Saturday, March 14, 2026

ਕੁਰਸੀ ਨਾਚ ਨਚਾਏ..!
ਚਰਨਜੀਤ ਭੁੱਲਰ   

ਚੰਡੀਗੜ੍ਹ : ਚੋਣਾਂ ਦਾ ਫ਼ੈਸ਼ਨ ਸਦਾ ਬਹਾਰ ਹੈ। ਧੰਨ ਹਮਾਰੇ ਨੇਤਾ, ਜਿਨ੍ਹਾਂ ਫ਼ੈਸ਼ਨ ਦੀ ਗੁੱਡੀ ਚੜ੍ਹਾਈ। ਤਾਹੀਂ ਹੁਣ ਕੋਈ ਗੋਡੇ ਬਦਲਾ ਰਿਹੈ, ਕੋਈ ਮੁਫ਼ਤ ਰਾਸ਼ਨ ਛਕਾ ਰਿਹੈ, ਕੋਈ ਬੈਂਡ ਵਜਾ ਰਿਹੈ ਤੇ ਔਹ ਭਾਈ ਹੰਝੂ ਵਹਾ ਰਿਹੈ। ਖ਼ਾਮੋਸ਼! ਰਾਹਤ ਇੰਦੌਰੀ ਇੰਜ ਫ਼ਰਮਾ ਰਿਹੈ, ‘ਸਰਹੱਦੋਂ ਪਰ ਬਹੁਤ ਤਣਾਵ ਹੈ ਕਯਾ, ਕੁਛ ਪਤਾ ਕਰੋ ਕਹੀਂ ਚੁਣਾਵ ਹੈ ਕਯਾ’। ਸ਼ੁਰੂਆਤ ਪਟਿਆਲੇ ਵਾਲੇ ਮਹਾਰਾਜੇ ਤੋਂ। ਚੋਣਾਂ ’ਚ ਖੜ੍ਹਾ ਹੋਣਾ ਹੋਊ, ਅਮਰਿੰਦਰ ਨੇ ਸ਼ਾਇਦ ਤਾਹੀਂ ਗੋਡੇ ਬਦਲਾਏ ਨੇ। ਦਿਨ ਦੇਖਿਆ ਨਾ ਰਾਤ, ਪੰਜਾਬ ਦੀ ਸੇਵਾ ’ਚ ਗੋਡੇ ਘਸਾ ਬੈਠਾ। ਨਸ਼ਿਆਂ ਦਾ ਲੱਕ ਟੁੱਟਿਆ ਨੀ, ਗੋਡਿਆਂ ਦਾ ਗਰੀਸ ਮੁਕਾ ਬੈਠਾ।

       ਸਿਸਵਾਂ ਮਹਿਲ ’ਚ ਹੁਣ ਇਕੱਲੇ ਬੈਠੇ ਨੇ, ਰੇਡੀਓ ਕੋਲ ਵੱਜਦਾ ਪਿਐ, ‘ਕਹਾਂ ਗਏ ਵੋਹ ਦਿਨ..’। ‘ਧੰਨ ਪੰਜਾਬੀ ਮਾਵਾਂ ਦੇ ਜਾਏ, ਜਿਨ੍ਹਾਂ ਵੱਡੇ ਕੋਟ ਨਿਵਾਏ।’ ਗੋਡਿਆਂ ਤੋਂ ਵਾਜਪਾਈ ਦਾ ਚੇਤਾ ਆਇਐ। ਅਮਰੀਕੀ ਡਾਕਟਰਾਂ ਤੋਂ ਵਾਜਪਾਈ ਨੇ ਗੋਡੇ ਬਦਲਾਏ। ਨੌ ਬਰ ਨੌ ਹੋਣ ’ਤੇ ਵਾਜਪਾਈ ਬੋਲੇ, ‘ਚਲੋ ਗੋਡੇ ਦੇਸ਼ ਦਾ ਭਾਰ ਝੱਲਣ ਜੋਗੇ ਤਾਂ ਹੋਏ’। ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਕਾਇਦਾ ਦਫ਼ਤਰ ’ਚ ਮਾਟੋ ਲਾਇਆ ਸੀ, ‘ਮਾਈ-ਭਾਈ ਫ਼ਤਿਹ ਬੁਲਾਓ, ਗੋਡੀਂ ਹੱਥ ਨਾ ਲਾਓ।’ ਚਾਪਲੂਸੀਏ ਕਿਥੇ ਟਲਦੇ ਨੇ, ਗੋਡੀਂ ਹੱਥ ਲਾ ਲਾ ਵਿਚਾਰੇ ਦੇ ਗੋਡੇ ਘਸਾ’ਤੇ। ਆਖ਼ਰ ਤ੍ਰਿਪਤ ਬਾਜਵੇ ਨੂੰ ਗੋਡੇ ਬਦਲਾਉਣੇ ਪਏ।

