Wednesday, April 8, 2026

 ਪੱਟੀ ਆਲੇ ਲਾਲ..!

ਚਰਨਜੀਤ ਭੁੱਲਰ 

ਚੰਡੀਗੜ੍ਹ : ਕਿਸੇ ਜ਼ਮਾਨੇ ’ਚ ਪੱਟੀ ਆਲੇ ਵੈਦਾਂ ਦੀ ਮਸ਼ਹੂਰੀ ਸੀ। ਜਿੱਧਰ ਵੀ ਦੇਖੋ, ਵੈਦਗਿਰੀ ਦੀ ਮਹਿਮਾ ਨਾਲ ਕੰਧਾਂ ਲਿਪੀਆਂ ਦਿਸਦੀਆਂ। ‘ਮਰਦਾਨਾ ਕਮਜ਼ੋਰੀ ਦਾ ਸ਼ਰਤੀਆ ਇਲਾਜ।’ ਹੁਣ ਦੌਰ ‘ਪੱਟੀ ਕੇ ਲਾਲ’ ਦਾ ਹੈ। ਲਾਲਜੀਤ ਭੁੱਲਰ, ਬੱਸ ਨਾਮ ਹੀ ਕਾਫ਼ੀ ਹੈ। ਵੈਸੇ ਸੱਤਾ ਦਾ ਟਾਨਿਕ ਵੀ ਕੋਈ ਕਮਜ਼ੋਰੀ ਨੀ ਛੱਡਦਾ। ਲਾਲ ਸਿਓ ਨੇ ਜ਼ਰੂਰ ਡੀਕ ਲਾ ਟਾਨਿਕ ਪੀਤਾ ਹੋਊ। ਬਿਨਾਂ ਕੋਈ ਸਾਈਡ ਇਫੈਕਟ ਜਾਣੇ। ‘ਮਾੜੇ ਦਿਨ ਚੱਲਦੇ ਹੋਣ ਤਾਂ ਟਾਵਰ ’ਤੇ ਚੜ੍ਹੇ ਦਾ ਸਿਗਨਲ ਟੁੱਟ ਜਾਂਦੈ।’ ਪਰ ਨਸੀਬੋ ਲਾਲ..! ਲੈਅ ਨੀ ਟੁੱਟਣ ਦਿੰਦੀ, ‘ਜਿੱਥੇ ਐਨੇ ਫੱਟ ਖਾਧੇ, ਇਹ ਪੀੜਾ ਵੀ ਜਰ ਜਾਊ..।’

        ਜਥੇਦਾਰ ਬਦਲਾਅ ਸਿੰਘ ਦੇ ਬਲਿਹਾਰੇ ਜਾਵਾਂ। ਜਿਨ੍ਹਾਂ ਆਮ ਘਰਾਂ ਚੋਂ ਖਿੱਚ ਖਿੱਚ ਮੁੰਡੇ ਬਾਹਰ ਕੱਢੇ। ਉਂਗਲੀ ਫੜ੍ਹ ਸਿਆਸੀ ਰਾਹ ’ਤੇ ਪਾਏ। ਗੋਦੜੀ ਦੇ ਲਾਲ ਨੇ, ਕੋਈ ਕਿਸਮਤ ਪੁੜੀ ’ਚੋਂ ਤਾਂ ਨਿਕਲੇ ਨੀ। ‘ਆਪ’ ਦੇ ਖ਼ਜ਼ਾਨੇ ’ਚ ਏਨੇ ਲਾਲ ਨੇ, ਚਾਹੇ ਲਾਲ ਫ਼ੌਜ ਬਣਾ ਲਵੇ। ਕਟਾਰੂਚੱਕ ਆਲਾ ਲਾਲ, ਮਨਜਿੰਦਰ ਲਾਲਪੁਰਾ ਤੇ ਪੱਟੀ ਆਲਾ ਲਾਲ। ਪੰਜਾਬ ਐਵੇਂ ਥੋੜ੍ਹਾ ਰੰਗਲਾ ਬਣਿਐ। ਗੁੜ ਖਾਣਾ ਹੋਵੇ ਤਾਂ ਸੱਤਾ ਦੇ ਕੜਾਹੇ ਨੂੰ ਹੱਥ ਪਾਉਣਾ ਹੀ ਪੈਂਦੈ। ਦਿਲ ਲੁਭਾਏਮਾਨ ਐ, ਪੱਟੀ ਆਲੇ ਲਾਲ ਦੀ ਨੇਕ ਕਮਾਈ ਕਿਸੇ ਤੋਂ ਝੱਲ ਨੀ ਹੋਈ। ਚੰਦਰਾ ਜ਼ਮਾਨਾ ਰੰਗ ’ਚ ਭੰਗ ਪਾ ਗਿਆ।

