ਕੋਹ ਕੋਹ ਕੂਕ ਸੁਣੇ..!
ਚਰਨਜੀਤ ਭੁੱਲਰ
ਚੰਡੀਗੜ੍ਹ : ਚੇਤਨ ਸਿੰਘ ਜੌੜਾਮਾਜਰਾ, ਨਾਮ ਹੀ ਕਾਫ਼ੀ ਨਹੀਂ, ਡੀਲ-ਡੌਲ ਵੀ ਕਾਫ਼ੀ ਹੈ। ਭਲਿਓ! ਜੌੜਾਮਾਜਰਾ ਨਹੀਂ, ਹੁਣ ਚੌੜਾਮਾਜਰਾ ਕਹੋ। ‘ਦਾਸ’ ਨੇ ਜਦੋਂ ਤੋਂ ਸਮਾਣੇ ਆਲੇ ਅਧਿਆਪਕਾਂ ਦਾ ‘ਆਦਰ-ਮਾਣ’ ਕੀਤੈ, ਚੰਗੀ ਭੱਲ ਖੱਟ ਗਏ ਨੇ। ਅਜਿਹਾ ਸੁਭਾਗ ਟਾਵਿਆਂ ਨੂੰ ਮਿਲਦੈ। ਨਿੱਕੇ ਹੁੰਦਿਆਂ ਅਧਿਆਪਕਾਂ ਨੇ ਕਿਤੇ ਕੰਨ ਪੁੱਟੇ ਹੁੰਦੇ ਤਾਂ ਜੌੜਾਮਾਜਰਾ ਇੰਜ ਨਾ ਕਰਦੇ। ਮਾਰ ਕੇ ‘ਸਿੱਖਿਆ ਕ੍ਰਾਂਤੀ’ ਦੇ ਘੋੜੇ ਨੂੰ ਅੱਡੀ, ਪੁੱਜ ਗਏ ‘ਸਕੂਲ ਆਫ਼ ਐਮੀਨੈਂਸ’। ਪਹਿਲੋਂ ਸਕੂਲ ’ਚ ਚਰਨ ਕਮਲ ਪਾਏ, ਰਿਬਨ ਵੀ ਕਰ ਕਮਲਾਂ ਨਾਲ ਕੱਟਿਆ, ਸਟੇਜ ਤੋਂ ਫਿਰ ਮੁੱਖ ਕਮਲ ਚੋਂ ਜੋ ਫ਼ਰਮਾਏ, ਤੁਸੀਂ ਜਾਣੀ ਜਾਣ ਹੋ।
ਅਮਿਤਾਭ ਬਚਨ ‘ਸਰਕਾਰ’ ਫ਼ਿਲਮ ’ਚ ਆਖਦੈ, ‘ਜੋ ਮੁਝ ਕੋ ਸਹੀ ਲਗਤਾ ਹੈ, ਵੋਹ ਮੈਂ ਕਰਤਾ ਹੂੰ।’ਜੌੜਾਮਾਜਰਾ ਜੀ! ਲੱਲੀ-ਛੱਲੀ ਦੀ ਪ੍ਰਵਾਹ ਨਹੀਓਂ ਕਰਨੀ। ਜਦ ਚੇਤਨ ਸਿਓ ਨੇ ਸਮਾਣੇ ਆਲੇ ਸਕੂਲ ’ਚ ਤਿੰਨ ਮੇਲ ਦੇ ਪ੍ਰਸ਼ਾਦ ਦੇ ਗੱਫੇ ਵਰਤਾਏ ਤਾਂ ਅਧਿਆਪਕਾਂ ਦੇ ਹੱਥ ਸੜ ਗਏ, ਬੱਚਿਆਂ ਨੇ ਤਾਂ ਹੱਸਣਾ ਹੀ ਸੀ। ਮਾਹੌਲ ਏਨਾ ਤੱਤਾ ਸੀ, ਜੇ ਕੋਈ ਸਟੇਜ ਤੋਂ ਨਾਅਰਾ ਵੀ ਮਾਰ ਦਿੰਦਾ, ‘ਦੇਸ਼ ਦਾ ਨੇਤਾ ਕੈਸਾ ਹੋ’, ਬੱਚਿਆਂ ਨੇ ਦੂਣੀ ਦੇ ਪਹਾੜੇ ਵਾਂਗੂ ਗੱਜਣਾ ਸੀ, ‘ਜੌੜਾਮਾਜਰਾ ਜੈਸਾ ਹੋ।’ ਚੇਤਨਵੀਰ ਦਾ ਜਜ਼ਬਾ ਵੀ ਉਬਲਦੇ ਦੁੱਧ ਵਰਗੈ।
