਪਹਿਲੋਂ ਜਦ ਜਥੇਦਾਰ ਹਟਦੇ ਸਨ, ਉਦੋਂ ਤੁਸਾਂ ਚੂੰ ਨਹੀਂ ਕੀਤੀ, ਹੁਣ ਚੀਕ ਚਿਹਾੜਾ ਪਾਇਐ। ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਬਾਦਲ ਦੀ ਮਾਂ ਪਾਰਟੀ ਵੀ ਹੈ ਅਤੇ ਪਿਓ ਪਾਰਟੀ ਵੀ। ਵੱਡਿਆਂ ਦੀ ਸੋਚ ’ਤੇ ਪਹਿਰਾ ਦੇਣਾ ਕਦੋਂ ਤੋਂ ਗੁਨਾਹ ਹੋ ਗਿਆ।

        ਅਮਿਤਾਭ ਬੱਚਨ ਨਿੱਤ ਟੇਵੇ ਲਾਉਂਦੈ, ‘ਕੌਣ ਬਣੇਗਾ ਕਰੋੜਪਤੀ’। ਲੰਬੂ ਭਾਈ! ਅਸਾਨੂੰ ਵੀ ਦੱਸ ਛੱਡੋ, ਅਕਾਲੀ ਦਲ ਦੀ ‘ਹੌਟ ਸੀਟ’ ’ਤੇ ਕੌਣ ਸਜੇਗਾ।  ਮਜੀਠੀਆ ਪਰਿਵਾਰ ਨੂੰ ਪੁਰਾਣੀ ਪੰਥਕ ਗੁੜ੍ਹਤੀ ਐ। ‘ਟੈਮ ਹੋ ਗਿਆ, ਬਦਲ ਗਏ ਕਾਂਟੇ’, ਜਦੋਂ ਪੰਥ ’ਚ ਤਿੰਨ ਜਥੇਦਾਰਾਂ ਨੂੰ ਲਾਹੇ ਜਾਣ ਦੀ ਗੂੰਜ ਪਈ ਤਾਂ ਬਿਕਰਮ ਸਿੰਘ ਮਜੀਠੀਆ ਪੰਥ ਆਲੀ ਗੱਡੀ ਚੜ੍ਹ ਗਏ, ਭਾਈਆ ਜੀ ਟੇਸ਼ਨ ’ਤੇ ਖੜ੍ਹੇ ਰਹਿ ਗਏ। ਜ਼ਮੈਟੋ ਆਲੀ ਡਲਿਵਰੀ ਵਾਂਗੂੰ ਬਲਵਿੰਦਰ ਸਿੰਘ ਭੂੰਦੜ ਨੇ ਭੱਥੇ ਵਿੱਚੋਂ ਝੱਟ ਬਿਆਨ ਕੱਢ ਮਾਰਿਆ, ਅਖੇ ਮਜੀਠੀਆ ਨੇ ਸੁਖਬੀਰ ਦੀ ਪਿੱਠ ’ਚ ਛੁਰਾ ਮਾਰਿਐ।

         ਲੰਮੇ ਬੰਦਿਆਂ ਨਾਲ ਵੀਰ ਸੁਖਬੀਰ ਦੀ ਰਾਸ਼ੀ ਘੱਟ ਹੀ ਮਿਲਦੀ ਹੈ। ਪਹਿਲੋਂ ਮਨਪ੍ਰੀਤ ਬਾਦਲ ਨੇ ਛੁਰਾ ਮਾਰਿਆ ਸੀ, ਹੁਣ ਮਜੀਠੀਆ ਨੇ। ਅਕਾਲੀ ਦਲ ਦੇ ਵਿਹੜੇ ’ਚ ਖ਼ਾਲੀ ਘੋੜੀ ਹਿਣਕੀ ਹੈ, ਚਾਹੇ ਮੁਹੰਮਦ ਸਦੀਕ ਨੂੰ ਪੁੱਛ ਲਓ,‘ ਖ਼ਾਲੀ ਘੋੜੀ ਹਿਣਕਦੀ, ਉੱਤੇ ਨਾ ਦੀਂਹਦਾ ਵੀਰ।’ ਇੱਕ ਵੇਲਾ ਉਹ ਸੀ ਜਦੋਂ ਰੇਡੀਓ ਦੇ ਦਿਹਾਤੀ ਪ੍ਰੋਗਰਾਮ ’ਚ ‘ਭਾਈਆ ਜੀ’ ਰੰਗ ਬੰਨ੍ਹਦੇ ਸਨ। ਸੁਖਬੀਰ ਬਾਦਲ ਉਰਫ਼ ‘ਭਾਈਆ ਜੀ’ ਦੇ ਰੰਗ ’ਚ ਤਾਂ ਮਜੀਠੀਆ ਜੀ ਭੰਗ ਪਾ ਗਏ। ਉੱਪਰੋਂ ਪੁੱਛਦੇ ਪਏ ਨੇ, ‘ਹਮ ਆਪ ਕੇ ਹੈਂ ਕੌਨ!’