       ਲਕਸ਼ਮੀ ਕਾਂਤ-ਪਿਆਰੇ ਲਾਲ ਤੋਂ ਵੱਧ ਕੇਰਾਂ ‘ਕਾਂਗੜ ਦਾ ਗੋਡਾ ਤੇ ਸਦੀਕ ਦਾ ਮੋਢਾ’ ਮਸ਼ਹੂਰ ਹੋਇਆ ਸੀ। ਗੁਰਪ੍ਰੀਤ ਕਾਂਗੜ ਨੇ ਵੇਲੇ ਸਿਰ ਗੋਡੇ ਬਦਲਾਏ ਸਨ। ਗੋਡਿਆਂ ਨੂੰ ਛੱਡੀਏ, ਚੋਣਾਂ ਦੀ ਰੁੱਤ ਐ, ਸਿਆਸੀ ਗਿਰਝਾਂ ’ਤੇ ਫੋਕਸ ਕਰਦੇ ਹਾਂ। ‘ਲੱਕ ਲੱਕ ਹੋ ਗਏ ਬਾਜਰੇ, ਰੁੱਤ ਯਾਰੀਆਂ ਲਾਉਣ ਦੀ ਆਈ।’ ਸਿਆਸੀ ਅੰਬਾਂ ਨੂੰ ਬੂਰ ਪਿਐ, ਕੋਇਲਾਂ ਕੂਕਣ ਲੱਗੀਆਂ ਨੇ। ਫ਼ਿਲਮ ਨਿੱਕਾ ਜ਼ੈਲਦਾਰ ਦਾ ਇੱਕ ਅਦਾਕਾਰ ਮੁੱਢ ਬੰਨਦੈ, ‘ਬੇਬੇ! ਹੱਥ ਜੋੜ ਕੇ ਫ਼ੋਟੋ ਖਿਚਵਾ, ਆਖ਼ਰ ਨੂੰ ਵੋਟਾਂ ਮੰਗਣੀਆਂ ਨੇ।’ ਕੋਲੰਬਸ ਦੀ ਰੂਹ ਹੁਣ ’ਕੱਲੇ ’ਕੱਲੇ ਵੋਟਰ ਨੂੰ ਲੱਭੇਗੀ। ਚੋਣਾਂ ਦੇ ਮੌਸਮ ’ਚ ਕਹਿਣਗੇ, ‘ਹਮ ਸਾਥ ਸਾਥ ਹੈਂ । ‘ਸੱਤਾ ਮਿਲਣ ’ਤੇ ਆਖਣਗੇ,‘ਹਮ ਆਪ ਕੇ ਹੈਂ ਕੌਣ।’

