ਦਾਤਿਆ ! ਤੇਰੇ ਰੰਗ ਨਿਆਰੇ...!
ਚਰਨਜੀਤ ਭੁੱਲਰ
ਚੰਡੀਗੜ੍ਹ : ਰੱਬ ਨੇ ਜ਼ਰੂਰ ਡੋਨਲਡ ਟਰੰਪ ਦੇ ਕੰਨ ’ਚ ਕਿਹਾ ਹੋਊ, ਬਈ! ਤੂੰ ਬੜੀ ਪਹੁੰਚੀ ਹੋਈ ਸ਼ੈਅ ਆਂ। ਉਹ ਦਿਨ ਤੇ ਆਹ ਦਿਨ, ਹੁਣ ਕੋਈ ਦਿਨ ਸੁੱਕਾ ਨਹੀਂ ਜਾਣ ਦਿੰਦੇ। ਅੱਗਿਓਂ ਸਵਾ ਸੇਰ ਟੱਕਰ ਜਾਵੇ ਤਾਂ ਮੂੰਹ ਛਟਾਂਕੀ ਜਿੰਨਾ ਕਰ ਲੈਂਦੇ ਨੇ। ਵਾਈਟ ਹਾਊਸ ’ਚ ਯੂਕਰੇਨ ਆਲੇ ਜ਼ੇਲੈਂਸਕੀ ਨੇ ਮੜਕ ਦਿਖਾਈ, ਨਾਲੇ ਬੜ੍ਹਕ ਮਾਰੀ। ‘ਅਸਾਂ ਨੀ ਕਨੌੌੜ ਝੱਲਣੀ, ਗੱਲ ਸੋਚ ਕੇ ਕਰੀ ਤੂੰ ਜ਼ੈਲਦਾਰਾ’। ਹੁਣ ਦੁਨੀਆ ਸੱਚਮੁੱਚ ਗਲੋਬਲ ਪਿੰਡ ਹੈ, ਇਸ ਪਿੰਡ ਦਾ ਜ਼ੈਲਦਾਰ ਟਰੰਪ ਬਣਿਐ।
ਜ਼ਰੂਰੀ ਨਹੀਂ ਕਿ ਹਰ ਕੋਈ ਆਸਿਮ ਮੁਨੀਰ ਹੋਵੇ ਜੋ ਵ੍ਹਾਈਟ ਹਾਊਸ ਦਾ ‘ਲੰਚ’ ਛਕ ਕੇ ਸ਼ੋਅਲੇ ਫ਼ਿਲਮ ਆਲੇ ਕਾਲੀਆ ਵਾਂਗੂ ਮੇਮਣਾ ਬਣੇ, ‘ਸਰਦਾਰ ਹਮਨੇ ਆਪਕਾ ਨਮਕ ਖ਼ਾਇਆ ਹੈ।’ ਟਰੰਪ ਵਿਸ਼ਵੀ ਵਿਚੋਲਾ ਬਣਿਐ, ਬਾਹਰ ਫੱਟਾ ‘ਸ਼ਾਂਤੀ ਬਿਊਰੋ’ ਦਾ ਲਾਇਐ, ਅੰਦਰੋਂ ਗੱਬਰ ਦਾ ਸਾਂਢੂ ਬਣਿਆ ਫਿਰਦੈ। ਟਰੰਪ ਕਿਹੜੀ ਕਾਰਪੋਰੇਟੀ ਮਿੱਟੀ ਦਾ ਬਣਿਐ, ਇਹ ਤਾਂ ਇਲਮ ਨਹੀਂ ਪਰ ਇਰਾਨ ਆਲਾ 86 ਵਰਿ੍ਹਆਂ ਦਾ ਖਮੇਨੀ ਜ਼ਰੂਰ ਚੀਕਨੀ ਮਿੱਟੀ ਦਾ ਬਣਿਐ, ਜੋ ਇੰਜ ਗੱਜਿਆ ਸੀ, ‘ਟਰੰਪ ਅੱਗੇ ਗੋਡੇ ਨਹੀਂ ਟੇਕਾਂਗਾ’ ।