       ‘ਮੂੰਹਾਂ ਨੂੰ ਮੁਲਾਹਜ਼ੇ, ਸਿਰਾਂ ਨੂੰ ਸਲਾਮਾਂ’। ਵਿਰੋਧੀਆਂ ਨੇ ਪੱਥਰ ਚੁੱਕੇ, ਸੁਖਬੀਰ ਨੂੰ ਰਤਾ ਪੀੜ ਨਾ ਹੋਈ। ਮਜੀਠੀਆ ਇੰਜ ਕਰੇਗਾ, ਚਿੱਤ ਚੇਤੇ ਨਹੀਂ ਸੀ, ‘ਸੱਜਣਾ ਨੇ ਫੁੱਲ ਮਾਰਿਆ..।’ ਸਰਦੂਲ ਸਿਕੰਦਰ ਮਜੀਠੀਏ ਦਾ ਵਕੀਲ ਬਣਿਐ , ‘ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ..।’ ਜਥੇਦਾਰ ਟੌਹੜਾ ਆਖਦੇ ਹੁੰਦੇ ਸਨ, ਖ਼ਾਲਸਾ ਜੀ! ਅਕਾਲੀ ਤਾਂ ਹੱਥ ’ਚ ਆਇਆ ਕੜਾਹ ਆਲਾ ਕੌਲਾ ਨੀ ਛੱਡਦੇ, ਪ੍ਰਧਾਨਗੀ ਤਾਂ ਦੂਰ ਦੀ ਗੱਲ। ਸੁਖਬੀਰ ਦੀ ਪਿੱਠ ਸੁਣਦੀ ਪਈ ਐ, ਉਹਨੇ ਪੰਜਾਬ ਖ਼ਾਤਰ ਪਹਿਲਾਂ ਨਹੁੰ ਮਾਸ ਦਾ ਰਿਸ਼ਤਾ ਛੱਡਿਆ, ਫਿਰ ਵਜ਼ੀਰੀ ਵਗਾਹ ਮਾਰੀ।

        ਪ੍ਰਧਾਨਗੀ ਨੂੰ ਲੱਤ ਮਾਰ’ਤੀ, ਸਿਰ ਨਿਵਾ ਗੁਨਾਹ ਕਬੂਲ ਲਏ। ਚੰਦੂਮਾਜਰਾ ਹਾਲੇ ਵੀ ਖੁਸ਼ ਨਹੀਂ। ਨਵੇਂ ਪ੍ਰਿੰਟਾਂ ’ਚ ਆਇਆ ਸੁੱਚਾ ਸਿੰਘ ਲੰਗਾਹ ਬਾਗੋ ਬਾਗ਼ ਹੈ, ਅਕਾਲੀ ਦਲ ਦਾ ਵਕੀਲ ਜੋ ਬਣਿਐ। ਅਕਾਲੀ ਦਲ ਦੀ ਛੱਤ ਹੇਠ ਥੰਮ੍ਹੀਆਂ ਦੇ ਰਿਹਾ ਹੈ। ਛੁਰੇ ਕਰਕੇ ਸੁਖਬੀਰ ਦੇ ਚੀਸ ਪਈ ਹੈ। ਪੁਰਾਣੇ ਸਮਿਆਂ ’ਚ ਖ਼ਾਲਸਾਈ ਫ਼ੌਜਾਂ ਬਚਾਅ ਲਈ ਗੈਂਡੇ ਦੀ ਖੱਲ ਦੀ ਢਾਲ ਰੱਖਦੀਆਂ ਸਨ। ਕਿਤੇ ਸੁਖਬੀਰ ਜੀ ਪਹਿਲੇ ਦਿਨੋਂ ‘ਖ਼ਾਲਸਾਈ ਢਾਲ’ ਪਹਿਨ ਕੇ ਰੱਖਦੇ, ਵਾਲ ਵਿੰਗਾ ਨਹੀਂ ਹੋਣਾ ਸੀ। ਸੋਨੇ ’ਤੇ ਸੁਹਾਗਾ ਹੋਣਾ ਸੀ ਪਰ ਕਰੀਏ ਕੀ, ਬਹੁਤੇ ਅਕਾਲੀ ਤਾਂ ਸੁਹਾਗੇ ਦੇ ਡਰੋਂ ਹੀ ਤਾਂ ਲੀਡਰ ਬਣੇ ਨੇ। ਵੈਸੇ ਇੱਕ ਗੱਲ ਮੰਨਣੀ ਪਊ, ਪੰਜਾਬ ’ਚ ਨਾਂ ਸੁਖਬੀਰ ਦਾ ਹੀ ਚੱਲਦੈ। ਹਰਜੀਤ ਹਰਮਨ ਵੀ ਹਾਮੀ ਭਰ ਰਿਹੈ, ‘ਮਿੱਤਰਾਂ ਦਾ ਨਾਂ ਚੱਲਦੈ..।’