       ਧੰਨੇ ਭਗਤ ਵਾਂਗੂ ਵੋਟਰ ਵੀ ਭੋਲਾ ਪਾਤਸ਼ਾਹ ਐ ਜਿਹੜਾ ਸੋਚਦੈ ਕਿ ਨੇਤਾ ਜਣ ਉਸ ਦੀਆਂ ਗਊਆਂ ਚਾਰਨਗੇ। ਭੋਲਿਆ! ਇਹ ਤਾਂ ਬੰਦੇ ਚਾਰਦੇ ਨੇ। ਜਰਾ ਸੰਭਲ ਕੇ! ਨੇਤਾਵਾਂ ਦੇ ਵੱਗ ਆਉਣਗੇ, ਜੱਫੀਆਂ ਪਾਉਣਗੇ, ਨਾਲੇ ਗਾਉਣਗੇ,‘ ਛੋੜੇਂਗੇ  ਨਾ ਹਮ ਤੇਰਾ ਸਾਥ, ਸਾਥੀ ਮਰਤੇ ਦਮ ਤੱਕ।’ ਬਾਅਦ ’ਚ ਤੈਨੂੰ ਸੰਘ ਸੁਕਾਉਣਾ ਪੈਣਾ,‘ਕਿਆ ਹੂਆ ਤੇਰਾ ਵਾਅਦਾ..।’ ਚੌਣਾਂ ਮੌਕੇ ਮਾਫ਼ੀਵੀਰ ਬਣ ਨਵੇਂ ਪ੍ਰਿੰਟਾਂ ’ਚ ਆਉਂਦੇ ਨੇ, ਪੈਰੀਂ ਹੱਥ ਲਾ ਆਖਦੇ ਨੇ, ‘ਇੱਕ ਮੌਕਾ ਦੇ ਸਾਨੂੰ ਭੁੱਲਾਂ ਬਖ਼ਸ਼ਾਉਣ ਦਾ।’ ਆਪਣਾ ਵੀਰ ਸੁਖਬੀਰ, ਪਿੰਡ-ਪਿੰਡ ਜਾ ਰਿਹੈ, ਵਾਅਦੇ ਵਿਛਾ ਰਿਹੈ, ‘ਗੁਰਮੁਖੋ! ਸੱਥਾਂ ’ਚ ਸੀਪ ਦੇ ਮੁਕਾਬਲੇ ਕਰਾਵਾਂਗੇ।’

      ਬਿਕਰਮ ਮਜੀਠੀਆ ਮੁੱਛਾਂ ਨੂੰ ਤਾਅ ਚੜ੍ਹਾ ਰਿਹੈ। ‘ਅੱਡੀ ਵੱਜਦੀ ਜੈ ਕੁਰੇ ਤੇਰੀ, ਲੋਕਾਂ ਦੇ ਚੁਬਾਰੇ ਹਿੱਲਦੇ।’ ‘ਬੰਬ, ਬੈਂਡ ਤੇ ਬਾਜਵਾ’, ਇਹ ਥ੍ਰੀ ਇੰਨ ਵਨ ਰਿਸ਼ਤੈ। ਪਹਿਲੋਂ ਬੰਬ ਆਲੇ ਬਿਆਨ ’ਤੇ ਫਸਗੇ। ਫਿਰ ਪ੍ਰਤਾਪ ਬਾਜਵਾ ਆਖ ਬੈਠੇ ‘ਬੈਂਡ ਵਜਾ ਦਿਆਂਗੇ’। ਇਨਕਲਾਬੀ ਵੀਰ ਬਾਜਵੇ ਦੇ ਘਰ ਅੱਗੇ ਪੁੱਜ ਗਏ, ਗਲਾਂ ’ਚ ਬੈਂਡ ਵਾਜੇ ਪਾ ਕੇ। ਵੀਰੋ! ਸ਼ੁਕਰ ਕਰੋ ਬਾਜਵਾ ਨੇ ਇਹ ਨੀ ਕਿਹਾ ਕਿ ‘ਹਾਕਮਾਂ ਨੂੰ ਨੰਗੇ ਕਰਾਂਗੇ’। ਦੇਖ ਲਓ ਫਿਰ ਥੋਨੂੰ ਨੰਗੇ ਧੜ ਆਉਣਾ ਪੈਂਦਾ, ਅੱਗਿਓ ਪਾਣੀ ਦੀਆਂ ਬੁਛਾੜਾਂ ਨੇ ਭੰਨ ਦੇਣਾ ਸੀ। ‘ਨਰਮ ਸਰੀਰਾਂ ਨੂੰ, ਪੈ ਗਏ ਮਾਮਲੇ ਭਾਰੀ।’

      ਪੁਰਾਣੀ ਗੱਲ ਐ, ਕਾਂਗਰਸੀ ਨੇਤਾ ਨੇ ਆਪਣੇ ਨੇੜਲੇ ਸੱਜਣ ਕੋਲ ਢਿੱਡ ਫਰੋਲਿਆ, ‘ਪਿਆਰੇ, ਜਦੋਂ ਦਾਸ ਰਾਹੁਲ ਗਾਂਧੀ ਨੂੰ ਮਿਲਦੈ, ਲੱਤਾਂ ਕੰਬਣ ਲੱਗ ਜਾਂਦੀਆਂ ਨੇ, ਕੀ ਕਰਾਂ। ਬੇਝਿਝਕ ਸੱਜਣ ਨੇ ਹੌਸਲਾ ਦਿੱਤਾ, ਪ੍ਰਵਾਹ ਨਾ ਕਰੋ, ਜਦੋਂ ਰਾਹੁਲ ਨੇ ਵੱਢ’ਤੀਆਂ, ਹਟ ਜਾਣਗੀਆਂ।’ ਆਖਰ ਨੇਤਾ ਜੀ ਦੀ ਟਿਕਟ ਕੱਟੀ ਗਈ, ਫਿਰ ਗਲੀਆਂ ’ਚ ਗਾਉਂਦਾ ਫਿਰੇ, ‘ਪੱਲੇ ਸਾਡੇ ਕੱਖ ਨਾ ਰਿਹਾ..।’ ਸੱਤਾ ਦਾ ਟਾਨਿਕ ਅਜਿਹਾ ਹੈ, ਚਾਹੇ ਕਬਰ ’ਚ ਲੱਤਾਂ ਹੋਣ, ਬਚਾਈ ਰੱਖਦੈ। ਪੰਜਾਬ ਖ਼ੁਸ਼ੀ ’ਚ ਖੀਵਾ ਹੈ, ਜਸ਼ਨ ਮਨਾ ਰਿਹੈ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਅਦਾਲਤੀ ਫੈਸਲੇ ਮਗਰੋਂ ਕੇਜਰੀਵਾਲ ਦੀ ਚਿੱਟੀ ਚਾਦਰ ਦਿਖਾਉਂਦਾ ਫਿਰਦੈ।

       ਜਿਵੇਂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਕਿਸਾਨ ਅੰਦੋਲਨ ਨੂੰ ਬਚਾ ਲਿਆ ਸੀ, ਠੀਕ ਉਵੇਂ ਹੁਣ ਕੇਜਰੀਵਾਲ ਦੇ ਹੰਝੂ ਰੰਗ ਦਿਖਾਉਣਗੇ। ਏਸ਼ੀਅਨ ਤੇ ਨੈਰੋਲੱਕ ਪੇਂਟ ਵਾਲੇ ਪੰਜਾਬ ਦੀ ਗਲੋਬ ’ਤੇ ਛਾਏ ਨੇ। ਪੰਜਾਬ ਹਾਲੇ ਡੱਬ ਖੜੱਬਾ ਬਣਿਐ, ਪੂਰਾ ਰੰਗਲਾ ਬਣਾਉਣੈ ਤਾਂ ‘ਬਦਲਾਅ’ ਨੂੰ ਹੋਰ ਮੌਕਾ ਦੇ ਦਿਓ। ਬਠਿੰਡੇ ਵਾਲੀ ਐੱਸਐੱਸਪੀ ਬੀਬੀ ਵੀ ਕਿਸੇ ਲਲਾਰੀ ਤੋਂ ਘੱਟ ਨੀਂ, ਜੀਹਨੇ ਏਨੀ ਦੂਰੋਂ ਕਿਸਾਨਾਂ ਚੋਂ ਪੀਲਾ ਪਰਨਾ ਪਛਾਣ ਲਿਆ। ਸੰਘਰਸ਼ ’ਚ ਕੁੱਦਿਆ ਪੀਲੇ ਪਰਨੇ ਵਾਲਾ ਪੁਲੀਸ ਤੋਂ ਲੱਤਾਂ ਤੁੜਵਾਈ ਪਿਐ। ਨਾਲੇ ਜ਼ਿੱਦ ਕਰਦਾ ਪਿਐ ਅਖੇ! ‘ਮੁੱਖ ਮੰਤਰੀ ਤੀਰਥ ਯਾਤਰਾ’ ਵਾਲੀ ਬੱਸ ’ਤੇ ਚੜਨੈ।

