ਸਿਆਸੀ ਸਿਕੰਦਰ ਪੜ੍ਹੇ ਵੀ ਖ਼ੂਬ, ਜਿੱਤੇ ਵੀ ਖ਼ੂਬ ਚਰਨਜੀਤ ਭੁੱਲਰ
ਚੰਡੀਗੜ੍ਹ : ਪੰਚਾਇਤ ਸਮਿਤੀ ਸਾਹਨੇਵਾਲ ਦੀ ਨਵੀਂ ਚੁਣੀ ਮੈਂਬਰ ਨਵਦੀਪ ਕੌਰ ਢਿੱਲੋਂ ਦਾ ਕੋਈ ਸਾਨੀ ਨਹੀਂ ਜਾਪਦਾ; ਹਾਲਾਂਕਿ ਇਹ ਮੈਂਬਰੀ ਉਸ ਦੀ ਵਿਦਿਅਕ ਡਿਗਰੀ ਦੇ ਮੇਚ ਦੀ ਨਹੀਂ। ਨਵਦੀਪ ਕੌਰ ਨੇ ਐੱਮ ਐੱਸਸੀ, ਐੱਮ ਫਿਲ ਅਤੇ ਪੀਐੱਚ ਡੀ ਕੀਤੀ ਹੋਈ ਹੈ। ਉਸ ਦਾ ਪਤੀ ਗਗਨਦੀਪ ਸਿੰਘ ਢਿੱਲੋਂ ਪਿੰਡ ਭਾਗਪੁਰ ਦਾ ਸਰਪੰਚ ਹੈ ਅਤੇ ਉਹ ਵੀ ਪੀਐੱਚ ਡੀ ਹੈ। ਦੋਵੇਂ ਡਾਕਟਰ ਪਿੰਡਾਂ ’ਚ ਵਿਦਿਅਕ ਹੋਕਾ ਦੇਣ ਲਈ ਸਿਆਸਤ ਦੇ ਰਾਹ ਪਏ ਹਨ। ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ’ਚ ਵੱਧ ਪੜ੍ਹੇ ਲਿਖਿਆਂ ਦੀ ਆਮਦ ਘਟ ਰਹੀ ਹੈ ਕਿਉਂਕਿ ਇਹ ਸਿਆਸਤ ਦੀ ਪੌੜੀ ਦਾ ਹੇਠਲਾ ਡੰਡਾ ਹੈ। ਜੇਤੂਆਂ ’ਤੇ ਨਜ਼ਰ ਮਾਰੀਏ ਤਾਂ ਵੱਡੀਆਂ-ਵੱਡੀਆਂ ਡਿਗਰੀਆਂ ਵਾਲੇ ਸੈਂਕੜੇ ਚਿਹਰੇ ਦਿਖਾਈ ਦਿੱਤੇ। ਜ਼ਿਲ੍ਹਾ ਪਰਿਸ਼ਦ ਲੁਧਿਆਣਾ ਦੇ ਜ਼ੋਨ ਚੱਕ ਸਰਵਣ ਨਾਥ ਤੋਂ ਜੇਤੂ ਰਹੀ ਹਰਜੀਤ ਕੌਰ ਡਬਲ ਐੱਮ ਏ, ਐੱਮ ਫਿਲ ਅਤੇ ਪੀਐੱਚ ਡੀ ਹੈ। ਦੋ ਵਾਰ ਨੈੱਟ ਵੀ ਕਲੀਅਰ ਕਰ ਚੁੱਕੀ ਹੈ।
ਉਹ ਆਖਦੀ ਹੈ ਕਿ ਉਸ ਨੇ ਪੇਂਡੂ ਸਮਾਜ ਨੂੰ ਚੇਤੰਨ ਕਰਨ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਿਆਸੀ ਖੇਤਰ ’ਚ ਪੈਰ ਰੱਖਿਆ ਹੈ। ਉਹ ਪੇਂਡੂ ਜਵਾਨੀ ਨੂੰ ਦਿਸ਼ਾ ਵੀ ਦੇਣਾ ਚਾਹੁੰਦੀ ਹੈ। ਪੰਚਾਇਤ ਸਮਿਤੀ ਮਜੀਠਾ ਦੇ ਮੱਤੇਵਾਲ ਜ਼ੋਨ ਤੋਂ ਜੇਤੂ ਰਿਹਾ ਨੌਜਵਾਨ ਗੁਰਬੀਰ ਸਿੰਘ ਵੀ ਪੀਐੱਚ ਡੀ ਹੈ। ਉਸ ਦਾ ਦਾਦਕਾ-ਨਾਨਕਾ ਪਰਿਵਾਰ ਵੀ ਸਿਆਸਤ ’ਚ ਹੈ।