‘ਆਪਣੇ ਤੂੰ ਦਿਨ ਭੁੱਲ ਗਈ, ਸੱਸੇ ਮੈਨੂੰ ਕਰੇਂ ਤਕੜਾਈਆਂ’। ਅਮਰੀਕਾ ਨੂੰ ਚੇਤੇ ਹੋਊ ਜਦ ਵੀਅਤਨਾਮ ’ਚੋਂ ਮੂੰਹ ਲਟਕਾ ਕੇ ਮੁੜਿਆ ਸੀ। ਜਾਰਜ ਬੁਸ਼ ਨੂੰ ਸੱਦਾਮ ਹੁਸੈਨ ਦੀ ਦਹਾੜ ਹਾਲੇ ਤੱਕ ਨਹੀਂ ਭੁੱਲੀ। ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਅਮਰੀਕਾ ਵੱਧ ਚਾਂਭਲਿਐ। ਜਿਵੇਂ ਖੂੰਡੀ ਚਾਰਲੀ ਚੈਪਲਿਨ ਦੀ ਪਛਾਣ ਸੀ, ਉਵੇਂ ‘ਧੌਂਸਪੁਣਾ’ ਟਰੰਪ ਦਾ ਟੈਗਮਾਰਕ ਹੈ। ਅਮਰੀਕਾ ਤਾਲਿਬਾਨ ਤੇ ਅਲ ਕਾਇਦਾ ਨੂੰ ਗੋਦੀ ’ਚ ਖਿਡਾਂਉਦਾ ਰਿਹਾ। ਜਦੋਂ ਆਪਣੇ ਟਾਵਰ ਰਾਖ ਬਣ ਗਏ, ਉਦੋਂ ਅਮਰੀਕਾ ਦੀ ਜਾਗ ਖੁੱਲ੍ਹੀ, ਅਖੇ ਇਹ ਤਾਂ ਬੁੱਕਲ ਦੇ ਸੱਪ ਨਿਕਲੇ।
ਬਾਬੇ ਟਰੰਪ ਦੀ ਨਜ਼ਰ ਕਮਜ਼ੋਰ ਹੈ, ਤਾਹੀਓਂ ਇਜ਼ਰਾਈਲ ’ਚ ਪਏ ਪਰਮਾਣੂ ਬੰਬ ਨਹੀਂ ਦਿਖੇ। ਇਰਾਨ ਦੀ ਜਾਮਾ ਤਲਾਸ਼ੀ ਲੈਣ ਤੁਰ ਪਿਆ। ਨੇਤਨਯਾਹੂ ਨੇ ਪਤਾ ਨੀਂ ਕੀ ਘੋਲ ਕੇ ਤਵੀਤ ਪਿਆਇਐ। ਅਮਰੀਕਾ ਆਖਦਾ ਪਿਐ, ‘ਤੇਰਾ ਵਾਲ ਵਿੰਗਾ ਨਾ ਹੋਵੇ, ਤੇਰੀ ਆਈ ਮੈਂ ਮਰਜਾਂ।’ ਸਿਆਣੇ ਆਖਦੇ ਨੇ, ਮਹਾਨ ਜਰਨੈਲ ਖ਼ੁਦ ਹਥਿਆਰ ਨਹੀਂ ਚੁੱਕਦੇ। ‘ਚੁੱਕੀ ਹੋਈ ਲੰਬੜਾਂ ਦੀ, ਠਾਣੇਦਾਰ ਦੇ ਬਰਾਬਰ ਬੋਲੇ’ ਦੇ ਮਹਾਂਵਾਕ ਅਨੁਸਾਰ ਅਮਰੀਕਾ ਨੇ ਇਰਾਨੀ ਅੱਗ ’ਚ ਛਾਲ ਮਾਰ ਦਿੱਤੀ। ਇਰਾਨ ਆਲਾ ਖਮੇਨੀ ਦੇ ਅੱਗੇ ਰੇਡੀਓ ’ਤੇ ਸਿੱਧੂ ਮੂਸੇਵਾਲਾ ਨੂੰ ਸੁਣੀ ਜਾਵੇ ‘ਮੁਸੀਬਤ ਤਾਂ ਮਰਦਾਂ ’ਤੇ ਪੈਂਦੀ ਹੁੰਦੀ ਹੈ..।’