       ਆ ਚੁੱਕੋ ਗਰੰਟੀ! ਪੀਲੇ ਪਰਨੇ ਵਾਲੇ ਦੇ ਪਰਿਵਾਰ ਨੂੰ ਸਭ ਸਹੂਲਤਾਂ ਦੇਏਗੀ ਸਰਕਾਰ। ਮੁਫ਼ਤ ’ਚ ਰਾਸ਼ਨ ਦੇਵੇਗੀ, ਬਿਜਲੀ ਦਾ ਬਿੱਲ ਜ਼ੀਰੋ ਭੇਜੇਗੀ, ਹਜ਼ਾਰ ਦਾ ਸ਼ਗਨ ਵੱਖਰਾ। ਉਗਰਾਹਾਂ ਵਾਲਿਓ! ਥੋਨੂੰ ਤਾਂ ਰੱਬ ਵੀ ਖ਼ੁਸ਼ ਨੀ ਕਰ ਸਕਦਾ। ਹੋਰ ਦੱਸੋ ਕੀ ਭਾਲਦੇ ਹੋ। ਅਦਾਕਾਰ ਗੱਗੂ ਗਿੱਲ ਚੋਂ ਜੋਗਿੰਦਰ ਉਗਰਾਹਾਂ ਬੋਲਦਾ ਜਾਪਦੈ, ‘ਸਿਆਣੇ ਬੰਦੇ ਦੀ ਸਮਝ ਸਾਨੂੰ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ੍ਹ ਲੈਂਦੇ ਹਾਂ।’ ਜਥੇਦਾਰ ਇਨਕਲਾਬ ਸਿੰਘ ਤੋਂ ਵੱਧ ਹੁਣ ਪੰਜਾਬ ਕਾਹਲਾ ਪਿਐ। ਭਾਜਪਾ ਆਲੇ ‘ਡਬਲ ਇੰਜਣ’ ਦਾ ਹੋਕਾ ਦਿੰਦੇ ਪਏ ਨੇ। ‘ਆਪ’ ਆਲੇ ਆਖਦੇ ਨੇ, ‘ਪੀਟਰ ਇੰਜਣ’ ਚਲਾਓ।

       ਰੰਗਲਾ ਪੰਜਾਬ ਲਹਿੰਗਾ ਪਾਈ ਖੜ੍ਹੈ, ਨੇਤਾਵਾਂ ਤਰਫੋਂ ਦਲਜੀਤ ਦੁਸਾਂਝ ਹੇਕ ਲਾ ਰਿਹੈ, ‘ਲਹਿੰਗੇ ’ਤੇ ਸ਼ਰਾਬ ਡੋਲ ਦੂ’ । ਝੂਠ ਸ਼ਾਸਤਰ ਖ਼ੂਬ ਚੱਲੇਗਾ, ਸੱਤਾ ਦਾ ਰੀਚਾਰਜ ਪਵਾਉਣ ਲਈ ਕਤਾਰ ਬੰਨ੍ਹ ਆਉਣਗੇ। ਚੋਣਾਂ ਵੇਲੇ ਮਾਮੇ ਬਣਦੇ ਨੇ, ਜਿੱਤਣ ਪਿੱਛੋ ਫੁੱਫੜ। ਪੰਜਾਬੀ ਯਮਲੇ ਜੱਟ ਨੂੰ ਧਿਆ ਰਹੇ ਨੇ, ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ।’ ਪੰਜਾਬ ਨਿਹੰਗਾਂ ਦੇ ਡੋਲੂ ਵਾਂਗੂ ਮਾਂਜਿਆ ਗਿਐ। ਮਰਹੂਮ ਮੰਤਰੀ ਕੁੰਦਨ ਸਿੰਘ ਪਤੰਗ ਹੁੰਦੇ ਸਨ। ਵੱਡੇ ਬਾਦਲ ਮੰਜੇ ’ਚ ਬਿਮਾਰ ਪਏ ਕੁੰਦਨ ਦਾ ਮਿਜ਼ਾਜ ਪੁੱਛਣ ਆਏ। ਅੱਗਿਓਂ ਪਤੰਗ ਨੇ ਹੱਥ ਜੋੜ ਫ਼ਰਮਾਏ, ‘ਬਾਦਲ ਸਾਹਿਬ, ਬਿਮਾਰੀ ਨੂੰ ਮਾਰੋ ਗੋਲੀ, ਤੁਸੀਂ ਟਿਕਟ ਐਲਾਨੋ, ਘੋੜੇ ਵਰਗਾ ਹੋਜੂ।’