        ਪੰਜਾਬ ਸਾਧ ਦੀ ਭੂਰੀ ’ਤੇ ’ਕੱਠਾ ਹੋਇਐ। ਵਡਾਲਾ ਨੇ ਪਤਾ ਨੀ ਕੀ ਨਿੰਮ ਦੇ ਪੱਤੇ ਘੋਟ ਕੇ ਪੀਤੇ ਨੇ, ਇੱਕੋ ਰਟ ਲਾਈ ਹੈ, ਪੰਥਕ ਮਰਯਾਦਾ ’ਤੇ ਪਹਿਰਾ ਦਿਆਂਗੇ। ਧੰਨ ਨੇ ਉਹ ਜਿਹੜੇ ਹਾਲੇ ਵੀ ਸੁਖਬੀਰ ਦੀ ਸੋਚ ’ਤੇ ਪਹਿਰਾ ਦੇ ਰਹੇ ਨੇ। ਢੀਂਡਸਾ ਟਰਾਂਸਪੋਰਟ ਸੁਖਬੀਰ ਦੇ ਪਿੱਛੇ ਪਈ ਐ, ‘ਇੱਕ ਤੇਰੀ ਅੜ ਭੰਨਣੀ..।’ ਸਿਆਣੇ ਆਖਦੇ ਨੇ, ‘ਧੁਨ ਦਾ ਪੱਕਾ ਸਵਰਗ ਹਿਲਾ ਸਕਦਾ ਹੈ।’ ਸੁਖਬੀਰ ਸਾਹਬ ਪਿਛਾਂਹ ਨਾ ਹਟਿਓ ਪੰਥ ਦੀ ਸੇਵਾ ਤੋਂ, ਚਾਹੇ ’ਕੱਲੇ ਰਹਿ ਜਾਓ।

        ਬਾਦਲ ਵਿਰੋਧੀ ਆਖਦੇ ਨੇ, ਤਿੰਨੋਂ ਜਥੇਦਾਰਾਂ ਨੂੰ ਹਟਾਉਣ ਪਿੱਛੇ ਸੁਖਬੀਰ ਦਾ ਹੱਥ ਹੈ। ਭਲੇਮਾਣਸੋਂ, ਜਥੇਦਾਰ ਸੁਖਬੀਰ ਦਾ ਹੱਥ ਕਿਵੇਂ ਹੋ ਸਕਦੈ, ਉਹ ਤਾਂ ਕਈ ਦਿਨਾਂ ਬਾਂਹ ਬੰਨ੍ਹੀ ਫਿਰਦੈ। ਵੈਸੇ ਪੰਥ ਗ਼ੁੱਸੇ ’ਚ ਲਾਲ ਸੁਰਖ਼ ਹੋਇਆ ਪਿਐ। ਪੰਥ ਦਰਦੀ ਠੀਕ ਫ਼ਰਮਾ ਰਹੇ ਨੇ ਕਿ ਬਈ! ਇਵੇਂ ਤਾਂ ਕੋਈ ਕਿਸੇ ਨੂੰ ਵੀ ਨੀ ਹਟਾਉਂਦਾ, ਜਿਵੇਂ ਜਥੇਦਾਰਾਂ ਦੀ ਛੁੱਟੀ ਕੀਤੀ ਹੈ। ਆਮ ਸਿੱਖ ਵੀ ਚਾਹੁੰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਮਾਣ ਮਰਯਾਦਾ ਕਾਇਮ ਰਹੇ।