         ਲਾਲ ਜੀ! ਨੇਕ ਰੂਹਾਂ ’ਤੇ ਭੀੜਾਂ ਪੈਂਦੀਆਂ ਹੀ ਨੇ। ਬੱਸ ਮੂਸੇਵਾਲਾ ਨੂੰ ਧਿਆਓ, ‘ਮੁਸੀਬਤ ਤਾਂ ਮਰਦਾਂ ’ਤੇ ਪੈਂਦੀ ਰਹਿੰਦੀ ਐ..।’ ਜਦੋਂ ਦਿੱਲੀ ਅੰਦੋਲਨ ਚੱਲਿਆ, ਬਾਈ ਲਾਲ ਸਿੱਧਾ ਲਾਲ ਕਿਲੇ ’ਤੇ ਜਾ ਚੜਿਆ। ਉਦੋਂ ਝੰਡਾ ਤਾਂ ਚੜ੍ਹਾ ਨਾ ਸਕਿਆ, ਹੁਣ ਚੰਦ ਕੁ ਦਿਨ ਪਹਿਲਾਂ ਚੰਦ ਜ਼ਰੂਰ ਚਾੜਿਐ। ਜਦੋਂ ਲਾਲ ਸਿਓਂ ਨੇ ਸਹੁੰ ਚੁੱਕੀ, ਪੱਟੀ ਆਲੇ ਮੋਗੈਂਬੋ ਤੋਂ ਵੱਧ ਖ਼ੁਸ਼ ਹੋਏ। ‘ਕੱਲ ਹੋ ਨਾ ਹੋ..’, ਨਿਸ਼ਕਾਮ ਸੇਵਕ ਇਹੋ ਸੋਚ ਪੱਟੀ ਦੀ ਸੇਵਾ ’ਚ ਜੁਟਿਆ ਰਿਹਾ। ਸੇਵਾ ’ਤੇ ਸ਼ੱਕ ਹੋਵੇ ਤਾਂ ਪੱਟੀ ਹਲਕੇ ਚੋਂ ਪੁੱਛ ਲੈਣਾ। ‘ਜੇ ਮੈਂ ਜਾਣਦੀ ਤਿਲ੍ਹਾਂ ਨੇ ਡੁੱਲ੍ਹ ਜਾਣਾ, ਸੰਭਲ ਕੇ ਬੁੱਕ ਭਰਦੀ।’