‘ਕਾਬਾ ਕਿਸ ਮੂੰਹ ਸੇ ਜਾਓਗੇ ਗ਼ਾਲਿਬ, ਸ਼ਰਮ ਤੁਮਕੋ ਮਗਰ ਆਤੀ ਨਹੀਂ।’ ਮੂੰਹਾਂ ਨੂੰ ਮੁਲਾਹਜ਼ੇ, ਸਿਰਾਂ ਨੂੰ ਸਲਾਮਾਂ। ਜਿਵੇਂ ਜੌੜਾਮਾਜਰਾ ਦੇ ਮੁਖਾਰਬਿੰਦ ਚੋਂ ਫੁੱਲ ਕਿਰੇ, ਗਾਰਡ ਆਫ਼ ਆਨਰ ਤਾਂ ਦੇਣਾ ਹੀ ਬਣਦੈ। ਚੁੱਪ ਸਿੰਘ ਬੜਬੋਲਾ ਆਖਦੈ ਕਿ ਨੇਕ ਕੰਮ ਲਈ ਦੇਰੀ ਕਾਹਦੀ, ਆਉਂਦੇ ‘ਅਧਿਆਪਕ ਦਿਵਸ’ ’ਤੇ ਲੱਦ ਦਿਓ ਫੁੱਲਾਂ ਨਾਲ ਪਿਆਰੇ ਚੇਤਨ ਨੂੰ। ਭਲਾ ਉਸ ਵਿਧਾਇਕੀ ਨੂੰ ਕੀ ਚੱਟਣੈ, ਜਿਹੜੀ ਖਰੀ ਹੀ ਨਾ ਕੀਤੀ। ਨਛੱਤਰ ਸੱਤਾ ਗਾਉਂਦਾ ਮਰ ਗਿਆ, ‘ਮੰਦੜੇ ਬੋਲ ਨਾ ਬੋਲ ਵੇ ਸੱਜਣਾ..।’ ਹਲਦੀ ਘਾਟੀ ਦੀ ਲੜਾਈ ’ਚ ਮਹਾਰਾਣਾ ਪ੍ਰਤਾਪ ਦਾ ਘੋੜਾ ‘ਚੇਤਕ’ ਅੰਨ੍ਹੇਵਾਹ ਦੌੜਿਆ ਸੀ। ਪੰਜਾਬ ਦਾ ਚੇਤਨ ਉਹਤੋਂ ਵੀ ਵੱਧ ਤੇਜ਼ੀ ਨਾਲ ਦੌੜਿਆ, ਜਦੋਂ ਗੰਦੇ ਗੱਦਿਆਂ ਦੀ ਸੂਹ ਮਿਲੀ, ਜਾ ਪੁੱਜਿਆ ਫ਼ਰੀਦਕੋਟ ਦੇ ਹਸਪਤਾਲ।
ਜਨਾਬ ਨੇ ਜਾਂਦਿਆਂ ਹੀ ਰੀੜ੍ਹ ਦੀ ਹੱਡੀ ਦੇ ਮਸ਼ਹੂਰ ਡਾ. ਰਾਜ ਬਹਾਦੁਰ ਨੂੰ ਭਰੀ ਪੰਚਾਇਤ ’ਚ ਗੰਦੇ ਗੱਦੇ ’ਤੇ ਲੰਮਾ ਪਾ ਲਿਆ। ਜਿਨ੍ਹਾਂ ਵੀਸੀ ਨੂੰ ਲਮਲੇਟ ਕਰ ਲਿਆ, ਉਨ੍ਹਾਂ ਅੱਗੇ ਸਮਾਣੇ ਆਲੇ ਟੀਚਰ ਕਿਹੜੇ ਬਾਗ਼ ਦੀ ਮੂਲੀ ਨੇ। ਜਿਨ੍ਹਾਂ ਨੇ ਸਕੂਲ ਪੜ੍ਹਦੇ ਫ਼ੀਸ ਮੁਆਫ਼ੀ ਦੀ ਅਰਜ਼ੀ ਲਿਖੀ ਹੁੰਦੀ ਐ, ਉਨ੍ਹਾਂ ਨੂੰ ਜ਼ਿੰਦਗੀ ’ਚ ਮੁਆਫ਼ੀ ਮੰਗਣ ਦੀ ਨੌਬਤ ਨਹੀਂ ਆਉਂਦੀ। ਖ਼ੈਰ, ਜੌੜਾਮਾਜਰਾ ਦੀ ਪਿੱਠ ਪਈ ਸੁਣਦੀ ਐ, ਵੱਡਾ ਦਿਲ ਰੱਖਦੇ ਨੇ, ਅੱਖ ਦੇ ਫੋਰੇ ਮੁਆਫ਼ੀਵੀਰ ਬਣ ਗਏ। ਕੇਰਾਂ ਬਿੱਲ ਕਲਿੰਟਨ ਆਪਣੇ ਦਫ਼ਤਰ ਦੀ ਕੱਚੀ ਮੁਲਾਜ਼ਮ ਮੋਨਿਕਾ ਲੇਵਿੰਸਕੀ ਨੂੰ ਛੇੜ ਬੈਠਾ। ਕਲਿੰਟਨ ਨੇ ਜਨਤਿਕ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ।
ਭਲਾ ਦੱਸੋ! ਅਮਰੀਕਾ ਦਾ ਥਾਣੇਦਾਰ ਕਲਿੰਟਨ ਮੁਆਫ਼ੀ ਮੰਗ ਸਕਦੈ, ਫਿਰ ਜੌੜਾਮਾਜਰਾ ਕਲਿੰਟਨ ਤੋਂ ਵੱਡਾ ਤਾਂ ਨਾ ਹੋਇਆ। ਸ਼ਮਸ਼ੇਰ ਲਹਿਰੀ ਵੀ ਇਹੋ ਹਾਮੀ ਭਰ ਰਿਹੈ, ‘ਕਿਸੇ ਤੋਂ ਮੁਆਫ਼ੀ ਮੰਗ ਲਈਏ, ਕਿਸੇ ਨੂੰ ਮੁਆਫ਼ ਕਰੀਏ।’ ਅੱਜ ਕੱਲ੍ਹ ਜੌੜਾਮਾਜਰਾ ਕੌਂਕਿਆਂ ਆਲੇ ਮੋਦਨ ਨਾਲੋਂ ਵੱਧ ਮਸ਼ਹੂਰ ਹੋਇਆ ਪਿਐ। ਸਕੂਲੇ ਪੜ੍ਹਦਿਆਂ ਜ਼ਰੂਰ ਕਿਤਾਬਾਂ ਨਾਲ ਅਣਬਣ ਰਹੀ ਹੋਊ। ਅਧਿਆਪਕਾਂ ਨੇ ਐਂ ਰੌਲਾ ਪਾਇਆ ਜਿਵੇਂ ਸਮਾਣੇ ਦੀ ਸੀਮਾ ’ਤੇ ਪ੍ਰਮਾਣੂ ਬੰਬ ਡਿੱਗ ਪਿਆ ਹੋਵੇ। ਅਧਿਆਪਕ ਜਗਤ ਕੈੜ ਅੱਖ ਨਾਲ ਝਾਕਣ ਲੱਗ ਪਿਆ। ਚਾਚਾ ਚੰਡੀਗੜ੍ਹੀਆ ਆਖਦਾ ਹੁੰਦਾ ਸੀ, ‘ਘੂਰ-ਘੂਰ ਕੇ ਦੇਖਦੇ ਹੋ, ਮੈਂ ਕੋਈ ਗੱਦੀਓ ਲੱਥਾ ਵਜ਼ੀਰ ਤਾਂ ਨਹੀਂ।’