      ਦੋ ਟੰਗੇ ਕੀ ਭਾਲਣ..ਆਹ ਚਾਰ ਟੰਗੀ ਕੁਰਸੀ। ਜਿਹੜੇ ‘ਆਪ’ ਵਿਧਾਇਕਾਂ ਦੇ ਘਰਾਂ ’ਚ ਇਨਕਲਾਬ ਆਇਐ, ਉਨ੍ਹਾਂ ਦੀ ਟਿਕਟ ’ਤੇ ਗ੍ਰਹਿ ਹੈ। ਸਿਆਸਤਦਾਨ ਆਲੂਆਂ ਵਰਗੇ ਹੁੰਦੇ ਨੇ ਜਿਨ੍ਹਾਂ ਦਾ ਆਪਣਾ ਕੋਈ ਕਿਰਦਾਰ ਨੀ ਹੁੰਦਾ। ਟਿਕਟ ਇੱਧਰੋਂ ਨਾ ਮਿਲੀ ਤਾਂ ਗੁਆਂਢੀ ਤਸ਼ਰੀਫ ਲੈ ਜਾਂਦੇ ਨੇ। ‘ਪਿਸ਼ੌਰੀ ਯਾਰ ਕਿਸ ਦੇ, ਭੱਤ ਖਾ ਕੇ ਖਿਸਕੇ।’ ਅਦਾਕਾਰਾ ਰੁਪਿੰਦਰ ਰੂਪੀ ਇੱਕ ਡਾਇਲਾਗ ਬੋਲਦੀ ਹੈ, ਲੱਗਦੈ ਇੰਜ ਹੈ ਜਿਵੇਂ ਰੰਗਲਾ ਪੰਜਾਬ ਬੋਲਦਾ ਹੋਵੇ, ‘ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦੈ, ਗ਼ਰੀਬੀ ਰੇਖਾ ਤੋਂ ਥੱਲੇ ਹੀ ਹਾਂ ਪੁੱਤ, ਤੂੰ ਇਹ ਸਮਝ ਲੈ ਕਿ ਰੇਖਾ ਮੇਰੀ ਘੰਡੀ ’ਤੇ ਚੜ੍ਹੀ ਬੈਠੀ ਹੈ।’

      ਸਿਆਣੇ ਆਖਦੇ ਨੇ, ‘ਹੁਕਮ ਚਲਾਉਣਾ ਵੀ ਇੱਕ ਕਲਾ ਹੁੰਦੀ ਹੈ, ਚਾਹੇ ਭੇਡਾਂ ’ਤੇ ਇੱਜੜ ’ਤੇ ਹੀ ਚਲਾਉਣਾ ਹੋਵੇ।’ ਤਰਸੇਮ ਜੱਸੜ ਗਰੰਟੀ ਨਾਲ ਆਖਦੈ, ‘ਇਹ ਦਿਲ ਰੱਬ ਦਾ ਰੇਡੀਓ ਹੈ, ਇਹ ਗ਼ਲਤ ਸਟੇਸ਼ਨ ਨੀ ਫੜਦਾ’। ਜਿਹੜਾ ਕੋਈ ਦਿਲ ਦੀ ਸੁਣਨੇਗਾ, ਉਹ ਆਹ ਪ੍ਰਵਚਨ ਧਿਆਏਗਾ, ‘ਹੁਣ ਨੀ ਮੂਰਖ ਬਣਦੇ ਸਰਪੰਚਾਂ, ਹੁਣ ਨੀ ਲੱਗਦੇ ਤੇਰੇ ਮਗਰ।’ ਹਰਿਆਣੇ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਸਤਾਰ ਸਜਾ ਪੰਜਾਬ ਦੇ ਵਿਹੜੇ ਆਉਂਦੈ। ਸੈਣੀ ਪੰਜਾਬ ’ਚ ਡਬਲ ਇੰਜਣ ਬੰਨ੍ਹਣਾ ਚਾਹੁੰਦੇ ਨੇ। ਐੱਸ ਵਾਈ ਐੱਲ ਦਾ ਨਹਿਰੀ ਪਾਣੀ ਖ਼ੁਦ ਲਾਉਣਾ ਚਾਹੁੰਦੇ ਹਨ।