        ਬਾਬਾ ਇਨਕਲਾਬ ਸਿਓਂ ਬਿਗਾਨੇ ਖੇਤ ’ਚ ਭੇਡਾਂ ਛੱਡ ਆਪ ਲੈਨਿਨ ਦੀ ਕਿਤਾਬ ਪੜ੍ਹਨ ਬੈਠ ਗਿਆ। ਖੇਤ ਦੇ ਮਾਲਕ ਨੇ ਝਾੜ ਪਾਈ, ਬਾਬੇ ! ਸ਼ਰਮ ਨੀ ਆਉਂਦੀ, ਪੜ੍ਹਨਾ ਲੈਨਿਨ, ਉਜਾੜਨੇ ਖੇਤ। ‘ਸਾਥੀ! ਹੁਣ ਭੇਡਾਂ ਨੂੰ ਮੈਂ ਲੈਨਿਨ ਚਾਰ ਦਿਆਂ’, ਇਹ ਆਖ ਬਾਬਾ ਅੱਗੇ ਤੁਰ ਪਿਆ, ਪਿੱਛੇ ਪਿੱਛੇ ਭੇਡਾਂ। ਵੱਡੇ ਬਾਦਲ ਅੱਜ ਜਿਉਂਦੇ ਹੁੰਦੇ ਤਾਂ ਜ਼ਰੂਰ ਆਖਦੇ, ‘ਛੱਡੋ ਜੀ! ਕਿਉਂ ਭੇਡਾਂ ਦੇ ਪਿੱਛੇ ਪਏ ਹੋ।’ ਪਰ ਆਪਣੇ ਲਾਲਜੀਤ ਨੂੰ ਬਦਨਾਮੀ ਆਲਾ ਕੰਬਲ ਛੱਡ ਨੀ ਰਿਹਾ। ਫ਼ਿਕਰ ਲਾਲ ਫ਼ੱਕਰ ਆਖਦੈ, ਬਈ! ਲਾਲਜੀਤ ਸਰਵਣ ਪੁੱਤ ਆ, ਕੋਈ ਅਹਿਸਾਨ ਫ਼ਰਾਮੋਸ਼ ਨਹੀਂ।

      ਬਾਪ ਦੀ ਝੋਲੀ ਪਾਉਣ ਤਾਂ ਗੁਦਾਮਾਂ ਦੇ ਟੈਂਡਰ ਲੱਗਿਆ ਸੀ, ਜ਼ਮਾਨੇ ਤੋਂ ਜਰਿਆ ਨਾ ਗਿਆ, ਝੋਲੀ ’ਚ ਬਦਨਾਮੀ ਦੀਆਂ ਮੀਂਗਣਾ ਪਾ ਬੈਠਾ। ਲਾਲਪੁਰੀ ਤੰਦੂਰ ਏਨਾ ਤਪਿਆ ਹੋਇਆ ਸੀ, ਵੇਅਰ ਹਾਊਸ ਆਲਾ ਰੰਧਾਵਾ ਸੇਕ ਝੱਲ ਨਾ ਸਕਿਆ। ਇੱਕ ਫ਼ਿਲਮ ’ਚ ਥਾਣੇਦਾਰ ਜਸਵਿੰਦਰ ਭੱਲਾ ਆਖਦੈ,‘ ਐੱਫ਼ ਆਈ ਆਰ ਤਾਂ ਅਸੀਂ ਕਤਲ ਕੇਸ ਦੀ ਨੀ ਲਿਖਦੇ, ਜਿਨ੍ਹਾਂ ਸਮਾਂ ਮੁਰਦਾ ਖ਼ੁਦ ਨੀ ਕਹਿੰਦਾ।’ ਮਝੈਲ ਭਾਊ ’ਤੇ ਬਿਪਤਾ ਮਿਜ਼ਾਈਲ ਵਾਂਗੂ ਡਿੱਗੀ। ਭਾਊਵਾਦ ਦੀ ਲਹਿਰ ਦੀ ਕਹਿਰ ਬਣ ਗਈ। ‘ਤੁਰੀ ਵਜ਼ੀਰ ਨਾਲ, ਮੁੜੀ ਫ਼ਕੀਰ ਨਾਲ।’ ਮੰਤਰੀਪੁਣਾ ਵੀ ਗਿਆ, ਉੱਪਰੋਂ ਜੇਲ੍ਹ ਦਾ ਰਾਹ ਦਿਖਾ ਦਿੱਤਾ। ਭਲੇ ਪੁਰਸ਼ ਨੇ ਅਖੀਰ ਤੱਕ ਨਿਮਰਤਾ ਦਾ ਪੱਲਾ ਨੀ ਛੱਡਿਆ, ਜੇਲ੍ਹ ਪ੍ਰਵੇਸ਼ ਵੇਲੇ ਵੀ ਹੱਥ ਜੋੜੇ ਹੋਏ ਸਨ। ਲਾਂਗੜੀਆਂ ਨੇ ਨਾਅਰੇ ਮਾਰੇ..‘ਬਾਈ ਤੇਰੀ ਸੋਚ ’ਤੇ..।’