‘ਨੱਥਾ ਸਿੰਘ ਐਂਡ ਪ੍ਰੇਮ ਸਿੰਘ, ਵਨ ਐਂਡ ਦੀ ਸੇਮ ਥਿੰਗ।’ ਜੌੜਾਮਾਜਰਾ ਨੇ ਜ਼ਰੂਰ ਕਿਤੇ ਕਾਂਗਰਸੀ ਨੇਤਾ ਭਾਰਤ ਭੂਸ਼ਨ ਆਸ਼ੂ ਦਾ ਜੂਠਾ ਖਾ ਲਿਆ ਹੋਊ। ਜਦੋਂ ਆਸ਼ੂ ਜੀ ਪਟਿਆਲੇ ਆਲੇ ਰਾਜੇ ਦੀ ਸਰਕਾਰ ’ਚ ਮੰਤਰੀ ਸਨ, ਉਦੋਂ ਮਹਿਲਾ ਡੀਈਓ ਆਸ਼ੂ ਦੇ ਸਮਾਗਮਾਂ ’ਚ ਲੇਟ ਆਉਣ ਦੀ ਗੁਸਤਾਖ਼ੀ ਕਰ ਬੈਠੀ। ਆਸ਼ੂ ਨੇ ਭਰੇ ਮੇਲੇ ’ਚ ਬੀਬੀ ਦਾ ‘ਇੱਜ਼ਤ-ਮਾਣ’ ਕਰ’ਤਾ ਸੀ। ਗੁਣਾਂ ਦੀ ਗੁਥਲੀ, ਮੇਰੀ ਮੁਰਾਦ ਆਸ਼ੂ ਲੁਧਿਆਣਵੀਂ ਤੋਂ ਹੈ, ਜਿਹਦੇ ਹੁਣ ਕਹਿੰਦੇ ਫਿਰਦੇ ਨੇ, ‘ਮੈਂ ਤਾਂ ਬੋਲਦਾ ਹੀ ਬਹੁਤ ਘੱਟ ਹਾਂ।’ ਭਾਰਤੀ ਸਿਆਸਤ ’ਚ ਨੇਤਾ ਝੂਠ ਬੋਲਣ ’ਚ ਭੋਰਾ ਕੰਜੂਸੀ ਨਹੀਂ ਕਰਦੇ। ਰਾਜ ਕੁਮਾਰ ਦਾ ਡਾਇਲਾਗ ਤਾਂ ਸੁਣਿਆ ਹੋਊ, ‘ਹਮ ਕੋ ਮਿਟਾ ਸਕੇ, ਜ਼ਮਾਨੇ ਮੇਂ ਦਮ ਨਹੀਂ।’
ਅਮਲੋਹ ਆਲੇ ਸਾਧੂ ਸਿੰਘ ਧਰਮਸੋਤ ਦਾ ਜ਼ੁਬਾਨ ਰਸ ਵੀ ਨਾਭੇ ਦੀ ਗਲੀ ਗਲੀ ’ਚ ਚੋਇਆ ਸੀ। ਮੰਤਰੀ ਹੁੰਦਿਆਂ ਇੱਕ ਮਹਿਲਾ ਪ੍ਰਿੰਸੀਪਲ ਨੂੰ ਪੈ ਨਿਕਲੇ ਸਨ। ਪ੍ਰਿੰਸੀਪਲ ਬੀਬੀ ਨੂੰ ਧਰਮਸੋਤ ਦੀ ਸਾਧੂਗਿਰੀ ਚੋਂ ਅਰਜੁਨ ਵੈਲੀ ਦਾ ਝਉਲਾ ਪਿਆ। ਸਿਆਣੇ ਆਖਦੇ ਨੇ, ਬਈ! ਬੱਚੇ ਨੂੰ ਬੋਲਣ ਸਿੱਖਣ ਲਈ ਦੋ ਸਾਲ ਲੱਗਦੇ ਨੇ, ਜ਼ੁਬਾਨ ਸੰਭਾਲਣੀ ਸਿੱਖਣ ਲਈ ਸੱਠ ਸਾਲ ਲੱਗ ਜਾਂਦੇ ਨੇ। ਇਨ੍ਹਾਂ ਖ਼ਾਮੋਸ਼ ਰੂਹਾਂ ਨੂੰ ਦੇਖ ਇਹੋ ਦਿਮਾਗ਼ ’ਚ ਘੁੰਮਦੈ, ‘ਦੁਨੀਆ ਬਨਾਣੇ ਵਾਲੇ, ਕਿਆ ਤੇਰੇ ਮਨ ਮੇਂ ਸਮਾਈ..।’ ਕਈ ਵਾਰੀ ਜ਼ੁਬਾਨ ਵਾਂਗੂ ਗੱਲ ਵੀ ਕਿਧਰੇ ਹੋਰ ਪਾਸੇ ਹੀ ਤਿਲਕ ਜਾਂਦੀ ਹੈ।
‘ਦੁਨੀਆ ਬਣਾਉਣ ਵਾਲਿਆ ਤੇਰੇ ਸੰਦਾਂ ਦਾ ਭੇਤ ਨਾ ਆਇਆ।’ ਬੰਦੇ ਨੂੰ ਸਮਝਣਾ ਸੌਖਾ, ਰੱਬ ਨੂੰ ਔਖੈ। ਪ੍ਰੋ. ਮੋਹਨ ਸਿੰਘ ਲਿਖਦੇ ਨੇ, ‘ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ-ਧੰਦਾ..।’ ਅਸੀਂ ਪੁੱਛਦੇ ਪਏ ਹਾਂ ਕਿ ਯੇ ਮਾਜਰਾ ਕਿਆ ਹੈ। ਰੱਬ ਕੋਲ ਏਨੇ ਦੇਵਤੇ ਨਹੀਂ ਹੋਣੇ ਜਿੰਨੇ ਅਸਾਂ ਦੇ ਕੋਲ ਮਾਜਰੇ ਨੇ। ਜੀਹਤੋਂ ਟੀਚਰ ਥਰ-ਥਰ ਕੰਬਣ, ਓਹ ਜੌੜਾਮਾਜਰਾ ਅਖਵਾਉਂਦੈ, ਜਿਹਨੂੰ ਦੇਖ ਹਿੰਦੀ ਨੂੰ ਛਿੜੇ ਕਾਂਬਾ ਉਹ ਚੰਦੂਮਾਜਰਾ, ਰੰਗੀਨ ਤਬੀਅਤ ਆਲਾ ਪਠਾਨਮਾਜਰਾ ਤੇ ਜੀਹਦੇ ਘਰ ਅੱਗੇ ਗੱਜੇ ਈਡੀ, ਉਹ ਗੱਜਣਮਾਜਰਾ ਅਖਵਾਉਂਦੈ...ਇਹ ਸਾਰੇ ਮਾਜਰੇ ਇੱਕ ਸ਼ੀਸ਼ਾ ਹਨ ਜਿਨ੍ਹਾਂ ਚੋਂ ਪੰਜਾਬ ਦਾ ਮਾਜਰਾ (ਹਾਲ) ਸੌਖੇ ਹੀ ਜਾਣ ਸਕਦੇ ਹਾਂ।