ਇਰਾਨ ਨੇ ਇਜ਼ਰਾਈਲ ਨੂੰ ਧੂੜ ਚਿਟਾ ਦਿੱਤੀ। ਹੰਕਾਰ ਦੀ ਪੌੜੀ ’ਤੇ ਚੜ੍ਹਿਆ ਟਰੰਪ ਆਖ਼ਰ ਮਿੰਨਤਾਂ ’ਤੇ ਉੱਤਰ ਆਇਆ, ਅਖੇ ਇਰਾਨੀ ਬਾਬੇ , ਠੰਢ ਰੱਖ। ‘ਡੁੱਬਦਾ ਆਦਮੀ ਮੀਂਹ ਦੀ ਪ੍ਰਵਾਹ ਨਹੀਂ ਕਰਦਾ’, ਇਰਾਨੀ ਬਾਬੇ ਨੇ ਇਹੋ ਵਾਕ ਧਿਆਇਆ, ਤਾਹੀਓਂ ਜੰਗਬੰਦੀ ਦਾ ਸੁਨੇਹਾ ਆਇਆ। ਇਰਾਨੀ ਬਾਬੇ, ਤੇਰੀ ਹਿੰਮਤ ਨੂੰ ਸਲਾਮਾਂ! ਅਸੀਂ ਤਾਂ ਮੈਗੋਂਬੋ ਤੋਂ ਵੱਧ ਖ਼ੁਸ਼ ਹਾਂ। ਆਹ ਗੀਤ ਤੁਹਾਨੂੰ ਅਰਪਿਤ ਕਰਦੇ ਹਾਂ, ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ..।’
ਨਰਿੰਦਰ ਮੋਦੀ ਵੀ ਭੋਰਾ ਨੀ ਦੱਬਦੇ। ਟਰੰਪ ਬੋਲੇ, ਪਿਆਰੇ ਮਿੱਤਰ ਆਓ, ਦਾਸ ਦੀ ਕੁਟੀਆ ’ਚ ਚਰਨ ਪਾਓ। ਮੋਦੀ ਨੇ ਪਹਿਲਾਂ ਟਰੰਪ ਦਾ ਲੰਚ ਬਕਬਕਾ ਕੀਤਾ, ਫਿਰ ਫੋਨ ਚੁੱਕਣਾ ਛੱਡ ਦਿੱਤਾ। ਕਿਸੇ ਨੇ ਸੱਚ ਕਿਹੈ, ‘ਹਮ ਫਕੀਰੋ ਸੇ ਦੋਸਤੀ ਕਰ ਲੋ, ਗੁਰ ਸਿਖਾ ਦੇਂਗੇ ਬਾਦਸ਼ਾਹੀ ਕੇ।’ ਬਾਲਕ ਨਾਥ ਦੇ ਚੇਲਿਆਂ ਤੋਂ ਵੱਧ ਅਮਰੀਕਾ ਦੇ ਚੇਲੇ ਨੇ। ਭਾਰਤ ਪਾਕਿ ਜੰਗ ਛਿੜੀ ਤਾਂ ਚਾਰ ਦਿਨਾਂ ’ਚ ਨਾਨੀ ਚੇਤੇ ਆ ਗਈ। ਕਰਕੇ ਅਮਰੀਕਾ ਵੱਲ ਮੂੰਹ, ਆਸਿਮ ਮੁਨੀਰ ਨੇ ਪੁਕਾਰ ਲਾਈ, ‘ਜਬ ਕੋਈ ਬਾਤ ਬਿਗੜ ਜਾਏ, ਜਬ ਕੋਈ ਮੁਸ਼ਕਲ ਪੜ ਜਾਏ, ਤੁਮ ਦੇਣਾ ਸਾਥ ਮੇਰਾ।’
‘ਸੱਦੀ ਹੋਈ ਮਿੱਤਰਾਂ ਦੀ, ਪੈਰ ਜੁੱਤੀ ਨਾ ਪਾਵਾਂ’, ਵਾਯੂਮੰਡਲ ’ਚ ਵਿਸ਼ਵੀ ਵਿਚੋਲੇ ਟਰੰਪ ਪ੍ਰਗਟ ਹੋ ਗਏ। ਜਨਾਬ ਨੂੰ ਕੀ ਕਹੀਏ, ਚਾਚਾ ਚੌਧਰੀ ਜਾਂ ਘੜੰਮ ਚੌਧਰੀ। ਟਰੰਪ ਖ਼ੁਦ ਨੂੰ ਤਾਂ ਰਾਜਾ ਵਿਕਰਮਾਦਿੱਤ ਸਮਝਦੇ ਨੇ। ਪਹਿਲੋਂ ਭਾਰਤ ਪਾਕਿ ’ਚ ਜੰਗਬੰਦੀ ’ਚ ਹਿੱਕ ਥਾਪੜ ਲਈ। ਹੁਣ ਤੱਕ ਸੱਤ ਜੰਗਾਂ ਰੁਕਾਉਣ ਦਾ ਸਿਹਰਾ ਟਰੰਪ ਖੁਦ ਹੀ ਆਪਣੀ ਸਿਰ ਬੰਨ੍ਹੀ ਫਿਰਦੈ। ਵਿਸ਼ਵ ਸ਼ਾਂਤੀ ਦਾ ਲਾੜਾ ਸਮਝ ਰਿਹੈ। ਟਰੰਪ ਖੁਦ ਹੀ ਹਿੱਕ ਥਾਪੜ ਆਖਦਾ ਪਿਐ, ‘ਮੈਨੂੰ ਦਿਓ ਨੋਬੇਲ ਪੁਰਸਕਾਰ।’
ਟਰੰਪ ਪਹਿਲੇ ਅਜਿਹੇ ਸ਼ਾਂਤੀ ਦੇ ਪੁੰਜ ਨੇ ਜੋ ਬੰਬਾਂ ਨਾਲ ਸ਼ਾਂਤੀ ਕਰਾਉਂਦੇ ਨੇ। ਕਿਤੇ ਕਲਪ ਬ੍ਰਿਛ ਹੇਠ ਚਾਰ ਪਲ ਬੈਠਦੇ, ਭਰਮ ਟੁੱਟ ਜਾਣੇ ਸਨ। ਸ਼ਾਂਤੀ ਦੇ ਨੋਬੇਲ ਪੁਰਸਕਾਰ ਦਾ ਅਸਲ ਹੱਕਦਾਰ ਕੌਣ? ਆਸਿਮ ਮੁਨੀਰ ਬੋਲੇ, ਅਸਾਡਾ ਯਾਰ ਟਰੰਪ। ਚੰਨ ਪ੍ਰਦੇਸੀ ਫ਼ਿਲਮ ’ਚ ਓਮਪੁਰੀ ਵਾਰ ਵਾਰ ਆਖਦੈ ‘ਮਾਲਕੋ! ਫੱਟੜ ਹੋਜਾਂ ਥੋਡੀ ਖ਼ਾਤਰ..।’ ਲੰਚ ਛਕਣ ਮਗਰੋਂ ਮੁਨੀਰ ਵੀ ਓਮਪੁਰੀ ਬਣਿਆ ਫਿਰਦੈ। ਟਰੰਪ ਫ਼ਰਮਾ ਨੇ, ‘ਮੈਨੂੰ ਤਾਂ ਚਾਰ ਪੰਜ ਨੋਬੇਲ ਇਨਾਮ ਮਿਲਣੇ ਚਾਹੀਦੇ ਨੇ।’ ਵਿਸ਼ਵ ਸ਼ਾਂਤੀ ਦਾ ਠੇਕੇਦਾਰ ਸਮਝ ਰਿਹੈ। ਟਰੰਪ ‘ਟੈਕਸ ਕਿੰਗ’ ਜ਼ਰੂਰ ਹੈ, ਕਿੰਨੇ ਮੁਲਕਾਂ ਨੂੰ ਟਿੰਢੀ ਦੇ ਬੀਅ ’ਤੇ ਚਾੜ ਰੱਖਿਐ।