       ਲਾਲ ਸਿਓਂ ਉਸ ਬਾਬੇ ਦਾ ਚੇਲਾ ਹੈ ਜਿਸ ਨੇ ਸੰਗਤਾਂ ਨੂੰ ਗੁੜ੍ਹ ਛੱਡਣ ਦੇ ਪ੍ਰਵਚਨ ਦੇਣ ਤੋਂ ਪਹਿਲਾਂ ਖ਼ੁਦ ਗੁੜ ਤਿਆਗਿਆ ਸੀ। ਲਾਲਜੀਤ ਨੇ ਬਤੌਰ ਜੇਲ੍ਹ ਮੰਤਰੀ, ਜੇਲ੍ਹਾਂ ’ਚ ਬਥੇਰੇ ਉਦਘਾਟਨੀ ਫੀਤੇ ਕੱਟੇ। ਲਾਲ ਜੀ ਲਈ ਉਦੋਂ ਮਹਿਜ਼ ਇਹ ਫੋਕੀ ਰਸਮ ਸੀ। ਹੁਣ ਜਦੋਂ ਅਦਾਲਤ ਚੋਂ ਸਿੱਧੇ ਜੇਲ੍ਹ ਪੁੱਜੇ, ਉਨ੍ਹਾਂ ਨੂੰ ਅਸਲੀ ਰਸਮ ਹੁਣ ਪੂਰੀ ਹੁੰਦੀ ਜਾਪੀ ਹੋਵੇਗੀ। ਜੇਲ੍ਹ ਮੰਤਰੀ ਹੁੰਦਿਆਂ ਬਾਈ ਲਾਲ ’ਚ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦਾ ਜਨੂੰਨ ਸੀ। ਹੁਣ ਖ਼ੁਦ ਕੈਦੀਆਂ ਲਈ ਮਿਸਾਲ ਬਣਨਗੇ। ਜੇਲ੍ਹ ਦੇ ਅੰਨ ਪਾਣੀ ਨੂੰ ਖ਼ੁਦ ਨੇੜਿਓ ਚੱਖਣਗੇ। ਲਾਈਵ ਰਿਫ਼ਾਰਮ ਕਰਨਗੇ।

       ਪੱਟੀ ਦੇ ਬੱਸ ਅੱਡੇ ’ਤੇ ਗਾਣਾ ਵੱਜਦਾ ਪਿਐ, ‘ਪਾਪਾ ਕਹਿਤੇ ਥੇ ਬੜਾ ਨਾਮ ਕਰੇਗਾ।’ ਪ੍ਰਵਾਹ ਨੀ ਕਰਨੀ ਭਾਊ। ਜੇਲ੍ਹ ਡਾਇਰੀ ਜ਼ਰੂਰ ਲਿਖਣੀ। ਸਮਾਂ ਮਿਲੇ ਤਾਂ ਮਾਓ ਦੀ ਲਾਲ ਕਿਤਾਬ ਪੜ੍ਹ ਲੈਣਾ। ਵੱਡੇ ਬਾਦਲ ਨਸੀਹਤਾਂ ਦਿੰਦੇ ਹੁੰਦੇ ਸਨ, ‘ਜੇਲ੍ਹਾਂ ਤੋਂ ਨਾ ਡਰਿਆ ਕਰੋ, ਮੈਂ ਜੇਲ੍ਹਾਂ ਕੱਟ ਕੇ ਪੰਜ ਵਾਰੀ ਮੁੱਖ ਮੰਤਰੀ ਬਣਿਐਂ।’ ਨਾਲੇ ਲਾਲ ਵੀਰ, ਤੁਸਾਂ ਖ਼ੁਦ ਨੇ ਤਾਂ ਜੇਲ੍ਹਾਂ ਦਾ ਨਕਸ਼ਾ ਬਦਲਿਐ। ਗੱਜਣਮਾਜਰੇ ਆਲੇ ਜਸਵੰਤ ਸਿੰਘ ਨੇ ਵੀ ਜੇਲ੍ਹ ਦਾ ਮੁਆਇਨਾ ਕੀਤਾ ਸੀ। ਜਸਵੰਤ ਸਿਓਂ ਤਜਰਬੇ ਚੋਂ ਇੰਜ ਬੋਲੇ ਸਨ, ‘ਬਈ! ਜੇਲ੍ਹਾਂ ਦਾ ਪ੍ਰਬੰਧ ਲਾਜਵਾਬ, ਰੋਟੀ-ਪਾਣੀ ਨੰਬਰ ਵੰਨ’।