ਪੰਜਾਬ ਕਿੰਨਾ ਭਾਗਾਂ ਵਾਲੈ, ਜਿਹਨੂੰ ਥੋਕ ’ਚ ਕ੍ਰਾਂਤੀਵੀਰ ਮਿਲੇ ਨੇ। ਮਾਜਰਾ ਆਪੇ ਨੌ ਬਰ ਨੌ ਹੋਜੂ। ਕੋਈ ਵੀ ਮੰਗਲ ਪਾਂਡੇ ਤੋਂ ਘੱਟ ਨਹੀਂ ਸਮਝਦਾ। ਨਹੀਂ ਯਕੀਨ ਤਾਂ ਟਰੇਲਰ ਦੇਖ ਲਓ। ਔਹ ਦੇਖੋ! ‘ਸਿੱਖਿਆ ਕ੍ਰਾਂਤੀ’ ਸਕੂਲਾਂ ’ਚ ਧੁੱਸ ਦੇ ਕੇ ਵੜੀ ਹੈ। ਸਿੱਖਿਆ ਕ੍ਰਾਂਤੀ ਦਾ ਲਾੜਾ ਹਰਜੋਤ ਬੈਂਸ ਬਣਿਐ। ਪਖਾਨੇ ਲੋਕ ਅਰਪਣ ਕਾਹਦੇ ਕੀਤੇ, ਲਾਭ ਸਿੰਘ ਉਗੋਕੇ ਸਰਵਾਲਾ ਬਣਦਾ ਫੜਿਆ ਗਿਆ। ‘ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ।’
ਪੁਰਾਣੀ ਫਿਲਮ ਕ੍ਰਾਂਤੀ ’ਚ ਹੇਮਾ ਮਾਲਿਨੀ ਨੇ ਸੁਰ ਲਾ ਪੁੱਛਿਐ, ‘ਦਿਲ ਵਾਲੇ-ਦਿਲ ਵਾਲੇ ਤੇਰਾ ਸਪਨਾ ਕਿਆ ਹੈ, ਜੁਆਬ ਮਿਲਦੈ, ‘ਕ੍ਰਾਂਤੀ-ਕ੍ਰਾਂਤੀ’। ਸਿਹਤ ਮਹਿਕਮਾ ਜੌੜਾਮਾਜਰਾ ਤੋਂ ਸਰਕਾਰ ਵਾਪਸ ਨਾ ਲੈਂਦੀ ਤਾਂ ਅੱਜ ਸਿਹਤ ਕ੍ਰਾਂਤੀ ਨੇ ਵੀ ਪੰਜਾਬ ਦੇ ਘਰ ਘਰ ਜਾ ਕੰਜਕਾਂ ਖਾ ਆਉਣੀਆਂ ਸਨ। ਵਿਰੋਧੀ ਆਗੂ ਲੱਖ ਪਏ ਸੰਘ ਪਾੜਨ। ‘ਕ੍ਰਾਂਤੀ’ ਕਿੱਲੋਮੀਟਰ ਸਕੀਮ ਆਲੀਆਂ ਬੱਸਾਂ ਵਾਂਗੂ ਰੁਕਣੀ ਨਹੀਂ ਚਾਹੀਦੀ। ਜਿਵੇਂ ਸੂਟਾਂ ਵਾਲੀ ਦੁਕਾਨ ’ਚ ਭਾਰਤੀ ਨਾਰੀ ਖਿੜਦੀ ਹੈ, ਉਵੇਂ ਉਦਘਾਟਨੀ ਪੱਥਰਾਂ ਨੂੰ ਦੇਖ ਵਿਧਾਇਕਾਂ ਦਾ ਅੰਦਰਲਾ ਬਾਘੀਆਂ ਪਾਉਂਦੈ। ‘ਦੋ ਗਿੱਠਾਂ ਦੀ ਵੰਝਲੀ, ਕੋਹ ਕੋਹ ਕੂਕ ਸੁਣੇ।’ ਓਹ ਦਿਨ ਵੀ ਯਾਦ ਕਰੋ, ਜਦੋਂ ਅਕਾਲੀਆਂ ਦੇ ਰਾਜ ’ਚ ਪਖਾਨਿਆਂ ’ਤੇ ‘ਰਾਜ ਨਹੀਂ ਸੇਵਾ’ ਵਾਲੀਆਂ ਤਸਵੀਰਾਂ ਲੱਗੀਆਂ ਸਨ।