        ਹੱਲਾ ਵੱਡਾ ਹੈ, ਤਾਹੀਂ ਪੰਥ ਹੁਣ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਮੂੰਹ ਵੱਲ ਵੇਖ ਰਿਹੈ ਪਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਦੀ ਵਾਰੰਟੀ ਕੁੰਭਕਰਨ ਦੇਈ ਜਾ ਰਿਹੈ। ਸ਼ਾਹ ਮੁਹੰਮਦ ਦੀ ਰੂਹ ਨੇ ਜ਼ਰੂਰ ਮੱਥੇ ’ਤੇ ਹੱਥ ਮਾਰਿਆ ਹੋਊ। ‘ਸਭ ਜੱਗ ਰੂਠੇ, ਇੱਕ ਰਾਮ ਨਾ ਰੂਠੇ’, ਅਸਾਨੂੰ ਤਾਂ ਸੁਖਬੀਰ ਪਿਆਰਾ ਐ। ਸੱਜਣਾ ਕਿਵੇਂ ਭੁੱਲੀਏ, ਤੇਰੀਆਂ ਬੰਬਾਂ ਵਾਲੀਆਂ ਸੜਕਾਂ, ਪਾਣੀ ’ਚ ਚੱਲਦੀਆਂ ਬੱਸਾਂ, ਨਾਲੇ ਚੰਨ ’ਤੇ ਰੈਲੀ ਕਰਨ ਦਾ ਜਜ਼ਬਾ। ਵਿਸ਼ਵ ਕਬੱਡੀ ਕੱਪ ਤਾਂ ਚੇਤਿਆਂ ਚੋਂ ਨਹੀਂ ਨਿਕਲਦਾ, ਕਿੰਨੇ ਰੰਗਲੇ ਦਿਨ ਸਨ ਜਦੋਂ ਸੁਖਬੀਰ ਜੀ ਪੰਥ ਨੂੰ ਕਦੇ ਪ੍ਰਿਅੰਕਾ ਚੋਪੜਾ ਦੇ ਦਰਸ਼ਨ ਕਰਾਉਂਦੇ ਸਨ ਤੇ ਕਦੇ ਕੈਟਰੀਨਾ ਕੈਫ਼ ਦੇ।

        ‘ਮਿੱਠੇ ਬੇਰ ਨੀ ਬੇਰੀਏ ਤੇਰੇ, ਸੰਗਤਾਂ ਨੇ ਇੱਟ ਮਾਰਨੀ।’ ਸੁਖਬੀਰ ਜੀ, ਪ੍ਰਵਾਹ ਨਹੀਂ ਕਰਨੀ, ਸੱਚ ਨੂੰ ਹਮੇਸ਼ਾ ਸੂਲੀ ਚੜ੍ਹਨਾ ਹੀ ਪੈਂਦੈ। ਓਹ ਗਾਣਾ ਤਾਂ ਸੁਣਿਆ ਹੋਊ, ‘ਆਉਣ ਵਾਲਾ ਟਾਈਮ ਤੇਰੇ ਬਾਈ ਦਾ..।’ ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਐ ਭਾਈ। ਜਦੋਂ ਵੀ ਪੰਥ ਖ਼ਤਰੇ ’ਚ ਪਿਐ, ਮੋਰਚਿਆਂ ’ਚ ਅਕਾਲੀ ਲੱਕ ਬੰਨ੍ਹ ਕੁੱਦਦੇ ਸਨ। ਕੇਰਾਂ ਵੱਡੇ ਬਾਦਲ ਨੇ ਗੱਲ ਸੁਣਾਈ। ਅਕਾਲੀ ਸਰਕਾਰ ਹਾਲੇ ਬਣੀ ਹੀ ਸੀ, ਬਾਦਲ ਨੂੰ ਇੱਕ ਪੇਂਡੂ ਜਥੇਦਾਰ ਆਖਣ ਲੱਗਿਆ, ਮੋਰਚਾ ਕਦੋਂ ਲਾਉਣਾ ਜੀ?