ਉਹ ਲੋਕਾਂ ਨੂੰ ਨਵਾਂ ਰਾਹ ਦਿਖਾਉਣਾ ਚਾਹੁੰਦਾ ਹੈ। ਗੁਰਬੀਰ ਸਿੰਘ ਆਖਦਾ ਹੈ ਕਿ ਉਹ ਆਮ ਲੋਕਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਠੱਲ੍ਹਣ ਲਈ ਸਿਆਸੀ ਰਾਹ ’ਤੇ ਤੁਰਿਆ ਹੈ।ਪੰਚਾਇਤ ਸਮਿਤੀ ਖਰੜ ਲਈ ਦੋ ਲੜਕੀਆਂ ਚੋਣ ਜਿੱਤੀਆਂ ਹਨ ਜਿਨ੍ਹਾਂ ਦੀ ਯੋਗਤਾ ਐੱਲ ਐੱਲ ਐੱਮ ਹੈ। 28 ਵਰ੍ਹਿਆਂ ਦੀ ਸੁਪ੍ਰੀਤ ਕੌਰ ਅੱਲਾਪੁਰ ਜ਼ੋਨ ਤੋਂ ਅਤੇ ਸਹੋਰਨ ਜ਼ੋਨ ਤੋਂ ਜਸਪ੍ਰੀਤ ਕੌਰ ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤੀ ਹੈ। ਦੋਹਾਂ ਦੀ ਯੋਗਤਾ ਇੱਕੋ ਜਿਹੀ ਹੈ। ਭਵਾਨੀਗੜ੍ਹ ਪੰਚਾਇਤ ਸਮਿਤੀ ਦਾ ਮੈਂਬਰ ਬਣਿਆ ਬਲਜਿੰਦਰ ਸਿੰਘ ਵੀ ਐੱਮ ਏ ਅੰਗਰੇਜ਼ੀ ਤੇ ਬੀ ਐੱਡ ਹੈ।
ਨਾਭਾ ਸਮਿਤੀ ਦੀ ਨਵੀਂ ਬਣੀ ਮੈਂਬਰ ਚੰਨਪ੍ਰੀਤ ਕੌਰ ਦੀ ਯੋਗਤਾ ਐੱਮ ਟੈੱਕ ਹੈ। ਫ਼ਰੀਦਕੋਟ ਸਮਿਤੀ ਦੀ ਚੁਣੀ ਗਈ ਨਵੀਂ ਮੈਂਬਰ ਚਰਨਪ੍ਰੀਤ ਕੌਰ ਦੀ ਯੋਗਤਾ ਵੀ ਐੱਲ ਐੱਲ ਐੱਮ ਹੈ ਅਤੇ ਸਹਿਣਾ ਸਮਿਤੀ ਦੀ ਨਵੀਂ ਮੈਂਬਰ ਮਨਦੀਪ ਕੌਰ ਨੇ ਬੀ ਟੈੱਕ ਕੀਤੀ ਹੋਈ ਹੈ। ਫ਼ਰੀਦਕੋਟ ਜ਼ਿਲ੍ਹਾ ਪਰਿਸ਼ਦ ਦਾ ਨਵਾਂ ਮੈਂਬਰ ਗੁਰਸ਼ਰਨ ਸਿੰਘ ਬਰਾੜ ਐੱਮ ਐੱਸਸੀ ਐਗਰੀਕਲਚਰ ਹੈ। ਨਵਾਂ ਸ਼ਹਿਰ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਕਰਨਵੀਰ ਕਟਾਰੀਆ ਵੀ ਐੱਲ ਐੱਲ ਬੀ ਹੈ ਅਤੇ ਸੰਗਰੂਰ ਜ਼ਿਲ੍ਹਾ ਪਰਿਸ਼ਦ ਦਾ ਨਵਾਂ ਚੁਣਿਆ ਮੈਂਬਰ ਰਣਬੀਰ ਸਿੰਘ ਢੀਂਡਸਾ ਵੀ ਐੱਮ ਟੈੱਕ ਯੋਗਤਾ ਰੱਖਦਾ ਹੈ। ਫ਼ਿਰੋਜ਼ਪੁਰ ਜ਼ਿਲ੍ਹਾ ਪਰਿਸ਼ਦ ਦੀ ਨਵੀਂ ਚੁਣੀ ਮੈਂਬਰ ਮਨਦੀਪ ਕੌਰ ਸੇਖੋਂ ਵੀ ਬੀ ਐੱਸਸੀ ਨਰਸਿੰਗ ਹੈ। ਨਵੇਂ ਚੁਣੇ ਮੈਂਬਰਾਂ ’ਚ ਵੱਡੀ ਗਿਣਤੀ ਵਿੱਚ ਗਰੈਜੂਏਟ ਅਤੇ ਪੋਸਟ ਗਰੈਜੂਏਟ ਵੀ ਹਨ। ਇੱਕ ਰੁਝਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਕਾਲਤ ਦੀ ਡਿਗਰੀ ਵਾਲੇ ਮੈਂਬਰ ਕਾਫ਼ੀ ਚੁਣੇ ਗਏ ਹਨ।
ਪੰਜਾਬ ’ਵਰਸਿਟੀ ’ਚ ਵਕਾਲਤ ਦੀ ਪੜ੍ਹਾਈ ਕਰ ਰਹੇ ਕੁੰਵਰ ਪ੍ਰਤਾਪ ਸਿੰਘ ਖਨੌੜਾ ਨੇ ਟੌਹੜਾ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਜਿੱਤੀ ਹੈ। ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ’ਚ ਜ਼ਿਲ੍ਹਾ ਪਰਿਸ਼ਦ ਦੇ 347 ਮੈਂਬਰ ਚੁਣੇ ਗਏ ਹਨ ਜਦੋਂ ਕਿ ਪੰਚਾਇਤ ਸਮਿਤੀਆਂ ਦੇ 2834 ਮੈਂਬਰ ਚੁਣੇ ਗਏ ਹਨ। ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੈਨੇਟ ਮੈਂਬਰ ਤਿਰਲੋਕ ਬੰਧੂ ਨੇ ਕਿਹਾ ਕਿ ਜੇ ਸਥਾਨਕ ਚੋਣਾਂ ’ਚ ਪੜ੍ਹੇ-ਲਿਖੇ ਨੌਜਵਾਨ ਅੱਗੇ ਆਉਂਦੇ ਹਨ ਤਾਂ ਇਸ ਨਾਲ ਸਿਆਸਤ ’ਚ ਨਿਖਾਰ ਆਵੇਗਾ ਅਤੇ ਨਵੀਂ ਲੀਡਰਸ਼ਿਪ ਤਿਆਰ ਹੋਣ ਦਾ ਰਾਹ ਵੀ ਖੁੱਲ੍ਹੇਗਾ।»

No comments:
Post a Comment