ਬੈਂਸ ਸਾਹਬ! ਅੱਗੇ ਵਧੋ, ਹਮ ਤੁਮਾਰੇ ਸਾਥ ਹੈ। ਜਿਵੇਂ ਕਿਊਬਾ ਦੀ ਕ੍ਰਾਂਤੀ ਦਾ ਸਿਹਰਾ ਚੀ-ਗਵੇਰਾ ਸਿਰ ਸਜਿਆ, ਰੂਸ ਦੀ ਕ੍ਰਾਂਤੀ ਦਾ ਤਾਜ ਲੈਨਿਨ ਸਿਰ ਟਿਕਿਆ, ਫਰਾਂਸ ਦੀ ਕ੍ਰਾਂਤੀ ਦਾ ਰਾਹ ਦਸੇਰਾ ਨਪੋਲੀਅਨ ਬਣਿਆ, ਉਵੇਂ ਜਦੋਂ ਸਦੀਆਂ ਬਾਅਦ ਕਦੇ ਕੋਈ ਪੰਜਾਬ ਦਾ ਇਤਿਹਾਸ ਫੋਲੇਗਾ ਤਾਂ ਹਰਜੋਤ ਸਿੰਘ ਬੈਂਸ ਦਾ ਨਾਮ ਸਿੱਖਿਆ ਕ੍ਰਾਂਤੀ ਦੇ ਨਾਇਕ ਵਜੋਂ ਅੰਕਿਤ ਹੋਵੇਗਾ। ਅਗਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ ਕਿਵੇਂ ਸਾਡੇ ਪੁਰਖਿਆਂ ਨੇ ਜਾਨ ਧਲੀ ’ਤੇ ਧਰ ਅਜੂਬਿਆਂ ਵਰਗੇ ਪਖਾਨੇ ਬਣਾਏ। ਸਦੀਆਂ ਬਾਅਦ ਜਦੋਂ ਕਦੇ ਖੰਡਰਾਤ ਹੋਏ ਪੰਜਾਬ ਦੀ ਖ਼ੁਦਾਈ ਹੋਈ ਤਾਂ ਸਿੰਧ ਘਾਟੀ ਦੀ ਸਭਿਅਤਾ ਵਾਂਗੂ ਉਦਘਾਟਨੀ ਪੱਥਰਾਂ ਦੇ ਟੁਕੜੇ ਲੱਭਿਆ ਕਰਨਗੇ।
ਅਖੀਰ ’ਚ ਇੱਕ ਲਤੀਫ਼ਾ। ਸਕੂਲ ਦੀ ਕਲਾਸ ’ਚ ਮਾਸਟਰ ਜੀ ਪੁੱਛਣ ਲੱਗੇ, ਬੱਚਿਓ! ਰਾਜਾ ਰਾਮ ਮੋਹਨ ਰਾਏ ਕੌਣ ਸਨ? ਬੱਚੇ ਇੱਕੋ ਸੁਰ ’ਚ ਬੋਲੇ, ਮਾਸਟਰ ਜੀ! ਚਾਰੋ ਹੀ ਪੱਕੇ ਦੋਸਤ ਸਨ। ਲਤੀਫ਼ਾ ਸੁਣ ਇੰਜ ਲੱਗਦੇ ਕਿ ਜਿਵੇਂ ਇਹੋ ਬੱਚੇ ਵੱਡੇ ਹੋ ਕੇ ‘ਕ੍ਰਾਂਤੀਵੀਰ’ ਬਣ ਗਏ।
(15 ਅਪਰੈਲ 2025)
No comments:
Post a Comment