       ਚੋਣਾਂ ਦੇ ਪਿੜ ’ਚ ਬਿਨਾਂ ਘੁੰਡ ਕੱਢੇ ਨੱਚਦੇ ਨੇ ਨੇਤਾ, ਮਜਮਾ ਲਾਉਂਦੇ ਨੇ, ਤਮਾਸ਼ਾ ਦਿਖਾਉਂਦੇ ਨੇ, ਤਾੜੀਆਂ ਮਾਰਦੇ ਲੋਕ ਹੱਥ ਸੁਜਾ ਬੈਠਦੇ ਨੇ। ਗੁਰਪ੍ਰੀਤ ਘੁੱਗੀ ਠੀਕ ਆਖਦੈ, ‘ਹੁਣ ਤਾਂ ਅਸੀਂ ਆਪ ਹੀ ਛੋਟੇ ਛੋਟੇ ਰੱਬ ਬਣ ਬੈਠੇ ਹਾਂ, ਕੌਣ ਚੰਗਾ ਕੌਣ ਮਾੜਾ, ਫ਼ਤਵਾ ਜਾਰੀ ਕਰ ਦਿੰਦੇ ਹਾਂ।’ ਚੋਣਾਂ ਮੌਕੇ ਲੀਡਰ ਚੀਨੇ ਕਬੂਤਰ ਹੁੰਦੇ ਹਨ, ਬਾਜ਼ੀ ਜਿੱਤਣ ਲਈ ਦਾਅ ਮਾਰਨਾ ਨੀ ਭੁੱਲਦੇ।

       ਬਾਬੂ ਸਿੰਘ ਮਾਨ ਤਸ਼ਰੀਫ਼ ਲਿਆਏ ਨੇ, ‘ਅਸੀਂ ਅਕਾਲੀ ਦਲ ’ਚ ਲਈਆਂ ਪੀੜੀਆਂ ਗਾਲ, ਕੱਲ੍ਹ ਆਇਆ ਅੱਜ ਟਿਕਟ ਮਾਂਜ ਕੇ ਔਹ ਜਾਂਦਾ ਗੁਜਰਾਲ।’ ਖ਼ੈਰ ਪੰਜਾਬੀਆਂ ਦਾ ਭੇਤ ਤਾਂ ਪੰਜਾਬ ਆਲੇ ਨੀ ਪਾ ਸਕੇ, ਦਿੱਲੀ ਦੱਖਣ ਵਾਲੇ ਕਿਵੇਂ ਪਾ ਲੈਣਗੇ। ਸੱਥਾਂ ’ਚ ਬੈਠੇ ਬਜ਼ੁਰਗ ਆਖਦੇ ਨੇ ਕਿ ਭਾਈ!ਲੁਹਾਰਾਂ ਦੇ ਬੱਚੇ ਚੰਗਿਆੜੀ ਤੋਂ ਨੀਂ ਡਰਦੇ। ਖਿਮਾ ਦਾ ਜਾਚਕ ਹਾਂ,ਦਿਓ ਆਗਿਆ ਤੇ ਸੁਣੋ ਅਖੀਰ ’ਚ ਬਲਬੀਰ ਲੌਂਗੋਵਾਲ ਦੇ ਜਥੇ ਨੂੰ, ‘ਜਿਊਂਦੀ ਹੈ ਪੰਜਾਬੀਆਂ ਦੀ ਅਣਖ ਸਦਾ, ਵੱਸਦੇ ਨੇ ਅੜ ਕੇ।’

(1 ਮਾਰਚ 2026)

No comments:

Post a Comment