        ਗੁਰਮੁਖੋ! ਏਨਾ ਆਦਰ ਤਾਂ ਫੁੱਫੜ ਨੂੰ ਨੀ ਮਿਲਦਾ, ਜਿਨ੍ਹਾਂ ਜੇਲ੍ਹ ਚੋਂ ਨਿਕਲਦੇ ਨੇਤਾ ਨੂੰ ਮਿਲਦੈ। ਸਿਰੋਪੇ ਪੈਂਦੇ ਨੇ, ਫੁੱਲਾਂ ਦੀ ਵਰਖਾ ਵੱਖਰੀ। ਲਓ ਫੁੱਫੜ ਤੋਂ ਆਪਣਾ ਹਰਮੀਤ ਸਿੰਘ ਪਠਾਣਮਾਜਰਾ ਚੇਤੇ ਆਇਐ। ਸਿਆਸਤ ਨਿਰ੍ਹਾ ਗਾਜਰਾਂ ਦਾ ਹਲਵਾ ਵੀ ਨੀ ਹੁੰਦੀ, ਕਦੇ ਕਦੇ ਤਰੀ ਵਾਲਾ ਬੈਂਗਣ ਵੀ ਬਣਦੀ ਹੈ। ਸਨੌਰ ਆਲੇ ਪਠਾਣ ਦੀ ਪਹਿਲਾਂ ਕਿੰਨੀ ਚੜ੍ਹਾਈ ਸੀ, ਅਦਾਕਾਰ ਬਿਨੂੰ ਢਿੱਲੋਂ ਤੋਂ ਹੀ ਸੁਣ ਲਵੋ, ‘ਮੇਰੇ ਚਾਚੇ ਦੀ ਏਨੀ ਚੜ੍ਹਾਈ ਐ ਕਿ ਨੈਣਾਂ ਦੇਵੀ ਦੇ ਕੋਲ ਪਲਾਟ ਲਿਐ।’ ਚੰਗੇ ਭਲੇ ਪਠਾਣ ਪੁਰਸ਼ ਨੂੰ ਬੱਸ ਆਹ ਗਾਣੇ ਨੇ ਮਰਵਾ’ਤਾ..‘ਵੈਲੀ ਬਣ ਮਿੱਤਰਾ ਬੜੇ ਡਰਾਵੇ ਜਰ ਲੇ..’।