‘ਬਿਨ ਮਾਂਗੇ ਮੋਤੀ ਮਿਲੇ, ਮਾਂਗੇ ਮਿਲੇ ਨਾ ਭੀਖ।’ ਭਲਾ ਕੋਈ ਮੰਗ ਕੇ ਵੀ ਇਨਾਮ ਲੈਂਦੈ। ਜ਼ਰੂਰ ਕਿਸੇ ਪੰਜਾਬੀ ਭਰਾ ਨੇ ਟਰੰਪ ਕੋਲ ਚੁਗ਼ਲੀ ਕੀਤੀ ਹੋਊ। ਭੇਤ ਖੋਲਿ੍ਹਆ ਹੋਊ ਕਿ ਕਿਵੇਂ ਪੰਜਾਬੀ ਆਲੇ ਲੇਖਕ ਜੁਗਾੜਬੰਦੀ ਕਰ ਇਨਾਮ ਵਸੂਲ ਕਰਦੇ ਨੇ। ਸ਼ਿਵ ਬਟਾਲਵੀ ਦੀ ‘ਲੂਣਾ’ ਨੂੰ ਜਦ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਤਾਂ ਚਰਚਾ ਛਿੜ ਪਈ। ਸ਼ਿਵ ਬਟਾਲਵੀ ਨੇ ਲੋਰ ’ਚ ਖ਼ੁਲਾਸਾ ਕੀਤਾ, ‘ਢਾਈ ਹਜ਼ਾਰ ਦੀ ਸ਼ਰਾਬ ਪਿਲਾਓ, ਪੰਜ ਹਜ਼ਾਰ ਦਾ ਇਨਾਮ ਪਾਓ।’
1964 ’ਚ ਨੋਬੇਲ ਪੁਰਸਕਾਰ ਸਾਰਤਰ ਨੂੰ ਦਿੱਤਾ, ਸਾਰਤਰ ਨੇ ਠੁਕਰਾ ਦਿੱਤਾ, ਅਖੇ! ਆਲੂਆਂ ਦੀ ਬੋਰੀ ਦਾ ਵਾਧੂ ਬੋਝ ਕਿਉਂ ਚੁੱਕਾ। ਟਰੰਪ ਨੇ ਅਸਮਾਨ ਸਿਰ ’ਤੇ ਚੁੱਕਿਐ। ਤਰਸਦਾਸੋ! ਭਲੇ ਪੁਰਸ਼ ਨੇ ਏਨੀ ਸ਼ਾਂਤੀ ਕਰਾਈ, ਲੰਬਰਦਾਰੀ ਤਾਂ ਦੇਣੀ ਬਣਦੀ ਸੀ। ਟਰੰਪ ਨੇ ਦੋ ਵਾਰ ਪਹਿਲੋਂ ਵਾਹ ਲਾਈ, ਸਵੀਡਨ ਆਲਿਆ ਨੇ ਐਰਾ ਗ਼ੈਰਾ ਸਮਝ ਟਾਲ ਦਿੱਤਾ। ਟਰੰਪ ਨੂੰ ਮਲਾਲ ਹੈ ਕਿ ਬਰਾਕ ਓਬਾਮਾ ਨੂੰ ਨੋਬੇਲ ਇਨਾਮ ਮਿਲ ਸਕਦੈ ਤਾਂ ਮੈਨੂੰ ਕਿਉਂ ਨਹੀਂ। ਪੰਜਾਬ ਤੋਂ ਕਿਸੇ ਨੇ ਚੁਗ਼ਲੀ ਕੀ ਕੀਤੀ, ਹੁਣ ਟਰੰਪ ਇਨਾਮ ਲਈ ਕਾਹਲਾ ਪਿਐ। ਬਿਨ ਮੰਗੀ ਸਲਾਹ ਹੈ ਟਰੰਪ ਬਾਬੂ! ਜਸਬੀਰ ਭੁੱਲਰ ਦਾ ਨਾਵਲ ‘ਖਿੱਦੋ’ ਪੜ੍ਹ ਕੇ ਦੇਖ ਲੋ, ਕੀ ਪਤਾ ਕੋਈ ਨੁਕਤਾ ਕੰਮ ਆ’ਜੇ। ਕਾਸ਼! ਟਰੰਪ ਆਪਣੇ ਗਰਾਈ ਇਰਵਿੰਗ ਵਾਲੇਸ ਦਾ ਨਾਵਲ ‘ਦ ਪ੍ਰਾਈਜ਼’ ਪੜ੍ਹ ਲੈਂਦੇ, ਜੀਹਦਾ ਇਹੋ ਮੰਤਰ ਹੈ ਕਿ ਇਨਾਮ ਜਬਰੀ ਜਾਂ ਫ਼ਰਮਾਨ ਨਾਲ ਨਹੀਂ ਖੋਹੇ ਜਾ ਸਕਦੇ।