         ਬਾਦਲ ਨੇ ਜੁਆਬ ਦਿੱਤਾ, ਹਾਲੇ ਤਾਂ ਆਪਣੀ ਸਰਕਾਰ ਐ, ਜਦੋਂ ਟਾਈਮ ਆਇਆ, ਉਦੋਂ ਦੱਸਾਂਗੇ। ਲੱਗਦੇ ਹੱਥ ਚਾਚਾ ਚੰਡੀਗੜ੍ਹੀਏ ਦਾ ਲਤੀਫ਼ਾ ਵੀ ਸੁਣ ਲਓ। ਦੋ ਔਰਤਾਂ ਲੜ ਪਈਆਂ, ਇੱਕ ਔਰਤ ਦੂਜੀ ਨੂੰ ਕਹਿੰਦੀ , ‘ਰੱਬ ਕਰੇ ਤੂੰ ਵਿਧਵਾ ਹੋ’ਜੇ’, ਦੂਜੀ ਮੋੜਵੇਂ ਜੁਆਬ ’ਚ ਬੋਲੀ, ‘ਮੈਂ ਤਾਂ ਕਹਿਣੀ ਆ ਕਿ ਤੇਰਾ ਘਰ ਆਲਾ ਅਕਾਲੀ ਹੋ’ਜੇ।’ ਉਨ੍ਹਾਂ ਦਿਨਾਂ ’ਚ ਅਕਾਲੀ ਜ਼ਿਆਦਾ ਸਮਾਂ ਜੇਲ੍ਹਾਂ ’ਚ ਗੁਜ਼ਾਰਦੇ ਸਨ। ਗੱਲ ਹੋਰ ਪਾਸੇ ਹੀ ਤਿਲਕ ਗਈ, ਗੱਲ ਚੱਲੀ ਭਾਈਆ ਜੀ ਤੋਂ ਸੀ। ਹੁਣ ਚੀਮਾ ਐਂਡ ਕੰਪਨੀ ਮਜੀਠੀਆ ਨੂੰ ਮਨਾਉਂਦੀ ਫਿਰਦੀ ਹੈ। ਸੁਖਬੀਰ ਹਮਾਇਤੀ ਆਖਦੇ ਨੇ ਕਿ ਭਰਾਵੋ ! ਕੇਂਦਰ ਦੀ ਚਾਲ ਸਮਝੋ ਜੋ ਚੂਲਾਂ ਹਿਲਾਉਣ ਨੂੰ ਫਿਰਦੈ।

          ਹੰਸ ਰਾਜ ਹੰਸ ਮਸ਼ਵਰਾ ਦੇ ਰਿਹੈ, ‘ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ।’ ਅਸਲ ’ਚ ਰੱਬ ਪੰਥ ਦੀ ਸੇਵਾ ਸੁਖਬੀਰ ਹੱਥੋਂ ਕਰਾਉਣਾ ਚਾਹੁੰਦਾ ਹੈ। ਉਹ ਭਲਾ ਲੋਕ ਮਹਾਂ ਤਪੱਸਵੀ ਐ, ਕਿੰਨੇ ਤਪ ਕੀਤੇ ਨੇ, ਛੇਤੀ ਡੋਲਣ ਵਾਲਾ ਨਹੀਂ। ਲੋਕ ਚਾਹੇ ਲੱਖ ਨਘੋਚਾਂ ਕੱਢਣ ਕਿ ਭੱਦਰ ਪੁਰਸ਼ ਨੇ ਪੰਥ ਤਾਂ ਨਿਹੰਗਾਂ ਦੇ ਡੋਲੂ ਵਾਂਗੂ ਮਾਂਜ ਧਰਿਐ। ਆਖ਼ਰੀ ਗੱਲ ਆਖ ਕੇ ਖ਼ਿਮਾ ਚਾਹਾਂਗੇ। 1998 ’ਚ ਪੰਚਾਇਤ ਚੋਣਾਂ ਸਨ, ਸੁਖਬੀਰ ਦੇ ਦੋਵੇਂ ਮਾਮੇ ਆਪਣੇ ‘ਭਾਈਆ ਜੀ’ ਦੀ ਕਚਹਿਰੀ ਪੇਸ਼ ਹੋਏ, ਆਖਣ ਲੱਗੇ, ‘ਅਸਾਂ ਤਾਂ ਸਰਪੰਚ ਬਣਨੈ।’ ਪਿੰਡ ਇੱਕ, ਮਾਮੇ ਦੋ। ਮਾਮਿਆਂ ਖ਼ਾਤਰ ਚੱਕ ਫ਼ਤਿਹ ਸਿੰਘ ਵਾਲਾ ਨੂੰ ਦੋ ਟੋਟਿਆਂ ’ਚ ਵੰਡ’ਤਾ ਸੀ। ਦੇਖਦੇ ਹਾਂ ਕਿ ਹੁਣ ਪੰਥ ਦਾ ਕੀ ਬਣਦੈ।

(15 ਮਾਰਚ, 2025)


No comments:

Post a Comment