        ਉਹ ਦਿਨ ਤੇ ਆਹ ਦਿਨ। ਪਠਾਣ ’ਚ ਅਮਿਤਾਭ ਬਚਨ ਦੀ ਰੂਹ ਆ ਵੜੀ ਸੀ.‘ ਡੌਨ ਕੋ ਪਕੜਨਾ ਮੁਸ਼ਕਲ ਹੀ ਨਹੀਂ, ਨਾ ਮੁਮਕਿਨ ਭੀ ਹੈ’। ਵੈਸੇ ਫੁੱਫੜ ਤੇ ਕੁੱਕੜ ਦੀ ਰਾਸ਼ੀ ਇੱਕੋ ਹੁੰਦੀ ਹੈ ਪਰ ਗੁਰਨਾਮ ਭੁੱਲਰ ਸਹਿਮਤ ਨਹੀਂ ਲੱਗਦਾ,‘ ਫੁੱਫੜਾਂ ਦੀ ਟੌਹਰ ਹੈ ਮਿਸਾਲ ਮੁੱਢ ਤੋਂ..’। ਜਦੋਂ ਤਾਕਤ ਦਾ ਹੈਂਗਓਵਰ ਹੋ ਜਾਏ ਤਾਂ ਮੀਸ਼ਾ ਦੇ ਬੋਲ ਚੇਤੇ ਆਉਂਦੇ ਨੇ, ‘ਪਾਜ ਖੁੱਲ੍ਹ ਜੇ ਘਾਲੇ ਮਾਲਿਆਂ ਦਾ, ਬਹਿ ਕੇ ਲੋਕੀ ਜੇ ਕਰਨ ਹਿਸਾਬ ਦੀ ਗੱਲ।’ ‘ਆਪ’ ਦੇ ਘਰ ਅਨਮੋਲ ਰਤਨਾਂ ਦਾ ਕੋਈ ਘਾਟਾ ਨਹੀਂ। ਮਾਨਸਾ ਆਲੇ ਵਿਜੇ ਸਿੰਗਲਾ ਨੇ ਮੂਸੇਵਾਲਾ ਨੂੰ ਹਰਾ ਪੱਟਾਂ ’ਤੇ ਥਾਪੀ ਮਾਰੀ ਸੀ। ਮਗਰੋਂ ਭੁਲੇਖੇ ’ਚ ਜੇਲ੍ਹ ਤੋਰ ਦਿੱਤੇ।

       ਵਿਧਾਇਕ ਅਮਿਤ ਰਤਨ ਦੀ ਸੇਵਾ ਨੂੰ ਵੀ ‘ਆਪ’ ਆਲਿਆਂ ਨੇ ਟਿੱਚ ਕਰਕੇ ਜਾਣਿਆ। ਸਿਆਣੇ ਆਖਦੇ ਹਨ ਕਿ ਭੱਠੇ ਦੀ ਵੀ ਕੋਈ ਨਾ ਕੋਈ ਇੱਟ ਤਾਂ ਪਿੱਲੀ ਨਿਕਲ ਹੀ ਜਾਂਦੀ ਹੈ। ਇਸ ਨੂੰ ਗ੍ਰਹਿ ਚਾਲ ਹੀ ਸਮਝੋ ਕਿ ਨੇਕ ਰੂਹਾਂ ’ਤੇ ਭੀੜ ਅਚਿੰਤੇ ਬਾਜ਼ਾਂ ਵਾਂਗੂ ਆ ਪਈ। ਸ਼ਨੀ ਨਰਾਜ਼ ਹੋ ਜਾਵੇ ਤਾਂ ਜੋਤਸ਼ੀ ਜੇਲ੍ਹ ਦੀ ਰੋਟੀ ਖਾਣ ਦੀ ਸਲਾਹ ਦਿੰਦੇ ਨੇ। ਸਿਆਸਤ ਦੇ ਮੰਗਲ ਪਾਂਡੇ ਕਾਲੇ ਕੁੱਤਿਆਂ ਨੂੰ ਚਾਰ ਦਿਨ ਰੋਟੀ ਛਕਾਉਂਦੇ ਤਾਂ ‘ਪੱਟੀ ਦੀ ਕ੍ਰਾਂਤੀ’ ਮੱਠੀ ਨੀ ਪੈਣੀ ਸੀ। ਖ਼ੈਰ! ਜੋ ਰੱਬ ਦੀ ਰਜ਼ਾ। ਹਰਭਜਨ ਮਾਨ ਵੀ ਇਹੋ ਢਾਰਸ ਦਿੰਦੈ..‘ਪਤਾ ਨੀ ਰੱਬ ਕਿਹੜਿਆਂ ਰੰਗਾਂ ’ਚ ਰਾਜ਼ੀ’..।

(4 ਅਪਰੈਲ 2026)


No comments:

Post a Comment