‘ਜੀਹਨੇ ਕੀਤੀ ਸ਼ਰਮ, ਉਹਦੇ ਫ਼ੁੱਟੇ ਕਰਮ।’ ਪੰਜਾਬ ਦੇ ਲੀਡਰਾਂ ਨੇ ਨਿਚੋੜ ਕੱਢਿਆ ਕਿ ਸ਼ਰਮ ਤੇ ਠੰਢ ਤਾਂ ਮੰਨਣ ਦੀ ਹੈ। ਪਤਾ ਨੀ, ਸਵੀਡਨ ਆਲੇ ਕਿੰਨੀ ਕੁ ਉਡੀਕ ਕਰਾਉਣਗੇ, ਟਰੰਪ ਦੀ ਜਾਨ ਨਿਕਲੀ ਪਈ ਐ। ਗ਼ਜ਼ਬ ਦਾ ਸ਼ੇਅਰ ਹੈ, ‘ਉਮਰ ਏ ਦਰਾਜ਼ ਮਾਂਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇ ਕਟ ਗਏ, ਦੋ ਇੰਤਜ਼ਾਰ ਮੇ।’ ਉਡੀਕ ਦਾਸ ਇੱਛਾਪੁਰੀ ਆਖਦੇ ਨੇ ਕਿ ਜੇ ਟਰੰਪ ਦਾ ਨਹੀਂ ਸਰਦਾ ਤਾਂ ਛਪਾਰ ਦੇ ਮੇਲੇ ’ਤੇ ਸਨਮਾਨ ਦਿਵਾ ਦਿੰਦੇ ਹਾਂ। ਨਾਲੇ ਯਾਦਗਾਰੀ ਚਿੰਨ੍ਹ ਮਿਲੂ, ਨਾਲੇ ਲੋਈ।
ਟਰੰਪ ਕਬਾੜੀਆ ਸੁਭਾਅ ਚੁੱਕੀ ਫਿਰਦੈ, ਲੋਈ ’ਤੇ ਵੀ ਕੋਈ ਦਾਗ਼ ਨੀ ਪੈਣਗੇ। ਟਰੰਪ ਨੇ ਕਿਤੇ ਪੰਜਾਬੀ ’ਵਰਸਿਟੀ ਆਲੇ ਲਾਲੀ ਬਾਬੇ ਦੀ ਸੰਗਤ ਕੀਤੀ ਹੁੰਦੀ ਤਾਂ ਨੋਬੇਲ ਇਨਾਮ ਪਿੱਛੇ ਭੱਜਣਾ ਨਹੀਂ ਸੀ। ਲਾਲੀ ਬਾਬੇ ਦਾ ਪ੍ਰਵਚਨ ਸੁਣੋ, ‘ਇਨਾਮ ਤੇ ਸਨਮਾਨ, ਦੋ ਹੀ ਤਰੀਕੇ ਨੇ ਚੰਗੇ ਬੰਦਿਆਂ ਨੂੰ ਕਾਬੂ ਕਰਨ ਵਾਲੇ। ਸਰਕਾਰੀ ਘਰੋਂ ਪਏ ਫੁੱਲਾਂ ਦੇ ਹਾਰ ਵੀ ਗਰਦਨਾਂ ਕੱਟ ਦਿੰਦੇ ਨੇ।’ ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਦਵਿੰਦਰ ਸਤਿਆਰਥੀ ਦੇ ਹਿੱਸੇ ਭਾਰਤੀ ਸਾਹਿਤ ਅਕਾਦਮੀ ਦਾ ਐਵਾਰਡ ਨੀ ਆਇਆ ਸੀ। ਦੋਵਾਂ ਦੇ ਕੱਦ ਅੱਗੇ ਐਵਾਰਡ ਗਿੱਠਮੁਠੀਆ ਸੀ। ਟਰੰਪ ਦੇ ਕੰਨ ’ਚ ਰੱਬ ਨੇ ਫ਼ੂਕ ਕਾਹਦੀ ਮਾਰ’ਤੀ, ਹੁਣ ਟੱਸ ਤੋਂ ਮੱਸ ਨੀ ਹੋ ਰਿਹਾ।
ਵਿਸ਼ਵ ਦੇ ਜ਼ੈਲਦਾਰ ਨੂੰ ਉਦੋਂ ਸਕੂਨ ਮਿਲਦੈ ਜਦ ਮੁਲਕ ਭਿੜਦੇ ਹੋਣ। ਡਾਂਗ ਸੋਟਾ ਚੱਲੇਗਾ ਤਾਹੀਂ ਅਮਰੀਕਾ ਦੀ ਡਾਂਗ ਵਿਕੂ। ਮਗਰੋਂ ਸ਼ਾਂਤੀ ਫ਼ਾਰਮੂਲਾ ਵਿਕਦੈ। ਗੁਰਦਾਸ ਮਾਨ ਦਾ ਪੁਰਾਣਾ ਗਾਣੈ, ‘ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ।’ ਰੱਬ ਨੇ ਟਰੰਪ ਨੂੰ ਮਾਤਲੋਕ ’ਚ ਭੇਜਿਆ, ਸੋ ਭਾਈ-ਮਾਈ ਨੂੰ ਲਾਹਾ ਲੈਣਾ ਚਾਹੀਦੈ, ਇਹੋ ਜਿਹੇ ਪੰਚਾਇਤੀ ਬੰਦੇ ਮੁੱਦਤਾਂ ਬਾਅਦ ਨਸੀਬ ਹੁੰਦੇ ਨੇ।
ਕੇਰਾਂ ਮਰਾਸੀ ਦੇ ਘਰ ਕਿਸੇ ਰਾਹਗੀਰ ਨੇ ਘੋੜੀ ਬੰਨ੍ਹਤੀ, ਰਾਤ ਨੂੰ ਘੋੜੀ ਨੇ ਵਛੇਰਾ ਦਿੱਤਾ। ਮਰਾਸੀ ਨੇ ਜਦ ਰਾਹਗੀਰ ਨੂੰ ਵਛੇਰੇ ਦੀ ਥਾਂ ਕੱਟਾ ਫੜਾ’ਤਾ ਤਾਂ ਗੱਲ ਪੰਚਾਇਤ ਤੱਕ ਗਈ। ਪੰਚਾਇਤ ਨੇ ਫ਼ੈਸਲਾ ਮਰਾਸੀ ਦੇ ਹੱਕ ’ਚ ਕਰ’ਤਾ। ਫ਼ੈਸਲਾ ਸੁਣ ਮਰਾਸੀ ਉੱਚੀ ਉੱਚੀ ਰੋਵੇ। ਕਾਰਨ ਪੁੱਛਿਆ ਤਾਂ ਮਰਾਸੀ ਬੋਲਿਆ, ਇਸ ਕਰਕੇ ਰੋਂਦਾ ਪਿਆ ਕਿ ਬਈ! ਜਦੋਂ ਥੋਡੇ ਵਰਗੀ ਪੰਚਾਇਤ ਨਾ ਰਹੀ ਤਾਂ ਏਦਾਂ ਦੇ ਖ਼ੂਬਸੂਰਤ ਫ਼ੈਸਲੇ ਕੌਣ ਕਰੂ। ਸੋ ਗੁਰਮੁਖੋ! ਟਰੰਪ ਦੀ ਇੱਜ਼ਤ ਕਰਿਆ ਕਰੋ..।
(25 ਸਤੰਬਰ 2025)
No comments:
Post a Comment